ਉਜੜਤਾ ਪੰਜਾਬ ਬਾਰੇ ਦੋ ਗੱਲਾਂ - ਰਾਜਵਿੰਦਰ ਮੀਰ
Posted on:- 03-07-2016
ਫਿਲਮ ਉਡਤਾ ਪੰਜਾਬ ਬਾਰੇ ਉਡਾਇਆ ਗਿਆ ਗਰਦੋ ਗੁਬਾਰ ਮੱਠਾ ਪੈ ਚੁੱਕਾ ਹੈ। ਇਸ ਗਰਦੋ ਗੁਬਾਰ ਦੇ ਸਹਾਰੇ ਫਿਲਮ ਨੇ 42 ਕਰੋੜ ਦੀ ਉਡਾਣ ਭਰੀ। ਫਿਲਮਕਾਰ ਮੰਡੀ ਵਿਚਲੀਆਂ ਘਟਨਾਵਾਂ ਦੇ ਆਪ ਮੁਹਾਰੇ ਵਹਿਣ ਨੂੰ ਵੀ ਆਪਣੇ ਹੱਕ ਵਿੱਚ ਭੁਗਤਾਉਣ ਦੇ ਮਾਹਿਰ ਹਨ।
ਬੁਰਜੂਆ ਕਲਾ ਜਦੋਂ ਰਸਾਤਲ ਦੇ ਤਲ ਨੂੰ ਛੂੰਹਦੀ ਹੈ ਤਾਂ ਇਹ ‘ਪੋਰਨੋਗ੍ਰਾਫੀ` ਬਣ ਜਾਂਦੀ ਹੈ। ਪੋਰਨੋਗ੍ਰਾਫੀ ਦੇ ਨਾਇਕ/ਨਾਇਕਾ ਨੂੰ ਸੱਭਿਅਕ ਸਮਾਜ ਉਸ ਮੁਹਾਵਰੇ ਰਾਹੀਂ ਮਾਨਤਾ ਦਿੰਦਾ ਹੈ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੈ। ਇਹ ਜੰਗ ਹੈ- ਮੁਕਾਬਲੇ ਦੇ ਬੇਰਹਿਮ ਦੌਰ ਵਿੱਚ ਹਰ ਕਿਸੇ ਨੂੰ ਲਤਾੜ ਕੇ ਅੱਗੇ ਵਧਣ ਦੀ।
ਮੁਕਾਬਲੇ ਦੇ ਬੇਰਹਿਮ ਦੌਰ ਵਿੱਚ ਪੰਜਾਬੀ ਜਨ-ਮਾਨਸ ਦੀ ਤ੍ਰਾਸਦਿਕ ਸਥਿਤੀ ਅਨੁਰਾਗ ਕਸ਼ਿਆਪ ਅਤੇ ਏਕਤਾ ਕਪੂਰ ਲਈ ਮੁਨਾਫ਼ਾ ਕੁੱਟਣ ਦੀ ਜ਼ਰਖੇਜ਼ ਭੂਮੀ ਬਣਦੀ ਹੈ। ਇਸ ਭੂਮੀ `ਚ ਜਦੋਂ ਪੰਜਾਬੀ ਨੌਜਵਾਨਾਂ ਦੀਆਂ ਹੱਡੀਆਂ ਰੁਲਦੀਆਂ ਦਿਸਦੀਆਂ ਹਨ ਤਾਂ ਲੈਨਿਨ ਦਾ ਉਹ ਕਥਨ ਯਾਦ ਆਉਂਦਾ ਹੈ ਕਿ ਸਰਮਾਏਦਾਰੀ ਦਾ ਵੱਸ ਚੱਲੇ ਤਾਂ ਉਹ ਮਜ਼ਦੂਰ ਦੀਆਂ ਹੱਡੀਆਂ ਦਾ ਚੂਰਾ ਬਣਾ ਕੇ ਮੰਡੀ ਵਿੱਚ ਵੇਚ ਦੇਵੇ। ਤੇ ਇਜਾਰੇਦਾਰ ਸਰਮਾਏ ਦੀ ਮਾਲਕੀ ਵਾਲੀ ਮੁੰਬਈਆ ਫਿ਼ਲਮ ਇੰਡਸਟਰੀ ਨੇ ਇਹ ਕੰਮ ਬਾਖੂਬੀ ਕੀਤਾ। ਐਨ ਆਪਣੇ ਸੱਭਿਆਚਾਰਕ ਤਰਕ ਨਾਲ ਭਾਰਤ ਮੁਨੀ ਅਤੇ ਡਿਜੀਟਲ ਇੰਡੀਆ ਜਦੋਂ ਬੁਰਜੂਆ ਮੰਡੀ `ਚ ਇੱਕ ਥਾਂ ਇੱਕਠੇ ਕਰ ਦਿੱਤੇ ਜਾਣ ਤਾਂ ਦਰਸ਼ਕ ਦਾ ਭੌਂਚੱਕੇ ਰਹਿ ਜਾਣਾ ਹੈਰਾਨੀ ਦੀ ਗੱਲ ਨਹੀਂ। ਸਿਨੇਮਾ ਘਰਾਂ ਦੀ ਨਵੀਂ ਬਣਤਰ `ਚ ਗੰਭੀਰ ਚਿਹਰਿਆਂ ਨਾਲ ਬੋਲੇ ਸੰਵਾਦ ਅਤੇ ਸਿਸਕੀਆਂ ਦੀ ਥ੍ਰੀ ਡੀ ਗੂੰਜ ਦਰਸ਼ਕ ਨੂੰ ਸੁੰਨ ਕਰਦੀ ਹੈ। ਜਾਹਲੀ ਗੰਭੀਰਤਾ ਦੀਆਂ ਘਟਨਾਵਾਂ ਦਰਸ਼ਕ ਦੇ ਹਿਰਦੇ `ਤੇ ਉਮੜਦੀਆਂ ਹਨ ਤਾਂ ਸਪੈਨਿਸ਼ ਫ਼ਿਲਮਕਾਰ ਲੂਈਸ ਬਨੂਅਲ ਯਾਦ ਆਉਂਦਾ ਹੈ। ਬਨੂਅਲ ਨੇ ਲਿਖਿਆ ਸੀ ਕਿ “ਲਗਦਾ ਹੈ ਸਿਨੇਮਾ ਦੀ ਖੋਜ ਹੀ ਅਵਚੇਤਨ ਜੀਵਨ ਨੂੰ ਪ੍ਰਕਾਸ਼ਿਤ ਕਰਨ ਲਈ ਹੋਈ ਹੋਵੇ।” ਲੂਈਸ ਤੋਂ ਮੁਆਫ਼ੀ ਮੰਗਦਿਆਂ ਕਹਿਣਾ ਹੈ ਕਿ ਬੁਰਜੂਆਜ਼ੀ ਨੇ ਇਨਕਲਾਬੀ ਝੰਡੇ ਤਾਂ ਸਿਰਫ਼ ਇੱਕੋ ਮੁਲਕ `ਚ ਚੱਕੇ। ਉਸ ਨੂੰ ਵੀ ਸੁੱਟਿਆਂ ਢਾਈ ਸਦੀਆਂ ਬੀਤ ਗਈਆਂ। ਤੇ ਹੁਣ ਸਮਾਜ ਦੀ ਹਰ ਸੰਸਥਾ ਅਤੇ ਮਨੁੱਖੀ ਜ਼ਿੰਦਗੀ ਦੇ ਹਰ ਤੰਤੂ ਵਿੱਚ ਇਹ ਬੁਰਜੂਆਜ਼ੀ ਕੈਂਸਰ ਵਾਂਗ ਫੈਲ ਚੁੱਕੀ ਹੈ। ਤਾਂ ਇਉਂ ਲਗਦਾ ਹੈ ਕਿ ਸਿਨੇਮੇ ਦਾ ਕੰਮ ਅਵਚੇਤਨ ਮਨ ਨੂੰ ਕੁੰਦ ਕਰਨਾ ਰਹਿ ਗਿਆ ਹੈ। ਫ਼ਲਾਬੇਅਰ ਜਾਂ ਸ਼ਾਇਦ ਐਮਿਲੇ ਜ਼ੋਲਾ ਨੇ ਕਿਤੇ ਕਿਹਾ ਹੈ ਕਿ ਆਪਣੇ ਆਦਰਸ਼ਾਂ (ਮੂਰਤੀਆਂ) ਨੂੰ ਨਾ ਛੂਹੋ, ਨਹੀਂ ਤਾਂ ਉਹਨਾਂ ਦਾ ਉਤਰਦਾ ਰੋਗਨ ਤੁਹਾਡੀਆਂ ਉਂਗਲਾਂ ਨਾਲ਼ ਚਿਪਕ ਜਾਵੇਗਾ। ਯੂਰਪ ਦੇ ਗਿਆਨਕਰਨ ਤੇ ਪ੍ਰਬੋਧਨ ਕਾਲ ਦੇ ਸਿਰਜੇ ਆਦਰਸ਼ਾਂ ਨੂੰ ਇਤਿਹਾਸ ਦੇ ਡਸਟਬਿਨ `ਚ ਸੁਟਦਿਆਂ ਸਰਮਾਏਦਾਰੀ ਅੱਗੇ ਵਧੀ। ਅੱਗੇ ਵਧੀ ਤੇ ਟੌਮੀ ਸਿੰਘ ਦੇ ਆਦਰਸ਼ ਤੱਕ ਪਹੁੰਚੀ। ਟੌਮੀ ਸਿੰਘ ਸੜ-ਗਲ ਰਹੇ ਬੁਰਜੂਆਂ ਮੁੱਲ ਪ੍ਰਬੰਧ ਦਾ ਸੜ ਗਲ਼ ਰਿਹਾ ਆਦਰਸ਼ ਹੈ। ਇਰੀਟੇਟ। ਬੇਗਾਨਾ। ਅਕੇਵੇਂ ਦਾ ਮਾਰਿਆ। ਫਾਸ਼ਿਸਟ ਹੋ ਰਹੀ ਸੱਤਾ ਨੇ ਇਸ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਹੀ ਹੈ। ਭੀੜ ਦਾ, ਗਾਇਕ ਟੌਮੀ ਸਿੰਘ ਨੂੰ ਗਾਉਣ ਲਈ ਮਜਬੂਰ ਕਰਨ ਦਾ ਅਰਥ ਹੈ ਕਿ ਜੋ ਮੰਡੀ ਵਿੱਚ ਭੋਗੇ ਜਾਣ ਦੇ ਕਾਬਿਲ ਨਹੀਂ ਰਹਿੰਦਾ ਮੰਡੀ ਉਸ ਨੂੰ ਖਦੇੜ ਦੇਵੇਗੀ। ਦੂਜਾ ਗਹਿਨ ਅਰਥ ਹੈ ਕਿ ਸਮੂਹਿਕ ਮਾਨਸਿਕਤਾ ਦੀ ਤਾਨਾਸ਼ਾਹੀ ਜਾਇਜ਼ ਹੈ। ਉਹ ਸਮੂਹਿਕ ਮਾਨਸਿਕਤਾ, ਜਿਸ ਨੂੰ ਖੁਰਾਕ ਦੇ ਕੇ ਪਾਲਿਆ ਪੋਸਿਆ ਗਿਆ। ਜਿਸ ਨੂੰ ਭਾਰਤ ਦਾ ਨਿਆਂ ਪ੍ਰਬੰਧ ਮਾਨਤਾ ਦਿੰਦਾ ਹੈ। ਸਮੂਹ ਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਹੋਏ ਅਫ਼ਜ਼ਲ ਗੁਰੂ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਕੇ ਅਤੇ ਗੁਲਬਰਗ ਸੁਸਾੲਟੀ ਮਾਮਲੇ `ਚ ਭੀੜ ਨੂੰ ਬਰੀ ਕਰਕੇ। ਇਸ ਭੀੜ ਨੇ ਹੁਣ ਫ਼ਾਸ਼ਿਸਟ ਹੋਣਾ ਹੈ। ਬੀਜ ਬੀਜੇ ਜਾ ਚੁੱਕੇ ਹਨ। ਹਾਲਾਤ ਸਾਜ਼ਗਾਰ ਹਨ। ਅੰਕੁਰ ਫੁੱਟ ਚੁੱਕੇ ਹਨ। ਫਾਸ਼ਿਸਟ ਸੱਤਾ ਜੋ ਕੁਤਰਕ (ਗਾਲ਼ਾਂ ਵੀ) ਦੀ ਭਾਸ਼ਾ ਪੈਦਾ ਕਰਦੀ ਹੈ, ਫ਼ਿਲਮ ਨੇ ਬਿਨਾਂ ਸ਼ੱਕ ਉਸ ਨੂੰ ਹੱਲਾਸ਼ੇਰੀ ਦਿੱਤੀ ਹੈ। ਫ਼ਿਲਮ ਦੇ ਨਿਰਦੇਸ਼ਕ ਕੋਲ਼ ਕੁਤਰਕ ਦੀ ਭਾਸ਼ਾ ਨੂੰ ਜੁਗਤ ਵਜੋਂ ਵਰਤ ਕੇ ਸਥਿਤੀ ਦੀ ਪੇਚੀਦਗੀ ਨੂੰ ਪੇਸ਼ ਕਰਨ ਦੀ ਲਲ਼ਕ ਹੈ। ਇਸ ਲਲ਼ਕ ਵਿੱਚ ਮੁਨਾਫ਼ੇ ਦੀ ਹਵਸ ਰਲੀ ਹੋਣ ਕਰਕੇ ਇਸ ਦਾ ਕੁਤਰਕ ਵਜੋਂ ਪੇਸ਼ ਹੋਣਾ ਇਸ ਦੀ ਹੋਣੀ ਹੈ। ਬਿਹਾਰਨ ਕੁੜੀ ਤੇ ਟੌਮੀ ਸਿੰਘ ਦੇ ਸੰਵਾਦ ਜੇ ਦਰਸ਼ਕ ਨੂੰ ਕਾਇਲ ਕਰਨ ਦੀ ਸਮਰੱਥਾ ਰੱਖਦੇ ਹਨ, ਤਾਂ ਇਸ ਦਾ ਕਾਰਨ ਇਹ ਵੀ ਹੈ ਕਿ ਅੰਡਰ ਕਲਾਸ ਲੋਕਾਂ ਦਾ ਵਿਹਾਰ ਇਹੋ ਹੁੰਦਾ ਹੈ। ਪੈਦਾਵਾਰ ਤੇ ਵੰਡਾਰੇ ਦੀ ਪ੍ਰਕ੍ਰਿਆ ’ਚੋਂ ਬਾਹਰ ਧੱਕ ਦਿੱਤੇ ਜਾਣ ਕਰਕੇ ਅੱਧ ਭੁੱਖੇ, ਚੋਰਾਂ, ਮੰਗਤਿਆਂ ਤੇ ਨਸ਼ੇੜੀਆਂ ਦੀ ਫੌਜ ਖੜੀ ਹੋ ਜਾਂਦੀ ਹੈ। ਇਸ ਅੰਤਹੀਣ ਭੀੜ `ਚੋ ਫ਼ਾਸ਼ੀਵਾਦ ਆਪਣੀ ਫ਼ੌਜ ਖੜੀ ਕਰਦਾ ਹੈ। ਅੰਦਰ ਧਸੀਆਂ ਗੱਲ੍ਹਾਂ ਵਾਲੇ। ਆਪਣੇ ਆਪ `ਚ ਗੁੰਮ-ਸੁੰਮ। ਹਿਟਲਰ ਦੀ (ਆਰ) ਐਸ.ਐਸ. ਦੇ ਸਿਪਾਹੀ।ਫਿ਼ਲਮ ਦਾ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਨਾਲ ਕੋਈ ਸਬੰਧ ਇਸ ਕਰਕੇ ਨਹੀਂ ਦਿਸਦਾ ਕਿਉਂਕਿ ਜਮਾਤੀ ਚੇਤਨਾ, ਜਾਂ ਜਮਾਤੀ ਸਹਿਜ ਬੋਧ ਤੋਂ ਸੱਖਣੀ ਹਮਦਰਦੀ ਪੀੜਤ ਧਿਰ ਦਾ ਹੀ ਸੋਸ਼ਣ ਕਰਦੀ ਹੈ। ਫਿ਼ਲਮ ਦਾ ਸਬੰਧ ਉਸ ਮੰਡੀ ਨਾਲ ਹੈ, ਜਿਸ ਵਿੱਚ ਸਮੱਸਿਆ ਨਾਲ ਰਿਲੇਟ ਕਰਕੇ ਪੈਦਾ ਕੀਤੇ ਉਤਪਾਦ ਨੂੰ ਵੇਚਿਆ ਜਾ ਸਕੇ। ਕੋਈ ਹੈਰਾਨੀ ਨਹੀਂ ਹੋਵੇਗੀ ਕਿ ਆਉਣ ਵਾਲੇ ਦਿਨਾਂ `ਚ ਪੋਰਨੋਗ੍ਰਾਫੀ ਨੂੰ ਲੈ ਕੇ ਕੋਈ ‘ਗੰਭੀਰ` ਫਿ਼ਲਮ ਬਣੇ। ਬਣੇ ਤੇ ਹਿੱਟ ਹੋਵੇ। ਫਿਲਮ ਦਾ ਸੱਤਾ ਦੀ ਸੈਂਸਰਸ਼ਿਪ ਵਿੱਚ ਫ਼ਸਣ ਦਾ ਕਾਰਨ ਇਸ ਦਾ ਸਟੇਟ ਵਿਰੋਧੀ ਖਾਸਾ ਹੋਣਾ ਨਹੀਂ ਹੈ। ਕਾਰਨ ਉਹ ‘ਨੈਤਿਕਤਾ` ਦੱਸਿਆ ਗਿਆ ਜਿਸ ਦੀ ਇਸ ਬੁਰਜੂਆ ਜਮਹੂਰੀਅਤ ਨੂੰ ਕੋਈ ਬਹੁਤੀ ਲੋੜ ਰਹਿ ਨਹੀਂ ਗਈ। ਇਸ ਅੜਿੱਕੇ ਨੇ ਫਿ਼ਲਮਕਾਰ ਦੀ ਇਮਾਨਦਾਰੀ ਨੰ ਅਨੋਖੀ ਖੁਰਾਕ ਮੁਹੱਈਆ ਕਰਵਾਈ। ਇਸ ਖੁਰਾਕ ਦੇ ਸਹਾਰੇ ਫਿ਼ਲਮ ਅਗਲੇ ਵੱਡੇ ਛਾਨਣੇ (ਹਾਈ ਕੋਰਟ) `ਚੋਂ ਬੜੀ ਸਹਿਜਤਾ ਨਾਲ਼ ਪਾਸ ਹੋ ਗਈ। ਬੁਰਜੂਆ ਜਮਹੂਰੀਅਤ ਦੀ ਨਿਆਇਕ ਇਕਾਈ ਨੇ ਫਿ਼ਲਮਕਾਰਾਂ ਵੱਲੋਂ ਆਪਣੇ ਵਿੱਚ ਪ੍ਰਗਟਾਏ ਵਿਸ਼ਵਾਸ ਨੂੰ ਬਹਾਲ ਰੱਖਿਆ। ਕਲਾਕਾਰ ਨੇ ‘ਅਭਿਵਿਅਕਤੀ ਦੀ ਆਜ਼ਾਦੀ` ਦੇ ਕਾਇਮ ਰਹਿਣ `ਤੇ ਤਾੜੀ ਵਜਾਈ। ਦਰਸ਼ਕ ਨੇ ਆਪਣੀ ਜਹਾਲਤ ਦਾ ਜਸ਼ਨ ਮਨਾਇਆ। ਤੇ ਇਸ ਪੂਰੇ ਤਮਾਸ਼ੇ ਦਾ ਵਹਾਅ ਉਸ ਬਰਬਰਤਾ ਵੱਲ ਹੋ ਗਿਆ ਜਿੱਥੇ ਖੜ੍ਹ ਕੇ ਹਿਟਲਰ ਦਾ ਸੱਭਿਆਚਾਰ ਮੰਤਰੀ ਆਪਣੇ ਕੁਲ ਇਤਿਹਾਸ ਦੀਆਂ ਕਿਤਾਬਾਂ ਸਾੜ ਰਿਹਾ ਹੈ। ਅਕਾਲੀ ਦਲ ਅਤੇ ਸੰਸਦੀ ਵਾੜੇ ਦੀਆਂ ਹੋਰ ਪਾਰਟੀਆਂ, ਜਿਨ੍ਹਾਂ ਨੇ ਫਿਲਮ ਤੇ ਪਾਲੇਟਿਕਸ ਕੀਤੀ, ਇਸਦੇ ਹੱਕ ਜਾਂ ਵਿਰੋਧ `ਚ ਪੈਦਾ ਹੋਣ ਵਾਲੀ ਰਾਏ ਨੂੰ ਭੁਨਾਉਣ ਦੇ ਰੌਂਅ `ਚ ਸਨ। ਇਹਨਾਂ ਪਾਰਟੀਆਂ ਦੇ ਪੰਜਾਬੀ ਮਾਨਸ ਪ੍ਰਤੀ ਫਿਕਰ ਬਾਰੇ ਸੋਚ ਕੇ ਮਨ ਭੈਅ ਨਾਲ ਭਰ ਜਾਂਦਾ ਹੈ। ਕੈਵਿਨ ਕਾਰਟਰ ਦੀ ਸੂਡਾਨ `ਚ ਖਿੱਚੀ ਲਾਸਾਨੀ ਤਸਵੀਰ ਚੇਤਿਆਂ ਨੂੰ ਲੂਹਣ ਲੱਗਦੀ ਹੈ। ਪੰਜ ਦਰਿਆਵਾਂ ਦੇ ਪੈਦਾਇਸ਼ ਹੋਣ ਦੀ ਭਾਵੁਕ ਦਲੀਲ ਪਿੱਛੇ ਸੁਪਨਾ, ਪੰਜਾਬ ਦੇ ਅਰਥਚਾਰੇ ਦਾ ਖੇਤੀਬਾੜੀ ਦੇ ਮਧਯੁਗੀ ਸਬੰਧਾਂ ’ਤੇ ਮੁੜ ਬਹਾਲੀ ਦਾ ਹੈ। ਇਸ ਯੂਟੋਪੀਏ ਨੇ ਪੰਜਾਬ ਨੂੰ ਕਿਸੇ ਤਣ-ਪੱਤਣ ਨਹੀਂ ਲਾਉਣਾ। ਪੰਜਾਬ ਦੇ ਜ਼ਿੰਦਾ ਰਹਿਣ ਦਾ ਸੁਪਨਾ ਇਤਿਹਾਸ ਦੇ ਕਿਸੇ ਸੁਨਹਿਰੀ ਦੌਰ ਨੂੰ ਆਵਾਜ਼ਾਂ ਮਾਰਨ ਨਾਲ ਪ੍ਰਵਾਨ ਨਹੀਂ ਚੜ੍ਹਨਾ। ਪੰਜਾਬ ਦਾ ਸੁਨਹਿਰੀ ਦੌਰ ਭਵਿੱਖ ਵਿੱਚ ਹੈ। ਇਸ ਸੁਪਨੇ ਨੇ ਭਵਿੱਖ ਵਿੱਚ ਪ੍ਰਵਾਨ ਚੜ੍ਹਨਾ ਹੈ।ਟੌਮੀ ਸਿੰਘ ਦੇ ਆਦਰਸ਼ ਤੋਂ ਉੱਤਰ ਰਿਹਾ ਰੋਗਨ ਸਾਡੇ ਨੌਜਵਾਨਾਂ ਦੀਆਂ ਉਂਗਲਾਂ ਨਾਲ ਚਿਪਕ ਰਿਹਾ ਹੈ। ਉਹਨਾਂ ਉਂਗਲਾਂ ਨਾਲ ਜਿਨ੍ਹਾਂ ਨੇ ਭਗਤ ਸਿੰਘ ਦਾ ਲੈਨਿਨ ਦੀ ਜੀਵਨੀ ਦਾ ਮੋੜਿਆ ਪੰਨਾ ਅੱਗੇ ਖੋਲਣਾ ਸੀ। ਫਿ਼ਲਮਕਾਰਾਂ ਦਾ ਉਸ ਮੁੜੇ ਹੋਏ ਪੰਨੇ ਨਾਲ ਕੋਈ ਸਰੋਕਾਰ ਨਹੀਂ । ਜੇ ਸਰੋਕਾਰ ਹੈ ਤਾਂ ਉਸ ਪੰਨੇ ਨੂੰ ਫਰੀਜ਼ ਕਰਨ ਨਾਲ ਹੈ।
ਸੰਪਰਕ: +91 94645 95662