ਇਨਾਮ ਵਾਪਸ ਕਰਨ ਵਾਲੇ ਲੇਖਕਾਂ ਦੇ ਵਿਚਾਰ
Posted on:- 14-10-2015
ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ
-ਸੁਰਜੀਤ ਪਾਤਰ
ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰਨ ਦੇ ਪਲਾਂ ਵਿੱਚ ਮੈਂ ਯਾਦਾਂ ਦੇ ਇੱਕ ਝੁਰਮਟ ਵਿੱਚ ਘਿਰਿਆ ਹੋਇਆ ਹਾਂ। ਇਹ ਪੁਰਸਕਾਰ ਮੈਨੂੰ 1993 ਵਿੱਚ ਮਿਲਿਆ ਸੀ, ਮੇਰੀ ਕਵਿਤਾ ਦੀ ਪੁਸਤਕ ਹਨ੍ਹੇਰੇ ਵਿੱਚ ਸੁਲਗਦੀ ਵਰਣਮਾਲਾ ’ਤੇ। ਬਹੁਤ ਖ਼ੁਸ਼ੀ ਹੋਈ ਸੀ ਮੈਨੂੰ, ਓਨੀ ਹੀ ਖ਼ੁਸ਼ੀ ਜਿੰਨੀ ਪਹਿਲੀ ਵਾਰ ‘ਪ੍ਰੀਤ ਲੜੀ’ ਵਿੱਚ ਆਪਣੀਆਂ ਕਵਿਤਾਵਾਂ ਦਾ ਇੱਕ ਪੂਰਾ ਸਫ਼ਾ ਦੇਖ ਕੇ ਹੋਈ ਸੀ। ਖ਼ੁਸ਼ੀ ਨਾਲ ਨਮ ਅੱਖਾਂ ਨਾਲ ਮੈਂ ਧਰਤੀ ’ਤੇ ਝੁਕ ਕੇ ਕਿਸੇ ਅਦਿੱਖ ਸ਼ਕਤੀ ਨੂੰ ਨਮਸਕਾਰ ਕੀਤੀ ਸੀ। ਪੰਜਾਬੀ ਮਾਂ-ਬੋਲੀ ਤੇ ਇਸ ਦੇ ਬੋਲਣਹਾਰਿਆਂ ਨੂੰ ਮੱਥਾ ਟੇਕਿਆ ਸੀ। ਬਾਬਾ ਨਾਨਕ ਨੂੰ ਆਰਾਧਿਆ ਸੀ। ਆਪਣੇ ਮਾਤਾ ਪਿਤਾ ਨੂੰ ਯਾਦ ਕੀਤਾ ਸੀ। ਆਪਣੀ ਭਾਸ਼ਾ ਦੇ ਪ੍ਰਥਮ ਕਵੀ ਬਾਬਾ ਫ਼ਰੀਦ ਅੱਗੇ ਸਿਰ ਝੁਕਾਇਆ ਸੀ। ਮੇਰੀ ਖ਼ੁਸ਼ੀ ਹੋਰ ਵੀ ਵਧ ਗਈ ਸੀ ਜਦੋਂ ਮੈਨੂੰ ਪਤਾ ਲੱਗਾ ਸੀ ਕਿ ਮੇਰੇ ਇਨਾਮ ਦਾ ਫ਼ੈਸਲਾ ਕਰਨ ਵਾਲਿਆਂ ਦੀ ਜਿਊਰੀ ਵਿੱਚ ਬਲਵੰਤ ਗਾਰਗੀ, ਜਸਵੰਤ ਸਿੰਘ ਨੇਕੀ ਅਤੇ ਪ੍ਰੇਮ ਪ੍ਰਕਾਸ਼ ਸਨ।
ਸਾਹਿਤ ਅਕਾਦਮੀ ਦਾ ਜਿਹੜਾ ਸਨਮਾਨ ਚਿੰਨ੍ਹ ਮੈਨੂੰ ਮਿਲਿਆ ਸੀ, ਉਸ ਉੱਤੇ ਮਹਾਨ ਕੰਨੜ ਸਾਹਿਤਕਾਰ ਤੇ ਸਮੁੱਚੇ ਭਾਰਤ ਦੇ ਸਿਰਮੌਰ ਚਿੰਤਕ ਯੂ ਆਰ. ਅਨੰਤਮੂਰਤੀ ਦੇ ਹਸਤਾਖ਼ਰ ਹਨ। ਉਨ੍ਹਾਂ ਦੇ ਹੱਥਾਂ ਦੇ ਇਹ ਅੱਖਰ ਵੀ ਮੈਨੂੰ ਬਹੁਤ ਪਿਆਰੇ ਹਨ। ਮੈਨੂੰ ਇਨ੍ਹਾਂ ਵਿੱਚੋਂ ਅਨੰਤਮੂਰਤੀ ਦਾ ਚਿਹਰਾ ਦਿਸਦਾ ਹੈ, ਉਸ ਦੀ ਰੌਸ਼ਨ ਮੁਸਕਰਾਹਟ, ਉਸ ਦੇ ਰੌਸ਼ਨ ਖ਼ਿਆਲ। ਇਹ ਸਨਮਾਨ ਵੀ ਮੈਨੂੰ ਅਨੰਤਮੂਰਤੀ ਦੇ ਹੱਥੋਂ ਹੀ ਮਿਲਿਆ ਸੀ। ਉਨ੍ਹਾਂ ਦੇ ਕੋਲ ਖੜ੍ਹੇ ਸਨ ਇੰਦਰ ਨਾਥ ਚੌਧਰੀ।
ਇਸ ਸਨਮਾਨ ਨਾਲ ਜਿਹੜਾ ਸ਼ੋਭਾ-ਪੱਤਰ ਸੀ ਉਸ ਵਿੱਚ ਮੇਰੀ ਕਵਿਤਾ ‘ਪਿਤਾ ਦੀ ਅਰਦਾਸ’ ਵਿੱਚੋਂ ਸਤਰਾਂ ਕੋਟ ਕੀਤੀਆਂ ਹੋਈਆਂ ਸਨ:
ਨਾ ਹੁਣ ਹੱਥਾਂ ਪਲੰਘ ਬਣਾਉਣੇ ਨਾ ਰੰਗਲੇ ਪੰਘੂੜੇ
ਨਾ ਉਹ ਪੱਟੀਆਂ ਜਿਨ੍ਹਾਂ ’ਤੇ ਲਿਖਣੇ ਬਾਲਾਂ ਪਹਿਲੇ ਊੜੇ
ਹੁਣ ਤਾਂ ਅਪਣੀ ਦੇਹੀ ਰੁੱਖ ਹੈ, ਤੇ ਸਾਹਾਂ ਦਾ ਆਰਾ
ਇੱਕ ਜੰਗਲ ਹੈ ਜਿਸ ਦੇ ਹਰ ਇੱਕ ਰੁੱਖ ਦਾ ਅਰਥ ਹੈ ਅਰਥੀ
ਹਰ ਬੂਟੇ ਤੇ ਨਾਮ ਕਿਸੇ ਦਾ, ਇੱਕ ਬੂਟਾ ਜੀ ਪਰਤੀ
ਉਸ ਜੰਗਲ ਵਿੱਚ ਚੱਲਦਾ ਰਹਿੰਦਾ, ਸਾਰੀ ਰਾਤ ਕੁਹਾੜਾ
ਦੂਜੇ ਦਿਨ ਅਕਾਦਮੀ ਦੇ ਸਭਾ-ਭਵਨ ਵਿੱਚ ਆਪਣੇ ਭਾਸ਼ਨ ਵਿੱਚ ਮੈਂ ਕਬੀਰ ਜੀ ਦਾ ਇੱਕ ਸ਼ਲੋਕ ਪੇਸ਼ ਕੀਤਾ ਸੀ:
ਕਬੀਰ ਸਬ ਰਗ ਤੰਤ, ਰਬਾਬ ਤਨ, ਬਿਰਹਾ ਬਜਾਵੇ ਨਿੱਤ
ਔਰ ਨ ਕੋਊ ਸੁਨ ਸਕੇ ਕੈ ਸਾਈ ਕੈ ਚਿੱਤ…
(ਮੇਰਾ ਸਾਰਾ ਵਜੂਦ ਰਬਾਬ ਬਣ ਚੁੱਕਾ ਹੈ ਜਿਸ ਨੂੰ ਮੈਂ ਨਹੀਂ, ਮੇਰਾ ਬਿਰਹਾ ਵਜਾਉਂਦਾ ਹੈ ਤੇ ਜਿਸ ਦੀ ਧੁਨ ਨੂੰ ਜਾਂ ਤਾਂ ਮੇਰਾ ਚਿੱਤ ਸੁਣਦਾ ਹੈ ਜਾਂ ਮੇਰਾ ਰੱਬ)।
ਅੱਜ ਉਸ ਸਨਮਾਨ ਨੂੰ ਵਾਪਸ ਕਰਦਿਆਂ ਸੋਚ ਰਿਹਾ ਹਾਂ: ਕਿਸ ਦਾ ਦਿੱਤਾ ਸਨਮਾਨ, ਮੈਂ ਕਿਸ ਨੂੰ ਮੋੜ ਰਿਹਾ ਹਾਂ? ਅੱਜ ਫਿਰ ਮੇਰੀਆਂ ਅੱਖਾਂ ਨਮ ਹਨ।
ਪਰ ਇਹ ਨਮੀ ਕਰੋੜਾਂ ਅੱਖਾਂ ਦੀ ਨਮੀ ਵਿੱਚ ਸ਼ਾਮਿਲ ਹੋਣ ਲਈ ਹੈ। ਉਨ੍ਹਾਂ ਪਰਿਵਾਰਾਂ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਹੈ ਜਿਨ੍ਹਾਂ ਦੇ ਪ੍ਰਿਅਜਨ ਆਪਣੇ ਭਲੇ ਵਿਚਾਰਾਂ ਲਈ ਕੋਹੇ ਗਏ ਤੇ ਜਿਨ੍ਹਾਂ ਦੇ ਹਤਿਆਰੇ ਭ੍ਰਿਸ਼ਟ ਨੇਤਾਵਾਂ ਦੀ ਆੜ ਵਿੱਚ ਲੁਕ ਗਏ। ਅੱਖਾਂ ਦੀ ਨਮੀ ਦੇ ਇਸ ਪਲ ਇਹ ਵੀ ਸੋਚ ਰਿਹਾ ਹਾਂ ਕਿ ਅਜਾਈਂ ਨਹੀਂ ਜਾਵੇਗੀ ਇਹ:
ਮਹਾਂ ਦਰਿਆ ਹੈ ਇਹ ਤੂੰ ਐਵੇਂ ਨਾ ਸਮਝੀਂ
ਮਨੁੱਖੀ ਹੰਝੂਆਂ ਦੀ ਇਸ ਨਦੀ ਨੂੰ
ਤੇਰਾ ਖ਼ੰਜਰ ਨਹੀਂ, ਮੇਰਾ ਲਹੂ ਹੀ
ਭਲਕ ਦਾ ਰਾਹ ਦੱਸੇਗਾ ਨਦੀ ਨੂੰ
ਇਹ ਇਨਾਮ ਸਾਹਿਤ ਅਕਾਦਮੀ ਵਰਗੀ ਸਾਰਥਿਕ ਸੰਸਥਾ ਨੂੰ ਹੋਰ ਸਾਰਥਕ, ਹੋਰ ਪ੍ਰਭਾਵਸ਼ਾਲੀ ਤੇ ਕਰਮਸ਼ੀਲ ਬਣਾਉਣ ਦੀ ਰੀਝ ਨਾਲ ਮੋੜ ਰਿਹਾ ਹਾਂ। ਇਹ ਇਨਾਮ ਮੈਂ ਇਸ ਲਈ ਮੋੜ ਰਿਹਾ ਹਾਂ ਕਿ ਕਿਉਂ ਕਿਸੇ ਨੇਤਾ ਦਾ ਇੱਕੋ ਬਿਆਨ ਸਾਡੀਆਂ ਹਜ਼ਾਰਾਂ ਕਵਿਤਾਵਾਂ ਨੂੰ ਸਾੜ ਦਿੰਦਾ ਹੈ ਤੇ ਭੜਕੀ ਹੋਈ ਭੀੜ ਕਵਿਤਾਵਾਂ ਦੀਆਂ ਸਤਰਾਂ ਨੂੰ ਮਿੱਧਦੀ ਹੋਈ, ਇੱਕ ਦੂਜੇ ਦੇ ਖ਼ੂਨ ਦੀ ਪਿਆਸੀ ਹੋ ਜਾਂਦੀ ਹੈ। ਕਾਸ਼! ਉਹ ਦਿਨ ਆਵੇ ਲੋਕਾਂ ਦੇ ਦਿਲਾਂ ਵਿੱਚ ਕਵਿਤਾ ਦੀਆਂ ਸਤਰਾਂ ਵਸਣ ਤੇ ਕਿਸੇ ਭ੍ਰਿਸ਼ਟ ਨੇਤਾ ਦਾ ਬਿਆਨ ਉਨ੍ਹਾਂ ਸਤਰਾਂ ਨੂੰ ਪੋਹ ਨਾ ਸਕੇ। ਸਾਡੇ ਅੱਖਰਾਂ ਦੀ ਲੋਅ ਕੁਝ ਹੋਰ ਵਧੇ। ਅਸੀਂ ਇਸ ਵਿੱਚ ਕੁਝ ਹੋਰ ਆਪਣੀ ਰੱਤ ਬਾਲੀਏ।
ਇਹ ਇਨਾਮ ਮੋੜਨ ਸਮੇਂ ਮੇਰੇ ਮਨ ਵਿੱਚ ਇਹ ਦਰਦ ਅਤੇ ਇਸ ਜੁਰਮ ਦਾ ਇਕਬਾਲ ਵੀ ਸ਼ਾਮਲ ਹੈ ਕਿ ਸਾਡੀਆਂ ਕਵਿਤਾਵਾਂ ਨੇ ਲੋਕਾਂ ਵਿੱਚ ਚੇਤਨਾ ਪੈਦਾ ਕਰਨ ਵਿੱਚ ਓਨਾ ਹਿੱਸਾ ਨਹੀਂ ਪਾਇਆ ਜਿੰਨਾ ਪਾਉਣਾ ਚਾਹੀਦਾ ਸੀ ਪਰ ਇਹ ਇਨਾਮ ਮੋੜ ਕੇ ਮੈਂ ਇਸ ਗੁਨਾਹ ਤੋਂ ਸੁਰਖ਼ੁਰੂ ਨਹੀਂ ਹੋ ਜਾਂਦਾ। ਇਹ ਇਨਾਮ ਮੋੜਦਿਆਂ ਮੈਨੂੰ ਇਹ ਵੀ ਅਹਿਸਾਸ ਹੈ ਕਿ ਮੈਂ ਉਹ ਸਭ ਕੁਝ ਨਹੀਂ ਮੋੜ ਸਕਦਾ ਜੋ ਇਸ ਇਨਾਮ ਨਾਲ ਜੁੜਿਆ ਹੋਇਆ ਹੈ- ਆਪਣੀ ਸ਼ੋਭਾ, ਆਪਣੀਆਂ ਕਵਿਤਾਵਾਂ ਦੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਤੇ ਕਿੰਨਾ ਕੁਝ ਹੋਰ।
ਸਾਹਿਤ ਅਕਾਦਮੀ ਦੀ ਮਹਾਨ ਸੰਸਥਾ ਨੂੰ ਇਹ ਸਨਮਾਨ ਵਾਪਸ ਕਰਦਿਆਂ ਮੈਂ ਇਹ ਵੀ ਇਕਰਾਰ ਕਰਦਾ ਹਾਂ ਕਿ ਮੈਂ ਇਸ ਲੋਕਰਾਜੀ ਸੰਸਥਾ ਨੂੰ ਹੋਰ ਪ੍ਰਭਾਵਸ਼ਾਲੀ, ਹੋਰ ਸਾਹਿਤਕ, ਹੋਰ ਰੌਸ਼ਨ-ਜ਼ਮੀਰ ਬਣਾਉਣ ਲਈ ਵੀ ਕੰਮ ਕਰਦਾ ਰਹਾਂਗਾ।
***
ਸਾਹਿਤ ਅਕਾਦਮੀ ਇਨਾਮ ਵਾਪਸ ਕਰਦਾ ਹਾਂ- ਵਰਿਆਮ ਸਿੰਘ ਸੰਧੂ
ਸੰਪਰਕ: 001 416-918-5212
ਮੈਂ ਸਾਰੀ ਉਮਰ ਸਥਾਪਤੀ ਦੇ ਧੱਕੇ ਅਤੇ ਜ਼ੁਲਮ ਦੇ ਖ਼ਿਲਾਫ਼ ਲਿਖਿਆ ਅਤੇ ਬੋਲਿਆ ਹੈ। ਇਸਦੀ ਕੀਮਤ ਵੀ ਚੁਕਾਈ ਹੈ। ਕਿਸੇ ਵੀ ਕਿਸਮ ਦਾ ਇਨਾਮ ਪ੍ਰਾਪਤ ਕਰਨਾ ਕਦੀ ਵੀ ਮੇਰੀ ਪਹਿਲ ਨਹੀਂ ਰਿਹਾ। ਕੁਝ ਸਾਹਿਤਕਾਰ ਦੋਸਤਾਂ ਨੇ ਵਧਦੇ ਧਾਰਮਿਕ-ਆਤੰਕ ਅਤੇ ਅਗਾਂਹਵਧੂ ਲੇਖਕਾਂ ਦੇ ਕਤਲਾਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਲਈ ਆਪਣੇ-ਆਪਣੇ ਸਾਹਿਤ ਅਕਾਦਮੀ ਇਨਾਮ ਵਾਪਸ ਕਰਨ ਦਾ ਐਲਾਨ ਕੀਤਾ ਹੈ। ਭਾਵੇਂ ਮੇਰਾ ਮੰਨਣਾ ਹੈ ਕਿ ਸਰਕਾਰਾਂ ਤੇ ਸਥਾਪਤੀ ਕਦੀ ਵੀ ਦੁੱਧ ਧੋਤੀਆਂ ਨਹੀਂ ਰਹੀਆਂ।
ਸਾਨੂੰ ਜਾਂ ਤਾਂ ਇਹ ਇਨਾਮ ਲੈਣੇ ਹੀ ਨਹੀਂ ਸਨ ਚਾਹੀਦੇ। ਜੇ ਲੈ ਲਏ ਸਨ ਤਾਂ ਬੜੇ ਮੁਨਾਸਬ ਮੌਕੇ ਆਏ ਸਨ ਅਜਿਹੇ ਇਨਾਮ ਵਾਪਸ ਕਰਨ ਦੇ। ਇਨਾਮ ਉਦੋਂ ਵੀ ਵਾਪਸ ਕੀਤੇ ਜਾ ਸਕਦੇ ਸਨ, ਜਦੋਂ ਬਲੂ-ਸਟਾਰ ਆਪ੍ਰੇਸ਼ਨ ਹੋਇਆ ਸੀ; ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਪੰਜਾਬ ਵਿਚ ਬੱਸਾਂ ਵਿਚੋਂ ਕੱਢ ਕੇ ਹਿੰਦੂ ਮਾਰੇ ਗਏ ਸਨ, ਗੁਜਰਾਤ ਵਿਚ ਮੁਸਲਮਾਨ ਲੂਹੇ ਗਏ ਸਨ। ਉਂਜ ਵੀ ਮਹਿਜ਼ ਸਾਹਿਤ-ਅਕਾਦਮੀ ਇਨਾਮ ਵਾਪਸ ਕਰਨਾ ਹੀ ਵਿਰੋਧ ਕਰਨ ਦਾ ਇਕੋ-ਇਕ ਤਰੀਕਾ ਨਹੀਂ। ਮੈਂ ਤਾਂ ਵਿਰੋਧ ਦੇ ਸਾਰੇ ਤਰੀਕੇ ਅੱਜ ਵੀ ਵਿਹਾਰਕ ਤੌਰ 'ਤੇ ਵਰਤੋਂ ਵਿਚ ਲਿਆ ਰਿਹਾ ਹਾਂ। ਮੇਰਾ ਇਹ ਵੀ ਸਵਾਲ ਹੈ ਕਿ ਸਾਹਿਤ ਅਕਾਦਮੀ ਇਨਾਮ ਪ੍ਰਾਪਤ ਕਰਨ ਵਾਲੇ ਲੇਖਕ ਤਾਂ ਇਨਾਮ ਵਾਪਸ ਕਰ ਦੇਣਗੇ ਪਰ ਦੂਜੇ ਲੇਖਕ ਤੇ ਜਥੇਬੰਦੀਆਂ ਤਮਾਸ਼ਬੀਨ ਬਣ ਕੇ ਕੀ ਕਰ ਅਤੇ ਵੇਖ ਰਹੇ ਹਨ? ਕੀ ਧਾਰਮਿਕ-ਕੱਟੜਤਾ ਤੇ ਸਰਕਾਰੀ ਆਤੰਕ ਦਾ ਵਿਰੋਧ ਕੇਵਲ ਲੇਖਕਾਂ ਦੇ ਇਨਾਮ ਮੋੜਨ ਤੱਕ ਹੀ ਸੀਮਤ ਰਹਿਣਾ ਚਾਹੀਦਾ ਹੈ ਜਾਂ ਇਸ ਲਈ ਦੇਸ਼ ਦੇ ਸਾਰੇ ਸੁਚੇਤ ਲੇਖਕਾਂ-ਕਲਾਕਾਰਾਂ ਵੱਲੋਂ ਦੇਸ਼ ਭਰ ਵਿਚ ਜਥੇਬੰਦਕ ਵਿਰੋਧ ਦੀ ਮੁਹਿੰਮ ਚਲਾਉਣ ਦੀ ਵੀ ਲੋੜ ਹੈ? ਮੈਂ ਸਦਾ ਆਪਣੇ ਲੋਕਾਂ ਦੀਆਂ ਇਛਾਵਾਂ ਅਤੇ ਭਾਵਨਾਵਾਂ ਦੀ ਕਦਰ ਕੀਤੀ ਹੈ। ਅੱਜ ਮੇਰੇ ਪਾਠਕ ਮੇਰੇ ਕੋਲੋਂ ਇਹ ਉਮੀਦ ਕਰਦੇ ਹਨ ਕਿ ਮੈਨੂੰ ਸਾਹਿਤ ਅਕਾਦਮੀ ਇਨਾਮ ਵਾਪਸ ਕਰ ਦੇਣਾ ਚਾਹੀਦਾ ਹੈ। ਮੈਂ ਉਹਨਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਆਪਣਾ ਇਨਾਮ ਵਾਪਸ ਕਰਦਾ ਹਾਂ।
***
ਮੈਂ ਪੁਰਸਕਾਰ ਕਿਓਂ ਮੋੜਿਆ : ਗੁਰਬਚਨ ਸਿੰਘ ਭੁੱਲਰ
ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜਕ ਖੇਤਰ ਨੂੰ, ਖਾਸ ਕਰਕੇ ਸਾਹਿਤ ਤੇ ਸਭਿਆਚਾਰ ਨੂੰ ਜਿਸ ਵਿਉਂਤਬੰਦ ਢੰਗ ਨਾਲ ਤੇ ਗਿਣ-ਮਿਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਉਸ ਨਾਲ ਮੈਂ ਬੇਚੈਨ ਤੇ ਫ਼ਿਕਰਮੰਦ ਹੁੰਦਾ ਰਿਹਾ ਹਾਂ। ਸਾਹਿਤ, ਸਭਿਆਚਾਰ, ਬਹੁਭਾਂਤੀ ਕਲਾ, ਇਤਿਹਾਸ, ਆਦਿ ਜਿਹੀਆਂ ਖ਼ੂਬਸੂਰਤ ਮਨੁੱਖੀ ਪਰਾਪਤੀਆਂ ਨੂੰ ਨਿੰਦਿਆ, ਭੰਡਿਆ ਤੇ ਕਰੂਪ ਕੀਤਾ ਜਾ ਰਿਹਾ ਹੈ। ਕਿਹਾ ਜਾ ਸਕਦਾ ਹੈ ਕਿ ਇਹ ਕੋਈ ਨਵਾਂ ਵਰਤਾਰਾ ਨਹੀਂ ਅਤੇ ਅਜਿਹੀਆਂ ਘਟਨਾਵਾਂ ਕਾਫ਼ੀ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਠੀਕ ਹੀ ਪਿਛਲੇ ਕੁਝ ਦਹਾਕਿਆਂ ਦੀ ਕਿਸੇ ਵੀ ਸਰਕਾਰ ਨੂੰ ਇਸ ਪੱਖੋਂ ਨੇਕ-ਪਾਕ ਨਹੀਂ ਸਮਝਿਆ ਜਾ ਸਕਦਾ। ਤਾਂ ਵੀ ਇਹ ਚਿਤਾਰਨਾ ਜ਼ਰੂਰੀ ਹੈ ਕਿ ਉਹ ਸਰਕਾਰਾਂ ਕਦੀ-ਕਦਾਈਂ ਵਾਪਰਦੀਆਂ ਅਜਿਹੀਆਂ ਘਟਨਾਵਾਂ ਨੂੰ, ਸਾਡੇ ਦੇਸ ਦੀ ਮੰਦਭਾਗੀ ਵੋਟਮੁਖੀ ਰਾਜਨੀਤੀ ਕਾਰਨ, ਆਮ ਕਰ ਕੇ ਅਨਡਿੱਠ ਤਾਂ ਕਰ ਦਿੰਦੀਆਂ ਸਨ ਪਰ ਉਹਨਾਂ ਦੀਆਂ ਸਿੱਧੀਆਂ ਪ੍ਰੇਰਕ ਤੇ ਭਾਈਵਾਲ ਨਹੀਂ ਸਨ ਬਣਦੀਆਂ। ਹੁਣ ਇਹ ਗੱਲ ਵਧੇਰੇ ਹੀ ਵਧੇਰੇ ਸਪੱਸ਼ਟ ਹੁੰਦੀ ਜਾ ਰਹੀ ਹੈ ਕਿ ਨਾਂਹਮੁਖੀ ਹਨੇਰੀਆਂ ਤਾਕਤਾਂ ਸਾਹਿਤ ਤੇ ਸਭਿਆਚਾਰ ਦੇ ਖੇਤਰ ਵਿਚ ਜੋ ਕੁਝ ਐਲਾਨੀਆ ਅਮਲ ਵਿਚ ਲਿਆ ਰਹੀਆਂ ਹਨ, ਉਹ ਵਰਤਮਾਨ ਹਾਕਮਾਂ ਦਾ ਅਨਐਲਾਨਿਆ ਏਜੰਡਾ ਹੈ। ਇਹ ਹਾਲਤ ਹਰ ਹੋਸ਼ਮੰਦ ਆਦਮੀ ਨੂੰ ਸੋਚ ਵਿਚ ਪਾਉਣ ਵਾਲੀ ਹੈ।
ਜਦੋਂ ਪ੍ਰਕਾਸ਼ਕਾਂ ਨੂੰ ਕਿਤਾਬਾਂ ਕਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਲੇਖਕਾਂ ਨੂੰ ਘਰਾਂ ਵਿਚ ਵੜ ਕੇ ਕਤਲ ਕੀਤਾ ਜਾ ਰਿਹਾ ਹੈ, ਸਾਹਿਤ ਅਕਾਦਮੀ ਤੋਂ ਸਾਡਾ ਇਹ ਆਸ ਕਰਨਾ ਬਿਲਕੁਲ ਵਾਜਬ ਸੀ ਕਿ ਘੱਟੋ-ਘੱਟ ਉਹ ਲੇਖਕਾਂ ਦੀ ਇਕ ਸਭਾ ਬੁਲਾ ਕੇ ਇਸ ਹਾਲਤ ਬਾਰੇ ਚਿੰਤਾ, ਲੇਖਕਾਂ ਤੇ ਬੁੱਧੀਮਾਨਾਂ ਨੂੰ ਕਤਲ ਦੀਆਂ ਧਮਕੀਆਂ ਵਿਰੁੱਧ ਰੋਸ ਅਤੇ ਕਤਲਾਂ ਸੰਬੰਧੀ ਗ਼ਮ ਪਰਗਟ ਕਰੇਗੀ। ਇਸ ਦੇ ਉਲਟ ਅਕਾਦਮੀ ਨੇਮਾਂ ਅਤੇ ਪ੍ਰੰਪਰਾਵਾਂ ਦਾ ਸਹਾਰਾ ਲੈ ਕੇ ਆਪਣੀ ਅਸਹਿ ਅਬੋਲਤਾ ਨੂੰ ਵਾਜਬ ਠਹਿਰਾ ਰਹੀ ਹੈ। ਇਸ ਸੂਰਤ ਵਿਚ ਮੇਰੇ ਸਾਹਮਣੇ ਇਹ ਦੁਖਦਾਈ ਫ਼ੈਸਲਾ ਲੈਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਰਹਿ ਜਾਂਦਾ ਕਿ ਮੈਂ 2005 ਵਿਚ ਪੰਜਾਬੀ ਲੇਖਕ ਵਜੋਂ ਮਿਲਿਆ ਆਪਣਾ ਸਾਹਿਤ ਅਕਾਦਮੀ ਪੁਰਸਕਾਰ ਵਾਪਸ ਕਰ ਦੇਵਾਂ। ਅੰਤ ਵਿਚ ਮੈਂ ਇਹ ਵੀ ਸਪੱਸ਼ਟ ਕਰ ਦੇਵਾਂ ਕਿ ਇਸ ਚੰਦਰੇ ਮਾਹੌਲ ਦੇ ਬਾਵਜੂਦ ਮੈਂ ਪੂਰੀ ਤਰ੍ਹਾਂ ਨਿਰਾਸ਼ ਨਹੀਂ ਹਾਂ। ਮੈਨੂੰ ਆਸ ਅਤੇ ਵਿਸ਼ਵਾਸ ਹੈ ਕਿ ਸਾਡਾ ਸਾਹਿਤ ਤੇ ਸਭਿਆਚਾਰ, ਖਾਸ ਕਰਕੇ ਮੇਰੇ ਲੋਕ, ਇਹਨਾਂ ਜ਼ਖ਼ਮਾਂ ਦੇ ਬਾਵਜੂਦ, ਇਸ ਹਨੇਰੇ ਦੌਰ ਵਿਚੋਂ ਸਾਬਤ-ਸਬੂਤ ਪਾਰ ਨਿੱਕਲ ਸਕਣਗੇ ਅਤੇ ਅਸੀਂ ਫੇਰ ਸੱਜਰੇ ਬਲ ਨਾਲ ਆਪਣੇ ਸਹਿਜ-ਵਿਕਾਸੀ ਮਾਰਗ ਦੇ ਉਤਸਾਹੀ ਪਾਂਧੀ ਬਣ ਸਕਾਂਗੇ!
***
ਆਤਮਜੀਤ ਦਾ ਸਾਹਿਤ ਅਕਾਡਮੀ ਦੇ ਚੇਅਰਮੈੱਨ ਦੇ ਨਾਮ ਖੁੱਲ੍ਹਾ ਖ਼ਤ
ਪਿਆਰੇ ਤਿਵਾੜੀ ਜੀ,
ਮੈਂ ਵੀ ਅਕਾਡਮੀ ਦਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਕੀਤਾ ਹੈ।
ਇਸ ਵੇਲੇ ਮੁਲਕ ਦੇ ਹਾਲਾਤ ਸੋਗਵਾਰ ਹਨ। ਇਹ ਪਹਿਲੀ ਵਾਰ ਨਹੀਂ ਹੋਇਆ ਕਿ ਮੂਲਵਾਦੀ ਤਾਕਤਾਂ ਨੇ ਸਮਾਜ ਦੀ ਵੰਨ-ਸਵੰਨਤਾ ਵਾਲੀ ਮਨੁੱਖੀ ਰਵਾਇਤ ਉੱਤੇ ਹਮਲਾ ਕੀਤਾ ਹੈ। ਸਾਡੀ ਇਸ ਰਵਾਇਤ ਦੀਆਂ ਜੜ੍ਹਾਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ਼ ਬਹਾਦਰ ਦੀਆਂ ਕੁਰਬਾਨੀਆਂ ਨਾਲ ਸਿੰਜੀਆਂ ਗਈਆਂ ਹਨ। ਅਸੀਂ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸ ਸਰਕਾਰ ਦੀ ਸਰਪ੍ਰਸਤੀ ਵਿੱਚ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਮਨੁੱਖਤਾ ਦੀ ਤਬਾਹੀ ਮਚਦੀ ਦੇਖੀ ਹੈ। ਇਹ ਜੱਗ ਜ਼ਾਹਰ ਹੈ ਕਿ ਉਸ ਵੇਲੇ ਦੀ ਹੁਕਮਰਾਨ ਧਿਰ ਦੇ ਆਗੂਆਂ ਦੀ ਅਗਵਾਈ ਵਿੱਚ ਕਤਲੇਆਮ ਕੀਤਾ ਗਿਆ ਅਤੇ ਹੁਣ ਤੱਕ ਉਹ ਮੁਲਜ਼ਮਾਂ ਦੀ ਬੇਸ਼ਰਮੀ ਵਾਲੀ ਢਾਲ ਬਣੀ ਹੋਈ ਹੈ।
ਪਰ ਤਿਵਾੜੀ ਸਾਹਿਬ, ਇਹ ਪਹਿਲੀ ਵਾਰ ਹੈ ਕਿ ਸਰਕਾਰੀ ਧਿਰਾਂ ਦੇ ਬੁਲਾਰੇ ਚੁੱਧ ਧਾਰ ਕੇ ਜਾਂ ਸਿਆਸੀ ਟੀਰ ਵਾਲੇ ਬਿਆਨਾਂ ਰਾਹੀਂ ਘੱਟਗਿਣਤੀਆਂ ਅਤੇ ਵੱਖਰੇ ਵਿਚਾਰ ਰੱਖਣ ਵਾਲੇ ਵਿਦਵਾਨਾਂ ਉੱਤੇ ਹੋਏ ਹਮਲਿਆਂ ਨੂੰ ਜਾਇਜ਼ ਕਰਾਰ ਦੇ ਰਹੇ ਹਨ। ਮੈਂ ਏਥੇ ਮਕਤੂਲ ਕਲਬੁਰਗੀ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟ ਨਹੀਂ ਕਰ ਰਿਹਾ ਪਰ ਜਮਹੂਰੀ ਮੁਲਕ ਵਿੱਚ ਕੌਮੀ ਪਛਾਣ ਵਾਲੇ ਲੇਖਕ ਦਾ ਉਸ ਦੇ ਵਿਚਾਰਾਂ ਕਾਰਨ ਕਤਲ ਹੋਣਾ ਮੇਰੀ ਚਿੰਤਾ ਦਾ ਸਬੱਬ ਬਣਦਾ ਹੈ। ਕੀ ਇਸ ਮੌਕੇ ਲੇਖਕਾਂ ਦੀ ਅਕਾਡਮੀ ਦੇ ਚੇਅਰਮੈੱਨ ਨੂੰ ਕਤਲ ਅਤੇ ਹੋਰ ਵਾਰਦਾਤਾਂ ਦੀ ਨਿੰਦਾ ਕਰਨ ਲਈ ਕਿਸੇ ਦੀ ਇਜਾਜ਼ਤ ਦਰਕਾਰ ਹੈ? ਹੈਰਾਨੀ ਹੁੰਦੀ ਹੈ ਕਿ ਸਾਡੀ ਅਕਾਡਮੀ ਰਸਮੀ ਬਿਆਨਾਂ ਅਤੇ ਸ਼ੋਕ ਮਤਿਆਂ ਨਾਲ ਡੰਗ ਟਪਾ ਰਹੀ ਹੈ। ਅਕਾਡਮੀ ਦੇ ਚੇਅਰਮੈੱਨ ਦੀ ਨਾਮਜ਼ਦਗੀ ਦੀ ਯੋਗਤਾ ਉਸ ਦੀਆਂ ਲਿਖਤਾਂ ਹੁੰਦੀਆਂ ਹਨ; ਇਸ ਲਈ ਉਸ ਦੀ ਪਹਿਲੀ ਪਛਾਣ ਵੀ ਲੇਖਕ ਵਜੋਂ ਹੀ ਰਹਿਣੀ ਚਾਹੀਦੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਲੇਖਕ ਦੀ ਥਾਂ ਚੇਅਰਮੈੱਨ ਹੋਣ ਨੂੰ ਤਰਜੀਹ ਦਿੱਤੀ ਹੈ।
ਤੁਸੀਂ ਕਹਿੰਦੇ ਹੋ ਕਿ ਲੇਖਕ ਆਪਣੇ ਸਨਮਾਨ ਵਾਪਸ ਕਰਕੇ ਸਿਆਸਤ ਕਰ ਰਹੇ ਹਨ। ਸ਼ਾਇਦ ਇਹ ਕੁਝ ਮਾਮਲਿਆਂ ਵਿੱਚ ਸਹੀ ਹੋਵੇ; ਪਰ ਜੇ ਤੁਸੀਂ ਚੁੱਪ ਧਾਰ ਕੇ ਸਿਆਸਤ ਕਰਦੇ ਹੋ ਤਾਂ ਉਹ ਆਪਣੇ ਸਚੇਤ ਫ਼ੈਸਲਿਆਂ ਨਾਲ ਅਜਿਹਾ ਕਰ ਰਹੇ ਹਨ। ਮੈਂ ਇਹ ਸਾਫ਼ ਕਰ ਦਿੰਦਾ ਹਾਂ ਕਿ ਮੇਰਾ ਕਿਸੇ ਸਿਆਸੀ ਧਿਰ ਨਾਲ ਕਿਸੇ ਕਿਸਮ ਦਾ ਕੋਈ ਰਾਬਤਾ ਨਹੀਂ ਹੈ। ਮੈਂ ਅਜਿਹਾ ਕਿਸੇ ਦੀ ਸਲਾਹ ਨਾਲ ਨਹੀਂ ਕਰ ਰਿਹਾ। ਅਸਲ ਵਿੱਚ ਮੇਰੇ ਫ਼ੈਸਲੇ ਦਾ ਸਬੱਬ ਤੁਹਾਡੇ ਬਿਆਨ ਬਣੇ ਹਨ। ਮੈਂ ਤੁਹਾਨੂੰ ਅਤੇ ਆਪਣੇ ਮੁਲਕਵਾਸੀਆਂ ਨੂੰ ਸਾਫ਼ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਸਾਂਝਾ ਸੱਭਿਆਚਾਰ ਅਤੇ ਸਮਾਜਿਕ ਸਾਂਝ ਸਾਡੇ ਮੁਲਕ ਦੀ ਬੁਨਿਆਦੀ ਚੂਲ ਹੈ। ਜੇ ਕੋਈ ਇਸ ਸਾਂਝ ਨੂੰ ਖੋਰਾ ਲਗਾਉਂਦਾ ਹੈ ਤਾਂ ਉਸ ਦਾ ਕਤਲ ਕਰਨ ਨਾਲ ਮਸਲਾ ਹੱਲ ਨਹੀਂਂ ਹੋ ਜਾਣਾ। ਇੱਕ ਕਤਲ ਦੂਜੇ ਕਤਲ ਲਈ ਰਾਹ ਪੱਧਰਾ ਕਰਦਾ ਹੈ। ਤਿਵਾੜੀ ਸਾਹਿਬ! ਤੁਸੀਂ ਇਸ ਸੁਨੇਹੇ ਦੀ ਅਹਿਮੀਅਤ ਨੂੰ ਮੈਥੋਂ ਬਿਹਤਰ ਸਮਝਦੇ ਹੋ ਅਤੇ ਮੈਂ ਇਸੇ ਸੁਨੇਹੇ ਦੀ ਅਹਿਮੀਅਤ ਨੂੰ ਆਪਣੇ 'ਕਰਮ' ਰਾਹੀਂ ਉਘਾੜਨ ਦਾ ਉਪਰਾਲਾ ਕਰ ਰਿਹਾ ਹਾਂ। ਮੈਂ ਆਪਣੇ ਨਾਟਕਾਂ ਰਾਹੀਂ ਸੱਭਿਆਚਾਰਕ ਵੰਨ-ਸਵੰਨਤਾ ਵਾਲੀਆਂ ਕਦਰਾਂ-ਕੀਮਤਾਂ ਨੂੰ ਪੇਸ਼ ਕੀਤਾ ਹੈ; ਪਰ ਤੁਸੀਂ ਮਨੁੱਖਤਾ ਮੁਖੀ ਕਦਰਾਂ-ਕੀਮਤਾਂ ਨੂੰ ਆਵਾਜ਼ ਦੇਣ ਦੀ ਥਾਂ ਲੇਖਕਾਂ ਨੂੰ ਪ੍ਰਵਚਨ ਦੇਣ ਨੂੰ ਤਰਜੀਹ ਦਿੱਤੀ ਹੈ। ਤੁਸੀਂ ਇਹ ਦਰੁਸਤ ਫਰਮਾਇਆ ਹੈ ਕਿ ਅਕਾਡਮੀ ਖ਼ੁਦਮੁਖ਼ਤਿਆਰ ਅਦਾਰਾ ਹੈ ਪਰ ਇਹ ਤੱਥ ਤੁਹਾਨੂੰ ਵੀ ਪ੍ਰਵਾਨ ਕਰਨਾ ਪਵੇਗਾ ਕਿ ਇਹ ਖ਼ੁਦਮੁਖ਼ਤਿਆਰੀ ਇਸਦੀ ਕਾਰਗੁਜ਼ਾਰੀ ਵਿੱਚੋਂ ਨਹੀਂ ਝਲਕਦੀ।
ਤੁਸੀਂ ਲੇਖਕਾਂ ਨੂੰ ਟਿੱਚਰ ਕੀਤੀ ਹੈ ਕਿ ਉਹ ਇਸ ਸਨਮਾਨ ਨਾਲ ਕਮਾਈ ਇੱਜ਼ਤ ਕਿਵੇਂ ਵਾਪਸ ਕਰਨਗੇ ਕਿਉਂਕਿ ਅਕਾਡਮੀ ਨੇ ਉਨ੍ਹਾਂ ਦੀਆਂ ਲਿਖਤਾਂ ਦਾ ਤਰਜਮਾ ਕਰਕੇ ਵੱਖ-ਵੱਖ ਬੋਲੀਆਂ ਵਿੱਚ ਛਾਪਿਆ ਹੈ। ਕ੍ਰਿਪਾ ਕਰਕੇ ਮੇਰੀ ਸਨਮਾਨਯਾਫ਼ਤਾ ਕਿਤਾਬ ਦੀ ਦੂਜੀ ਬੋਲੀਆਂ ਵਿੱਚ ਛਪਾਈ ਬੰਦ ਕਰ ਦਿੱਤੀ ਜਾਵੇ। ਮੈਨੂੰ ਇਹ ਦੱਸਣ ਦੀ ਕ੍ਰਿਪਾਲਤਾ ਕਰਨਾ ਕਿ ਮੈਂ ਆਪਣੀ ਕਿਤਾਬ ਨੂੰ ਹਿੰਦੀ ਵਿੱਚ ਉਲਥਾਉਣ ਦਾ ਅਹਿਸਾਨ ਕਿਵੇਂ ਉਤਾਰ ਸਕਦਾ ਹਾਂ? ਇਹ ਦੱਸਣਾ ਦਿਲਚਸਪ ਹੈ ਕਿ ਮੇਰਾ ਨਾਟਕ ਫ਼ਿਰਕੂ ਸਦਭਾਵਨਾ ਦਾ ਸੁਨੇਹਾ ਦਿੰਦਾ ਹੈ ਅਤੇ ਨਫ਼ਰਤ ਦੀ ਸਿਆਸਤ ਦੇ ਖ਼ਿਲਾਫ਼ ਹੈ। ਤੁਸੀਂ ਇਹ ਵੀ ਸਲਾਹ ਦਿੱਤੀ ਹੈ ਕਿ ਲੇਖਕਾਂ ਨੂੰ ਆਪਣਾ ਵਿਰੋਧ ਦਰਜ ਕਰਵਾਉਣ ਦਾ ਹੋਰ ਕੋਈ ਤਰੀਕਾ ਲੱਭਣਾ ਚਾਹੀਦਾ ਹੈ। ਮੈਂ ਤੁਹਾਡੇ ਇਸ ਸਲਾਹ ਦੀ ਕਦਰ ਕਰਦਾ ਹਾਂ ਅਤੇ ਇਸੇ ਵਿਸ਼ੇ ਉੱਤੇ ਹੋਰ ਨਾਟਕ ਲਿਖਣ ਦਾ ਉਪਰਾਲਾ ਕਰਾਂਗਾ।
ਮੈਂ ਸਿਰਫ਼ ਸਰਕਾਰ ਦੀ ਘੇਸਲ ਖ਼ਿਲਾਫ਼ ਸਨਮਾਨ ਵਾਪਸ ਨਹੀਂ ਕਰ ਰਿਹਾ ਸਗੋਂ ਇਹ ਉਨ੍ਹਾਂ ਸਰਗਰਮ ਤੱਤਾਂ ਦੇ ਖ਼ਿਲਾਫ਼ ਵੀ ਹੈ ਜੋ ਸਾਡੇ ਮੁਲਕ ਨੂੰ ਸਦਭਾਵਨਾ ਵਾਲੇ ਸਮਾਜ ਵਜੋਂ ਵੇਖਣਾ ਪ੍ਰਵਾਨ ਨਹੀਂ ਕਰਦੇ। ਮੇਰਾ ਸਨਮਾਨ ਵਾਪਸ ਕਰਨ ਦਾ ਫ਼ੈਸਲਾ ਸਾਹਿਤ ਅਕਾਡਮੀ ਦੇ ਚੌਧਰੀਆਂ ਦੀ ਬੇਦਿਲੀ ਦੇ ਖ਼ਿਲਾਫ਼ ਵੀ ਹੈ।
ਮੈਂ ਸਨਮਾਨ ਦੇ ਨਾਲ ਦਿੱਤੀ ਲੱਖ ਰੁਪਏ ਦੀ ਰਕਮ ਚੈੱਕ ਰਾਹੀਂਂ ਵਾਪਸ ਭੇਜ ਰਿਹਾ ਹਾਂ। ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਮੇਰੀ ਛਪ ਚੁੱਕੀ ਕਿਤਾਬ ਦੀ ਵਿਕਰੀ ਨਾਲ ਹੋਣ ਵਾਲੀ ਆਮਦਨ ਵਿੱਚੋਂ ਮੈਨੂੰ ਕੋਈ ਹਿੱਸਾ ਨਾ ਦਿੱਤਾ ਜਾਵੇ।
ਸ਼ੁਭ ਇੱਛਾਵਾਂ ਨਾਲ,
-ਆਤਮਜੀਤ, ਨਾਟਕਕਾਰ
ਪੰਜਾਬੀ ਵਿੱਚ ਤਰਜਮਾ ਦਲਜੀਤ ਅਮੀ