ਇਸ ਕਾਰਜ ਲਈ ਉਹ ਸਦਾ ਉਸ ਮਾਲਕ ਦੀ ਰਿਣੀ ਹੈ।ਪੰਜਾਬੀ ਵਿਸ਼ੇ ਵਿੱਚ ਬੱਚਿਆਂ ਨੂੰ ਲਗਾ ਮਾਤਰਾਵਾਂ ਦਾ ਗੰਭੀਰ ਗਿਆਨ ਪ੍ਰਦਾਨ ਕਰਕੇ ਸਭ ਤੋਂ ਅੱਗੇ ਰਹੇ ਹਨ।ਉਹਨਾਂ ਅੰਦਰ ਇਸ ਦੇਸ਼ ਕੌਮ ਲਈ ਮੁਹੱਬਤ ਦਾ ਸਮੁੰਦਰ ਠਾਠਾਂ ਮਾਰ ਰਿਹਾ ਹੈ।ਕਲਾ ਅਤੇ ਸਾਹਿਤ ਦਾ ਉਸ ਕੋਲ ਇਕ ਵਿਸ਼ਾਲ ਭੰਡਾਰ ਹੈ।ਇਸੇ ਸਦਕਾ ਸੱਭਿਆਚਾਰਕ ਕਦਰਾਂ ਕੀਮਤਾਂ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਖਬਾਰਾਂ ਰਸਾਲਿਆਂ ਵਿੱਚ ਅਕਸਰ ਲਿਖ ਰਹੇ ਹਨ।ਹਰ ਸਾਹਿਤਕ ਰਚਨਾ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਦਾ ਹੈ।ਇਸੇ ਤਰ੍ਹਾਂ ਉਹ ਪੂਰੇ ਸਮਾਜ ਨੂੰ ਨਵੀਂ ਤੇ ਨਰੋਈ ਸੇਧ ਦੇ ਕੇ ਇਕ ਨਵੇਂ ਸਮਾਜ ਦੀ ਸਿਰਜਣਾ ਵਿੱਚ ਵੀ ਜੁਟੇ ਹੋਏ ਹਨ।ਹਰ ਕਿਸੇ ਨਾਲ ਪਿਆਰ ਤੇ ਸਤਿਕਾਰ ਨਾਲ ਪੇਸ਼ ਆਉਣਾ ਉਹਨਾਂ ਦੀ ਸ਼ਖ਼ਸੀਅਤ ਦਾ ਖਾਸਾ ਹੈ।ਬਾਬਾ ਫਰੀਦ ਦੇ ਉਦੇਸ਼ ਅਨੁਸਾਰ ਬੁਰਿਆਂ ਦਾ ਵੀ ਭਲਾ ਲੋਚਦੇ ਹਨ।2012 ਦਾ ਰਾਜ ਅਧਿਆਪਕ ਪੁਰਸਕਾਰ ਪੰਜਾਬ ਦੇ ਸਿੱਖਿਆ ਮੰਤਰੀ ਸ ਸਿਕੰਦਰ ਸਿੰਘ ਮਲੂਕਾ ਨੇ ਪ੍ਰਦਾਨ ਕੀਤਾ ਤਾਂ ਉਹਨਾਂ ਕਿਹਾ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੋਰ ਵੀ ਵਧ ਗਈ ਹੈ।ਪਹਿਲਾਂ ਜੇ ਕਿਤੇ ਅਣਜਾਣੇ ਵਿੱਚ ਉਹ ਕੋਈ ਗਲਤੀ ਕਰਦੇ ਸਨ ਤਾਂ ਉਹ ਖਿਮਾ ਯੋਗ ਸੀ।ਹੁਣ ਤਾਂ ਹਰ ਇਕ ਇਹੀ ਕਹੇਗਾ ‘ਇਹ ਨੇ ਸਟੇਟ ਅਵਾਰਡੀ’।ਅਸਲ ਵਿੱਚ ਜਿਹੜਾ ਵੀ ਇਨਸਾਨ ਆਪਣੀ ਡਿਊਟੀ ਪ੍ਰਤੀ ਸਹਿਰਦ ਹੁੰਦਾ ਹੈ ਉਹੀ ਕਿਰਤੀ ਹੈ।ਹਰ ਮਹਾਂ ਪੁਰਸ਼ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਹੈ।ਉਹ ਪੂਰੀ ਤੰਨ ਦੇਹੀ ਨਾਲ ਇਹਨਾਂ ਵਿਚਾਰਾਂ ਤੇ ਪਹਿਰਾ ਦੇ ਰਹੇ ਹਨ ਅਤੇ ਕਈਆਂ ਨੂੰ ਨਵੀਆਂ ਲੀਹਾਂ ਤੇ ਤੋਰ ਰਹੇ ਹਨ।ਪੰਜਾਬੀ ਵਿਸ਼ੇ ਵਿੱਚ ਮੁਹਾਰਤ ਰੱਖਣੀ ਫਿਰ ਸਾਹਿਤ ਦੀ ਸਿਰਜਣਾ ਕਰਨੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।ਅਜਿਹੇ ਅਧਿਆਪਕ ਸਮਾਜ ਲਈ ਹੀਰੇ ਹਨ।ਉਹਨਾਂ ਦੀ ਮਿਹਨਤ ਤੇ ਲਗਨ ਨੂੰ ਸੈਂਕੜੇ ਵਾਰ ਵੱਖ ਵੱਖ ਸੰਸਥਾਵਾ ਵਲੋਂ ਮਾਣ ਸਨਮਾਨ ਦਿੱਤੇ ਜਾ ਚੁੱਕੇ ਹਨ।ਇਸ ਵਿੱਚ ਉਹ ਆਪਣੇ ਪਰਿਵਾਰ ਅਤੇ ਸਟਾਫ ਦਾ ਵਿਦੇਸ਼ ਯੋਗਦਾਨ ਮੰਨਦੇ ਹਨ।ਸਿੱਖ ਮਸ਼ਿਨਰੀ ਲੁਧਿਆਣਾ, ਜ਼ਿਲ੍ਹਾ ਪ੍ਰਸਾਸ਼ਨ, ਲੁਆਇਨਜ ਕਲੱਬ,ਯੁਵਕ ਸੇਵਾਵਾਂ ਵਿਭਾਗ ਪੰਜਾਬ, ਮਾਝਾ ਪੰਜਾਬੀ ਸੱਥ ਸਮੇਤ ਕਈ ਹੋਰ ਵੱਕਾਰੀ ਸੰਸਥਾਵਾਂ ਉਹਨਾਂ ਦੀ ਕਾਰਜ ਪ੍ਰਨਾਲੀ ਨੂੰ ਮਾਣ ਦੇ ਚੁੱਕੀਆਂ ਹਨ।ਸਰਟੀਫਿਕੇਟ ਨਾਲ ਤਾਂ ਝੋਲੇ ਭਰੇ ਪਏ ਹਨ। ਹਰਮੇਸ਼ ਕੌਰ ਦਾ ਸਨਮਾਨ ਹਰ ਵਰਗ ਵਿੱਚ ਹੁੰਦਾ ਹੈ।ਜਿਹੜੇ ਅਧਿਆਪਕ ਇਸ ਸਮਾਜ ਦੀ ਬਿਹਤਰੀ ਲਈ ਕਾਰਜ ਕਰਦੇ ਹਨ।ਉਹ ਹਰ ਥਾਂ ਸਤਿਕਾਰੇ ਜਾਂਦੇ ਹਨ।ਉਹਨਾਂ ਸੱਭਿਆਚਾਰ ਅਤੇ ਸਿੱਖਿਆ ਜਗਤ ਵਿੱਚ ਆਪਣੀ ਨਿਵੇਕਲੀ ਥਾਂ ਬਣਾਈ ਹੋਈ ਹੈ।ਉਸਾਰੂ ਸੋਚ ਦੀ ਮਲਿਕਾ ਬਣਕੇ ਬੱਚਿਆਂ ਨੂੰ ਮਾਤ ਭਾਸ਼ਾ ਦਾ ਆਧੂਨਿਕ ਗਿਆਨ ਦੇ ਰਹੇ ਹਨ।ਜਿਸਦੀ ਸਾਡੇ ਸਮਾਜ ਨੂੰ ਬੇਹੱਦ ਲੋੜ ਹੈ।ਦਸ ਦਸੰਬਰ 2001 ਨੂੰ ਸਰਕਾਰੀ ਸੇਵਾ ਵਿੱਚ ਆਉਣ ਤੋਂ ਪਹਿਲਾਂ ਵੀ ਵਿਦਿਆਰਥੀ ਜੀਵਨ ਵਿੱਚ ਸ਼ਾਨਦਾਰ ਮੱਲਾਂ ਪੂਰੇ ਦੇਸ਼ ਵਿੱਚ ਮਾਰੀਆਂ ਹਨ।ਪਿਤਾ ਸੁਦਾਗਰ ਸਿੰਘ ਤੇ ਮਾਤਾ ਸੁਰਜੀਤ ਕੌਰ ਦੀ ਇਸ ਲਾਡਲੀ ਬੇਟੀ ਨੇ ਮੁੰਡਿਆ ਵਾਂਗ ਪਰਿਵਾਰ ਦੇ ਨਾਂ ਨੂੰ ਚਾਰ ਚੰਨ ਲਾਏ ਹਨ।ਇਸੇ ਕਰਕੇ ਬੇਟਾ ਸਰਵਪ੍ਰੀਤ ਸੰਧੂ ਵੀ ਕੰਪਿਊਟਰ ਇੰਜੀਨਅਰਿੰਗ ਵਿੱਚ ਮਾਣ ਹਾਸਿਲ ਕਰ ਰਿਹਾ ਹੈ।ਅੰਮ੍ਰਿਤਸਰ ਦੇ ਕਸਬਾ ਬਿਆਸ ਦੇ ਬਾਬਾ ਸਾਵਣ ਸਿੰਘ ਨਗਰ ਵਿੱਚ ਵਸਦੀ ਹਰਮੇਸ਼ ਆਲੇ ਦੁਆਲੇ ਲਈ ਇਕ ਚਿਰਾਗ ਵਾਂਗ ਕੰਮ ਕਰ ਰਹੇ ਹਨ।ਉਹਨਾਂ ਦੀ ਪੁਸਤਕ ‘ਸਾਡਾ ਵਿਰਸਾ ਸਾਡੇ ਗੀਤ’ ਸਾਹਿਤਕ ਹਲਕਿਆਂ ਵਿੱਚ ਬੜੀ ਚਰਚਿਤ ਹੋਈ।ਆਪਣੇ ਸੱਭਿਆਚਾਰ ਦੀ ਪਹਿਰੇਦਾਰ ਬਣਕੇ ਇਸਦੇ ਭੁੱਲੇ ਜਾ ਰਹੇ ਨਿਸ਼ਾਨਾਂ ਨੂੰ ਲੱਭਦੇ ਰਹਿੰਦੇ ਹਨ। ਹਰਮੇਸ਼ ਯੋਧੇ ਇਕ ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਹਨ।ਉਹਨਾਂ ਕੋਲ ਗਿਆਨ ਵਿਗਿਆਨ ਦੇ ਅਨੋਖੇ ਤਜ਼ਰਬੇ ਹਨ।ਜਿਸ ਸਦਕਾ ਹਰ ਬੱਚਾ ਉਹਨਾਂ ਦੀ ਕਲਾਤਮਿਕ ਸ਼ਕਤੀ ਨਾਲ ਅੱਗੇ ਤੋਂ ਅਗੇਰੇ ਵਧਦਾ ਜਾਂਦਾ ਹੈ।ਬਿਆਸ ਇਲਾਕੇ ਦੇ ਸੌ ਪਿੰਡਾਂ ਵਿੱਚ ਚਾਰ ਹਜ਼ਾਰ ਦੇ ਕਰੀਬ ਪੌਦੇ ਲਗਾ ਚੁੱਕੇ ਹਨ।ਪਿੰਡਾਂ ਵਿੱਚ ਜਾਗਰੂਕਤਾ ਲਹਿਰਾਂ ਲਈ ਨਾਟਕੀ ਸਰਗਰਮੀਆਂ ਵੀ ਜਾਰੀ ਹਨ।ਲੋੜਵੰਦਾਂ ਦੀ ਸਹਾਇਤਾ ਲਈ ਵਿਤੋਂ ਵੱਧ ਕਾਰਜ ਕਰ ਰਹੇ ਹਨ।ਅਜਿਹੇ ਅਧਿਆਪਕ ਸਾਡੇ ਦੇਸ਼ ਤੇ ਕੌਮ ਦੇ ਰਾਹ ਦਸੇਰੇ ਹਨ।ਸਾਨੂੰ ਇਹਨਾਂ ਦਾ ਸਦਾ ਮਾਣ ਤੇ ਸਤਿਕਾਰ ਕਰਨਾ ਚਾਹੀਦਾ ਹੈ।ਹਰਮੇਸ਼ ਯੋਧੇ ਦਾ ਸਾਹਿਤਕ ਸੰਸਾਰ ਵੀ ਬੜਾ ਨਿਵੇਕਲਾ ਹੈ।ਸਾਹਿਤ ਤੇ ਸਿੱਖਿਆ ਦੀ ਇਸ ਜੋਤ ਨੇ ਸਦਾ ਸਮਾਜ ਦੇ ਹਨੇਰੇ ਕੋਨਿਆਂ ਨੂੰ ਰੌਸ਼ਨ ਕਰਨ ਦੇ ਉਪਰਾਲੇ ਕੀਤੇ ਹਨ।ਇਸੇ ਕਰਕੇ ਉਸਦਾ ਸਮਾਜ ਦੇ ਹਰ ਵਰਗ ਵਿੱਚ ਬਰਾਬਰ ਦਾ ਸਤਿਕਾਰ ਹੈ।ਉਸ ਵਲੋਂ ਰਚੀਆਂ ਪੁਸਤਕਾਂ ਤੇ ਇਕ ਝਾਤ ਮਾਰੀਏ ਤਾਂ ਉਸਦੀ ਦੇਣ ਦੀ ਮਹਾਨਤਾ ਉਜਾਗਰ ਹੋ ਜਾਂਦੀ ਹੈ।ਪੁਸਤਕ ‘ਸਾਡਾ ਵਿਰਸਾ ਸਾਡੇ ਗੀਤ’ (ਪ੍ਰਕਾਸ਼ਕ: ਕਾਗਦ ਪ੍ਰਕਾਸ਼ਨ ਜਲੰਧਰ, ਪੰਨੇ:192, ਮੁੱਲ:200 /-) ਇਕ ਖੋਜ ਭਰਪੂਰ ਪੁਸਤਕ ਹੈ ਜਿਸ ਵਿੱਚ ਲੋਕ ਸਾਹਿਤ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਹੈ।ਕਿਸੇ ਨੇ ਸੱਚਾ ਹੀ ਕਿਹਾ ਹੈ ਕਿ ਪੰਜਾਬੀ ਗੀਤਾਂ ਵਿੱਚ ਹੀ ਜੰਮਦਾ, ਖੇਡਦਾ, ਜੁਆਨ ਹੁੰਦਾ ਅਤੇ ਅੰਤ ਨੂੰ ਗੀਤਾਂ ਵਿੱਚ ਹੀ ਮਰ ਜਾਂਦਾ ਹੈ।ਭਾਵ ਹਰ ਸਮੇਂ ਦੇ ਗੀਤ ਪੰਜਾਬੀਆਂ ਕੋਲ ਮੌਜੂਦ ਹਨ।ਜੇਕਰ ਮੌਜੂਦਾ ਪੀੜੀ ਨੂੰ ਇਸ ਬਾਰੇ ਪੁੱਛਿਆ ਜਾਵੇ ਤਾਂ ਉਹ ਇਹਨਾਂ ਵਿਰਾਸਤੀ ਗੱਲਾਂ ਤੋਂ ਕੋਰੇ ਹਨ।ਜਦਕਿ ਇਹਨਾਂ ਗੀਤਾਂ ਦੀ ਸਾਡੇ ਜੀਵਨ ਵਿੱਚ ਬੜੀ ਮਹਾਨਤਾ ਹੈ।ਮਾਂ ਦੁਆਰਾ ਦਿੱਤੀਆਂ ਲੋਰੀਆਂ ਦਾ ਅਨੰਦ ਕਦੀ ਵੀ ਨਹੀਂ ਭੁੱਲਿਆ ਜਾ ਸਕਦਾ।ਇਸੇ ਤਰ੍ਹਾਂ ਵਿਆਹ ਸਮੇਂ ਨਾਨਕੀਆਂ ਤੇ ਦਾਦਕੀਆਂ ਦਾ ਮੁਕਾਬਲਾ ਦੇਖਿਆਂ ਹੀ ਅਨੰਦ ਮਿਲਦਾ ਹੈ।ਪਰ ਇਹ ਸਾਰਾ ਕੁਝ ਅਧੁਨਿਕਤਾ ਨੇ ਨਿਗਲ਼ ਲਿਆ ਹੈ।ਲੇਖਿਕਾ ਯੋਧੇ ਸੱਚ ਮੁੱਚ ਹੀ ਇਕ ਬਲਵਾਨ ਅਤੇ ਬੁੱਧੀਮਾਨ ਇਸਤਰੀ ਹੈ ਜਿਸ ਨੇ ਮਾਝੇ ਦੇ ਪਿੰਡਾਂ ਵਿੱਚ ਜਾ ਕੇ ਬੁੱਢੀਆਂ ਇਸਤਰੀਆਂ ਨਾਲ ਰਾਬਤਾ ਕਾਇਮ ਕੀਤਾ।ਫਿਰ ਉਹਨਾਂ ਕੋਲੋਂ ਇਹ ਵਿਰਾਸਤੀ ਗੀਤ ਇਕੱਠੇ ਕੀਤੇ।ਇਹਨਾਂ ਦੀ ਵਰਗ ਵੰਡ ਕਰਨੀ ਕੋਈ ਸੁਖਾਲਾ ਕਾਰਜ ਨਹੀਂ।ਨਵੀਂ ਪਨੀਰੀ ਲਈ ਸਮੇਂ ਸਮੇਂ ਪੇਸ਼ ਹੋਣ ਵਾਲੇ ਗੀਤ ਇਸ ਪੁਸਤਕ ਵਿੱਚ ਦਰਜ ਕੀਤੇ ਗਏ।ਇਹਨਾਂ ਦਾ ਵਰਗੀਕਰਣ ਕਰਕੇ ਖੋਜਾਰਥੀਆਂ ਲਈ ਕੰੰਮ ਸੁਖਾਲਾ ਕਰ ਦਿੱਤਾ ਗਿਆ ਹੈ।ਇਸ ਪੁਸਤਕ ਵਿੱਚ ਜਨਮ ,ਵਿਆਹ, ਮੇਲੇ ,ਰਿਸ਼ਤੇ, ਕਿੱਤੇ, ਪਹਿਰਾਵਾ, ਪਸ਼ੂ ਪੰਛੀ ਅਤੇ ਅੰਤਮ ਸਮੇਂ ਦੇ ਗੀਤ ਸ਼ਾਮਿਲ ਕੀਤੇ ਗਏ ਹਨ।ਵਿਰਾਸਤੀ ਗੱਲਾਂ ਦੀ ਖੋਜ ਕਰਨੀ ਬੜੇ ਸਿਰੜ ਦਾ ਕੰਮ ਹੈ।ਜਿਸਨੂੰ ਇਸ ਲੇਖਿਕਾ ਨੇ ਬੜੀ ਹਿੰਮਤ ਤੇ ਲਗਨ ਨਾਲ ਨਿਭਾਇਆ ਹੈ।ਹਰ ਸਮੇਂ ਦੀਆਂ ਰਸਮਾਂ ਨਾਲ ਸਬੰਧਤ ਗੀਤਾਂ ਨੂੰ ਸ਼ਾਮਿਲ ਕਰਕੇ ਇਸ ਪੁਸਤਕ ਦੀ ਗੁਣਵੱਤਾ ਵਿੱਚ ਚੋਖਾ ਵਾਧਾ ਕਰ ਦਿੱਤਾ ਹੈ।ਮਨੋਰੰਜਕ ਢੰਗ ਨਾਲ ਰਚੀ ਇਹ ਪੁਸਤਕ ਸਾਨੂੰ ਹਰ ਦ੍ਰਿਸ਼ ਦੇ ਰੂ-ਬਰੂ ਕਰਦੀ ਹੋਈ ਸੱਭਿਆਚਾਰਕ ਅਮੀਰੀ ਨਾਲ ਜੋੜਦੀ ਹੈ।ਇਕ ਸਿੱਠਣੀ ਦਾ ਨਮੂਨਾ ਦੇਖਦੇ ਹਾਂ ਅਸੀਂ ਤਾਂ ਪਾਏ ਭਾਂਤ ਭਾਂਤ ਦੇ ਖਾਣੇ
ਇਹਨਾਂ ਦਾ ਹੋਇਆ ਰੱਜ ਉਏ
ਦਾੜੀ ਮੁੱਛਾਂ ਲਬੇੜੀ ਫਿਰਦੇ
ਖਾਣ ਦਾ ਨਾ ਚੱਜ ਉਏ।
ਲੇਖਿਕਾ ਨੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰਕੇ ਉਨ੍ਹਾਂ ਦੀਆਂ ਸਿਮਰਤੀਆਂ ਵਿੱਚ ਸਾਂਭੇ ਪਏ ਕੀਮਤੀ ਸਰਮਾਏ ਨੂੰ ਸਾਡੇ ਲਈ ਮੁੜ ਤੋਂ ਸਿਰਜਿਆ ਹੈ।ਭਾਵੇਂ ਅਜੋਕੀ ਪੀੜੀ ਨੂੰ ਸਹਾਗ ,ਘੋੜੀਆਂ,ਸਿੱਠਣੀਆਂ ,ਟੱਪੇ,ਪਰਾਤ ਨਾਲ ਗਾਏ ਜਾਣ ਵਾਲੇ ਗੀਤ ਅਤੇ ਲੋਰੀਆਂ ਵਰਗੇ ਸਾਹਿਤ ਦੇ ਰੂਪਾਂ ਦਾ ਕੋਈ ਗਿਆਨ ਨਹੀਂ ਰਿਹਾ ਪਰ ਇਨ੍ਹਾਂ ਤੇ ਖੋਜ ਕਾਰਜ ਅਜੇ ਵੀ ਜਾਰੀ ਹੈ। ਇਹ ਕਾਰਜ ਪੰਜਾਬੀਆਂ ਵਲੋਂ ਆਖਰੀ ਦਮ ਤਕ ਜਾਰੀ ਰਹੇਗਾ।ਇਨ੍ਹਾਂ ਗੀਤਾਂ ਵਿਚੋਂ ਸਾਡਾ ਸੱਭਿਆਚਾਰਕ ਮੁਹਾਂਦਰਾ,ਰਾਜਨੀਤਿਕ ਪ੍ਰਬੰਧ, ਆਰਥਿਕ ਦਸ਼ਾ , ਸਮਾਜਿਕ ਤੇ ਇਤਿਹਾਸਕ ਝਲਕਾਂ ਦਿਖਾਈ ਦੇ ਰਹੀਆਂ ਹਨ ।ਲੋਕਧਾਰਾ ਪ੍ਰਕਾਸ਼ਨ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤੀ ਪੁਸਤਕ ਫੁਲਕਾਰੀ (ਘੋੜੀਆਂ,ਸੁਹਾਗ ਤੇ ਢੋਲਕੀ ਦੇ ਗੀਤ) ਦੇ ਪੰਨੇ:124 ਅਤੇ ਮੁੱਲ:150 ਰੁਪਏ ਹੈ। ਜਿਸ ਵਿੱਚ 58 ਘੋੜੀਆਂ,54 ਸੁਹਾਗ ਅਤੇ 21 ਢੋਲਕੀ ਨਾਲ ਗਾਏ ਜਾਣ ਵਾਲੇ ਗੀਤ ਸ਼ਾਮਲ ਕੀਤੇ ਹਨ।ਨਵੀਂ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦਾ ਇਹ ਇਕ ਨਿੱਗਰ ਉਪਰਾਲਾ ਹੈ।ਸਾਡਾ ਮੁੱਢ ਕੀ ਹੈ? ਅਸੀਂ ਇਹ ਰਸਮਾਂ ਕਿਊਂ ਕਰਦੇ ਹਾਂ? ਇਨ੍ਹਾਂ ਦੀ ਵਿਗਿਆਨਕ ਮਹੱਤਤਾ ਕੀ ਹੈ? ਕੀ ਇਨਾਂ ਦੀ ਅਜੋਕੇ ਸਮੇਂ ਵਿੱਚ ਲੋੜ ਹੈ? ਅਜਿਹੇ ਸਵਾਲਾਂ ਦੇ ਜੁਆਬ ਇਸ ਪੁਸਤਕ ਵਿਚੋਂ ਭਲੀ ਭਾਂਤ ਮਿਲਦੇ ਹਨ।ਇਨਾਂ ਗੀਤਾਂ ਦੇ ਭਿੰਨ ਭਿੰਨ ਪਹਿਲੂਆਂ ਨੂੰ ਰੌਸ਼ਨ ਕਰਨ ਲਈ ਲੇਖਿਕਾ ਨੇ ਬੜੀ ਮਿਹਨਤ ਕੀਤੀ ਹੈ।ਸਾਲਾਂ ਦਾ ਸਮਾਂ ਅਤੇ ਸਮਰੱਥਾ ਲਾ ਕੇ ਇਸ ਕੀਮਤੀ ਪੁਸਤਕ ਨੂੰ ਸਾਡੇ ਹੱਥਾਂ ਤਕ ਪਹੁੰਚਾਇਆ ਹੈ।ਉਸ ਅੰਦਰ ਸਮਾਜ ਪ੍ਰੀਤ ਤੇਹ ਠਾਠਾਂ ਮਾਰ ਰਿਹਾ ਹੈ।ਜਿਸ ਦੀ ਬਦੌਲਤ ਹੱਥਲੀ ਪੁਸਤਕ ਨੂੰ ਵਿਰਾਸਤੀ ਪੁਸਤਕਾਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ।ਪੰਜਾਬੀ ਲੋਕ ਬੋਲੀਆਂ ਵਿੱਚ ਪੂਰਾ ਪੰਜਾਬੀ ਸੱਭਿਆਚਾਰ ਸਿਮਟਿਆ ਪਿਆ ਹੈ।ਜਿਵੇਂ ਜਿਵੇਂ ਇਨ੍ਹਾਂ ਦੀਆਂ ਪਰਤਾਂ ਫਰੋਲਦੇ ਹਾਂ ਸਾਨੂੰ ਸਮੁੱਚੇ ਜਨ ਜੀਵਨ ਦੀਆਂ ਝਲਕਾਂ ਦਿਖਾਈ ਦੇਣ ਲਗ ਪੈਂਦੀਆਂ ਹਨ।ਅਜੋਕੇ ਸਮੇਂ ਦੇ ਅਰਾਮਪ੍ਰੱਸਤੀ ਵਾਲੇ ਜੁਗ ਵਿੱਚ ਬਹੁਤਾ ਖੋਜ ਕਾਰਜ ਯੂਨੀਵਰਸਿਟੀਆਂ ਦੇ ਬੰਦ ਕਮਰਿਆਂ ਵਿੱਚ ਕੀਤਾ ਜਾ ਰਿਹਾ ਹੈ।ਕੁਝ ਕੁ ਖੋਜੀ ਸਾਹਿਤਕਾਰ ਇਨ੍ਹਾਂ ਬੋਲੀਆਂ ਦਾ ਮੂਲ ਲੱਭਣ ਲਈ ਪਿੰਡ ਪਿੰਡ ਵਿੱਚ ਜਾਂਦੇ ਹਨ।ਬਜ਼ੁਰਗਾਂ ਦੀਆਂ ਯਾਦਾ ਨੂੰ ਕੁਰੇੜਦੇ ਹੋਏ ਕੀਮਤੀ ਖਜ਼ਾਨੇ ਨੂੰ ਲੱਭਦੇ ਅਤੇ ਸੰਭਾਲਦੇ ਹਨ।ਸਾਲਾਂ ਦੀ ਮਿਹਨਤ ਤੋਂ ਬਾਅਦ ਪੁਸਤਕ ‘ਬੋਲੀ ਮੈਂ ਪਾਵਾਂ’ (ਪ੍ਰਕਾਸ਼ਕ: ਲੋਕਧਾਰਾ ਪ੍ਰਕਾਸ਼ਨ ਅੰਮ੍ਰਿਤਸਰ, ਪੰਨੇ:212, ਮੁੱਲ:250 /-) ਦੀ ਸਿਰਜਣਾ ਕੀਤੀ ਗਈ ਹੈ।ਇਸ ਕੀਮਤੀ ਪੁਸਤਕ ਦੇ ਪੰਨੇ ਫਰੋਲਦੀਆਂ ਬੋਲੀਆਂ ਦਾ ਅਜਿਹਾ ਚੱਸ਼ਮਾ ਫੁੱਟਦਾ ਹੈ ਜੋ ਮੁੱਕਣ ਦਾ ਨਾਂ ਹੀ ਨਹੀਂ ਲੈਂਦਾ।ਲੇਖਿਕਾ ਨੇ ਇਸ ਪੁਸਤਕ ਵਿੱਚ ਸ਼ਾਮਿਲ ਬੋਲੀਆਂ ਨੂੰ ਗਿਆਰਾਂ ਭਾਗਾਂ ਵਿੱਚ ਵੰਡ ਕੇ ਪ੍ਰਕਾਸ਼ਿਤ ਕੀਤਾ ਹੈ ਤਾਂ ਕਿ ਪਾਠਕ ਆਪਣੀ ਲੋੜ ਅਨੁਸਾਰ ਬੋਲੀਆਂ ਦਾ ਅਨੰਦ ਮਾਣ ਸਕੇ।ਨਵੇਂ ਖੋਜਾਰਥੀਆਂ ਅਤੇ ਵਿਦਿਆਰਥਣਾ ਲਈ ਇਹ ਪੁਸਤਕ ਇਕ ਗਾਈਡ ਤੋਂ ਘੱਟ ਨਹੀ।ਪਾਏਦਾਰ ਮੈਟਰ ਲੱਭਣ ਲਈ ਹੁਣ ਕਿਤੇ ਦੂਰ ਜਾਣ ਦੀ ਲੋੜ ਨਹੀਂ।ਹਰ ਸਕੂਲ ਦੀ ਲਾਇਬ੍ਰੇਰੀ ਵਿੱਚ ਇਹ ਪੁਸਤਕ ਹੋਵੇਗੀ ਤਾਂ ਲੋੜ ਅਨੁਸਾਰ ਬੋਲੀਆਂ ਲੱਭ ਹੀ ਜਾਣਗੀਆਂ।ਜਿਵੇਂ ਭੈਣ ਭਰਾ, ਮਾਂ ਬਾਪ, ਸੱਸ ਸਹੁਰੇ, ਦਿਉਰ ,ਨਣਦ ਭਰਜਾਈ, ਜੇਠ ਭਰਜਾਈ, ਵਿਦਿਆ, ਸਾਉਣ ਮਹੀਨਾ, ਦੇਸ਼ ਭਗਤੀ ਸਮੇਤ ਕਈ ਰਲ਼ੀਆਂ ਮਿਲੀਆਂ ਬੋਲੀਆਂ ਵੀ ਸ਼ਾਮਿਲ ਕੀਤੀਆਂ ਹਨ।ਇੰਜ ਇਹ ਪੁਸਤਕ ਸਾਡੇ ਰਿਸ਼ਤਿਆਂ ਨਾਤਿਆਂ, ਪਿਆਰ ਮੁਹੱਬਤ ਅਤੇ ਰਾਜਸੀਤੰਤਰ ਨੂੰ ਵੀ ਬਿਆਨ ਕਰਦੀਆਂ ਹਨ।ਐਡਾ ਖੋਜ ਕਾਰਜ ਕਰਨ ਲਈ ਸਰਕਾਰ ਦੇ ਭਾਸ਼ਾ ਵਿਭਾਗ ਨੂੰ ਸ਼ਾਇਦ ਲੱਖਾਂ ਰੁਪੈ ਖਰਚਣੇ ਪੈਂਦੇ ਪਰ ਹਰਮੇਸ਼ ਕੌਰ ਨੇ ਆਪਣੇ ਸੱਭਿਆਚਾਰ ਅਤੇ ਮਾਂ ਬੋਲੀ ਦਾ ਸਤਿਕਾਰ ਕਰਦਿਆਂ ਅਜਿਹੇ ਰੰਗ ਦੀਆਂ ਚਾਰ ਪੁਸਤਕਾਂ ਲਿਖ ਦਿੱਤੀਆਂ ਹਨ।ਆਪਣੀ ਅਮੀਰ ਵਿਰਾਸਤ ਨੂੰ ਪੁਸਤਕ ਰੂਪ ਵਿੱਚ ਨਵੀਂ ਪੀੜੀ ਦੇ ਹਵਾਲੇ ਕਰਨਾ ਕਿਸੇ ਦੇਸ਼ ਪਿਆਰ ਤੋਂ ਘੱਟ ਨਹੀਂ।ਅਸਲ ਵਿੱਚ ਆਉਣ ਵਾਲੀਆਂ ਪੀੜੀਆਂ ਅਜਿਹੀਆਂ ਪੁਸਤਕਾਂ ਦੇ ਪਾਠ ਤੋਂ ਬਾਅਦ ਆਪਣੇ ਸੱਭਿਆਚਾਰਕ ਅਤੇ ਲੋਕਧਰਾਈ ਇਤਿਹਾਸ ਤੋਂ ਵਾਕਿਫ ਹੋਣਗੀਆਂ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਨ੍ਹਾਂ ਲੋਕ ਬੋਲੀਆਂ ਵਿੱਚ ਜੀਵਨ ਦਾ ਹਰ ਰੰਗ ਪਰਦ੍ਰਸ਼ਤ ਹੂੰਦਾ ਹੈ।ਨਿਹੋਰਾ ਅਤੇ ਪਿਆਰ ਵੀ ਮਿਲਦਾ ਹੈ।ਕਿਤੇ ਰਿਸ਼ਤਿਆਂ ਵਿੱਚ ਆ ਰਹੇ ਨਿਘਾਰ ਦੀ ਗੱਲ ਤੇ ਕਿਤੇ ਸਮਾਂਜਿਕ ਤਾਣੇ ਬਾਣੇ ਦੀ ਗੱਲ ਵੰਨ ਸੁਵੰਨੀਆਂ ਸੁਰਾ ਵਿੱਚ ਕੀਤੀ ਮਿਲਦੀ ਹੈ।ਇਨ੍ਹਾਂ ਬੋਲੀਆਂ ਦੀ ਵੱਖੋ ਵੱਖਰੀ ਸੁਰ ਅਤੇ ਲੈਅ ਔਰਤਾਂ ਦੀ ਕਲਾ ਨੂੰ ਨਿਖਾਰਨ ਵਿੱਚ ਵੀ ਸਹਾਈ ਹੁੰਦੀ ਹੈ।ਟੀ ਐਸ ਪ੍ਰਕਾਸ਼ਨ ਬਿਆਸ (ਅੰਮ੍ਰਿਤਸਰ) ਦੁਆਰਾ ਪ੍ਰਕਾਸ਼ਿਤ ਕੀਤੀ ਗਈ ਪੁਸਤਕ ਰੱਬਾ ਕਦੇ ਮਿਲੀਏ (ਲੋਕ ਗੀਤ) ਦਾ ਮੁੱਲ ਦੋ ਸੌ ਰੁਪਏ ਅਤੇ ਪੰਨੇ 160 ਹਨ।ਅਜੋਕੀ ਪੀੜੀ ਨੂੰ ਅਮੀਰ ਵਿਰਾਸਤੀ ਗੱਲਾਂ ਬਾਰੇ ਜਾਣਕਾਰੀ ਦੇਣੀ ਸਮੇਂ ਦੀ ਮੁੱਖ ਲੋੜ ਹੈ।ਭਾਵੇਂ ਅਜ ਅਸੀਂ ਗਿਆਨ ਵਿਗਿਆਨ ਅਤੇ ਸੂਚਨਾ ਤਕਨੀਕ ਦੇ ਜੁਗ ਵਿਚੋਂ ਲੰਘ ਰਹੇ ਹਾਂ।ਇਸ ਸਭ ਦੇ ਵਿੱਚਕਾਰ ਅਸੀਂ ਕਦੀ ਵੀ ਮਨੁੱਖਤਾ ਨੂੰ ਨਹੀਂ ਭੁੱਲ ਸਕਦੇ ।ਮਨੁੱਖੀ ਕਦਰਾਂ ਕੀਮਤਾਂ ਸਾਡੇ ਲੋਕ ਸਾਹਿਤ ਵਿੱਚ ਛੁਪੀਆਂ ਪਈਆਂ ਹਨ।ਜਿਨਾਂ ਨਾਲ ਅਜੋਕੀ ਪੀੜੀ ਦਾ ਰਾਬਤਾ ਕਾਇਮ ਕਰਨਾ ਜਰੂਰੀ ਬਣ ਗਿਆ ਹੈ।ਅਜ ਦੇ ਅਸ਼ਲੀਲਤਾ ਭਰੇ ਜਮਾਨੇ ਵਿੱਚ ਅਜਿਹੇ ਵਿਰਾਸਤੀ ਗੀਤ ਸਾਡੀ ਰਾਹਨੁਮਾਈ ਕਰਦੇ ਹਨ।ਲੇਖਿਕਾ ਨੇ ਆਪਣੀ ਇਸ ਪੁਸਤਕ ‘ਰੱਬਾ ਕਦੇ ਮਿਲੀਏ’ ਵਿੱਚ ਜਿਹੜੇ ਲੋਕ ਗੀਤ ਦਰਜ ਕੀਤੇ ਹਨ ਜਿਨਾਂ ਵਿੱਚ ਰੂਹ ਦੇ ਰਿਸ਼ਤਿਆ ਦੇ ਗੀਤ, ਮਾਵਾਂ ਧੀਆ ਦੇ ਗੀਤ, ਨੂੰਹ ਸੱਸ ਦੇ ਗੀਤ, ਦਿਉਰ ਭਰਜਾਈ ਦੇ ਗੀਤ, ਪਸ਼ੂ ਪੰਛੀਆਂ ਦੇ ਗੀਤ ਅਤੇ ਰੁੱਖਾਂ ਦੇ ਗੀਤ ਸ਼ਾਮਿਲ ਕੀਤੇ ਹਨ।ਇੰਜ ਇਹ ਸਾਰੀ ਪੁਸਤਕ ਸਾਨੂੰ ਉਹਨਾਂ ਲੋਕ ਗੀਤਾਂ ਦੀ ਜਾਣਕਾਰੀ ਦਿੰਦੀ ਹੈ ਜਿਨਾਂ ਨੂੰ ਅਸੀਂ ਭੁੱਲੀ ਬੈਠੇ ਹਾਂ।ਅਜਕਲ ਦੇ ਵਿਆਹਾਂ ਸ਼ਾਦੀਆਂ ਵਿਚਂੋ ਇਹ ਗੀਤ ਖਤਮ ਹੋ ਚੁੱਕੇ ਹਨ।ਡੀਜੇ ਨੇ ਸਾਥੋਂ ਸਾਡੀ ਕੀਮਤੀ ਵਿਰਾਸਤ ਖੋਹ ਲਈ ਹੈ।ਜਿਸ ਬਾਰੇ ਅਸੀਂ ਸਾਰੇ ਸੁਚੇਤ ਨਹੀ ਹਾਂ।ਸੱਭਿਆਚਾਰਕ ਵਿਭਾਗ ਇਹਨਾਂ ਦੀ ਸਾਂਭ ਸੰਭਾਲ ਅਤੇ ਡਾਕਮੈਂਟੇਸ਼ਨ ਲਈ ਬਹੁਤ ਕੁਝ ਕਰ ਸਕਦਾ ਹੈ।ਖੋਜੀ ਬਿਰਤੀ ਲਈ ਇਹ ਕੰਮ ਭਾਵੇਂ ਸੁਖਾਲਾ ਹੋਵੇ ਪਰ ਇਕ ਆਮ ਪਾਠਕ ਲਈ ਇਹ ਪੁਸਤਕ ਇਕ ਕੀਮਤੀ ਪੋਥੀ ਬਣ ਜਾਂਦੀ ਹੈ।ਜੋ ਸਾਨੂੰ ਉਸ ਸਮੇਂ ਦੀ ਰਾਜਸੀ, ਆਰਥਿਕ, ਸਮਾਜਕ, ਸੱਭਿਆਚਾਰਕ ਅਤੇ ਧਾਰਮਿਕ ਪ੍ਰਬੰਧਾਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰਦੀ ਹੈ।ਹਰਮੇਸ਼ ਕੌਰ ਯੋਧੇ ਦੀਆਂ ਇਹ ਚਾਰੇ ਪੁਸਤਕਾਂ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਦਾ ਸੁਨੇਹਾ ਦਿੰਦੀਆਂ ਹਨ।ਉਡੀਕ ਵਿੱਚ (ਲੋਕਗੀਤ, ਘੋੜੀਆਂ ,ਸੁਹਾਗ, ਬੋਲੀਆਂ) ਪ੍ਰਕਾਸ਼ਕ:ਚੇਤਨਾ ਪ੍ਰਕਾਸ਼ਨ ਲੁਧਿਆਣਾ,ਪੰਨੇ:168,ਮੁੱਲ:225/-) ਇਹ ਵੱਡ ਅਕਾਰੀ ਪੁਸਤਕਾਂ ਨਵੇਂ ਵਿਦਿਆਰਥੀਆਂ ਲਈ ਬੜੀਆਂ ਲਾਭਕਾਰੀ ਹਨ।ਜਿਨਾਂ ਨੂੰ ਗੀਤਾਂ, ਲੋਰੀਆਂ, ਸੁਹਾਗ ਅਤੇ ਬੋਲੀਆਂ ਦਾ ਗਿਆਨ ਨਹੀਂ ਉਹ ਇਹਨਾਂ ਪੁਸਤਕਾਂ ਤੋਂ ਲਾਭ ਲੈ ਸਕਦੇ ਹਨ।ਵਿਚਾਰ ਅਧੀਨ ਪੁਸਤਕ ‘ਉਡੀਕ ਵਿੱਚ’ ਵੀ ਲੇਖਿਕਾ ਨੇ ਲੋਕ ਗੀਤ, ਘੋੜੀਆਂ, ਸੁਹਾਗ, ਅਤੇ ਬੋਲੀਆਂ ਨੂੰ ਸ਼ਾਮਿਲ ਕੀਤਾ ਹੈ।ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕ ਗੀਤਾਂ ਦਾ ਭੰਡਾਰ ਅਮੁੱਕ ਹੈ।ਇਸ ਵਿਸ਼ੇ ਤੇ ਜਿੰਨੀ ਵੀ ਖੋਜ ਕੀਤੀ ਜਾਵੇ ਉਹ ਥੋੜ੍ਹੀ ਹੈ।ਲੇਖਿਕਾ ਨੇ ਇਸ ਕਾਰਜ ਵਿੱਚ ਪੁਰਾਣੇ ਜਮਾਨੇ ਅਤੇ ਆਧੁਨਿਕ ਸਮੇਂ ਦੀਆਂ ਇਸ ਵਿਸ਼ੇ ਵਿੱਚ ਰੁਚੀ ਲੈਣ ਵਾਲੀਆਂ ਇਸਤਰੀਆਂ ਦਾ ਸਹਿਯੋਗ ਲਿਆ ਹੈ।ਲੇਖਿਕਾ ਨੇ ਜੋ ਵੀ ਕਿਸੇ ਤੋਂ ਪ੍ਰਾਪਤ ਕੀਤਾ।ਉਹ ਉਸਦੇ ਨਾਂ ਹੇਠ ਹੀ ਦਰਜ ਕਰ ਦਿੱਤਾ।ਇੰਜ ਦੱਸਣ ਵਾਲੇ ਦਾ ਮਾਣ ਤੇ ਸਤਿਕਾਰ ਕਇਮ ਹੋ ਜਾਂਦਾ ਅਤੇ ਲੇਖਕ ਦੀ ਭਰੋਸੇਯੋਗਤਾ ਵਿੱਚ ਵਾਧਾ ਹੋ ਜਾਂਦਾ ਹੈ।ਲੇਖਿਕਾ ਨੇ ਪੂਰੀ ਤੰਨ ਦੇਹੀ ਨਾਲ ਇਸ ਪੁਸਤਕ ਦੀ ਖੋਜ ਨੂੰ ਸੰਪੂਰਨ ਕਰਨ ਲਈ ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਬੀਬੀਆਂ ਨਾਲ ਸੰਵਾਦ ਰਚਾਇਆ।ਕਿਸੇ ਦੀ ਸਿਮ੍ਰਤੀ ਚਂੋ ਗਲ ਕਢਾਉਣੀ ਬੜਾ ਔਖਾ ਕਾਰਜ ਹੈ।ਹੱਥਲੀ ਪੁਸਤਕ ਸਾਡੀ ਕਈ ਭੁੱਲੇ ਵਿਸਰੇ ਲੋਕ ਗੀਤ ਅਤੇ ਲੋਕ ਬੋਲੀਆਂ ਨਾਲ ਸਾਂਝ ਪੁਆਉਂਦੀ ਹੈ।ਭੈਣ ਭਰਾ ਦੇ ਰਿਸ਼ਤੇ ਨੂੰ ਊਭਾਰਨ ਵਾਲੇ 18, ਮਹਿਬੂਬ ਦੇ ਪਿਆਰ ਦੀ ਪੀਂਘ ਚੜ੍ਹਾਉਣ ਵਾਲੇ 33, ਬਾਰਾਮਾਂਹ 10, ਢੋਲਕੀ ਦੇ ਗੀਤ 23, ਘੌੜੀਆਂ 4, ਸੁਹਾਗ 6 ਅਤੇ ਸੌ ਦੀ ਕਰੀਬ ਬੋਲੀਅਅ ਤੋਂ ਇਲਾਵਾ ਪੇਠਾ ,ਹਰਿਆ ਅਤੇ ਸੋਹਿਲਾ ਆਦਿ ਲੋਕ ਗੀਤ ਵੀ ਸ਼ਾਮਲ ਕੀਤੇ ਹਨ।ਵਿਆਹ ਸ਼ਾਦੀ ਮੌਕੇ ਕਿਸੇ ਨੂੰ ਇਹਨਾਂ ਦੀ ਕਮੀ ਨਹੀਂ ਆ ਸਕਦੀ।ਇਹਨਾਂ ਦਾ ਪਾਠ ਕਰਦਿਆਂ ਜਿੱਥੇ ਵਿਆਹ ਸ਼ਾਦੀ ਦੇ ਦ੍ਰਿਸ਼ ਰੂਪਮਾਨ ਹੁੰਦੇ ਹਨ ਉਥੇ ਆਪਣੇ ਵਿਰਸੇ ਦੇ ਸਭ ਰੰਗ ਵੀ ਮਨਮੋਹਣੇ ਹੋ ਜਾਂਦੇ ਹਨ।ਝਾਂਜਰ ਛਣਕ ਪਈ -ਟੱਪੇ (ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, ਪੰਨੇ:112, ਮੁੱਲ:150/-) ਪੁਸਤਕ ‘ਝਾਂਜਰ ਛਣਕ ਪਈ’ ਵਿੱਚ ਹਰਮੇਸ਼ ਕੌਰ ਯੋਧੇ ਨੇ ਟੱਪਿਆਂ ਦੀ ਸ਼ਹਿਬਰ ਲਾਈ ਹੈ।ਇਸ ਖੋਜ ਕਾਰਜ ਵਿੱਚ ਉਸਨੇ ਆਪਣੇ ਸੰਗੀ ਸਾਥੀਆਂ ਦਾ ਵੀ ਸਹਿਯੋਗ ਲਿਆ ਹੈ।ਅਸਲ ਵਿੱਚ ਨੱਚਣਾ ਟੱਪਣਾ ਸਾਡੀ ਜਿੰਦਗੀ ਦਾ ਇਕ ਅਹਿਮ ਪੱਖ ਹੈ।ਸਾਡੇ ਜੀਵਨ ਵਿੱਚ ਨਾ ਤਾਂ ਸਦਾ ਖੁਸ਼ੀਆਂ ਰਹਿੰਦੀਆਂ ਹਨ ਤੇ ਨਾ ਹੀ ਸਦਾ ਦੁੱਖ ਰਹਿੰਦੇ ਹਨ।ਇਸ ਲਈ ਸਾਨੂੰ ਖੁਸ਼ੀਆਂ ਦੇ ਪਲਾਂ ਨੂੰ ਪੂਰੇ ਮਨ ਨਾਲ ਮਾਨਣਾ ਚਾਹੀਦਾ ਹੈ।ਇਸ ਵਾਸਤੇ ਲੇਖਿਕਾ ਨੇ ਸਾਡੇ ਜੀਵਨ ਨਾਲ ਸਬੰਧਤ ਮੌਕਿਆਂ ਲਈ ਟੱਪੇ ਹੱਥਲੀ ਪੁਸਤਕ ਵਿੱਚ ਦਰਜ ਕੀਤੇ ਹਨ।ਹਰ ਖੁਸ਼ੀ ਦੇ ਮੌਕੇ ਦਾ ਇਹਨਾਂ ਟੱਪਿਆਂ ਨਾਲ ਅਨੰਦ ਲਿਆ ਜਾ ਸਕਦਾ ਹੈ।ਜਿਸ ਰਾਹੀਂ ਇਹਨਾਂ ਟੱਪਿਆਂ ਵਿੱਚ ਸਾਡੇ ਰਿੱਸ਼ਤੇਦਾਰ, ਪਸ਼ੂ ਪੰਛੀ, ਜਨ ਜੀਵਨ, ਰਾਜਸੀ ਵਿਵਸਥਾ, ਵਿਆਹ ਸ਼ਾਦੀਆਂ, ਪਿਆਰ ਸਤਿਕਾਰ, ਦੁੱਖ ਸੁੱਖ, ਮਿਹਣੇ ਅਤੇ ਸ਼ਰੀਕੇਬਾਜੀ ਵਰਗੇ ਵਿਸ਼ੇ ਸ਼ਾਮਿਲ ਕੀਤੇ ਗਏ ਹਨ।ਨਣਾਨ ਭਰਜਾਈ, ਭੈਣ ਭਰਾ, ਭਰਜਾਈ ਜੇਠ, ਹਾਰ ਸ਼ਿੰਗਾਰ, ਵਿਦਿਆ ,ਨਸ਼ੇ ,ਦੇਸ਼ ਭਗਤੀ, ਰੁੱਖ, ਅਵਾਜਾਈ, ਚਰਖਾ, ਨੂੰਹ ਸੱਸ ਆਦਿ ਸਿਰਲੇਖਾਂ ਹੇਠ ਬੜੇ ਰੌਚਕ ਟੱਪੇ ਦਰਜ ਕੀਤੇ ਗਏ ਹਨ।ਲੇਖਿਕਾ ਨੇ ਆਪਣੀਆਂ ਪਹਿਲੀਆਂ ਪੁਸਤਕਾਂ ਵਾਂਗ ਇਸ ਪੁਸਤਕ ਨੂੰ ਵੀ ਵਿਰਾਸਤੀ ਪੁਸਤਕਾਂ ਵਿੱਚ ਸ਼ਾਮਿਲ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ।ਇਸ ਉਪਰਾਲੇ ਨਾਲ ਸਾਡੀ ਅਜੋਕੀ ਪੀੜੀ ਨੂੰ ਨਵਾਂ ਤੇ ਨਰੋਆ ਗਿਆਨ ਮਿਲੇਗਾ।ਜਿਸ ਰਾਹੀਂ ਉਹ ਆਪਣੇ ਵਿਰਸੇ ਤੇ ਝਾਤ ਮਾਰਨ ਯੋਗ ਹੋ ਸਕਣਗੇ।ਇੰਜ ਇਹ ਪੁਸਤਕ ਸੱਭਿਆਚਾਰ ਦੇ ਖੋਜਾਰਥੀਆ ਲਈ ਬੜੀ ਕੀਮਤੀ ਹੈ।ਨੱਚਣ ਟੱਪਣ ਦਾ ਸ਼ੌਕ ਰੱਖਣ ਵਾਲੀਆਂ ਮੁਟਿਆਰਾਂ ਲਈ ਤਾਂ ਇਕ ਪੋਥੀ ਹੈ ਜਿਸ ਨਾਲ ਉਹ ਆਪਣੀ ਕਲਾ ਦੇ ਪ੍ਰਦਰਸ਼ਨ ਉਚੇਰਾ ਕਰ ਸਕਦੀਆਂ ਹਨ।ਹਰ ਵਰਗ ਨਾਲ ਸੰਬੰਧਤ ਟੱਪੇ ਦਰਜ ਕਰਕੇ ਪੁਸਤਕ ਦਾ ਘੇਰਾ ਵਿਸ਼ਾਲ ਕਰ ਦਿੱਤਾ ਹੈ।ਲੇਖਿਕਾ ਦੇ ਇਸ ਖੇਤਰ ਵਿੱਚ ਕੀਤੇ ਕਾਰਜ ਨੂੰ ਮਾਣ ਤੇ ਸਤਿਕਾਰ ਨਾਲ ਯਾਦ ਰੱਖਿਆ ਜਾਵੇਗਾ।ਸਕੂਲਾਂ ਕਾਲਜਾਂ ਦੇ ਯੂਥ ਫੈਸਟੀਵਲ ਦੀ ਤਿਆਰੀ ਕਰ ਰਹੇ ਕਲਾਕਾਰਾਂ ਲਈ ਤਾਂ ਇਹ ਇਕ ਗਾਈਡ ਸਮਾਂਨ ਹੈ।ਪੁਸਤਕ ਦੀ ਸ਼ੁਰੂਆਤ ‘ਏਕ ਜੋਤ’ ਅਨੁਵਾਨ ਨਾਲ ਕੀਤੀ ਗਈ।ਜਿਸ ਵਿੱਚ ਪ੍ਰਮਾਤਮਾ ਨਾਲ ਸਬੰਧਤ ਬੜੇ ਗਿਆਨ ਵਰਧਕ ਟੱਪੇ ਸ਼ਾਮਿਲ ਕੀਤੇ ਹਨ।ਜਿਵੇਂ: ਰਾਈ ਰਾਈ ਰਾਈ
ਸਿਰਜਣਹਾਰੇ ਨੇ
ਜੋਤ ਸਭ ਵਿੱਚ ਇਕ ਹੀ ਪਾਈ।
ਵਧਾਈਆਂ ਬੇਬੇ ਤੈਨੂੰ (ਪ੍ਰਕਾਸ਼ਕ: ਨਿਊ ਬੁਕ ਕੰਪਨੀ ਜਲੰਧਰ, ਪੰਨੇ:214,ਮੁੱਲ:160 /-) ਪੁਸਤਕ ਵਿੱਚ ਵਿਆਹ ਨਾਲ ਸਬੰਧਤ ਹਰ ਮੌਕੇ ਤੇ ਪੇਸ਼ ਕੀਤੇ ਜਾਣ ਵਾਲੇ ਗੀਤ ਦਰਜ ਕੀਤੇ ਹਨ।ਇਹ ਇਕ ਖੋਜ ਭਰਪੂਰ ਪੁਸਤਕ ਹੈ।ਜਿਸ ਵਿਚਂੋ ਵਿਆਹ ਮੌਕੇ ਦੀਆਂ ਮੰਨਤਾ ਅਤੇ ਮਨੌਤਾਂ ਨੂੰ ਮਾਣਿਆ ਜਾ ਸਕਦਾ ਹੈ।ਅਜਿਹੇ ਗੀਤਾਂ ਵਾਲੇ ਵਿਆਹ ਵਿਚੋਂ ਸਾਨੂੰ ਆਪਸੀ ਪ੍ਰੇਮ ਪਿਆਰ ਭਾਈਚਾਰਾ ਅਤੇ ਸਾਕਾਦਾਰੀ ਦੇ ਵੰਨ ਸੁਵੰਨੇ ਰੰਗ ਦੇਖਣ ਨੂੰ ਮਿਲਦੇ ਹਨ।ਕਈ ਵਾਰ ਸ਼ਰੀਕ ਸ਼ਾਮਿਲ ਹੋਣ ਲਈ ਨਹੀਂ ਮੰਨਦੇ ਤਾਂ ਉਹਨਾ ਨੂੰ ਮਨਾ ਕੇ ਵਿਆਹ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।ਨਾਨਕਿਆਂ ਦੀ ਹਾਜ਼ਰੀ ਨਾਲ ਹੀ ਸ਼ੋਭਾ ਦਿੰਦੇ ਕਾਰਜ ਹੋਰ ਵੀ ਸੁਰਮਈ ਹੋ ਜਾਂਦੇ ਹਨ।ਵਿਆਹ ਦੀਆਂ ਰਸਮਾਂ ਨੂੰ ਸੰਪੂਰਨ ਕਰਨ ਵਿੱਚ ਇਹਨਾਂ ਵੰਨਗੀਆਂ ਦਾ ਅਹਿਮ ਰੋਲ ਹੈ।ਜਿਵੇਂ ਘੋੜੀਆਂ ,ਸੁਹਾਗ, ਢੋਲਕੀ ਦੇ ਗੀਤ ,ਵਟਣਾ ਮਾਲਣਾ, ਜਾਗੋ ,ਸਿੱਠਣੀਆਂ, ਚੂੜ੍ਹਾ ਚੜਾਉਣਾ ,ਸਿਹਰਾਬੰਦੀ ਘੋੜੀ ਚੜ੍ਹਾਉਣਾ, ਵਾਗ ਵੜਨੀ, ਸੁਰਮ ਪਾਉਣਾ ਆਦਿ ਮੌਕਿਆਂ ਨਾਲ ਸਬੰਧਤ ਬੜੇ ਰੌਚਕ ਗੀਤ ਦਰਜ ਕੀਤੇ ਗਏ ਹਨ।ਲੇਖਿਕਾ ਹਰਮੇਸ਼ ਕੌਰ ਯੋਧੇ ਦੀ ਇਸ ਖੋਜ ਪੁਸਤਕ ਨਾਲ ਸਾਨੂੰ ਵਿਰਾਸਤੀ ਵਿਆਹ ਦਾ ਗਿਆਨ ਹੁੰਦਾ ਹੈ।ਨਾਲ ਉਸ ਮੌਕੇ ਦੇ ਚਾਅ ਤੇ ਮੁਲਾਰ ਵੀ ਦਿਖਾਈ ਦਿੰਦੇ ਹਨ।ਇਹਨਾ ਗੀਤਾਂ ਵਿਚੋ ਸਮਾਜਕ ਤਾਣੇ ਬਾਣੇ ਦੀਆਂ ਤੰਦਾਂ ਦੇ ਦਰਸ਼ਨ ਹੁੰਦੇ ਹਨ।ਜਿਨਾਂ ਵਿੱਚ ਅਣਜੋੜ ਰਿਸ਼ਤੇ, ਸ਼ਰੀਕੇਬਾਜੀਆਂ, ਦਾਦਕੀਆਂ ਨਾਨਕੀਆਂ ਦਾ ਮੁਕਾਬਲਾ, ਗਹਿਣੇ ,ਕੱਪੜੇ ,ਖਾਣ ਪੀਣ ਦਾ ਸਮਾਂਨ ਅਤੇ ਸਜਾਵਟ ਆਦਿ ਬਾਰੇ ਬੜੀ ਦਿਲਚਸਪ ਜਾਣਕਾਰੀ ਮਿਲਦੀ ਹੈ।ਅਸਲ ਵਿੱਚ ਇਹ ਗੀਤ ਜਿੱਥੇ ਸਾਡੇ ਮਨੋਰੰਜਨ ਦਾ ਖਜ਼ਾਨਾ ਹਨ ਉਥੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦੇ ਲਖਾਇਕ ਵੀ ਹਨ।ਲੇਖਿਕਾ ਇਸ ਕਾਰਜ ਨਾਲ ਸਾਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦੀ ਹੈ। ਪੰਜਾਬ ਦੇ ਮਾਣਕ ਮੋਤੀ (ਪ੍ਰਕਾਸ਼ਕ:ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ,ਪੰਨੇ:160,ਮੁੱਲ:295/-) ਘਰ ਬੈਠ ਕੇ ਲਿਖਣਾ ਬਹੁਤ ਸੁਖਾਲਾ ਹੈ ਪਰ ਮੋਤੀਆਂ ਦੀ ਭਾਲ਼ ਲਈ ਤਾਂ ਸਮੁੰਦਰ ਦੀ ਗਹਿਰਾਈ ਨੂੰ ਮਾਪਣਾ ਪੈਂਦਾ ਹੈ।ਫਿਰ ਕਿਤੇ ਜਾ ਕੇ ਮਾਣਕ ਮੋਤੀ ਹੱਥ ਲਗਦੇ ਹਨ।ਇਸੇ ਤਰ੍ਹਾਂ ਲੇਖਿਕਾ ਨੇ ਦਿਨ ਰਾਤ ਮਿਹਨਤ ਕਰਕੇ ਪੂਰੇ ਪੰਜਾਬ ਵਿਚੋਂ 31 ਸ਼ਖਸ਼ੀਅਤਾਂ ਦੇ ਰੇਖਾ ਚਿੱਤਰ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਹਨ।ਇਹ ਉਹ ਲੋਕ ਹਨ ਜਿੰਨਾ ਨਾਲ ਲੇਖਿਕਾ ਦਾ ਸਿੱਧੇ ਜਾਂ ਅਸਿੱਧੇ ਰੂਪ ਨਾਲ ਵਾਸਤਾ ਪਿਆ ਜਾਂ ਉਹਨਾਂ ਤੋਂ ਉਸਨੇ ਪ੍ਰਭਾਵ ਕਬੂਲਿਆ।ਇਹ ਸਭ ਹਸਤੀਆਂ ਆਪੋ ਆਪਣੇ ਖੇਤਰ ਦੀਆਂ ਮਾਣਮੱਤੀਆਂ ਸ਼ਖਸ਼ੀਅਤਾਂ ਹਨ।ਜਿਨਾਂ ਨੇ ਆਪਣਾ ਸਾਰਾ ਜੀਵਨ ਸਾਹਿਤ ਸਮਾਜ ਕਲਾ ਅਤੇ ਇਸ ਦੇਸ਼ ਕੌਮ ਦੇ ਲੇਖੇ ਲਾਇਆ ਹੈ।‘ਪੰਜ ਆਬ ਦੇ ਮਾਣਕ ਮੋਤੀ’ ਪੁਸਤਕ ਵਿੱਚ 13 ਸਾਲ ਦੀ ਮੁਸਕਾਨਪ੍ਰੀਤ ਤੋਂ ਸ਼ੁਰੂ ਹੋ ਕੇ ਅੱਸੀ ਸਾਲ ਤਕ ਦੀ ਬੀਬੀ ਬਚਿੰਤ ਕੌਰ ਦੀਆਂ ਪ੍ਰਾਪਤੀਆਂ ਦੀ ਚਰਚਾ ਕੀਤੀ ਗਈ ਹੈ।ਇਸ ਪੁਸਤਕ ਵਿੱਚ ਆਈ ਜੀ, ਸਾਹਿਤਕਾਰ, ਸੰਪਾਦਕ ,ਅਫਸਰ, ਸਮਾਜ ਸੇਵਕ, ਅਧਿਆਪਕ, ਫੌਜੀ ,ਖੋਜੀ ਅਤੇ ਉਹ ਲੋਕ ਸ਼ਾਮਿਲ ਹਨ ਜਿਨਾਂ ਆਪਣੇ ਜੀਵਨ ਵਿੱਚ ਖੁਦ ਭੱਖੇ ਰਹਿ ਕੇ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ।ਇੰਜ ਇਹ ਲੋਕ ਅਸਲ ਵਿੱਚ ਅਜੋਕੇ ਸਮੇਂ ਦੇ ਦੇਸ਼ ਭਗਤ ਹਨ ਜੋ ਸਮਾਂਜਿਕ ਕੁਰੀਤੀਆਂ ਖਿਲਾਫ ਪਰਚਮ ਬੁਲੰਦ ਕਰ ਰਹੇ ਹਨ।ਉਹਨਾਂ ਨਾਲ ਸਮਾਜ ਵਿਰੋਧੀ ਅਨੁਸਰਾਂ ਨੇ ਜਿਆਦਤੀਆਂ ਵੀ ਕੀਤੀਆਂ ਪਰ ਅਖੀਰ ਜਿੱਤ ਸੱਚ ਦੀ ਹੁੰਦੀ ਹੈ।ਪੁਸਤਕ ਵਿੱਚ ਸ਼ਾਮਿਲ ਸ਼ਖਸੀਅਤਾਂ ਵਿੱਚ ਗਿਆਰਾਂ ਇਸਤਰੀਆਂ ਨੂੰ ਸ਼ਾਮਿਲ ਕਰਕੇ ਯੋਧੇ ਨੇ ਪੁਸਤਕ ਨੂੰ ਸਾਰਥਕ ਬਣਾ ਦਿੱਤਾ ਹੈ।ਇਸ ਪੁਸਤਕ ਵਿੱਚ ਵੰਨ ਸੁਵੰਨਤਾ ਬਹੁਤ ਹੈ।ਤੇਰਾਂ ਸਾਲਾ ਦੀ ਮੁਸਕਾਨਪ੍ਰੀਤ ਦੀਆਂ ਪ੍ਰਾਪਤੀਆਂ ਬਾਲ ਮਨਾ ਅੰਦਰ ਸੁਪਨੇ ਸੰਜੋਦੀਆਂ ਹਨ।ਜਦਕਿ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਸਾਹਿਤਕਾਰ ਬਲਦੇਵ ਸਿੰਘ ਦੀ ਜੀਵਨੀ ਸਭ ਲਈ ਪ੍ਰੇਰਕ ਪ੍ਰਸੰਗ ਬਣਦੀ ਹੈ।ਪੁਲੀਸ ਅਧਿਕਾਰੀ ਪਰਮਰਾਜ ਸਿੰਘ ੳਮਰਾਨੰਗਲ ਅਤੇ ਨੌਜਵਾਨਾਂ ਦੇ ਅਫਸਰ ਜਗਜੀਤ ਸਿੰਘ ਚਾਹਲ ਦਾ ਰੇਖਾ ਚਿੱਤਰ ਉੱਚੀਆਂ ਮੰਜਿਲਾ ਨੂੰ ਸਰ ਕਰਨ ਦਾ ਰਾਹ ਦਰਸਾਉਂਦਾ ਹੈ।ਬਾਲ ਸਾਹਿਤ ਦੀ ਸੰਦਲੀ ਪੈੜ ਬਲਜਿੰਦਰ ਮਾਨ ਅਤੇ ਦਰੋਣਾਚਰੀਆ ਐਵਾਰਡੀ ਸੌਦਾਗਰ ਸਿੰਘ ਬਾਲ ਸਾਹਿਤ ਅਤੇ ਮੈਦਾਨ ਦੇ ਸਿਤਰੇ ਪੈਦਾ ਕਰਦਾ ਹੈ।ਸਵਰਗਵਾਸੀ ਤਲਵਿੰਦਰ ਸਿੰਘ ਨੇ ਹੀ ਯੋਧੇ ਨੂੰ ਪਸੁਤਕਾਂ ਦੇ ਪ੍ਰਕਾਸ਼ਨਾਂ ਲਈ ਤਿਆਰ ਕੀਤਾ।ਡਾ ਸਤਿਆਨੰਦ ਸੇਵਕ ਦੀ ਮਨੁੱਖਤਾ ਲਈ ਸੇਵਾ ਅਤੇ ਹੰਸਾ ਸਿੰਘ ਦੀ ਰੰਗ ਮੰਚ ਨੂੰ ਦੇਣ ਦੀ ਚਰਚਾ ਕੀਤੀ ਗਈ ਹੈ।ਇਹਨਾਂ ਤੋਂ ਇਲਾਵਾ ਪ੍ਰਿੰਸੀਪਲ ਸੇਵਾ ਸਿੰਘ ਕੌੜਾ, ਸ਼ੇਲਿੰਦਰਜੀਤ ਸਿੰਘ ਰਾਜਨ, ਵਿਸ਼ਲ, ਲਖਵਿੰਦਰ ਸਿੰਘ ਹਵੇਲੀਆਣਾ, ਨਵਦੀਪ ਸਿੰਘ ਬਦੇਸ਼ਾ, ਸੰਤੋਖ ਸਿੰਘ ਗੁਰਾਇਆਂ, ਸੁਰਿੰਦਰਪਲ ਸੌਂਧੀ, ਰਾਜਿੰਦਰ ਪ੍ਰਦੇਸੀ ,ਜਸਵੰਤ ਸਿੰਘ ਹਾਂਸ, ਡਾ ਜਸਵੰਤ ਸਿੰਘ ਖੇੜਾ, ਰਾਜਵੰਤ ਸਿੰਘ ਕਨੇਡਾ, ਪਰਮਿੰਦਰ ਸਿੰਘ, ਗਿਆਨੀ ਸੰਤੋਖ ਸਿੰਘ ,ਬਚਿੰਤ ਕੌਰ ,ਇਕਬਾਲ ਕੌਰ ਸੌਂਧ, ਬੀਬੀ ਬੀਰ ਕਲਸੀ, ਮਿਸਰਤ ਸੁਮੈਰਾ ,ਬੀਬੀ ਸਵਰਨ ਕੌਰ, ਮਾਂ ਸੁਰਜੀਤ ਕੌਰ, ਬੀਬੀ ਰਾਜ ਵਰਮਾ, ਪਰਮਜੀਤ ਪਰਮ ਅਤੇ ਬਲਵਿੰਦਰ ਸਰਘੀ ਦੇ ਰੇਖਾ ਚਿੱਰ ਬੜੀ ਪਾਏਦਾਰ ਸ਼ੈਲੀ ਵਿੱਚ ਸਿਰਜੇ ਗਏ ਹਨ।ਹਰਮੇਸ਼ ਕੌਰ ਯੋਧੇ ਦਾ ਕਦ ਇਸ ਪੁਸਤਕ ਨਾਲ ਸਾਹਿਤ ਜਗਤ ਵਿੱਚ ਹੋਰ ਉੱਚਾ ਹੋਇਆ ਹੈ।ਸਾਰੀ ਪੁਸਤਕ ਮਾਣਨ ਯੋਗ ਹੈ। ਪੁਸਤਕ ‘ਸੰਦਲੀ ਵਿਰਸਾ’ (ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ, ਪੰਨੇ:256, ਮੁੱਲ: 300 /-) ਇਕ ਖੋਜ ਭਰਪੂਰ ਪੁਸਤਕ ਹੈ।ਜਿਸ ਰਾਹੀਂ ਸਾਨੂੰ ਆਪਣੀ ਅਮੀਰ ਸਭਿਆਚਾਰਕ ਵਿਰਾਸਤ ਦਾ ਗਿਆਨ ਹੁੰਦਾ ਹੈ।ਲੇਖਿਕਾ ਪੁਰਾਣੇ ਪੰਜਾਬ ਦੇ ਮਨ ਮੋਹਣੇ ਦ੍ਰਿਸ਼ ਬੜੀ ਹੁਨਰਮੰਦੀ ਨਾਲ ਸਾਡੇ ਸਨਮੁੱਖ ਕੀਤੇ ਗਏ ਹਨ। ਸ਼ਬਦ ਚੋਣ ਵੀ ਉੱਚ ਪਾਏ ਦੀ ਹੈ ਜਿਸ ਕਰਕੇ ਰੌਚਕਤਾ ਨਾਲ ਹਰ ਵਿਸ਼ੇ ਨੂੰ ਨਿਖਾਰਦੀ ਅਤੇ ਵਿਚਾਰਦੀ ਹੈ।ਜੇਕਰ ਉਸਦੀਆਂ ਸਾਰੀਆਂ ਵਿਰਾਸਤੀ ਪੁਸਤਕਾਂ ਨੂੰ ਇਕੱਠਾ ਕਰੀਏ ਤਾਂ ਉਸਦਾ ਡਾਕਟ੍ਰੇਟ ਦਾ ਥੀਮਜ਼ ਬਣ ਸਕਦਾ ਹੈ।ਹੁਣ ਉਸਦੀ ਚਰਚਾ ਵਿਰਾਸਤ ਦੇ ਖੋਜੀਆਂ ਵਿੱਚ ਹੋਣ ਲਗ ਪਈ ਹੈ।ਅਜਿਹੀਆਂ ਪੁਸਤਕਾਂ ਦੀ ਸਿਰਜਣਾ ਕਰਨੀ ਕੋਈ ਸੁਖਾਲਾ ਕਾਰਜ ਨਹੀਂ ਹੈ।ਲੋਕਾਂ ਦੇ ਮਨ ਦੀਆਂ ਗੱਲਾ ਕਰਨ ਵਿੱਚ ਹਰ ਕੋਈ ਸਫਲ ਨਹੀਂ ਹੋ ਸਕਦਾ ਪਰ ਇਹ ਖੁਦ ਉਹਨਾਂ ਵਿੱਚ ਵਿਚਰਦੀ ਹੋਣ ਕਰਕੇ ਸਫਲ ਹੁੰਦੀ ਹੈ।ਪੰਜਾਬੀ ਵਿਰਸੇ ਦੇ ਵੰਨ- ਸੁਵੰਨੇ ਪਹਿਲੂਆਂ ਨੂੰ 55 ਲੇਖਾਂ ਰਾਹੀਂ ਪੇਸ਼ ਕਰਕੇ ਇਕ ਕੀਮਤੀ ਖਜ਼ਾਨਾ ਆਉਣ ਵਾਲੀਆਂ ਪੀੜੀਆਂ ਲਈ ਤਿਆਰ ਕਰ ਦਿੱਤਾ ਹੈ।ਹਰ ਲੇਖ ਦਾ ਅਨੁਵਾਨ ਵੀ ਬੜਾ ਰੌਚਕ ਹੈ।ਜਿਵੇਂ ਘੱਗਰੇ ਦੀ ਵੇ ਲੌਣ ਭਿੱਜ ਗਈ, ਸੁਰਮਾ ਵਿਕਣਾ ਆਇਆ, ਉਥੇ ਵਿਕਦੇ ਰੇਸ਼ਮੀ ਨਾਲ਼ੇ, ਸੱਸ ਕੁੱਟਣੀ ਸੰਦੁਕਾਂ ਉਹਲੇ, ਗਲੀ ਗਲੀ ਵਣਜਾਰਾ ਫਿਰਦਾ, ਗੁੱਤ ਗੁੰਦ ਦੇ ਕੁਪੱਤੀਏ ਨੈਣੇ ,ਆਉਂਦਾ ਜਾਂਦਾ ਚੱਬ ਦਾਣੇ, ਜਰਾ ਕਾਕੇ ਦਾ ਮਨ ਵਰਜਾਈਂ ਵੇ ,ਲਹੌਰੋਂ ਮੇਲਣ ਆਈ, ਮੇਲੇ ਚੱਲ ਮਿੱਤਰਾ, ਵਿਚੋਲੇ ਬੈਠੇ ਤਰਸਣਗੇ, ਆਵੀਂ ਤੂਤਾਂ ਵਾਲੇ ਖੂਹ ਤੇ ਆਦਿ।ਫਿਰ ਇਹਨਾਂ ਲੇਖਾਂ ਨੂੰ ਲੋੜ ਅਨੁਸਾਰ ਵਿਸਥਾਰ ਦਿੱਤਾ ਹੈ।ਕਿਤੇ ਮਨ ਉਕਤਾਉਂਦਾ ਨਹੀਂ ਸਗੋਂ ਹੋਰ ਅਗੇਰੇ ਪੜ੍ਹਨ ਦੀ ਚਾਹਤ ਜਗਾਉਂਦਾ ਹੈ।ਇਹਨਾਂ ਲੇਖਾਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਵਿੱਚ ਲੇਖਿਕਾ ਨੇ ਪੁਰਾਤਨ ਅਤੇ ਆਧੁਨਿਕ ਸਮਾਜ ਦਾ ਤੁਲਨਾਤਮਿਕ ਅਧਿਐਨ ਪੇਸ਼ ਕੀਤਾ ਹੈ।ਇੰਜ ਇਸ ਪੁਸਤਕ ਦਾ ਮੁੱਲ ਮੌਜੂਦਾ ਸਮੇਂ ਵਿੱਚ ਦੂਣ ਸਵਾਇਆ ਹੋ ਜਾਂਦਾ ਹੈ।ਜੇਕਰ ਸਾਡੀ ਨਵੀਂ ਪੀੜੀ ਨੂੰ ਆਪਣੇ ਮੂਲ ਦਾ ਗਿਆਨ ਹੋਵੇਗਾ ਤਾਂ ਹੀ ਉਹ ਅੱਜ ਨੂੰ ਸੰਭਾਲਦੀ ਹੋਈ ਚੰਗੇਰੇ ਭਵਿੱਖ ਦੀ ਸਿਰਜਣਾ ਕਰ ਸਕਦੀ ਹੈ।ਇੰਜ ਇਹ ਪੁਸਤਕ ਸਾਨੂੰ ਅਮੀਰ ਸੱਭਿਆਚਾਰਕ ਸਰੋਕਾਰਾਂ ਦੇ ਰੂ ਬਰੂ ਕਰਦੀ ਹੈ।ਵੱਡ ਅਕਾਰੀ ਇਸ ਪੁਸਤਕ ਦਾ ਹਰ ਪੰਨਾ ਸਾਡੇ ਲਈ ਇਕ ਆਦਰਸ਼ ਦਾ ਸੁਨੇਹਾ ਦਿੰਦਾ ਹੈ।ਰਿਸ਼ਤਿਆਂ, ਕਿੱਤਿਆਂ, ਖੇਤੀ ਸੰਦਾਂ, ਜ਼ਿੰਮੇਵਾਰੀਆਂ, ਕਲਾਕਾਰੀਆਂ, ਰਹਿਣੀ ਬਹਿਣੀ, ਸਾਂਝ ਤੇ ਦੁਸ਼ਮਣੀ, ਵਹਿਮ ਭਰਮ, ਲੋਕ ਅਖਾਣਾਂ ਆਦਿ ਬਾਰੇ ਮੁਹਾਵਰੇਦਾਰ ਬੋਲੀ ਵਿੱਚ ਰਚਨਾ ਕੀਤੀ ਗਈ ਹੈ।ਹਰ ਲੇਖ ਆਪਣੇ ਆਪ ਵਿੱਚ ਸਾਡੇ ਵਿਰਸੇ ਦੇ ਇਕ ਅੰਗ ਦਾ ਝਲਕਾਰਾ ਪੇਸ਼ ਕਰ ਦਿੰਦਾ ਹੈ।ਸਾਡੇ ਪੇਂਡੂ ਜੀਵਨ ਵਿੱਚ ਲੰਬੜਦਾਰ, ਜੈਲਦਾਰ, ਜ਼ਿਲੇਦਾਰ, ਚੌਕੀਦਾਰ, ਤਹਿਸੀਲਦਾਰ, ਜਗੀਰਦਾਰ ਆਦਿ ਦੀਆਂ ਭੁਮਿਕਾਵਾਂ ਬਾਰੇ ਵੀ ਰੌਸ਼ਨੀ ਪਾਈ ਮਿਲਦੀ ਹੈ।ਸੁਆਣੀਆਂ ਦੁਆਰਾ ਆਪਣੇ ਘਰਾਂ ਨੂੰ ਸਜਾਉਣ ਅਤੇ ਸੁਆਰਨ ਦੇ ਤਰੀਕੇ ਅਤੇ ਰੈਣ ਬਸੇਰੇ ਲਈ ਬਣਾਏ ਜਾਂਦੇ ਘਰਾਂ ਦੀਆਂ ਕਿਸਮਾਂ ਦਾ ਗਿਆਨ ਵੀ ਮਿਲਦਾ ਹੈ।ਵਿਚੋਲੇ ਤਰਸਣਗੇ ਵਾਲੇ ਲੇਖ ਵਿੱਚ ਆਧੁਨਿਕਤਾ ਦੇ ਜਗ ਵਿੱਚ ਸੋਸ਼ਲ ਮੀਡੀਏ ਦੀ ਭੂਮਿਕਾ ਤੇ ਰੌਸ਼ਨੀ ਪਾਈ ਗਈ ਹੈ।ਇੰਜ ਇਸ ਪੁਸਤਕ ਰਾਹੀਂ ਹਰਮੇਸ਼ ਕੌਰ ਯੋਧੇ ਨੇ ਸਾਡੀ ਸਾਂਝ ਉਹਨਾਂ ਸਾਧਨਾਂ ਨਾਲ ਵੀ ਪੁਆਈ ਹੈ ਜਿਨਾਂ ਦੀ ਅਜ ਵਰਤੋਂ ਨਹੀਂ ਹੋ ਰਹੀ।ਫਿਰ ਵੀ ਸਾਡੇ ਜੀਵਨ ਦਾ ਮੁੱਢ ਉਹੀ ਮਿਹਨਤ ਅਤੇ ਕਾਰਜ ਹਨ ਜੋ ਸਾਡੇ ਅਜ ਨੂੰ ਸਿਰਜਦੇ ਹਨ।ਲੋਕਾਂ ਦੀ ਮਾਸੂਮੀਅਤ ਇਮਾਨਦਾਰੀ ਅਤੇ ਕੰਮੰ ਨੂੰ ਪੂਜਾ ਵਾਂਗ ਕਰਨ ਕਰਕੇ ਹੀ ਅਜ ਦਾ ਇਹ ਪੰਜਾਬ ਬਣ ਸਕਿਆ ਹੈ।ਇਸ ਲਈ ਪੰਜਾਬ ਦੀ ਨੌਜਵਾਨ ਪੀੜੀ ਨੂੰ ਹੱਥਲੀ ਪੁਸਤਕ ਪੜ੍ਹਕੇ ਪੁਰਾਣੇ ਅਤੇ ਮੌਜੂਦਾ ਸਮਾਜ ਦੇ ਅੰਤਰ ਵਿਰੋਧਾ ਨੂੰ ਸਮਝਣਾ ਚਾਹੀਦਾ ਹੈ।ਸਮਾਜਕ ਸੋਝੀ ਨਾਲ ਹੀ ਸਾਡੇ ਅੰਦਰ ਗਿਆਨ ਵਿਗਿਆਨ ਦੀ ਰੌਸ਼ਨੀ ਹੁੰਦੀ ਹੈ।ਜਦੋਂ ਸਾਡਾ ਦਿਲ ਦਿਮਾਗ ਗਿਆਨ ਦੀ ਜੋਤ ਨਾਲ ਜਗ ਮਗ ਜਗ ਮਗ ਕਰਦਾ ਹੈ ਤਾਂ ਇਕ ਸੁਚੱਜੇ ਰਾਸ਼ਟਰ ਦਾ ਨਿਰਮਾਣ ਹੁੰਦਾ ਹੈ।ਇਸੇ ਉਦੇਸ਼ ਦੀ ਪ੍ਰਾਪਤੀ ਲਈ ਲੇਖਿਕਾ ਨੇ ਸੰਦਲੀ ਵਿਰਸਾ ਨਾਮੀ ਕੀਮਤੀ ਪੁਸਤਕ ਦੀ ਸਿਰਜਣਾ ਕੀਤੀ।ਇੰਝ ਹਰਮੇਸ਼ ਕੌਰ ਯੋਧੇ ਪੰਜਾਬੀ ਸੱਭਿਆਚਾਰ ਦੇ ਖੋਜੀ ਲੇਖਿਕਾਂ ਵਿਚੋਂ ਆਪਣੀ ਹੁਨਰਮੰਦੀ ਨਾਲ ਅੱਗੇ ਲੰਘ ਜਾਂਦੀ ਹੈ।ਉਦੀ ਮਿੱਤਰ ਮੰਡਲੀ ਵਿੱਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਉੱਘੇ ਲੇਖਕ,ਅਦਾਕਾਰ,ਚਿੱਤਰਕਾਰ,ਪੱਤਰਕਾਰ ਅਤੇ ਸੱਭਿਆਚਾਰਕ ਮੁਹਾਂਦਰੇ ਨੂੰ ਸੁਆਰਨ ਤੇ ਸ਼ਿਗਾਰਨ ਵਾਲੇ ਲੋਕ ਸ਼ਾਮਲ ਹਨ।ਜਿਸ ਕਰਕੇ ਆਏ ਦਿਨ ਉਸਦੀ ਸੋਚ ਨੂੰ ਹੋਰ ਤੇ ਹੋਰ ਨਿਖਾਰ ਮਲਦਾ ਜਾ ਰਿਹਾ ਹੈ।ਜਿਸ ਦੇ ਆਸਰੇ ਉਹ ਸੱਭਿਆਚਾਰਦੇ ਖੇਤਰ ਵਿੱਚ ਉਚੀਆਂ ਉਡਾਰੀਆਂ ਮਾਰਨ ਦੇ ਸਮਰੱਥ ਹੋ ਗਈ।ਹੁਣ ਉਹ ਦਿਨ ਦੂਰ ਨਹੀਂ ਜਦੋਂ ਨਵੀਂ ਪੀੜ੍ਹੀ ਉਸਦੀਆਂ ਕੀਮਤੀ ਪੁਸਤਕਾਂ ਤੇ ਡਾਕਟ੍ਰੇਟ ਦੀ ਡਿਗਰੀ ਪ੍ਰਾਪਤ ਕਰਿਆ ਕਰਨਗੇ।ਅਜ ਉਸਦੀਆਂ ਸਭ ਪੁਸਤਕਾਂ ਰਾਹੀਂ ਅਸੀਂ ਪੰਜਾਬ ਅਤੇ ਪੰਜਾਬੀਆਂ ਦੇ ਗੁਆਚੇ ਨੈਣ ਨਕਸ਼ ਦੇਖ ਸਕਦੇ ਹਾਂ।ਸੰਪਰਕ: +91 98150 18947