ਮੰਗਲਦੀਪ ਦਾ ਜਨਮ 20 ਅਪ੍ਰੈਲ 1978 ਨੂੰ ਪਿਤਾ ਸ਼੍ਰੀ ਜੀ.ਆਰ.ਲੂਣਾ ਤੇ ਮਾਤਾ ਸੁਲੱਖਣੀ ਜੀ ਦੇ ਘਰ ਪਿੰਡ ਢਕਾਲਾ ਜਿਲ੍ਹਾ ਗੁਰਦਾਸਪੁਰ ਵਿੱਚ ਹੋਇਆ । ਗੁਰਬਤ ਦੇ ਦਿਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਸਨੇ ਹੱਡਭੰਨਵੀਂ ਮਿਹਨਤ ਕਰਕੇ ਐੱਮ. ਏ. ਮਿਊਜਿਕ ( ਵੋਕਲ ),ਤੇ ਬੀ. ਐੱਡ. ਕੀਤੀ ਅਤੇ ਅੱਜ ਉਹ ਬਤੌਰ ਅਧਿਆਪਕ ਸੇਵਾ ਨਿਭਾ ਰਿਹਾ ਹੈ । ਪੜਨਾ ਤੇ ਗਾਉਣਾ ਉਸਦਾ ਸ਼ੌਂਕ ਹੈ ਪਰ ਬਾਲ-ਸਾਹਿਤ ਦੀ ਰਚਨਾ ਉਸਦੀ ਜਿੰਦਗੀ ਦਾ ਉਦੇਸ਼ ਹੈ । ਉਸਨੇ ਛੋਟੀ ਉਮਰੇ ਹੀ ' ਨਿੱਤ ਸਕੂਲੇ ਜਾਂਦਾ ਹਾਂ ', ' ਮਿੱਠੇ ਬੋਲ ' , ' ਸਰਹੰਦ ਦੀ ਦੀਵਾਰ ' , ਮੇਰੇ ਬਾਲ ਗੀਤ ' , ' ਵਸਲਾਂ ਦੇ ਗੀਤ ' , ' ਕਾਲੇ ਚਿੱਟੇ ਬੱਦਲ ਆਏ ' , ' ਮੰਜ਼ਿਲ ਵੱਲ ਵੱਧਦੇ ਕਦਮ ' , ਤੇ ' ਆਉ ਵਿੱਦਿਆ ਦੇ ਦੀਪ ਜਲਾਈਏ ' ਅੱਠ ਬਾਲ-ਪੁਸਤਕਾਂ ਪੰਜਾਬੀ ਮਾਂ-ਬੋਲੀ ਦੀ ਝੋਲੀ ਪਾਈਆਂ ਹਨ । ਉਸਦੇ ਬਾਲ-ਸਾਹਿਤ ਦੀ ਭਾਸ਼ਾ ਸਾਦੀ ਤੇ ਬੱਚਿਆਂ ਦੇ ਪੱਧਰ ਦੀ ਪਰ ਪ੍ਰਭਾਵਸ਼ਾਲੀ ਹੈ । ਉਸਦੀਆਂ ਬਹੁਤ ਸਾਰੀਆਂ ਕਵਿਤਾਵਾਂ ਸਿੱਖਿਆਦਾਇਕ ਹਨ ਅਤੇ ਕੁਝ ਵਿਸ਼ੇ ਬੱਚਿਆਂ ਦੇ ਮਨ-ਭਾਉਂਦੇ ਵਿਸ਼ੇ ਹਨ । ਮੰਗਲਦੀਪ ਦੀਆਂ ਕਵਿਤਾਵਾਂ ਬੱਚਿਆਂ ਨੂੰ ਵਹਿਮ-ਭਰਮ ਦੂਰ ਕਰਕੇ ਉੱਚੇ ਮੁਕਾਮ ਤੇ ਪਹੁੰਚਣ ਲਈ ਪ੍ਰੇਰਦੀਆਂ ਹਨ । ਉਹ ਲਿਖਦਾ ਹੈ , " ਪੜ-ਪੜ ਹਾਂਸਿਲ ਕਰੋ ਗਿਆਨ
ਸਮਾਜ 'ਚ ਉੱਚਾ ਹੋਵੇ ਸਥਾਨ
ਵਿੱਦਿਆ ਬਿਨ ਨਾ ਵੱਧਦੀ ਸ਼ੋਭਾ
ਇਸ ਪਾਸੇ ਹੀ ਰੱਖੋ ਧਿਆਨ
ਵਹਿਮ-ਭਰਮ ਨੂੰ ਲਾਈਏ ਲਾਂਬੂੰ
ਸਦਾ ਵਿਗਿਆਨਕ ਸੋਚ ਅਪਣਾਈਏ
ਆਉ ਅੱਖਰਾਂ ਦੀ ਅਲਖ ਜਗਾਈਏ ।"
ਉਸਦੀਆਂ ਕਵਿਤਾਵਾਂ ਬੱਚਿਆਂ ਨੂੰ ਕੀਮਤੀ ਸਮੇਂ ਦੀ ਕਦਰ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ । ਉਹ ਬੱਚਿਆਂ ਨੂੰ ਮਿਹਨਤ ਅਤੇ ਲਗਨ ਨਾਲ ਤਰੱਕੀ ਕਰਨ ਦਾ ਰਾਹ ਦੱਸਦਾ ਨਜ਼ਰ ਆਉਂਦਾ ਹੈ ," ਬੱਚਿਓ ਮਿਹਨਤ ਕਰਦੇ ਜਾਉ
ਤਰੱਕੀ ਦੀ ਪੌੜੀ ਚੜਦੇ ਜਾਉ
ਸਮਾਂ ਗਿਆ ਨਾ ਮੁਡ਼ ਕੇ ਆਉਣਾ
ਵਿਹਲੇ ਬਹਿ ਨਾ ਵਕਤ ਗੁਆਉਣਾ ।"
ਉਸਦੀਆਂ ਕਵਿਤਾਵਾਂ ਪੜਦੇ ਬੱਚੇ ਹੀ ਨਹੀਂ ਬਲਕਿ ਸਿਆਣੇ ਪਾਠਕ ਵੀ ਉਸਦੀ ਕਹੀ ਗੱਲ ਨੂੰ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਨ ਜਿਵੇਂ ਇੱਕ ਥਾਂ ਉਹ ਅੱਖਾਂ ਦੀ ਸੰਭਾਲ ਦੀ ਗੱਲ ਕਰਦਾ ਹੈ , " ਘੱਟ ਰੌਸ਼ਨੀ 'ਚ, ਜਾਂ ਕਰਦੇ ਸਫਰ
ਕਦੇ ਪੜਾਈ ਨਾ ਕਰੋ ਹਜ਼ੂਰ
ਨੇਰੀ-ਝੱਖੜ ਜਾਂ ਹੋਏ ਦੁਪਹਿਰਾ
ਅੱਖੀਂ ਐਨਕ ਲਾਉ ਜਰੂਰ ।
ਕੋਮਲ ਅੱਖਾਂ ਦਾ ਰੱਖੋ ਧਿਆਨ
ਅੱਖਾਂ ਗਈਆਂ ਗਇਆ ਜਹਾਨ ।"
ਹੁਣ ਇੱਥੇ ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿਉਂਕਿ ਬਹੁਤੀ ਵਾਰ ਅਸੀਂ ਆਪ ਵੀ ਸਫਰ 'ਚ ਜਾਂ ਦੁਪਹਿਰੇ ਪੜਨ ਲੱਗ ਜਾਂਦੇ ਹਾਂ ਤੇ ਬਹੁਤੀ ਵਾਰ ਅਸੀਂ ਵੀ ਐਨਕ ਤੋਂ ਬਿਨਾਂ ਹੀ ਘਰੋਂ ਬਾਹਰ ਨਿਕਲਦੇ ਹਾਂ ।ਇਸੇ ਤਰ੍ਹਾਂ ਜਦ ਉਹ ਬੱਚਿਆਂ ਨਾਲ ਰੁੱਖਾਂ ਦੀ ਗੱਲ ਕਰਦਾ ਹੈ ਤਾਂ ਉਹ ਬੱਚਿਆਂ ਨੂੰ ਰੁੱਖਾਂ ਦੀ ਮਹੱਤਤਾ ਤੋਂ ਭਲੀਭਾਂਤ ਜਾਣੂ ਕਰਵਾਉਂਦਾ ਹੈ । ਉਹ ਧਰਤੀ ਨੂੰ ਸੋਹਣੀ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਕਹਿੰਦਾ ਹੈ ," ਮਿੱਠੜੀ ਤੇ ਠੰਢੜੀ ਹੈ ਛਾਂ ਇਸਦੀ
ਜਿੱਥੇ ਰੁੱਖ ਉਹ ਸੋਹਣੀ ਥਾਂ ਦਿਸਦੀ
ਸੁਨੱਖੀ ਸਾਰੀ ਧਰਤੀ ਬਣਾਈਏ ਬੱਚਿਓ
ਆਉ ਸਾਰੇ ਮਿਲ ਰੁੱਖ ਲਗਾਈਏ ਬੱਚਿਓ । "
ਉਹ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ ਕਿ ਜੇਕਰ ਅਸੀਂ ਆਪਣੇ ਆਲੇਦੁਆਲੇ ਦੀ ਸਫਾਈ ਰੱਖਾਂਗੇ ਤਾਂ ਅਸੀਂ ਸਿਹਤਮੰਦ ਵੀ ਰਹਾਂਗੇ । ਉਹ ਸਫਾਈ ਬਾਰੇ ਚੇਤਨ ਕਰਦਾ ਹੋਇਆ ਮੱਛਰ ਨਾਲ ਹੋਣ ਵਾਲੀਆਂ ਭਿਆਨਕ ਬਿਮਾਰੀਆਂ ਤੋਂ ਵੀ ਸਾਵਧਾਨ ਕਰਦਾ ਹੈ ," ਗਲੀ-ਨਾਲੀ ਦੀ ਰੱਖੋ ਸਫਾਈ
ਫਿਰ ਨਹੀਂ ਡੇਂਗੂ ਲਿਆਉਂਦਾ ਮੱਛਰ
ਮੁਡ਼ ਕਦੇ ਨਹੀਂ ਆਉਂਦਾ ਮੱਛਰ । "
ਉਹ ਗੱਲਾਂ-ਗੱਲਾਂ ਵਿੱਚ ਬੱਚਿਆਂ ਨੂੰ ਘਰੇਲੂ ਗੁਣ ਵੀ ਧਾਰਨ ਕਰਨ ਲਈ ਪ੍ਰੇਰਦਾ ਹੈ । ਉਹ ਸਾਵਧਾਨ ਰਹਿ ਕੇ ਹੀ ਸੱਟ-ਫੇਟ ਤੋਂ ਬਚਾ ਹੋ ਸਕਦਾ ਹੈ ਬੱਚਿਆਂ ਨੂੰ ਸਮਝਾਉਂਦਾ ਨਜ਼ਰ ਆਉਂਦਾ ਹੈ । ਉਹ ਕਹਿੰਦਾ ਹੈ , " ਮਿੱਟੀ-ਘੱਟੇ ਵਿੱਚ ਨਾ ਖੇਡੋ
ਨੱਕ ਵਿੱਚ ਕਦੇ ਨਾ ਉੰਗਲ ਪਾਉ
ਸੁਭਾ-ਸਵੇਰੇ ਜਲਦੀ ਉੱਠੋ
ਰਾਤ ਨੂੰ ਜਲਦੀ-ਜਲਦੀ ਸੋਂ ਜਾਉ
ਸੂਈ-ਚਾਕੂ ਨੂੰ ਖੇਡ ਨਾ ਸਮਝੋ
ਬਿਜਲੀ ਦੀ ਤਾਰ ਨੂੰ ਹੱਥ ਨਾ ਲਾਉ ।"
ਉਪਰੋਕਤ ਸਿੱਖਿਆਵਾਂ ਦੇ ਨਾਲ-ਨਾਲ ਮੰਗਲਦੀਪ ਅਜੋਕੇ ਸਮੇਂ ਦੀਆਂ ਟਰੈਫਿਕ ਸਮੱਸਿਆਵਾਂ ਤੋਂ ਬਚਣ ਲਈ ਵੀ ਬੜੀ ਹੀ ਬਾਖੂਬੀ ਨਾਲ ਟਰੈਫਿਕ ਬੱਤੀਆਂ ਬਾਰੇ ਜਾਣਕਾਰੀ ਦਿੰਦਾ ਹੈ ,
" ਆਹ ਜਿਹੜੀ ਹੈ ਬੱਤੀ ਲਾਲ
ਆਖੇ ਰੁਕ ਜਾ ਮੇਰੇ ਲਾਲ
ਪੀਲੀ ਬੱਤੀ ਜੋ ਵਿਚਕਾਰ
ਆਖੇ ਕਰ ਥੋੜਾ ਇੰਤਜ਼ਾਰ
ਜਦੋਂ ਹਰੀ ਬੱਤੀ ਜਗ ਜਾਵੇ
ਆਖੇ ਜਾਹ ਜਿੱਥੇ ਜਾਣਾ ਚਾਹਵੇ । "
ਇਹ ਤਾਂ ਉਸਦੀ ਲੇਖਣੀ ਦਾ ਹੀ ਗੁਣ ਹੈ ਜੋ ਸਹਿਜ-ਸੁਭਾ ਸਾਦੀਆਂ ਪਰ ਬਹੁਤ ਵੱਡੀਆਂ ਗੱਲਾਂ ਵੀ ਅਰਾਮ ਨਾਲ ਕਹਿ ਜਾਂਦਾ ਹੈ । ਪਰ ਉਸਦੀ ਇੱਕ ਬਹੁਤ ਹੀ ਵਡਮੁੱਲੀ ਕਿਰਤ ਜੋ ਉਸਨੇ ਬੱਚਿਆਂ ਨੂੰ ਮਾਂ ਦੀ ਮਹੱਤਤਾ ਦੱਸਣ ਲਈ ਲਿਖੀ ਹੈ ਸਲਾਹੁਣਯੋਗ ਹੈ । ਕਿਉਂਕਿ ਬਹੁਤਾ ਸਮਾਂ ਬੱਚੇ ਨੇ ਮਾਂ ਕੋਲ ਹੀ ਗੁਜਾਰਨਾ ਹੁੰਦਾ ਹੈ ਅਤੇ ਬਹੁਤ ਕੁਝ ਮਾਂ ਤੋਂ ਹੀ ਸਿੱਖਣਾ ਹੁੰਦਾ ਹੈ । ਇਸੇ ਲਈ ਮਾਂ ਨੂੰ ਬੱਚੇ ਦੀ ਪਹਿਲੀ ਅਧਿਆਪਕਾ ਕਿਹਾ ਜਾਂਦਾ ਹੈ । ਉਹ ਮਾਂ ਦੀ ਉਸਤਤਿ 'ਚ ਲਿਖਦਾ ਹੈ ," ਮਾਂ ਜਿਹਾ ਨਿੱਘਾ ਕੋਈ
ਰਿਸ਼ਤਾ ਨਹੀਂ ਲੱਭਦਾ
ਮੁੱਖ ਮੇਰੀ ਮਾਂ ਦਾ
ਰੱਬ ਜਿਹਾ ਲੱਗਦਾ
ਧਰ ਦੇਵੇ ਪੈਰ ਜਿੱਥੇ
ਉਹ ਥਾਂ ਚੰਗੀ ਲੱਗਦੀ
ਸਭਨਾਂ ਤੋਂ ਵੱਧ ਮੈਨੂੰ
ਮਾਂ ਚੰਗੀ ਲੱਗਦੀ । "
ਉਪਰੋਕਤ ਤੋਂ ਇਲਾਵਾ ਉਸਦੀਆਂ ਬਹੁਤ ਸਾਰੀਆਂ ਕਵਿਤਾਵਾਂ ਸਲਾਹੁਣਯੋਗ ਹਨ ਪਰ ਮੈਂ ਇੱਥੇ ਉਸਦੀਆਂ ਦੋ ਖਾਸ ਕਵਿਤਾਵਾਂ ਦਾ ਜਿਕਰ ਕਰਨਾ ਜਰੂਰੀ ਸਮਝਦਾ ਹਾਂ । ਜਿੱਥੇ ਪਿਛਲੇ ਸਮੇਂ ਬਿੱਲੀ ਤੋਂ ਬੱਚਿਆਂ ਨੂੰ ਡਰਾਇਆ ਜਾਂਦਾ ਸੀ ਪਰ ਮੰਗਲਦੀਪ ਦੀ ਕਵਿਤਾ ' ਮਾਣੋ ਬਿੱਲੀ ' ਬੱਚਿਆਂ ਨੂੰ ਡਰਾਉਂਦੀ ਨਹੀਂ ਨਜ਼ਰ ਆਉਂਦੀ ਸਗੋਂ ਤਰਕ ਦਿੰਦੀ ਹੈ ਕਿ ਬਿੱਲੀ ਨੂੰ ਭੁੱਖ ਲੱਗੀ ਤੇ ਉਹ ਆਈ ਤੇ ਦੁੱਧ ਪੀ ਕੇ ਚਲੀ ਗਈ । ਇਸੇ ਤਰ੍ਹਾਂ ਉਸਦੀ ਕਵਿਤਾ ' ਕਾਲੇ ਚਿੱਟੇ ਬੱਦਲ ਆਏ ' ਬੱਚਿਆਂ ਨੂੰ ਬੱਦਲਾਂ ਦੇ ਗਰਜਣ ਜਾਂ ਬਿਜਲੀ ਦੇ ਲਿਸ਼ਕਣ ਤੋਂ ਡਰਾਉਂਦੇ ਨਹੀਂ ਬਲਕਿ ਸਹਿਜ-ਸੁਭਾ ਇੱਕ ਕੁਦਰਤੀ ਪ੍ਰਕ੍ਰਿਆ ਬਾਰੇ ਜਾਣੂ ਕਰਾਉਂਦੇ ਹਨ ਕਿ ਬੱਦਲ ਆਏ ਤੇ ਮੀਂਹ ਪਾ ਕੇ ਉਹ ਗਏ ।ਅੰਤ ਵਿੱਚ ਬਸ ਮੈਂ ਇਹੀ ਕਹਾਂਗਾ ਕਿ ਬੱਚਿਆਂ ਦੇ ਮਨ ਕੋਰੇ ਕਾਗ਼ਜ਼ ਦੀ ਤਰ੍ਹਾਂ ਹੁੰਦੇ ਹਨ । ਅਸੀਂ ਉਹਨਾਂ ਨੂੰ ਨਰੋਆ ਤੇ ਸਿੱਖਿਆਦਾਇਕ ਬਾਲ-ਸਾਹਿਤ ਪੜਨ ਲਈ ਦੇ ਸਕਦੇ ਹਾਂ ਜੋ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਸਹਾਈ ਹੋਵੇਗਾ । ਮੰਗਲਦੀਪ ਨੂੰ ਛੋਟੀ ਉਮਰੇ ਹੀ ਚੰਗਾ ਬਾਲ-ਸਾਹਿਤ ਬੱਚਿਆਂ ਦੀ ਝੋਲੀ ਪਾਉਣ ਲਈ ਸ਼ੁਭਕਾਮਨਾਵਾਂ । ਆਸ ਹੈ ਕਿ ਉਹ ਅੱਗੇ ਤੋਂ ਹੋਰ ਖੋਜ ਤੇ ਅਧਿਐਨ ਕਰਕੇ ਹੋਰ ਵਧੇਰੇ ਸਿੱਖਿਆਦਾਇਕ ਬਾਲ-ਸਾਹਿਤ ਸਾਡੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮੁਹੱਈਆ ਕਰੇਗਾ । ਸੰਪਰਕ: +91 98552 07071