ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ‘ਕਿੱਸਾ ਪੰਜਾਬ’ - ਬਿੰਦਰਪਾਲ ਫ਼ਤਿਹ
Posted on:- 27-10-2015
ਪੰਜਾਬ ਦੀ ਧਰਤੀ ਨੂੰ ਜੇ ਸਰਸਰੀ ਜਿਹੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਬੇਸ਼ੱਕ ਤੁਹਾਨੂੰ ਸਰ੍ਹੋਂ ਦੇ ਖੇਤਾਂ ਵਿੱਚੋਂ ਆਉਂਦੀ ਮਹਿਕ ਚੰਗੀ ਲੱਗੇ ਬੇਸ਼ੱਕ ਖੇਤਾਂ ਦੀ ਹਰਿਆਲੀ ਦਿਲ ਨੂੰ ਧੁਹ ਪਾਉਣ ਵਾਲੀ ਹੋਵੇ ਪਰ ਇੱਕ ਸੱਚ ਇਹ ਵੀ ਹੈ ਕਿ ਇੱਥੋਂ ਦੀ ਫਿਜ਼ਾ ਵਿੱਚ ਜ਼ਹਿਰ ਘੁਲ ਗਿਆ ਹੈ। ਉਹ ਜ਼ਹਿਰ ਸ਼ੁਕਰਾਤ ਦੀ ਹੋਣੀ ਬਣਿਆ ਅਤੇ ਅੱਜ ਪੰਜਾਬ ਦੇ ਹਰੇਕ ਜੀਅ ਦੀ ਹੋਣੀ ਬਣ ਗਿਆ ਹੈ। ਇਹ ਜ਼ਹਿਰ ਚਿਹਰੇ ਤੋਂ ਲੈ ਕੇ ਸਰੀਰ ਦੇ ਕਣ-ਕਣ `ਤੇ ਅਸਰਅੰਦਾਜ਼ ਹੋਇਆ ਹੈ। ਪੰਜਾਬ ਦੀ ਜਵਾਨੀ ਇਸ ਜ਼ਹਿਰ ਤੋਂ ਖਾਸੀ ਬੁਰੀ ਤਰ੍ਹਾਂ ਪੀੜਤ ਹੈ। ਤੇਜ਼ੀ ਨਾਲ ਬਦਲ ਰਹੇ ਆਲਮੀ ਅਰਥਚਾਰੇ ਅਤੇ ਬਦਲਦੀਆਂ ਸਮਾਜਿਕ ਕਦਰਾਂ-ਕੀਮਤਾਂ ਨੇ ਪੰਜਾਬ ਦੇ ਗੱਭਰੂਆਂ ਤੇ ਮੁਟਿਆਰਾਂ ਦੇ ਪਿੰਡੇ ਲੂਹ ਸੁੱਟੇ ਹਨ।
ਇਸ ਜਵਾਨੀ ਨੂੰ ਕੋਈ ਰਾਹ ਨਹੀਂ ਲੱਭ ਰਿਹਾ ਅਤੇ ਜਿਨ੍ਹਾਂ ਨੇ ਆਪਣੇ ਰਾਹ ਚੁਣੇ ਹਨ ਉਨ੍ਹਾਂ ਰਾਹਾਂ ਦੇ ਸਫ਼ਰ ਅਤੇ ਅੰਤ ਦਾ ਉਨ੍ਹਾਂ ਨੂੰ ਕੋਈ ਥਹੁ ਪਤਾ ਲਗਦਾ ਨਹੀਂ ਦਿਸਦਾ।ਇਹ ਜਵਾਨੀ ਹੁਣ ਹਰ ਕਿਸੇ ਕੋਲੋਂ ਤਾਨ੍ਹਿਆਂ-ਮਿਹਣਿਆਂ ਦੀ ਸਿਆਸਤ ਦਾ ਸ਼ਿਕਾਰ ਹੋ ਰਹੀ ਹੈ। ਸਮਾਜ ਵਿੱਚ ਉਨ੍ਹਾਂ ਨੂੰ ਬਣਦਾ ਰੁਤਬਾ ਮਿਲਣਾ ਅਤੇ ਬਣਾ ਸਕਣਾ ਉਨ੍ਹਾਂ ਲਈ ਮੁਸ਼ਕਲ ਲੱਗ ਰਿਹਾ ਹੈ।
ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਕਿਸੇ ਨੇ ਸੰਵਾਦ ਰਚਾਉਣ ਦੀ ਕੋਸ਼ਿਸ਼ ਤਾਂ ਕੀ ਕਰਨੀ ਸੀ ਉਲਟਾ ਉਨ੍ਹਾਂ ਨੂੰ ਇਸ ਤਰ੍ਹਾਂ ਭੰਡਿਆ ਜਾ ਰਿਹਾ ਹੈ ਜਿਵੇਂ ਸਾਰੀਆਂ ਗਲਤੀਆਂ ਇਨ੍ਹਾਂ ਨੇ ਹੀ ਕੀਤੀਆਂ ਹੋਣ।ਇਸ ਤਰ੍ਹਾਂ ਦੀ ਕਹਾਣੀ ਕਹਿਣ ਲਈ ਅਤੇ ਇਨ੍ਹਾਂ ਗੱਭਰੂਆਂ-ਮੁਟਿਆਰਾਂ ਨਾਲ ਸੰਵਾਦ ਰਚਾਉਣ ਲਈ `ਕਿੱਸਾ ਪੰਜਾਬ`ਨਾਮ ਦੀ ਪੰਜਾਬੀ ਫ਼ਿਲਮ ਸਿਨੇਮਾਘਰਾਂ ਵਿੱਚ ਪਰਦਾਪੇਸ਼ ਹੋਈ ਹੈ। ਪਹਿਲੀ ਨਜ਼ਰ ਵਿੱਚ ਵੇਖਣ ਨੂੰ ਲਗਦਾ ਹੈ ਕਿ ਫ਼ਿਲਮ ਨਸ਼ੇ ਦੇ ਮੁੱਦੇ `ਤੇ ਬਣੀ ਹੈ ਪਰ ਅਸਲ ਵਿੱਚ ਅਜਿਹਾ ਨਹੀਂ ਹੈ। ਫ਼ਿਲਮ ਦੀ ਕਹਾਣੀ ਉਨ੍ਹਾਂ ਛੇ ਕਿਰਦਾਰਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਜ਼ਿੰਦਗੀ ਇਹੋ ਜਿਹੇ ਮੁਕਾਮ `ਤੇ ਆ ਗਈ ਹੈ ਜਿੱਥੇ ਕਿ ਉਨ੍ਹਾਂ ਲਈ ਜ਼ਿੰਦਗੀ ਤੋਂ ਭੱਜਣਾ ਮੁਸ਼ਕਲ ਹੋ ਗਿਆ ਹੈ ਪਰ ਉਹ ਭੱਜ ਕੇ ਕਿੱਥੇ ਜਾਣ ਇਹ ਸਵਾਲ ਵੀ ਉਨ੍ਹਾਂ ਲਈ ਵੱਡਾ ਹੈ? ਫ਼ਿਲਮ ਹਦਾਇਤਕਾਰੀ ਪੱਖੋਂ ਵਜਨਦਾਰ ਫ਼ਿਲਮ ਹੈ।ਪੰਜਾਬੀ ਸਿਨੇਮਾ ਵਿੱਚ ਅਜਿਹੀਆਂ ਫ਼ਿਲਮਾਂ ਦੀ ਅਤੇ ਚੰਗੇ ਹਦਾਇਤਕਾਰਾਂ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ।ਨੌਜਵਾਨ ਹਦਾਇਤਕਾਰ ਜਤਿੰਦਰ ਮੌਹਰ ਇਸ ਕਦਮ ਲਈ ਵਧਾਈ ਦਾ ਪਾਤਰ ਹੈ ਜਿਸ ਨੇ ਪੰਜਾਬ ਦੇ ਕਿੱਸੇ ਨੰ ਪਰਦਾਪੇਸ਼ ਕੀਤਾ ਹੈ।ਫ਼ਿਲਮ ਦਾ ਸੰਗੀਤ ਫ਼ਿਲਮ ਦੀ ਜਾਨ ਹੋ ਨਿੱਬੜਦਾ ਹੈ। ਜਤਿੰਦਰ ਮੌਹਰ, ਫ਼ਿਲਮ ਹਦਾਇਤਕਾਰ ਬਕੌਲ ਜਤਿੰਦਰ ਮੌਹਰ ਸੰਗੀਤ ਫ਼ਿਲਮ ਦੀ ਸੰਪਾਦਕੀ ਹੁੰਦਾ ਹੈ। ਇਸ ਸੰਪਾਦਕੀ ਲਈ ਸੰਗੀਤਕਾਰ ਗੁਰਮੋਹ ਵਧੀਆ ਚੋਣ ਜਾਪਦਾ ਹੈ।ਗੁਰਦਾਸ ਮਾਨ ਅਤੇ ਜੋਤੀ-ਨੂਰਾਂ ਦੁਆਰਾ ਗਾਏ ਗੀਤ ਫ਼ਿੳਮਪ;ਲਮ ਦੀ ਜਾਨ ਹੋ ਨਿੱਬੜਦੇ ਹਨ।ਕਿਸੇ ਸਮੇਂ ਮਰਹੂਮ ਗਾਇਕ ਨਛੱਤਰ ਛੱਤੇ ਦੁਆਰਾ ਗਾਏ ਗੀਤ `ਸਾਉਣ ਦਾ ਮਹੀਨਾ` ਨੂੰ ਦੋਬਾਰਾ ਗਵਾ ਕੇ ਫ਼ਿਲਮ ਅਤੇ ਹੀਰੇ ਦੇ ਕਿਰਦਾਰ ਨਾਲ ਇਨਸਾਫ਼ ਕੀਤਾ ਗਿਆ ਹੈ।ਇਸ ਤਰ੍ਹਾਂ ਦੀ ਕਹਾਣੀ ਲਿਖਣਾ ਉਦੈ ਪ੍ਰਤਾਪ ਸਿੰਘ ਦੇ ਹਿੱਸੇ ਆਇਆ ਹੈ ਅਤੇ ਇਸ ਤਰ੍ਹਾਂ ਦੀ ਕਹਾਣੀ `ਤੇ ਫ਼ਿਲਮ ਬਣਾਉਣ ਲਈ ਵਿੱਤੀ ਮਾਲਿਕ ਅਨੂ ਬੈਂਸ ਨੂੰ ਸਰਾਹਿਆ ਜਾ ਸਕਦਾ ਹੈ।ਹਰੇ ਭਰੇ ਅਤੇ ਸਰ੍ਹੋਂ ਦੇ ਖੇਤਾਂ ਵਾਲੇ ਪੰਜਾਬ `ਤੇ ਹੋਰ ਮੌਸਮ ਵੀ ਅਸਅੰਦਾਜ਼ ਹੁੰਦੇ ਹਨ। ਫ਼ਿਲਮ ਦੇ ਕਈ ਦ੍ਰਿਸ਼ਾਂ ਵਿੱਚ ਵਿਖਾਈ ਦਿੰਦੀ ਸਲੇਟੀ ਰੰਗ ਦੀ ਧੁੰਦ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਵਿੱਚ ਪਸਰੀ ਧੁੰਦ ਨਾਲ ਮਿਲਦੀ ਜੁਲਦੀ ਨਜ਼ਰ ਆਉਂਦੀ ਹੈ।ਫ਼ਿਲਮ ਹੌਲੌ-ਹੌਲੀ ਆਪਣੇ ਨਾਲ ਤੋਰ ਲੈਂਦੀ ਹੈ। ਫ਼ਿਲਮ ਵੇਖਦੇ ਸਮੇਂ ਅਹਿਸਾਸ ਹੁੰਦਾ ਹੈ ਕਿ ਇਹ ਕਿਰਦਾਰ ਸਾਡੇ ਵਿੱਚੋਂ ਹੀ ਨੇ ਤੇ ਸਪੀਡ ਵਰਗੇ ਪਾਤਰਾਂ ਨਾਲ ਗੱਲ ਕਰਨ ਨੂੰ ਦਿਲ ਕਰਦਾ ਹੈ। ਹੀਰੇ ਨੂੰ ਪੁੱਛਣ ਨੂੰ ਦਿਲ ਕਰਦਾ ਹੈ ਕਿ ਉਸ ਨੂੰ ਹੌਲ ਕਿਉਂ ਪੈਂਦੇ ਹਨ।ਇਹ ਫ਼ਿਲਮ ਅਤੇ ਹਦਾਇਤਕਾਰ ਦੇ ਹੁਨਰ ਦੀ ਪ੍ਰਾਪਤੀ ਹੈ ਜੋ ਸਲੇਟੀ ਰੰਗੀ ਧੁੰਦ ਦਾ ਤਰਜ਼ਮਾਂ ਪਰਦੇ `ਤੇ ਇਸ ਤਰ੍ਹਾਂ ਲਿਖਣ ਵਿੱਚ ਸਫਲ ਹੋਇਆ ਹੈ। ਸੰਪਰਕ: +91 94645 10678