Thu, 21 November 2024
Your Visitor Number :-   7254222
SuhisaverSuhisaver Suhisaver

ਪਿੱਤਰ-ਸੱਤਾ ਅਤੇ ਨਾਰੀ ਦਮਨ : ਇਤਿਹਾਸਕ ਪਰਿਪੇਖ - ਜੀਤਪਾਲ ਸਿੰਘ

Posted on:- 04-08-2015

suhisaver

ਆਦਿ ਸਮਾਜ ਵਿਚ ਜਦ ਮਨੁੱਖ ਆਪਣੇ ਆਪ ਨੂੰ ਪਸ਼ੂ ਜਗਤ ਨਾਲੋਂ ਨਿਖੇੜ ਰਿਹਾ ਸੀ, ਜੰਗਲਾਂ ਵਿਚ ਰਹਿੰਦਾ ਤੇ ਸ਼ਿਕਾਰ, ਫ਼ਲ ਆਦਿ ਖਾ ਕੇ ਗੁਜ਼ਾਰਾ ਕਰਦਾ ਸੀ, ਉਸ ਸਮੇਂ ਔਰਤ ਤੇ ਮਰਦ ਬਰਾਬਰੀ ਵਾਲਾ ਜੀਵਨ ਬਤੀਤ ਕਰਦੇ ਸਨ। ਫਿਰ ਮਨੁੱਖ ਨੇ ਹੌਲੀ-ਹੌਲੀ ਪਸ਼ੂ-ਪਾਲਣ ਅਤੇ ਖੇਤੀਬਾੜੀ ਕਰਨੀ ਆਰੰਭੀ। ਇਸ ਸਮੇਂ ਔਰਤ ਦਾ ਕਾਰਜ ਖੇਤਰ ਘਰ ਦੇ ਅੰਦਰ ਅਤੇ ਮਰਦ ਦਾ ਬਾਹਰ ਜੰਗਲ ਵਿਚ ਸੀ। ਪਸ਼ੂ ਪਾਲਣ, ਸ਼ਿਕਾਰ, ਖੇਤੀਬਾੜੀ ਆਦਿ ਦਾ ਕੰਮ ਮਰਦ ਹਿੱਸੇ ਆਉਣ ਕਾਰਨ ਉਤਪਾਦਨ ਦੇ ਸਾਧਨਾ ’ਤੇ ਉਸਦਾ ਕਬਜ਼ਾ ਸੀ ਪਰ ਘਰ ਵਿਚ ਨਾਰੀ ਨੂੰ ਪੂਰਨ ਪ੍ਰਭੂਸੱਤਾ ਪ੍ਰਾਪਤ ਸੀ ।

ਮੁੱਢਲੇ ਕਾਲ ਵਿਚ ਖੁੱਲੇ ਲਿੰਗ-ਸੰਬੰਧ ਅਰਥਾਤ ਟੋਲੀ ਵਿਆਹ ਪ੍ਰਚਲਿਤ ਹੋਣ ਕਾਰਨ ਸੰਤਾਨ ਦੇ ਪਿਤਾ ਬਾਰੇ ਕੋਈ ਜਾਣਕਾਰੀ ਨਾ ਹੋਣ ਕਾਰਨ ਵੰਸ਼ ਮਾਂ ਦੇ ਨਾਮ ’ਤੇ ਚਲਦਾ ਸੀ ਅਤੇ ਸਮਾਜ ਨੂੰ ਮਾਤਰੀ ਸਮਾਜ ਕਿਹਾ ਜਾਂਦਾ ਸੀ। ਇਤਿਹਾਸਕ ਕਾਲਕ੍ਰਮ ਅਨੁਸਾਰ ਸਮੇਂ - ਸਮੇਂ ’ਤੇ ਲਿੰਗ ਸਬੰਧਾਂ ਉਤੇ ਪ੍ਰਤਿਬੰਧਾਂ ਵਜੋਂ ਪਹਿਲਾਂ ਸੰਤਾਨ ਤੇ ਮਾਤਾ-ਪਿਤਾ ਨਾਲ ਫਿਰ ਸਕੇ ਭੈਣ-ਭਰਾਵਾਂ ਦੇ, ਹੌਲੀ-ਹੌਲੀ ਦੂਰ ਦੇ ਚਚੇਰੇ ਭੈਣ-ਭਰਾਵਾਂ ਦੇ ਅਤੇ ਫਿਰ ਇਕ ਗੋਤਰ ਦੇ ਮਰਦ-ਔਰਤ ਦੇ ਆਪਸੀ ਲਿੰਗ ਸੰਬੰਧਾਂ ਨੂੰ ਅਵੈਦ ਕਰਾਰ ਦੇ ਦਿੱਤਾ ਗਿਆ। ਹੁਣ ਟੋਲੀ ਵਿਆਹ ਦੀ ਥਾਂ ਜੋੜੀ ਵਿਆਹ ਨੇ ਲੈ ਲਈ ਅਤੇ ਇਸੇ ਆਧਾਰ ’ਤੇ ਵਿਅਕਤੀਗਤ ਨਿੱਜੀ ਸੰਮਤੀ, ਸੰਤਾਨ ਅਤੇ ਉਤਰਾਅਧਿਕਾਰ ਦੀ ਸਥਾਪਨਾ ਹੋਈ। ਇਸੇ ਨਿਜੀ ਜਾਇਦਾਦ ਦੀ ਸੰਸਥਾ ਨੇ ਔਰਤ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਮਰਦ ਦੀ ਦਾਸੀ ਬਣਾ ਦਿੱਤਾ ਅਤੇ ਮਾਤਰੀ ਪ੍ਰਧਾਨ ਸਮਾਜ ਦਾ ਅੰਤ ਕਰ ਦਿੱਤਾ। ਐਫ਼ ਏਂਗਲਜ਼ ਦੇ ਸ਼ਬਦਾਂ ਵਿਚ:

The overthrow of mother right was the world historic defeat of the female sex. The man seized the reins in the house also, the woman was degreded enthralled the slave of the man’s lust a more instrument for breeding children.1

ਆਦਿ ਸਮਾਜ ਤੋਂ ਅਗਲੇ ਦਾਸ ਸਮਾਜ ਵਿਚ ਜਿਥੇ ਸ਼ਕਤੀਸ਼ਾਲੀ ਮਾਲਕ ਵਰਗ ਆਪਣੇ ਗੁਲਾਮਾਂ ਅਤੇ ਉਹਨਾਂ ਦੀਆਂ ਔਰਤਾਂ ਤੋਂ ਮਨ-ਮਰਜ਼ੀ ਦਾ ਕੰਮ ਕਰਵਾਉਂਦਾ ਸੀ ਉਥੇ ਉਸ ਕੋਲ ਉਹਨਾਂ ਨੂੰ ਜਾਨ ਤੋਂ ਮਾਰਨ ਤੱਕ ਦਾ ਕਾਨੂੰਨੀ ਅਧਿਕਾਰ ਵੀ ਸੀ। ਭਾਵੇਂ ਦਾਸ ਸਮਾਜ ਵਿਚ ਵੀ ਔਰਤ ਦੀ ਹਾਲਤ ਤਰਸਯੋਗ ਸੀ ਪਰ ਇਸ ਤੋਂ ਅਗਲੀ ਇਕ ਵੱਖਰੀ ਪ੍ਰਕਾਰ ਦੀ ਨਿੱਜੀ ਜਾਇਦਾਦ ’ਤੇ ਆਧਾਰਿਤ ਸਾਮੰਤਵਾਦੀ ਸਮਾਜਿਕ ਵਿਵਸਥਾ ਵਿਚ ਔਰਤ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ। ਇਸੇ ਸਮੇਂ ਔਰਤ ਦੇ ਅਧਿਕਾਰ ਨਾ ਦੀ ਕੋਈ ਚੀਜ਼ ਹੀ ਨਾ ਰਹਿ ਗਈ। ਉਸਨੂੰ ਜਾਨਵਰਾਂ ਵਾਂਗ ਘਰ ਦੀ ਚਾਰ-ਦੀਵਾਰੀ ਵਿਚ ਰੱਖਿਆ ਜਾਣ ਲੱਗਾ। ਔਰਤ ਸਿਰਫ਼ ਜਾਗੀਰਦਾਰਾਂ ਦੀ ਐਸ਼-ਪ੍ਰਸਤੀ ਅਤੇ ਆਰਾਮ ਵਿਚ ਵਾਧਾ ਕਰਨ ਦਾ ਸਾਧਨ ਬਣ ਗਈ। ਇਸੇ ਸਮੇਂ ਲੜਕੀ ਨੂੰ ਜਨਮ ਸਮੇਂ ਮਾਰਨ, ਬਾਲ ਵਿਆਹ, ਵੇਸ਼ਵਾਗਮਨੀ, ਸਤੀ-ਪ੍ਰਥਾ ਆਦਿ ਵਰਗੀਆਂ ਕੁਰੀਤੀਆਂ ਦਾ ਜਨਮ ਹੋਇਆ। ‘‘ਪੁਰਸ਼ ਦੀ ਇਹ ਹਿੰਸਾ ਦੇ ਪਿਛੇ ਉਹ ਸ਼ਾਸਤਰ ਜਾਂ ਧਰਮ ਸੀ ਜਿਸਨੂੰ ਨਵੀਂ ਸ਼ਾਸ਼ਨ ਸੱਤਾ ਵਿਵਹਾਰ ਵਿਚ ਲਿਆ ਰਹੀ ਸੀ ਅਤੇ ਉਸ ਸ਼ਾਸ਼ਨ ਸੱਤਾ ਦੀ ਉਤਪਤੀ, ਉਤਪਾਦਨ ਦੀਆਂ ਨਵੀਆਂ ਸ਼ਕਤੀਆਂ ਅਰਥਾਤ ਸੰਪਤੀ ਅਤੇ ਸਮਾਜ ਦੇ ਨਵੇਂ ਸੰਬੰਧਾਂ ਤੋਂ ਹੋਈ ਸੀ। ’’ ੨

ਸਾਮੰਤੀ ਸਮਾਜ ਵਿਚ ਪੁਰਸ਼ ਔਰਤ ਨੂੰ ਬਾਜ਼ਾਰੂ ਵਸਤਾਂ ਵਾਂਗ ਖਰੀਦਦਾ-ਵੇਚਦਾ ਅਤੇ ਕਈ ਵਾਰ ਜੂਏ ਵਿਚ ਹਾਰ ਵੀ ਜਾਂਦਾ ਸੀ। ਇਸ ਤਰ੍ਹਾਂ ਦੇ ਵਾਤਾਵਰਣ ਵਿਚ ਮਰਦ ਦੇ ਹੱਥ ਵਿਚ ਵਸਤ ਬਣ ਕੇ ਰਹਿ ਗਈ ਨਾਰੀ ਦਾ ਚੇਤਨ ਤੌਰ ’ਤੇ ਮਰਦ ਦੇ ਮੁਕਾਬਲੇ ਪਛੜ ਜਾਣਾ ਸੁਭਾਵਿਕ ਹੀ ਸੀ।

ਸਾਮੰਤਵਾਦੀ ਸਮਾਜਿਕ ਵਿਵਸਥਾ ਦੇ ਅੰਦਰ ਨਵੇਂ ਉਤਪਾਦਨ ਸਾਧਨਾਂ ਅਤੇ ਸੰਦਾਂ ਦੇ ਵਿਕਾਸ ਵਜੋਂ ਨਵੀਂ ਸਮਾਜਿਕ-ਆਰਥਿਕ ਸੰਰਚਨਾ ਅਰਥਾਤ ਪੂੰਜੀਵਾਦੀ ਸਨਅਤੀ ਸਮਾਜਿਕ ਵਿਵਸਥਾ ਹੋਂਦ ਵਿਚ ਆਈ। ‘‘ਸਾਮੰਤਵਾਦ ਦੇ ਗਰਭ ਵਿਚ ਜਦ ਪੂੰਜੀਵਾਦ ਦਾ ਭਰੂਣ ਵਿਕਸਤ ਹੋ ਰਿਹਾ ਸੀ, ਉਸੇ ਸਮੇਂ ਤੋਂ ਸਮਾਜਿਕ ਉਤਪਦਾਨ ਵਿਚ ਔਰਤਾਂ ਦੀ ਭਾਗੀਦਾਰੀ ਸ਼ੁਰੂ ਹੋ ਕੇ ਵੱਧਦੀ ਗਈ। ਇਹ ਉਹ ਪਦਾਰਥਕ ਆਧਾਰ ਸੀ ਜਿਸਨੇ ਪਹਿਲੀ ਵਾਰ ਔਰਤਾਂ ਦੇ ਅੰਦਰ ਸਮਾਜਿਕ ਅਧਿਕਾਰਾਂ ਦੀ ਚੇਤਨਾ ਨੂੰ ਜਨਮ ਦਿੱਤਾ। ’’ ੩

ਪੂੰਜੀਵਾਦੀ ਸਨਅਤੀ ਸਮਾਜਿਕ ਵਿਵਸਥਾ ਵੱਧ ਤੋਂ ਵੱਧ ਮੁਨਾਫ਼ੇ ਨੂੰ ਆਪਣਾ ਅੰਤਿਮ ਨਿਸ਼ਾਨਾ ਮਿਥਦੀ ਹੈ। ਇਸੇ ਲਈ ਸਨਅਤਕਾਰਾਂ ਦੇ ਘੱਟ ਵੇਤਨ ਦੇ ਲੋਭ ਅਤੇ ਲੋੜ ਵਿਚੋਂ ਔਰਤ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਏ। ਸਨਅਤੀ ਵਿਕਾਸ ਦੇ ਸਿੱਟੇ ਵਜੋਂ ‘‘ਔਰਤਾਂ ਨਾਲ ਜੁੜੇ ਪਰੰਪਰਾਗਤ ਕਾਰਜ ਕਢਾਈ, ਸਿਲਾਈ, ਬੁਣਾਈ ਸਨਅਤ ਵੱਡੇ ਪੈਮਾਨੇ ’ਤੇ ਸਥਾਪਤ ਹੋਣ ਲੱਗੀ। ਇਸ ਨਾਲ ਔਰਤਾਂ ਕਿਰਿਆਸ਼ੀਲਤਾ ਵਿਚ ਭਾਗੀਦਾਰ ਬਣੀਆਂ। ਸ਼ਹਿਰਾਂ ਦਾ ਨਿਰਮਾਣ ਹੋਇਆ, ਹੋਰ ਉਦਯੋਗ ਸਥਾਪਤ ਹੋਏ। ਹੁਣ ਔਰਤਾਂ ਸੰਬੰਧੀ ਕੰਮ-ਬੱਚਿਆਂ ਦੀ ਦੇਖ-ਰੇਖ, ਸਫ਼ਾਈ ਅਤੇ ਨਰਸਿੰਗ ਲਈ ਆਮਦਨ ਮਿਲਣ ਲੱਗੀ। ਇਉਂ ਉਤਪਾਦਨ ਦੇ ਸਾਧਨਾ ਵਿਚ ਪਰਿਵਰਤਨ ਹੋਣ ਨਾਲ ਔਰਤਾਂ ਦੀ ਭੂਮਿਕਾ ਅਤੇ ਉਹਨਾਂ ਦੇ ਰੁਤਬੇ ਵਿਚ ਵੀ ਤਬਦੀਲੀ ਆਈ।’’ ੪ ਔਰਤਾਂ ਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਆਉਣ ਦਾ ਮੌਕਾ ਮਿਲਿਆ। ਸਮਾਜਿਕ ਉਤਪਾਦਨ ਦੇ ਕੰਮਾਂ ਵਿਚ ਸ਼ਮੂਲੀਅਤ ਨੇ ਉਸ ਨੂੰ ਕੁਝ ਹੱਦ ਤੱਕ ਆਰਥਿਕ ਤੌਰ ‘ਤੇ ਨਿਰਭਰ ਬਣਾਇਆ ਅਤੇ ਉਸਦੇ ਕੰਮ ਨੂੰ ਸਮਾਜਿਕ ਪ੍ਰਵਾਨਗੀ ਵੀ ਮਿਲਣ ਲੱਗੀ। ਇਸ ਨਾਲ ਉਸਨੂੰ ਸਵੈ-ਨਿਰਮਾਣ ਕਰ ਪਾਉਣ ਦਾ ਆਤਮ-ਵਿਸ਼ਵਾਸ ਅਤੇ ਅਵਸਰ ਮਿਲਿਆ।

ਪਹਿਲੀ ਵਾਰ ਔਰਤ ਨੂੰ ਸਮੁੱਚੀਆਂ ਮਰਦ ਪ੍ਰਧਾਨ ਸਮਾਜ ਵਿਚਲੀਆਂ ਔਰਤ ਵਿਰੋਧੀ ਨੈਤਿਕ ਮਰਯਾਦਾਵਾਂ ਨੂੰ ਤੋੜਨ ਦਾ ਮੌਕਾ ਮਿਲਿਆ। ਔਰਤ-ਮਰਦ ਦੇ ਵਰਜਿਤ ਸਰੀਰਕ ਰਿਸ਼ਤਿਆਂ ਦੀਆਂ ਉਲੀਕੀਆਂ ਰੇਖਾਵਾਂ, ਜਿਹਨਾਂ ਨੂੰ ਉਲੰਘਣ ਦਾ ਹੌਸਲਾ ਹਾਲੇ ਤੱਕ ਉਹ ਨਹੀਂ ਜੁਟਾ ਸਕੀ ਸੀ, ਗਰਭ ਰੋਕੂ ਵਸੀਲਿਆਂ ਦੇ ਹੋਂਦ ਵਿਚ ਆਉਣ ਨਾਲ ਉਹ ਇਹਨਾਂ ਰਿਸ਼ਤਿਆਂ ਦੇ ਸੁਖ ਨੂੰ ਵੀ ਮਾਨਣ ਲੱਗੀ। ‘‘ਯੌਨ ਸੁਖ ਨਾਲ ਗਰਭ ਧਾਰਨ ਦੀਆਂ ਅਨਿਵਾਰੀ ਚਿੰਤਾਵਾਂ ਤੋਂ ਵੀ ਉਸਨੂੰ ਛੁਟਕਾਰਾ ਮਿਲ ਗਿਆ ਹੈ ਕਿਉਂਕਿ ਹੁਣ ਉਹ ਕਿਸੇ ਇਕ ਪੁਰਸ਼ ਉਤੇ ਨਿਰਭਰ ਰਹਿਣ ਲਈ ਮਜ਼ਬੂਰ ਨਹੀਂ ਰਹੀ ਹੈ। ਇਸ ਲਈ ਯੌਨ ਅਕਾਂਖਿਆਵਾਂ ਦੇ ਪ੍ਰਗਟਾਵੇ ਵਿਚ ਵੀ ‘ਸ਼ਰਮ’ ਅਤੇ ‘ਵਰਜਨਾਵਾਂ’ ਨਾਲ ਘਿਰੇ ਰਹਿਣ ਦੀ ਲਾਚਾਰੀ ਉਸਦੇ ਸਾਹਮਣੇ ਨਹੀਂ ਰਹਿ ਗਈ ਹੈ। ਇਸ ਨਾਲ ‘ਇਕ ਨਵੀਂ ਇਸਤਰੀ’ ਸਾਹਮਣੇ ਆਈ ਹੈ। ’’ ੫ ਇਸ ਪੜ੍ਹੀ ਲਿਖੀ, ਆਰਥਿਕ ਤੌਰ ’ਤੇ ਸਵੈ ਨਿਰਭਰ ਅਤੇ ਹੱਕਾਂ ਪ੍ਰਤੀ ਜਾਗਰੂਕ ਔਰਤ ਦੀ ਉਤਪਾਦਨ ਵਿਚ ਭਾਗੀਦਾਰੀ ਨੇ ਹੀ ਸੰਗਠਿਤ ਨਾਰੀਵਾਦੀ ਸੰਘਰਸ਼ ਦੇ ਧਾਰਤਲ ਨੂੰ ਤਿਆਰ ਕੀਤਾ।

ਪਰ ਵਧੇਰੇ ਡੂੰਘਾਈ ਨਾਲ ਸੋਚ ਵਿਚਾਰ ਕਰਦਿਆਂ ਅਸੀ ਦੇਖਦੇ ਹਾਂ ਕਿ ਪੂੰਜੀਵਾਦੀ ਸਨਅਤੀਕਰਨ ਨੇ ਨਾਰੀ ਦੀ ਕਿਰਤ-ਸ਼ਕਤੀ ਦਾ ਕੇਵਲ ਮੰਡੀਕਰਨ ਹੀ ਕੀਤਾ ਹੈ। ਸਰਮਾਏਦਾਰੀ ਨੇ ਆਪਣੀ ਲੋੜ ਨੂੰ ਇਸ ਸਮਾਜ ਦੇ ਸਨਅਤੀ ਮਜ਼ਦੂਰ ਨੂੰ ਪੜ੍ਹਾਇਆ ਹੈ। ਔਰਤ ਨੂੰ ਵਿਦਿਆ ਦਿੱਤੀ ਹੈ। ਆਪਣੇ ਕੰਮ ਦੀ ਵੰਡ ਦੇ ਅਧੀਨ,ਆਪਣੇ ਸਨਅਤੀ ਸਮਾਜਿਕ ਪੇਸ਼ਿਆਂ ਵਿਚੋਂ ਘਰੋਂ ਬਾਹਰ ਉਸਨੂੰ ਰੋਜ਼ਗਾਰ ’ਤੇ ਲਾਇਆ ਹੈ। ਜਿਸਦਾ ਲਾਭ ਨਾਰੀ ਨਾਲੋਂ ਵੱਧ ਸਰਮਾਏਦਾਰੀ ਰਾਜ ਪ੍ਰਬੰਧ ਨੂੰ ਹੀ ਗਿਆ ਅਤੇ ਇਹ ਵਧੇਰੇ ਆਕਰਮਨ ਢੰਗ ਨਾਲ ਨਾਰੀ ਉਤੇ ਹਾਵੀ ਹੋਇਆ ਹੈ।

ਜਿੱਥੇ ਪੂੰਜੀਵਾਦੀ ਸਨਅਤੀ ਸਭਿਆਚਾਰ ਦੇ ਦੌਰ ਵਿਚ ਔਰਤ ਦੇ ਸਵੈ-ਨਿਰਭਰ ਹੋ ਕੇ ਮਰਦ ਦੇ ਬਰਾਬਰ ਹੋਣ ਦਾ ਰਾਹ ਖੁਲਿਆ, ਉਥੇ ਮਨੁੱਖੀ ਮਾਨਸਿਕਤਾ ਵਿਚ ਘਰ ਕਰ ਚੁੱਕੀਆਂ ਮਰਦ-ਪ੍ਰਧਾਨ ਸਮਾਜਿਕ ਪਰੰਪਰਾਵਾਂ, ਰੀਤੀ-ਰਿਵਾਜ ਅਤੇ ਔਰਤ ਪ੍ਰਤੀ ਮਰਦ ਦਾ ਨਜ਼ਰੀਆ ਬਹੁਤ ਘੱਟ ਬਦਲਿਆ। ਹਾਲੇ ਤੱਕ ਗ੍ਰਹਿਸਥੀ ਜੀਵਨ ਵਿਚ ਔਰਤ ਦੇ ਪਰਿਵਾਰ ਦੀ ਦੇਖਭਾਲ ਅਤੇ ਹੋਰ ਘਰੇਲੂ ਕਾਰਜਾਂ ਦਾ ਸਮਾਜ ਵਲੋਂ ਕੋਈ ਆਰਥਿਕ ਮੁਲੰਕਣ ਨਾ ਕਰਨਾ ਔਰਤ ਦੀ ਬਹੁਤ ਹੀ ਵੱਡੀ ਸਮੱਸਿਆ ਹੈ। ‘‘ਘਰ ਵਿਚ ਪਤੀ ਦੇ ਜੀਵਨ ਨੂੰ ਅਰਾਮਦੇਹ ਬਣਾਉਣਾ ਅਤੇ ਪਰਿਵਾਰ ਦੇ ਪਾਲਣਹਾਰ ਦੇ ਰੂਪ ਵਿਚ ਉਸਦੇ ਆਤਮ-ਵਿਸ਼ਵਾਸ ਨੂੰ ਬਣਾਉਣਾ ਉਸਦਾ ਕੰਮ ਹੈ, ਘਰ ਤੋਂ ਬਾਹਰ ਔਰਤ ਦੇ ਇਸ ਕੰਮ ਦਾ ਇਹ ਇਕ ਅਜਿਹਾ ਪੱਖ ਹੈ ਜਿਸਦਾ ਮੁਲਾਂਕਣ ਤੱਕ ਨਹੀਂ ਹੋਇਆ। ’’ 6

ਅੱਜ ਵੀ ਕੰਮਕਾਜੀ ਔਰਤਾਂ ਨੂੰ ਬਾਹਰ ਨੌਕਰੀ ਕਰਦਿਆਂ ਹੋਇਆ ਘਰ ਦਾ ਕੰਮ ਵੀ ਕਰਨਾ ਪੈਂਦਾ ਹੈ। ਮਰਦ ਉਹਨਾਂ ਦਾ ਹੱਥ ਨਹੀਂ ਵਟਾਉਂਦੇ, ਜੇਕਰ ਕੋਈ ਉਦਾਰ ਮਰਦ ਘਰੇਲੂ ਕੰਮ ਵਿਚ ਔਰਤਾਂ ਦਾ ਹੱਥ ਵਟਾਉਂਦਾ ਹੈ ਤਾਂ ਉਸਦੀ ਪਰੰਪਰਕ ਜੜ੍ਹ ਸੰਸਕਾਰਾਂ ਨੂੰ ਆਧਾਰ ਬਣਾ ਕੇ ਅਕਸਰ ਘੌਰ ਨਿੰਦਿਆ ਕੀਤੀ ਜਾਂਦੀ ਹੈ।

ਵਿਆਹ ਦੀ ਪਰੰਪਰਾਈ ਸੰਸਥਾ ਦੇ ਤਹਿਤ ਨੈਤਿਕ ਕਦਰਾਂ ਕੀਮਤਾਂ ਦੇ ਅੰਤਰਗਤ ਔਰਤ ਦੀ ਕਾਮੁਕਤਾ ’ਤੇ ਬੰਦਸ਼ਾਂ ਮਰਦ ਨਾਲੋਂ ਵਧੇਰੇ ਲਗਾਈਆਂ ਜਾਂਦੀਆਂ ਹਨ। ਜੋ ਮੌਜੂਦਾ ਦੌਰ ਵਿਚ ਵੀ ਮਨੁੱਖੀ ਮਾਨਸਿਕਤਾ ਦਾ ਅਨਿੱਖੜਵਾਂ ਅੰਗ ਬਣੀਆਂ ਹੋਈਆਂ ਹਨ। ‘‘ਇਸ ਦਿ੍ਰਸ਼ਟੀ ਤੋਂ ਨਾਰੀ ਨਾਲ ਜੋੜੇ ਜਾਣ ਵਾਲੇ ਤਿਆਗ, ਤਪੱਸਿਆ, ਸੇਵਾ, ਸਨੇਹ, ਪ੍ਰੇਮ, ਪਤੀਬਰਤਾ, ਸਹਿਣਸ਼ੀਲਤਾ, ਨਿਮਰਤਾ, ਕੋਮਲਤਾ ਆਦਿ ਗੁਣ ਅਸਲ ਵਿਚ ਗੁਣ ਨਾ ਹੋ ਕੇ ਉਸ ਦੀਆਂ ਖਾਸ ਰੁਕਾਵਟਾਂ ਵਿਚ ਵਿਕਿਸਤ ਵਿਕਲਪਹੀਣ ਮਜ਼ਬੂਰੀਆਂ ਕਹਾ ਸਕਦੀਆਂ ਹਨ। ’’ 7 ਮਾਰਕਸਵਾਦੀ ਚਿੰਤਕਾਂ ਦੀ ਦਿ੍ਰਸ਼ਟੀ ਵਿਚ ਨਾਰੀ ਉਤੇ ਇਹਨਾਂ ਬੰਦਸ਼ਾਂ ਦਾ ਸਿੱਧਾ ਸੰਬੰਧ ਨਿੱਜੀ ਜਾਇਦਾਦ ਦੀ ਸੰਸਥਾ ਨਾਲ ਹੈ, ਜੋ ਕਿ ਪੂੰਜੀਵਾਦੀ ਪ੍ਰਬੰਧ ਦਾ ਆਧਾਰ ਹੈ। ਪੁਰਸ਼ ਪ੍ਰਧਾਨ ਪੂੰਜੀਵਾਦੀ ਸਮਾਜਿਕ ਸੱਤਾ ਵਿਚ ਪੁਰਸ਼ ਆਪਣੀ ਜਾਇਦਾਦ ਦੇ ਵਾਰਿਸ ਲਈ ਔਰਤ ਨੂੰ ਇਕ ਸਾਧਨ ਵਜੋਂ ਇਸਤੇਮਾਲ ਕਰਦਾ ਹੈ। ਔਰਤ ਵਲੋਂ ਬੱਚੇ ਨੂੰ ਪੈਦਾ ਕਰਨ ਅਤੇ ਉਸਨੂੰ ਪਾਲਣ ਪੋਸ਼ਣ ਦੇ ਸਮਾਜਿਕ ਯੋਗਦਾਨ ਦਾ ਵੀ ਸਮਾਜ ਵਲੋਂ ਕੋਈ ਮੁੱਲ ਨਹੀਂ ਪਾਇਆ ਜਾਂਦਾ। ਇਸ ਸੰਦਰਭ ਵਿਚ ਸੀਮੋਨ ਦ ਬੀਵੋਰ ਦਾ ਇਹ ਕਥਨ ਬਹੁਤ ਮਹੱਤਵਪੂਰਨ ਹੈ:
ਜੇਕਰ ਕੋਈ ਔਰਤ ਇਸਦੇ ਬਾਵਜੂਦ ਬੱਚਾ ਚਾਹੁੰਦੀ ਹੈ ਤਾਂ ਬਿਹਤਰ ਹੋਵੇਗਾ ਕਿ ਉਹ ਬਿਨਾਂ ਵਿਆਹ ਕੀਤਿਆਂ ਇਕ ਬੱਚੇ ਦੀ ਮਾਂ ਬਣੇ ਕਿਉਂਕਿ ਵਿਆਹ ਅਸਲ ਵਿਚ ਇਕ ਭਿਅੰਕਰ ਕਾਰਾ ਹੈ। 8

ਵਿਆਹ ਦੀਆਂ ਪਰੰਪਰਾਈ ਨੈਤਿਕ ਮਰਯਾਦਾਵਾਂ ਵਿਚ ਤਬਦੀਲੀ ਨਾ ਆਉਣ ਕਾਰਨ ਹੀ ਪੜ੍ਹੀਆਂ ਲਿਖੀਆਂ ਜਾਗਰੂਕ ਔਰਤਾਂ ਵਲੋਂ ਇਸ ਸੰਸਥਾ ਨੂੰ ਚੁਣੌਤੀ ਦੇਣ ਦਾ ਜਾਂ ਇਸ ਤੋਂ ਵੀ ਅੱਗੇ ਨਸ਼ਟ ਕਰ ਦੇਣ ਦੇ ਵੱਧ ਰਹੇ ਰੁਝਾਨ ਦਾ ਕਾਰਨ ਮੰਨਿਆ ਜਾ ਸਕਦਾ ਹੈ।

ਨਿਰਸੰਦੇਹ ਮਰਦ ਕੇਂਦਰਿਤ ਪੂੰਜੀਵਾਦੀ ਸਮਾਜਿਕ ਸੱਤਾ ਵਾਲੇ ਸਮਾਜ ਵਿਚ ਆਰਥਿਕ, ਸਮਾਜਿਕ, ਸਰੀਰਕ ਅਤੇ ਭਾਵਨਾਤਮਕ ਤੌਰ ਤੇ ਨਾਰੀ ਦਾ ਬਹੁਪੱਖੀ ਸ਼ੋਸਣ ਕੀਤਾ ਜਾਂਦਾ ਹੈ।

ਅਜੋਕਾ ਸਮਾਂ ਵਿਸ਼ਵੀਕਰਨ ਦਾ ਸਮਾਂ ਹੈ। ਇਸ ਦੌਰ ਵਿਚ ਜਿਥੇ ਨਾਰੀ ਦੀ ਸਥਿਤੀ ਵਿਚ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ, ਉਥੇ ਔਰਤ ਨੂੰ ਨਵੇਂ ਪ੍ਰਕਾਰ ਦੀਆਂ ਵਧੇਰੇ ਕਠਿਨ ਤੇ ਗੁੰਝਲਦਾਰ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਸ ਵਿਸ਼ਵੀਕਰਨ ਦੇ ਦੌਰ ਵਿਚ ਨਾਰੀ ਦੀ ਸਥਿਤੀ ਬਾਰੇ ਚਰਚਾ ਕਰਦਿਆਂ ਅਭਯ ਕੁਮਾਰ ਦੂਬੇ ਨੇ ਕਈ ਅਹਿਮ ਮੁੱਦੇ ਸਾਹਮਣੇ ਲਿਆਂਦੇ ਹਨ। ਉਸ ਅਨੁਸਾਰ ‘ਜਿੱਥੇ ਬੇਰੁਜ਼ਗਾਰੀ ਕਾਰਨ ਦੋ ਵੇਲੇ ਦੀ ਰੋਟੀ ਤੋਂ ਮੁਥਾਜ ਔਰਤ ਨੂੰ ਮਜ਼ਬੂਰੀ ਵਿਚ ਵੇਸ਼ਵਾਗਮਨੀ ਵੱਲ ਆਉਣਾ ਪਿਆ, ਉਥੇ ਆਰਥਿਕ ਮੌਕਿਆਂ ਦੇ ਘਟਣ ਨਾਲ ਵੱਖ-ਵੱਖ ਦੇਸ਼ਾਂ(ਫਿਲਪੀਨ, ਬੰਗਲਾਦੇਸ਼, ਸ਼੍ਰੀ ਲੰਕਾ, ਕਈ ਮੱਧ ਅਮਰੀਕੀ ਦੇਸ਼) ਵਿਦੇਸ਼ੀ ਮੁਦਰਾ ਕਮਾਉਣ ਹਿੱਤ ਸੈਕਸ ਟੂਰਿਜ਼ਮ ਨੂੰ ਉਤਸ਼ਾਹਿਤ ਕਰ ਰਹੇ ਹਨ। ਇਹ ਦੇਸ਼ ਵੱਖ-ਵੱਖ ਧੰਦਿਆਂ ਦੀ ਆੜ ਹੇਠ ਵਿਕਸਿਤ ਦੇਸ਼ਾਂ ਵਿਚ ਔਰਤਾਂ ਦੇ ਨਿਰਯਾਤ ਤੋਂ ਵਿਦੇਸ਼ੀ ਮੁਦਰਾ ਕਮਾ ਕੇ ਆਪਣੀ ਆਰਥਿਕ ਸਥਿਤੀ ਨੂੰ ਸੁਧਾਰਨ ਦੇ ਯਤਨ ਕਰ ਰਹੇ ਹਨ। 9 ਇਸ ਦੌਰ ਵਿਚ ਪੁਰਸ਼ ਪ੍ਰਧਾਨ ਸਮਾਜ ਵਲੋਂ ਔਰਤ ਨੂੰ ਨੀਵੇਂ ਰੱਖਣ ਦੀਆਂ ਸਾਜਿਸ਼ਾਂ ਨਵੇਂ ਢੰਗ ਨਾਲ ਔਰਤ ਦੀ ਸਮੁੱਚੀ ਜ਼ਿੰਦਗੀ ਉਤੇ ਭਾਰੂ ਹੋ ਗਈਆਂ ਹਨ। ਔਰਤ ਦੀ ਸੈਕਸੂਆਲਿਟੀ ਦਾ ਬਾਜ਼ਾਰੀਕਰਨ ਕੀਤਾ ਜਾ ਰਿਹਾ ਹੈ। ਔਰਤ ਦੀ ਸੁੰਦਰਤਾ, ਸਜਾਵਟੀ ਸਮੱਗਰੀ, ਕੱਪੜੇ, ਫੈਸ਼ਨ ਅਤੇ ਗਹਿਣੇ ਆਦਿ ਮਰਦ ਨੂੰ ਭਰਮਾਉਣ ਅਤੇ ਜੋਬਨ ਦੀ ਦੁਕਾਨ ਸਜਾਉਣ ਦੇ ਸਾਧਨ ਬਣ ਕੇ ਰਹਿ ਗਏ ਹਨ। ਵਿਸ਼ਵੀਕਰਨ ਦੇ ਸੰਦਰਭ ਵਿਚ ਪ੍ਰਭਾ ਖੇਤਾਨ ਦਾ ਇਹ ਕਥਨ ਵਧੇਰੇ ਸਾਰਥਕ ਹੈ:
ਉਪਭੋਗਤਾਵਾਦੀ ਸੰਸਕ੍ਰਿਤ ਦੌਰ ਵਿਚ ਇਕ ਪਾਸੇ ਜੇਕਰ ਔਰਤ ਦੀ ਸਥਿਤੀ ਮਜ਼ਬੂਤ ਹੋਈ ਹੈ ਤਾਂ ਦੂਜੇ ਪਾਸੇ ਉਹ ਕਮਜ਼ੋਰ ਵੀ ਹੋਈ ਹੈ। ਜੇਕਰ ਇਕ ਪਾਸੇ ਉਸਨੂੰ ਧਨ ਕਮਾਉਣ ਦੇ ਨਵੇਂ ਮੌਕੇ ਮਿਲੇ ਤਾਂ ਦੂਜੇ ਪਾਸੇ ਪਰੰਪਰਿਕ ਉਦਯੋਗ ਦੇ ਬੰਦ ਹੋਣ ਨਾਲ ਪੁਰਸ਼ ਤੋਂ ਪਹਿਲਾਂ ਕੱਢਿਆ ਵੀ ਗਿਆ। ਇਕ ਪਾਸੇ ਉਹ ਸਿੱਧੇ ਬਾਜ਼ਾਰ ਨਾਲ ਗੱਲਬਾਤ ਕਰ ਰਹੀ ਹੈ, ਵਿਗਿਆਨ ਦੀ ਦੁਨੀਆਂ ਵਿਚ ਮਾਡਲ ਦੇ ਰੂਪ ਵਿਚ ਉਭਰੀ ਹੈ, ਸੈਕਸ ਮਿਹਨਤਕਸ਼ ਦੇ ਰੂਪ ਵਿਚ ਆਪਣੀ ਪਹਿਚਾਣ ਮੰਗਦੀ ਹੈ ਅਤੇ ਉਸਨੂੰ ਇਹ ਪਹਿਚਾਣ ਵਧੇਰੇ ਦੇਸ਼ਾਂ ਵਿਚ ਮਿਲੀ ਵੀ ਹੈ, ਪਰ ਦੂਜੇ ਪਾਸੇ ਵਿਵਸਥਾ ਉਸਨੂੰ ਜਿਨਸ ਦੀ ਤਰ੍ਹਾਂ ਖਰੀਦਣ-ਵੇਚਣ ਜਾਂ ਉਸਦਾ ਉਪਯੋਗ ਕਰਨ ਵਿਚ ਪਿਛੇ ਨਹੀਂ ਰਹੀ। 1 0

ਇਸ ਪ੍ਰਸੰਗ ਵਿਚ ਜੇਕਰ ਭਾਰਤੀ ਔਰਤ ਦੀ ਚਰਚਾ ਕਰੀਏ ਤਾਂ ਹੋਰ ਵੀ ਤ੍ਰਾਸਦਿਕ ਪਰਸਥਿਤੀ ਸਾਹਮਣੇ ਆਉਂਦੀ ਹੈ। ਇਕ ਪਾਸੇ ਤਾਂ ਭਾਰਤੀ ਸਮਾਜ ਹਾਲੇ ਵੀ ਸਾਮੰਤੀ ਕਦਰਾਂ-ਕੀਮਤਾਂ ਦੀ ਜਕੜ੍ਹ ਵਿਚੋਂ ਪੂਰੀ ਤਰ੍ਹਾਂ ਨਹੀਂ ਨਿਕਲ ਸਕਿਆ ਤੇ ਦੂਜੇ ਪਾਸੇ ਵਿਕਸਤ ਪੂੰਜੀਵਾਦੀ ਦੇਸ਼ਾਂ ਨਾਲ ਵਿਸ਼ਵੀਕਰਨ ਦੀ ਹੋੜ ਵਿਚ ਸ਼ਾਮਲ ਹੋਣ ਲਈ ਹੱਥ ਪੈਰ ਮਾਰ ਰਿਹਾ ਹੈ। ਇਕ ਪਾਸੇ ਤਾਂ ਨਵੀਨ ਜੀਵਨ ਸ਼ੈਲੀ ਦੇ ਆਧਾਰ ’ਤੇ ਫੈਸ਼ਨ ਤੇ ਸੁੰਦਰਤਾ ਮੁਕਾਬਲੇ ਆਦਿ ਲੋਕਪਿ੍ਰਯਾ ਹੋ ਰਹੇ ਹਨ ਤੇ ਦੂਜੇ ਪਾਸੇ ਮਹਾਨ ਭਾਰਤੀ ਸੰਸਕ੍ਰਿਤੀ ਬਚਾਓ ਆਦਿ ਦੇ ਨਾਅਰਿਆਂ ਤਹਿਤ ਔਰਤਾਂ ਤੇ ਤਰ੍ਹਾਂ-ਤਰ੍ਹਾਂ ਦੀਆਂ ਬੰਦਸ਼ਾਂ ਲਗਾਈਆਂ ਜਾ ਰਹੀਆਂ ਹਨ। ਅੱਜ ਵੀ ਅਨੇਕਾਂ ਪਰੰਪਰਾਵਾਦੀ ਲੋਕਾਂ ਵਲੋਂ ਲੜਕੀਆਂ ਦੇ ਨਵੀਨ ਕੱਪੜੇ (ਜੀਨਸ, ਸਕਰਟਸ ਆਦਿ) ਅਤੇ ਖੁਲ੍ਹੇ-ਆਮ ਵਿਚਰਨ ਤੇ ਇਤਰਾਜ਼ ਕੀਤਾ ਜਾਂਦਾ ਹੈ।

ਭਾਰਤੀ ਔਰਤ ਲਈ ਪਿਤਾ, ਪਤੀ, ਪੁੱਤਰ ਦੇ ਅਧੀਨ ਰਹਿਣ, ਵਿਆਹ ਤੋਂ ਪਹਿਲਾਂ ਸੈਕਸ ਨਾ ਕਰਨ, ਪਤੀ ਨੂੰ ਪ੍ਰਮੇਸ਼ਵਰ ਮੰਨਣ ਆਦਿ ਧਾਰਮਿਕ ਵਰਜਨਾਵਾਂ ਨੂੰ ਤੋੜਨਾ ਬਹੁਤ ਔਖਾ ਹੋ ਰਿਹਾ ਹੈ। ਜਿਸ ਸਮਾਜ ਵਿਚ ਇਸ ਤਰ੍ਹਾਂ ਦੀਆਂ ਧਾਰਮਿਕ ਵਰਜਨਾਵਾਂ ਹੋਣ ਉਥੇ ਔਰਤ ਦੀ ਸਥਿਤੀ ਕੀ ਹੋ ਸਕਦੀ ਹੈ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਦੂਜਾ ਭਾਰਤੀ ਸਮਾਜ ਵਿਚਲੀ ਜਾਤਪਾਤੀ ਸੰਸਥਾ ਨੇ ਵੀ ਔਰਤ ਦੀ ਸਥਿਤੀ ਨੂੰ ਹੀਣ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਪ੍ਰੋ: ਕਿਸ਼ਨ ਸਿੰਘ ਦਾ ਇਹ ਕਥਨ ਬਹੁਤ ਹੀ ਤਰਕਸੰਗਤ ਹੈ:

ਔਰਤ ਨੂੰ ਦੋਹਰੀ ਗੁਲਾਮ ਤਾਂ ਹਰ ਜਮਾਤੀ ਸਮਾਜ ਨੇ ਬਣਾਇਆ ਹੈ ਪਰ ਜਿੰਨਾ ਜਲੀਲ ਉਸਨੂੰ ਬ੍ਰਾਹਮਣੀ ਜਾਤਪਾਤੀ ਕਲਚਰ ਨੇ ਕੀਤਾ ਹੈ ਦੁਨੀਆਂ ਦੀ ਹੋਰ ਕਿਸੇ ਕਲਚਰ ਨੇ ਨਹੀਂ ਕੀਤਾ। 1 1

ਭਾਰਤੀ ਸਮਾਜ ਵਿਚ ਦਾਜ ਦੀ ਸਮੱਸਿਆ ਪਿਛੇ ਵੀ ਮੁੱਖ ਰੂਪ ਵਿਚ ਜਾਤ-ਪਾਤੀ ਸਭਿਆਚਾਰ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ। ਜਿਸ ਤਹਿਤ ਲੜਕੀ ਦੀ ਸਥਿਤੀ ਹੀਣ ਬਣਾ ਦਿੱਤੀ ਜਾਂਦੀ ਹੈ ਤੇ ਉਸ ਦੇ ਵਿਅਕਤਿਤਵ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ। ਭਾਰਤ ਵਿਚ ਬਲਾਤਕਾਰ, ਭਰੂਣ ਹੱਤਿਆ, ਦਹੇਜ਼, ਮਾਰਕੁੱਟ, ਤਲਾਕ ਆਦਿ ਦੇ ਮਾਮਲਿਆਂ ਵਿਚ ਹੋ ਰਿਹਾ ਵਾਧਾ ਭਾਰਤੀ ਸਮਾਜ ਵਿਚ ਔਰਤ ਦੀ ਹੀਣ ਸਥਿਤੀ ਦੇ ਹੀ ਵੇਰਵੇ ਹਨ।
    
ਭਾਵੇਂ ਪੂੰਜੀਵਾਦੀ ਸਮਾਜਿਕ ਵਿਵਸਥਾ ਵਿਚ ਨਾਰੀ ਦਮਨ ਦੇ ਅਨੇਕਾਂ ਨਵੇਂ ਮਸਲੇ ਸਾਹਮਣੇ ਆਏ ਪਰ ਪੂੰਜੀਵਾਦ ਦੌਰ ਵਿਚ ਸਨਅਤੀਕਰਨ ਦੇ ਅੰਤਰਗਤ ਵੱਡੀ ਪੱਧਰ ’ਤੇ ਔਰਤਾਂ ਦੀ ਉਤਪਾਦਨ ਵਿਚ ਭਾਗੀਦਾਰੀ ਨੇ ਹੀ ਪਹਿਲੀ ਵਾਰ ਉਸਨੂੰ ਆਪਣੀ ਸੁਤੰਤਰ ਵਿਅਕਤੀਗਤ ਚੇਤਨਾ ਦਾ ਅਹਿਸਾਸ ਕਰਵਾਇਆ। ਕਿਉਂਕਿ ਪੂੰਜੀਵਾਦ ਤੋਂ ਪਹਿਲਾਂ ਨਾਰੀ ਚੇਤਨਾ ਦਾ ਕੋਈ ਭੌਤਿਕ ਆਧਾਰ ਮੌਜੂਦ ਨਹੀਂ ਸੀ। ਪੂੰਜੀਵਾਦੀ ਸਨਅਤੀਕਰਨ ਵਿਚ ਔਰਤਾਂ ਦਾ ਘਰੋਂ ਬਾਹਰ ਕੰਮ ਲਈ ਨਿਕਲ ਕੇ ਜਨਤਕ ਥਾਵਾਂ ’ਤੇ ਵਿਚਰਨ ਨਾਲ, ਮਜ਼ਦੂਰ ਅੰਦੋਲਨ ਅਤੇ ਸਮਾਜਿਕ ਅੰਦੋਲਨਾਂ ਵਿਚ ਸ਼ਮੂਲੀਅਤ ਨਾਲ ਔਰਤਾਂ ਨੂੰ ਆਪਣੇ ਹੋ ਰਹੇ ਸ਼ੋਸ਼ਣ ਸੰਬੰਧੀ ਜਾਗਰੂਕਤਾ ਆਈ। ਜਿਸਦੇ ਨਤੀਜੇ ਵਜੋਂ ਉਹ ਅਲੱਗ ਰੂਪ ਵਿਚ ਸੰਗਠਤ ਹੋ ਕੇ ਇਸ ਸ਼ੋਸ਼ਣ ਦਾ ਵਿਰੋਧ ਅਤੇ ਆਪਣੀ ਸਥਿਤੀ ਵਿਚ ਸੁਧਾਰ ਲਈ ਯਤਨ ਕਰਨ ਲੱਗੀਆਂ ਹਨ।

ਹਵਾਲੇ ਅਤੇ ਟਿੱਪਣੀਆਂ

੧.    F. Engels,The Origin of the family, private property and the State,    p. 57
੨.    ਸ੍ਰੀਪਦ ਅੰਮਿ੍ਰਤ ਡਾਂਗੇ, ਭਾਰਤ : ਆਦਿਮ ਸਮਾਯਵਾਦ ਸੇ ਦਾਸ-ਪ੍ਰਥਾ ਤੱਕ ਦਾ ਇਤਿਹਾਸ, ਪੰਨਾ 139
੩.    ਕਾਇਤਆਨੀ, ਦੁਰਗ ਦੁਆਰ ਪਰ ਦਸਤਕ, ਪੰਨਾ 90
4.    ਸਤਿੰਦਰ ਰੰਜਨ, ‘ਗੁਲਾਮੀ ਕੀ ਪਰੰਪਰਾ: ਆਧੁਨਿਕਤਾ ਕੀ ਆਜ਼ਾਦੀ’, ਰਾਜਕਿਸ਼ੋਰ
    (ਸੰਪਾ.), ਇਸਤਰੀ, ਪਰੰਪਰਾ ਔਰ ਆਧੁਨਿਕਤਾ, ਪੰਨਾ 43
5.     ਪ੍ਰੋ. ਕਿਸ਼ਨ ਸਿੰਘ, ਆਜ਼ਾਦ ਔਰਤ, ਪੰਨਾ 33
6.     ਜਰਮਨ ਗ੍ਰੀਅਰ, ਬੁਧਿਆ ਇਸਤਰੀ, ਪੰਨਾ 114
7.    ਮੈਥਿਲੀ ਪ੍ਰਸਾਦ ਭਾਰਦਵਾਜ, ‘ਮਾਤਪਣ ਅਤੇ ਨਾਰੀ’, ਆਲੋਚਨਾ (ਅੰਕ 201) (ਤ੍ਰੈਮਾਸਿਕ), ਪੰਨਾ 91
8.    ਮਨੀਸ਼ਾ ਪਾਂਡੇ (ਅਨੁ), ਇਸਤਰੀ ਕੇ ਪਾਸ ਖੋਣੇ ਕੇ ਲੀਏ ਕੁਛ ਨਹੀਂ ਹੈ, ਪੰਨਾ 82
9.     ਅਭਯਕੁਮਾਰ ਦੁਬੇ, ‘ਪਿੱਤਰ ਸੰਤਾ ਕੇ ਨਏ ਰੂਪ: ਭੁਮੰਡਲੀਕਰਨ ਕਾ ਪ੍ਰਤੀਭੂਗੋਲ’,
    ਰਾਜਿੰਦਰ ਯਾਦਵ ਤੇ ਹੋਰ (ਸੰਪਾ.) ਪਿੱਤਰ ਸੱਤਾ ਕੇ ਨਏ ਰੂਪ, ਪੰਨਾ 72-78
10.    ਪ੍ਰਭਾ ਖੇਤਾਨ, ‘ਇਸਤਰੀ ਔਰ ਵਿਸ਼ਵੀਕਰਨ’, ਰਾਮ ਸ਼ਰਨ ਜੋਸ਼ੀ (ਸੰਪਾ.)
    ਵਿਸ਼ਵੀਕਰਨ ਕੇ ਦੋਰ ਮੇ, ਪੰਨਾ 141
11.     ਪ੍ਰੋ. ਕਿਸ਼ਨ ਸਿੰਘ, ਆਜ਼ਾਦ ਔਰਤ, ਪੰਨਾ 107

ਸੰਪਰਕ: +91 94658 23846

Comments

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ