ਮੈਂ ਅੰਤਰਮੁਖੀ ਕਿਸਮ ਦਾ ਬੰਦਾ ਹਾਂ।ਮੇਰੇ ਅਧਿਆਪਕਾਂ ਤੇ ਪੰਜਾਬੀ ਦੇ ਵਿਦਵਾਨ ਚਿੰਤਕਾਂ ਦੀ ਸੰਗਤ ਨੇ ਮੇਰੀ ਦ੍ਰਿਸ਼ਟੀ ਨੂੰ ਵਿਸ਼ਾਲਤਾ ਬਖਸ਼ੀ ਹੈ।ਭਾਰਤੀ ਦਰਸ਼ਨ ਤੇ ਅੰਗਰੇਜ਼ੀ ਸਾਹਿਤ ਦੇ ਅਧਿਐਨ ਨੇ ਮੇਰੀ ਲਿਖਣ ਕਲਾ ਨੂੰ ਬਲ ਬਖਸ਼ਿਆ ਹੈ। ਮੈਨੂੰ ਆਪਣੀ ਮਿੱਟੀ,ਆਪਣੇ ਦੇਸ,ਅਮੀਰ ਮਾਤ-ਭਾਸ਼ਾ ਤੇ ਸਭਿਆਚਾਰ ਉੱਤੇ ਬੜਾ ਮਾਣ ਹੈ , ਬਹੁਤ ਮੋਹ ਹੈ।ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ;
ਮਾਂ ਬੋਲੀ ਜੇ ਭੁੱਲ ਜਾਵੋਗੇ
ਕੱਖਾਂ ਵਾਗੂੰ ਰੁਲ ਜਾਵੋਗੇ
ਵਿਆਹਾਂ-ਸ਼ਾਦੀਆਂ ਤੇ ਖੁਸ਼ੀ-ਗਮੀ ਮੌਕੇ ਤਸਵੀਰਾਂ ਖਿੱਚਦੇ ਫੋਟੋ ਗਰਾਫਰ ਵਾਂਗ ਇਕ ਆਟੋਮੈਟਿਕ ਸਿੰਗ ਜਿਹਾ ਜਿਵੇਂ ਹਰ ਵਕਤ ਮੇਰੇ ਮੋਢੇ ੳੇੱਪਰ ਟਿਕਿਆ ਰਹਿੰਦਾ ਹੈ।ਉਸ ਕੈਮਰੇ ਵਿਚ ਸਭ ਲੋਕਾਂ ਜਿਹਨਾਂ ਵਿਚਕਾਰ ਮੈਂ ਵਿਚਰਦਾ ਹਾਂ,ਦੇ ਚੰਗੇ ਮੰਦੇ ਕਿਰਦਾਰ ਦੀ ,ਸਮਾਜਿਕ-ਰਾਜਨੀਤਿਕ ਵਰਤਾਰੇ ਦੀ ਸਮੁੱਚੀ ਰਿਕਾਰਡਿੰਗ ਸੁੱਤੇ-ਸਿੱਧ ਹੁੰਦੀ ਰਹਿੰਦੀ ਹੈ।ਮੇਰੇ ਮਨ ਵਿਚ ਵੱਸੀਆਂ ਉਹਨਾਂ ਤਸਵੀਰਾਂ ਵਿਚੋਂ ਕੁਝ ਮੈਨੂੰ ਲਗਾਤਾਰ ਟੁੰਬਦੀਆਂ, ਸਮਾਂ ਪੈਣ ‘ਤੇ ਨਾਵਲ ਦਾ ਰੂਪ ਧਾਰ ਲੈਂਦੀਆਂ ਹਨ।
ਮੇਰੀ ਪਹਿਲੀ ਨਾਵਲ ਰਚਨਾ ‘ਨਰੰਜਣ ਮਸ਼ਾਲਚੀ’, ਚਾਰਲਸ ਡਿੱਕਨ-ਜ਼ ਦੇ ‘ਡੇਵਿਡ ਕੌਪਰਫੀਲਡ’ ਵਾਂਗ ਮੇਰੇ ਮੁਢਲੇ ਜੀਵਨ,ਮੇਰੇ ਨਿੱਜੀ ਅਨੁਭਵ ਉੱਤੇ ਆਧਾਰਿਤ ਹੈ।ਪਰ ਦੂਜਾ ਵੱਡ ਆਕਾਰੀ ਨਾਵਲ - ‘ਖੇੜੇ ਸੁੱਖ ਵਿਹੜੇ ਸੁੱਖ’- ਜੋ ਮੇਰੇ ਜਨਮ ਤੋਂ ਪੰਜ ਦਹਾਕੇ ਪਹਿਲਾਂ ਦੇ ਸਾਂਝੇ ਪੰਜਾਬੀ ਜੀਵਨ ਤੇ ਸਭਿਆਚਾਰ ਨੂੰ ਚਿੱਤਰਦਾ ਹੈ,ਬਿਲਕੁੱਲ ਮੰਗਵੇਂ ਅਨੁਭਵ ,ਨਿੱਜੀ ਅਧਿਐਨ ਅਤੇ ਕਲਪਨਾ ਸਹਾਰੇ ਉਸਾਰਿਆ ਗਿਆ,ਉਸ ਕਾਲ ਖੰਡ ਬਾਰੇ ਪੰਜਾਬੀ ਗਲਪ ਵਿਚ ਲਿਖਿਆ, ਇਕ ਵਿਲੱਖਣ ਨਾਵਲ ਹੈ।ਮੇਰਾ ਜਨਮ 1952 ਦਾ ਹੈ ਜਦੋਂਕਿ ਉਸ ਨਾਵਲ ਦਾ ਘਟਨਾ-ਕ੍ਰਮ 1951 ਵਿਚ ਮੁੱਕ ਜਾਂਦਾ ਹੈ।ਇਸ ਤੋਂ ਮਗਰੋਂ ‘ਇਹਨਾਂ ਰਾਹਾਂ ਉੱਤੇ’, ‘ਪੱਤ ਕੁਮਲਾ ਗਏ’ਅਤੇ ‘ਦੀਵੇ ਜਗਦੇ ਰਹਿਣਗੇ’-ਮੌਜੂਦਾ ਪੰਜਾਬੀ ਕਿਰਸਾਣੀ ਸਮਾਜ ਵਿਚਲੇ ਜੀਵਨ, ਮੇਰੇ ਹੱਡੀਂ ਹੰਢਾਏ ਜਾਂ ਸਾਹਮਣੇ ਦੇਖੇ ਯਥਾਰਥ ਅਰਥਾਤ ਵਿਕਾਸ ਜਾਂ ਗਿਰਾਵਟ ਉੱਪਰ ਆਧਾਰਿਤ ਗਲਪ-ਕਿਰਤਾਂ ਹਨ।
ਮੇਰਾ ਛੇਵਾਂ ਨਾਵਲ- ‘ਖ਼ਾਲੀ ਖੂਹਾਂ ਦੀ ਕਥਾ’-ਜੋ ਤੁਹਾਡੇ ਸਨਮੁੱਖ ਹੈ,ਪਹਿਲੀ ਨਜ਼ਰੇ ਬੇਸ਼ੱਕ ਇਕ ਸਵੈ ਜੀਵਨੀ ਜਾਪਦਾ ਹੈ,ਅਸਲ ਵਿਚ ‘ਨਰੰਜਣ ਮਸ਼ਾਲਚੀ’ ਵਾਂਗ ਇੰਨ-ਬਿੰਨ ਆਤਮ-ਕਥਾਈ ਰਚਨਾ ਨਹੀਂ ਹੈ।ਇਸਦਾ ਆਰੰਭ ਅਤੇ ਮੁਢਲਾ ਉਸਾਰ ਜ਼ਰੂਰ ਮੇਰੇ ਨਾਨਕਾ ਪਿੰਡ, ਸਾਂਝੇ ਲੋਕ ਧਰਮ ਨੂੰ ਪਰਨਾਏ ਮੇਰੇ ਇਕੋ ਇਕ ਬਜ਼ੁਰਗ ਨਾਨੇ,ਉਸ ਇਲਾਕੇ ਦੀ ਬੋਲੀ ਅਤੇ ਜੀਵਨ ਦੀ ਗਲਪੀ ਤਸਵੀਰਕਸ਼ੀ ਹੈ।
‘ਖੇੜੇ ਸੁੱਖ ਵਿਹੜੇ ਸੁੱਖ’ ਤੋੰ ‘ਖ਼ਾਲੀ ਖੂਹਾਂ ਦੀ ਕਥਾ’ ਤੱਕ ਮੇਰੇ ਛੇ ਨਾਵਲ ਅਤੇ ਹੋਰ ਦਸ ਪੁਸਤਕਾਂ ਵੀ ਭਾਰਤੀ ਪੰਜਾਬੀ ਸਮਾਜ ਦੇ ਜੀਵਨ ਯਥਾਰਥ ਵਿਕਾਸ ਜਾਂ ਪਤਨ ਨੂੰ ਦਰਸਾਉਂਦੇ ਹਨ।‘ਖੇੜੇ ਸੁੱਖ ਵਿਹੜੇ ਸੁੱਖ’ (2) ਵਿਚ ਇਕ ਸਦੀ ਪਹਿਲਾਂ ਦਾ ਚਿੱਤਰਿਆ-ਚਿਤਵਿਆ ਸਮਾਜ,ਚਾਹੇ ਗ਼ਰੀਬੀ,ਗੁਲਾਮੀ,ਆਰਥਿਕ ਮੰਦਹਾਲੀ, ਕਤਲ-ਡਾਕੇ, ਪਲੇਗ ਵਰਗੀ ਮਹਾਂਮਾਰੀ,ਅਨਪੜ੍ਹਤਾ ਅਤੇ ਬਟਵਾਰੇ ਦਾ ਲਿਤਾੜਿਆ , ਸਦੀਆਂ ਤੋਂ ਖੜੋਤ ਦਾ ਸ਼ਿਕਾਰ ਹੋਇਆ, ਸਮਾਜ ਸੀ ਪਰ ਉਸਦੀ ਸੋਚ ਜਾਗੀਰਦਾਰੀ ਤੋਂ ਪ੍ਰਭਾਵਿਤ ਹੋਣ ਦੇ ਬਾਵਜੂਦ ਭਾਈਚਾਰਕ ਪੱਖ ਤੋਂ ਬੜੀ ਨਿੱਗਰ ਅਤੇ ਉਸਾਰੂ ਸੀ।ਉਹ ਇਸ ਭਾਰਤੀ ਫਲਸਫੇ ਨੂੰ ਪਰਨਾਏ ਜੀਵਨ ਜੀਓ ਤੇ ਜਿਊਣ ਦਿਓ-ਵਾਲੇ ਕਿਰਦਾਰ ਦਾ ਧਾਰਨੀ ਸੀ:
“ਨਿੱਜ ਤਿਆਗੇ ਕੁਲ ਕੇ ਲੀਏ,ਕੁਲ ਤਿਆਗੇ ਪੁਰ ਹੇਤੁ।
ਪੁਰ ਤਿਆਗੇ ਹਿਤ ਦੇਸ਼ ਕੇ, ਦੇਸ਼ ਤਜੇ ਅਪਨੇਤ”।
‘ਖ਼ਾਲੀ ਖੂ੍ਹਹਾਂ ਦੀ ਕਥਾ’ -ਤੱਕ ਦੇ ਸੌ ਸਾਲਾਂ ਦੌਰਾਨ ਸਾਡਾ ਉਹੀ ਸਮਾਜ ਪਦਾਰਥਕ ਪੱਖ ਤੋਂ ਕਈ ਗੁਣਾਂ ਤਰੱਕੀ ਕਰ ਚੁੱਕਾ ਹੈ। ਉਹ ਵੀਹਵੀਂ ਸਦੀ ਦੇ ਆਰੰਭਲੇ ਸਾਲਾਂ ਵਰਗਾ ਬੰਦ-ਸਮਾਜ ਨਹੀਂ ਰਿਹਾ। ਉਹ ਬਾਹਰ ਵੱਲ ਲਗਾਤਾਰ ਫੈਲਦਾ ਹੈ।ਪਰ ਪੱਛੋਂ ਦੀ ਹਵਾ ਤੋਂ ਲੋੜ ਨਾਲੋਂ ਜ਼ਿਆਦਾ ਪ੍ਰਭਾਵਿਤ ਹੋਇਆ ,ਇਹ ਮੂਲੋਂ ਨਿੱਜਵਾਦੀ ਬਣਦਾ ਜਾ ਰਿਹਾ ਹੈ ਜਿਸ ਲਈ ਅਸੀਮਤ ਲੋੜਾਂ ਦੀ ਪੂਰਤੀ ਕਰਨਾ ਅਤੇ ਸਭ ਕਾਸੇ ਨੂੰ ਭੋਗਣਾ ਹੀ ਅਸਲੀ ਜੀਵਨ- ਲਕਸ਼ ਬਣ ਚੁੱਕਾ ਹੈ।ਸਿੱਟੇ ਵਜੋਂ ਇਹ ਭਰਿਆ-ਭੁਕੰਨਾ ਜੀਵਨ,ਹੁੰਦੇ-ਸੁੰਦੇ ਸਦਾ ਖ਼ਾਲੀ ਅਤੇ ਅਤ੍ਰਿਪਤ ਜਾਪਦਾ ਹੈ।ਤਾਂਹੀ ‘ਖ਼ਾਲੀ ਖੂਹਾਂ ਦੀ ਕਥਾ’ਵਿਚਲਾ ਨੌਜਵਾਨ ਪਾਤਰ ਦਿਲਪ੍ਰੀਤ ਉਟਾਲ ਜੋ ਕੈਨੇਡਾ ਵੱਲੋਂ ਵੀ ਦੁਰਕਾਰਿਆ ਗਿਆ ਹੈ, ਆਪਣੇ ਭਾਰਤੀ ਸਮਾਜ ਲਈ ਵੀ ਸਿਰ ਦਰਦੀ ਬਣਿਆ ਹੋਇਆ ਹੈ।ਹੈਨਰੀ ਡੇਵਿਡ ਥੋਰੋ ਅਤੇ ਟੀ. ਐਸ. ਇਲੀਅਟ ਵਰਗੇ ਅਮਰੀਕਨ ਚਿੰਤਕਾਂ ਨੇ ਆਪਣੇ ਲੋਕਾਂ ਨੂੰ ਪੂਰਬ ,ਵਿਸ਼ੇਸ਼ ਕਰਕੇ ਭਾਰਤ ਤੋਂ ਸਮਾਜਿਕ ਅਤੇ ਅਧਿਆਤਮਕ ਪੱਖ ਤੋਂ ਸੂਝ ਲੈਣ ਦਾ ਵਾਰ-ਵਾਰ ਸੁਝਾਅ ਦਿੱਤਾ ਹੈ।ਉਹਨਾਂ ਸਮਾਜ ਵਿਗਿਆਨੀਆਂ ਨੂੰ ਭਾਰਤੀ ਦਰਸ਼ਨ ਅਤੇ ਸਮਾਜ ਵਿਚ ਬੜਾ ਕੁਝ ਨਿੱਗਰ,ਭਰਪੂਰ ਅਤੇ ਗ੍ਰਹਿਣ ਕਰਨਜੋਗ ਜਾਪਦਾ ਸੀ।ਐਪਰ ਇਸ ਇਕੋ ਸਦੀ ਦੌਰਾਨ ਅਸੀਂ ਪੱਛਮ ਦੀਆਂ ਮਾੜੀਆਂ ਕਦਰਾਂ ਕੀਮਤਾਂ ਜਿਵੇਂ ਕੇਵਲ ਆਪਣੇ ਆਪ ਵਿਚ ਸੁੰਗੜਿਆ ਹਉਂਵਾਦੀ ਜੀਵਨ,ਹਵਸ ਅਤੇ ‘ਖਾਓੋ-ਪੀਓ-ਐਸ਼ ਕਰੋ’ ਦੀ ਜੀਵਨ ਸ਼ੈਲੀ ਨੂੰ ਅਪਣਾਇਆ ਹੈ।ਜਦੋਂ ਕਿ ਸਾਨੂੰ ਆਪਣੇ ਸ਼ੁੱਧ ਜੀਵਨ ਫਲਸਫੇ ਨੂੰ ਸੰਭਾਲਦੇ ਹੋਏ,ਪੱਛਮ ਵਿਚੋਂ ਕਰੜੇ ਅਨੁਸਾਸ਼ਨ,ਈਮਾਨਦਾਰੀ, ਸੱਚ ,ਪਾਰਦਰਸ਼ੀ ਰਾਜਨੀਤਿਕ ਸਿਸਟਮ ,ਜਾਤ-ਧਰਮਨਸਲ ਰਹਿਤ ਭਾਈਚਾਰਕ ਭਾਵਨਾ ਗ੍ਰਹਿਣ ਕਰਨ ਵੱਲ ਜ਼ਿਆਦਾ ਤਵੱਜੋ ਦੇਣ ਦੀ ਲੋੜ ਸੀ ।ਪੱਛਮ ਨੇ ਸਾਡੇ ਮੁਕਾਬਲੇ ਕੁਦਰਤ ਨੂੰ ਸੰਭਾਲਿਆ ਹੈ ਜਦੋਕਿ ਅਸੀਂ ਤਵਾਜ਼ਨ ਨੂੰ ਵਿਗਾੜਿਆ ਹੈ।‘ਖੇੜੇ ਸੁੱਖ ਵਿਹੜੇ ਸੁੱਖ’ਵਿਚਲਾ ਪੰਜਾਬੀ ਸਮਾਜ ਜਿਥੇ ਕੁਦਰਤ ਨਾਲ ਇਕਮਿਕ ਸੀ,ਉਥੇ ‘ਖ਼ਾਲੀ ਖੂਹਾਂ ਦੀ ਕਥਾ’ਵਿਚ ਆ ਕੇ ਉਹ ਕੁਦਰਤ ਨਾਲੋਂ ਬਿੱਲਕੁੱਲ ਟੁੱਟ ਚੁੱਕਾ ਹੈ।ਸ਼ਾਇਦ ਤਾਂਹੀ ਕੁਦਰਤ ਸਾਡੇ ਨਾਲੋਂ ਰੁੱਸ ਗਈ ਹੈ।
ੰਮੇਰੀ ਇਸ ਰਚਨਾ ਨੂੰ ਯੂਨੀਵਰਸਿਟੀ ਔਵ ਬ੍ਰਿਟਿਸ਼ ਕੋਲੰਬਿਆ ਵੈਨਕੂਵਰ ਅਤੇ ਕੈਨੇਡਾ ਇੰਡੀਆ ਐਜੂਕੇਸ਼ਨਲ ਸੋਸਾਇਟੀ ਨੇ ਜੋ ਪਹਿਲਾ ਸਨਮਾਨ ਬਖ਼ਸ਼ਿਆ ਹੈ ਉਸ ਲਈ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ।ਇਸ ਨਾਲ ਮੇਰਾ ਉਸ ਨਿਰਪੱਖ ਪੰਜਾਬੀ ਚਿੰਤਕ ਜਗਤ ਵਿਚ ਵੀ ਵਿਸ਼ਵਾਸ ਹੋਰ ਵਧਿਆ ਹੈ ਜਿਹੜਾ ਪੰਜਾਬੀ ਸਭਿਆਚਾਰ ਨੂੰ ਪ੍ਰਨਾਈ ਹਰੇਕ ਉੱਤਮ ਕ੍ਰਿਤ ਦਾ ਯੋਗ ਮੁੱਲ ਪਾਉਣੋਂ ਕਦੇ ਖੁੰਝਦਾ- ਝਿਜਕਦਾ ਨਹੀਂ।ਮੈਨੂੰ ਆਪ ਸਭ ਉੱਪਰ ਅੰਤਾਂ ਦਾ ਮਾਣ ਹੈ।
ਸੰਪਰਕ: 001 209 407 3604