ਮਨੋਜ ਕੁਮਾਰ ਦਾ ਦੇਸ਼ ਪ੍ਰੇਮ! –ਅਰੁਣਦੀਪ
Posted on:- 28-04-2016
ਮਨੋਜ ਕੁਮਾਰ ਨੂੰ 2015 ਦਾ ਭਾਰਤੀ ਸਿਨੇਮਾ ਦਾ ਸਭ ਤੋਂ ਵੱਡਾ ਪੁਰਸਕਾਰ ਦਾਦਾ ਸਾਹਿਬ ਫਾਲਕੇ ਦੇਣ ਦਾ ਐਲਾਨ ਹੋਇਆ ਹੈ। ਇਸ ਨਾਲ ਇਕ ਵਾਰ ਫਿਰ ਤੋਂ ਕਥਿਤ ਦੇਸ਼ ਭਗਤੀ ਅਤੇ ਦੇਸ਼ ਪ੍ਰੇਮ ਨਾਲ ਓਤਪ੍ਰੋਤ ਭਾਰਤੀ ਫਿਲਮਾਂ ਦੀਆਂ ਚੌੜੇ ਹੋ-ਹੋ ਕੇ ਗੱਲਾਂ ਹੋਣ ਲੱਗੀਆਂ ਹਨ। ਮਨੋਜ ਕੁਮਾਰ ਨੂੰ ਦੇਸ਼ ਭਗਤੀ ਵਿਚ ਡੁੱਬੀਆਂ ਫਿਲਮਾਂ ਦਾ ਸਰਤਾਜ ਅਤੇ ਹੋਰ ਪਤਾ ਨਹੀਂ ਕੀ-ਕੀ ਕਿਹਾ ਜਾ ਰਿਹਾ ਹੈ। ਹਾਲਾਂਕਿ ਇਸ ਤਰ੍ਹਾਂ ਦੀਆਂ ਫਿਲਮਾਂ ਦੀ ਬਦੌਲਤ ਉਸਨੂੰ 'ਭਾਰਤ ਕੁਮਾਰ' ਤਾਂ ਪਹਿਲਾਂ ਹੀ ਕਿਹਾ ਜਾਂਦਾ ਹੈ।
24 ਜੁਲਾਈ 1937 ਨੂੰ ਏਬਟਾਬਾਦ ਪਾਕਿਸਤਾਨ ਵਿਚ ਜਨਮੇ ਅਤੇ ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਮਨੋਜ ਕੁਮਾਰ ਦਾ ਅਸਲੀ ਨਾਂ ਹਰੀ ਕ੍ਰਿਸ਼ਣ ਗੋਸਵਾਮੀ ਹੈ। ਆਪਣੇ ਇਕ ਰਿਸ਼ਤੇਦਾਰ ਲੇਖਰਾਜ ਭਾਖੜੀ ਦੀ ਫਿਲਮ 'ਫੈਸ਼ਨ' (1955) ਨਾਲ ਮਨੋਜ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ 10 ਸਾਲ ਤਕ ਮਨੋਜ ਕੁਮਾਰ ਨੇ 'ਪੰਚਾਇਤ', 'ਚਾਂਦ', 'ਹਨੀਮੂਨ', 'ਸੁਹਾਗ ਸਿੰਧੂਰ', 'ਕਾਂਚ ਕੀ ਗੁੜੀਆ', 'ਰੇਸ਼ਮੀ ਰੁਮਾਲ', 'ਸ਼ਾਦੀ', 'ਬਨਾਰਸੀ ਠੱਗ', 'ਅਪਨਾ ਬਨਾ ਕੇ ਦੇਖ ਲੋ', 'ਘਰ ਬਸਾ ਕੇ ਦੇਖੋ', 'ਫੂਲੋਂ ਕੀ ਸੇਜ਼' ਵਰਗੀਆਂ ਪਾਪੂਲਰ ਸਿਨੇਮੇ ਦੀਆਂ ਅਨੇਕਾਂ ਫਿਲਮਾਂ ਕੀਤੀਆਂ, ਪਰ ਗੱਲ ਨਹੀਂ ਬਣੀ।
ਇਹ ਉਹ ਦੌਰ ਸੀ ਜਦੋਂ ਭਾਰਤੀ ਆਜ਼ਾਦੀ ਦੀ ਚਮਕ ਫਿੱਕੀ ਪੈਣ ਲੱਗੀ ਸੀ ਅਤੇ ਲੋਕਾਂ ਦੇ ਆਜ਼ਾਦੀ ਨੂੰ ਲੈ ਕੇ ਬੁਣੇ ਹੋਏ ਸੁਪਨੇ ਟੁੱਟ ਰਹੇ ਸਨ। ਅਜਿਹੇ ਵਿਚ ਭਗਤ ਸਿੰਘ ਦੀ ਵਿਚਾਰਧਾਰਕ ਪਹੁੰਚ ਲੋਕਾਂ ਨੂੰ ਝੰਜੋੜ ਰਹੀ ਸੀ। ਸੱਤਾ ਦੇ ਖਿਲਾਫ ਲੋਕਾਂ ਦਾ ਰੋਹ ਵੱਧ ਰਿਹਾ ਸੀ। ਗੁਰੂ ਦੱਤ ਵਰਗੇ ਨਿਰਦੇਸ਼ਕ 'ਪਿਆਸਾ' ਵਰਗੀਆਂ ਫਿਲਮਾਂ ਨਾਲ ਭਾਰਤੀ ਰਾਜ ਸੱਤਾ ਦੀ ਪੋਲ ਖੋਲ੍ਹ ਰਹੇ ਸਨ ਅਤੇ ਸਾਹਿਰ ਲੁਧਿਆਣਵੀ ਵਰਗੇ ਕਲਮਕਾਰ 'ਜਿਨ੍ਹੇ ਨਾਜ਼ ਹੈ ਹਿੰਦ ਪਰ...' ਵਰਗੇ ਗੀਤਾਂ ਨਾਲ ਸੱਤਾਧਾਰੀਆਂ ਨੂੰ ਵੰਗਾਰ ਰਹੇ ਸਨ।
ਅਜਿਹੇ ਦੌਰ ਵਿਚ ਜਦੋਂ ਸਿਨੇਮਾ ਸੱਤਾ ਨੂੰ ਚੁਣੌਤੀ ਦੇ ਰਿਹਾ ਸੀ ਤਾਂ ਉਦੋਂ 1965 ਵਿਚ ਮਨੋਜ ਕੁਮਾਰ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ 'ਤੇ ਫਿਲਮ 'ਸ਼ਹੀਦ' ਕੀਤੀ। ਇਸ ਤੋਂ ਬਾਅਦ ਸ਼ਾਸਤਰੀ ਦੇ ਨਾਅਰੇ 'ਜੈ ਜਵਾਨ ਜੈ ਕਿਸਾਨ' ਨੂੰ ਪਰਦੇ 'ਤੇ ਉਕੇਰਨ ਵਾਲੀ ਫਿਲਮ 'ਉਪਕਾਰ' ਕੀਤੀ। 'ਬਾਲੀਵੁੱਡ ਮਾਰਕਾ ਦੇਸ਼ ਭਗਤੀ ਵਾਲੀਆਂ' ਫਿਲਮਾਂ ਨਾਲ ਮਨੋਜ ਕੁਮਾਰ ਦੀ ਹੱਟੀ ਚੱਲ ਪਈ। ਉਸਨੂੰ ਦੇਸ਼ ਭਗਤੀ ਰਾਸ ਆਉਣ ਲੱਗੀ। ਹੁਣ ਤਕ ਉਸਨੂੰ ਇਹ ਗੱਲ ਸਮਝ ਆ ਗਈ ਕਿ 'ਦੇਸ਼ ਭਗਤੀ' ਵੀ ਬਰਾਂਡ ਦੇ ਤੌਰ 'ਤੇ ਸਥਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਉਸਨੇ 'ਪੂਰਬ ਔਰ ਪੱਛਮ', 'ਕ੍ਰਾਂਤੀ' ਵਰਗੀਆਂ ਫਿਲਮਾਂ ਨਾਲ ਆਪਣੇ ਇਸ ਬਰਾਂਡ ਦਾ ਭਰਪੂਰ ਫਾਇਦਾ ਚੁੱਕਿਆ। ਉਸਨੇ ਇਨ੍ਹਾਂ ਫਿਲਮਾਂ ਨਾਲ ਆਦਰਸ਼ ਭਾਰਤ ਦੇ ਜਿਸ ਰੂਪ ਨੂੰ ਪੇਸ਼ ਕੀਤਾ ਉਹ ਯਥਾਰਥ ਤੋਂ ਕੋਹਾਂ ਦੂਰ ਸੀ।
ਜਿਸ ਸਮੇਂ ਭਾਰਤ ਵਿਚ ਹਰੇਕ ਪੱਧਰ 'ਤੇ ਵਿਤਕਰਾ ਸਿਖਰਾਂ 'ਤੇ ਸੀ ਤਾਂ 'ਭਾਰਤ ਕੁਮਾਰ' ਸਸਤੇ ਕਿਸਮ ਦੀ ਦੇਸ਼ ਭਗਤੀ ਤੇ ਜੋਸ਼ ਦਾ ਸੰਚਾਰ ਕਰਨ ਵਿਚ ਲੱਗਾ ਹੋਇਆ ਸੀ। ਭੁੱਖੇ ਲੋਕਾਂ ਨੂੰ ਦੇਸ਼ ਭਗਤੀ ਨਾਲ ਰਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਦਰਅਸਲ, ਉਸਨੇ ਮੌਜੂਦਾ ਸਮਿਆਂ ਦੇ ਸੱਚ ਨੂੰ ਡਲਿਊਟ ਕਰਨ ਤੋਂ ਬਿਨਾਂ ਕੁਝ ਨਹੀਂ ਕੀਤਾ।
ਇਸ ਫਿਲਮੀ ਸਫਰ ਦੌਰਾਨ ਮਨੋਜ ਕੁਮਾਰ ਨੂੰ 'ਪਦਮਸ਼੍ਰੀ' ਅਤੇ ਹੋਰ ਕਈ ਇਨਾਮ ਸਨਮਾਨ ਮਿਲਦੇ ਰਹੇ ਪਰ ਦਾਦਾ ਸਾਹਿਬ ਫਾਲਕੇ ਪੁਰਸਕਾਰ ਅਜਿਹੇ ਦੌਰ ਵਿਚ ਮਿਲਿਆ ਹੈ, ਜਦੋਂ ਪੂਰੇ ਦੇਸ਼ ਵਿਚ ਦੇਸ਼ ਪ੍ਰੇਮ ਬਨਾਮ ਦੇਸ਼ ਧ੍ਰੋਹ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਭਾਰਤੀ ਸਿਨੇਮਾ ਅਤੇ ਇਸ ਨਾਲ ਜੁੜੇ ਹੋਏ ਲੋਕ ਵੀ ਇਸ ਸਭ ਤੋਂ ਵੱਖ ਨਹੀਂ ਹਨ। ਕੁਝ ਸਮਾਂ ਪਹਿਲਾਂ ਹੀ ਗਜੇਂਦਰ ਚੌਹਾਨ ਵਰਗੇ ਅਭਿਨੇਤਾ ਨੂੰ ਵੱਕਾਰੀ ਨੈਸ਼ਨਲ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਪੂਣੇ ਦਾ ਨਿਰਦੇਸ਼ਕ ਥਾਪ ਦਿੱਤਾ ਜਾਂਦਾ ਹੈ ਅਤੇ ਫਿਰ ਵਿਦਿਆਰਥੀ ਇਸਦੇ ਵਿਰੋਧ ਵਿਚ ਇਕ ਲੰਬਾ ਸੰਘਰਸ਼ ਚਲਾਉਂਦੇ ਹਨ। ਇਸ ਦੌਰਾਨ ਹੀ ਅਸਹਿਣਸ਼ੀਲਤਾ ਨੂੰ ਲੈ ਕੇ ਦੇਸ਼ ਦੇ ਸਾਹਿਤਕਾਰਾਂ, ਇਤਿਹਾਸਕਾਰਾਂ, ਵਿਗਿਆਨੀਆਂ ਨੇ ਸਰਕਾਰੀ ਇਨਾਮ ਵਾਪਸੀ ਦੀ ਮੁਹਿੰਮ ਛੇੜੀ ਤਾਂ ਫਿਲਮਕਾਰ ਵੀ ਇਸ ਵਿਚ ਪਿੱਛੇ ਨਹੀਂ ਰਹੇ। ਵੱਡੇ-ਵੱਡੇ ਨਾਵਾਂ ਵਾਲੇ ਫਿਲਮਕਾਰਾਂ ਨੇ ਆਪਣੇ ਇਨਾਮ ਵਾਪਸ ਕਰਕੇ ਵਿਰੋਧ ਦਰਜ ਕਰਵਾਇਆ। ਹਾਲਾਂਕਿ ਕੁਝ ਇਕ ਕਲਾਕਾਰਾਂ ਨੇ ਸੱਤਾ ਦੇ ਨਜ਼ਦੀਕ ਹੁੰਦੇ ਹੋਏ ਇਨਾਮ ਵਾਪਸੀ ਦਾ ਵਿਰੋਧ ਕੀਤਾ ਅਤੇ ਫਿਰ ਬਾਅਦ ਵਿਚ ਵੱਡੇ-ਵੱਡੇ ਸਰਕਾਰੀ ਇਨਾਮ ਵੀ ਹਾਸਲ ਕੀਤੇ। ਇਨ੍ਹਾਂ 'ਚ ਅਨੁਪਮ ਖੇਰ ਮੂਹਰਲੀ ਕਤਾਰ ਵਿਚ ਸ਼ਾਮਲ ਹੋਇਆ।
ਜਦੋਂ ਜੇ.ਐਨ.ਯੂ ਦੇ ਮਸਲੇ ਨੇ ਪੂਰੇ ਭਾਰਤ ਵਿਚ ਦੇਸ਼ ਪ੍ਰੇਮ ਬਨਾਮ ਦੇਸ਼ ਧ੍ਰੋਹ ਦੇ ਮੁੱਦੇ 'ਤੇ ਇਕ ਬਹਿਸ ਛੇੜੀ ਤਾਂ ਅਜਿਹੇ ਦੌਰ ਵਿਚ ਮਨੋਜ ਕੁਮਾਰ ਵਰਗੇ ਲੋਕਾਂ ਦਾ ਦੇਸ਼ ਪ੍ਰੇਮ ਸੱਤਾਧਾਰੀਆਂ ਦੇ ਫਿਟ ਬੈਠਦਾ ਹੈ ਅਤੇ ਉਹ ਇਸ ਤਰ੍ਹਾਂ ਦੇ 'ਦੇਸ਼ ਪ੍ਰੇਮ ਦੀ ਕਦਰ' ਵੀ ਕਰਦੇ ਹਨ। ਸਵਾਲ ਇਹ ਨਹੀਂ ਹੈ ਕਿ ਇਹ ਸਨਮਾਨ ਮਿਲਣ ਨਾਲ ਕੋਈ ਪਹਾੜ ਡਿੱਗ ਪਿਆ ਹੈ। ਸਵਾਲ ਤਾਂ ਇਹ ਹੈ ਕਿ ਇਹ ਇਨਾਮ 'ਮਨਚਾਹੇ ਸਭਿਆਚਾਰਕ ਕਰਿੰਦਿਆਂ' ਨੂੰ ਦੇ ਕੇ ਸੱਤਾ 'ਕੁਝ ਸਾਬਤ' ਕਰਨਾ ਚਾਹੁੰਦੀ ਹੈ, ਜਿਸਨੂੰ ਸਮਝਣ ਦੀ ਲੋੜ ਹੈ।
Gurpreet Singh
Zabardast.