ਫ਼ਿਲਮ ਕਲਾ ਅਤੇ ਫਾਸ਼ੀਵਾਦ -ਬਿੰਦਰਪਾਲ ਫ਼ਤਿਹ
Posted on:- 29-12-2014
ਬੇਨਿਟੋ ਮੁਸੋਲਿਨੀ ਅਤੇ ਐਡੋਲਫ਼ ਹਿਟਲਰ ਫ਼ਿਲਮ ਦੇ ਸ਼ੁਰੂਆਤੀ ਦਿਨਾਂ ਤੋਂ ਲੈ ਕੇ ਹੁਣ ਤੱਕ ਕਈ ਵਿਚਾਰਧਾਰਾਵਾਂ ਨੇ ਜਨਮ ਲਿਆ ਹੈ ਅਤੇ ਇਹ ਵਿਚਾਰਧਾਰਾਵਾਂ ਫ਼ਿਲਮ ਕਲਾ ਰਾਹੀਂ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪਰਦਾਪੇਸ਼ ਹੁੰਦੀਆਂ ਰਹੀਆਂ ਹਨ।ਇਸ ਤੋਂ ਇਲਾਵਾ ਕਈ ਹੋਰ ਚੰਗੇ ਜਾਂ ਮਾੜੇ ਰੁਝਾਨ ਵੀ ਪੈਦਾ ਹੁੰਦੇ ਰਹੇ ਹਨ ਜਿਨ੍ਹਾਂ ਵਿੱਚੋਂ ਫਾਸ਼ੀਵਾਦ ਧਿਆਨ ਦੀ ਮੰਗ ਕਰਦਾ ਹੈ ਅਤੇ ਇਹ ਆਪਣੇ ਜ਼ਾਹਰ ਰੂਪ ਵਿੱਚ ਫ਼ਿਲਮ ਰਾਹੀਂ ਪੇਸ਼ ਹੁੰਦਾ ਰਹਿੰਦਾ ਹੈ। ਫਾਸ਼ੀਵਾਦ ਅਤੇ ਫਿਲਮ ਦਾ ਮੌਕਾ ਮੇਲ ਜਦੋਂ ਹੁੰਦਾ ਹੈ ਤਾਂ ਦਰਸ਼ਕ ਸਾਹਮਣੇ ਪੇਸ਼ ਕੀਤੀ ਜਾਣ ਵਾਲੀ ਗੱਲ ਜਾਂ ਮੁੱਦਾ ਦਰਸ਼ਕ ਨੂੰ ਕੁਝ ਨਵਾਂ ਨਹੀਂ ਦਿੰਦੀ।
ਇਹ ਬੰਦੇ ਨਾਲ ਬੰਦੇ ਦਾ ਸੰਵਾਦ ਕਰਨ ਨੂੰ ਤਰਜ਼ੀਹ ਨਹੀਂ ਦਿੰਦੀ ਸਗੋਂ ਉਹ ਵੇਖਣ ਵਾਲੇ ਨੂੰ ਉਕਸਾਉਂਦੀ ਹੈ। ਵੇਖਣ ਵਾਲਾ ਪੇਸ਼ ਕੀਤੀ ਗਈ ਗੱਲ ਨੂੰ ਸੱਚ ਮੰਨਦਾ ਹੈ ਜੋ ਉਸ ਨੂੰ ਸੱਚ ਕਰਕੇ ਵਿਖਾਈ ਗਈ ਹੁੰਦੀ ਹੈ। ਫਾਸ਼ੀਵਾਦੀ ਵਰਤਾਰੇ ਦੀਆਂ ਜੜਾਂ ਐਡੋਲਫ਼ ਹਿਟਲਰ ਤੱਕ ਜਾਂਦੀਆਂ ਹਨ ਜਿਹੜਾ ਕਿ ਸ਼ੁੱਧ ਜਰਮਨ ਲੋਕਾਂ ਵਾਸਤੇ ਯਹੂਦੀਆਂ ਦਾ ਕਤਲੇਆਮ ਕਰਨ ਵਿੱਚ ਲੱਗਾ ਹੋਇਆ ਸੀ ਉਸੇ ਸਮੇਂ ਆਰਐੱਸਐੱਸ ਮੁਖੀ ਮਾਧਵ ਸਦਾਸ਼ਿਵ ਗੋਵਾਲਕਰ ਦੁਆਰਾ ਹਿਟਲਰ ਦੀਆਂ ਤਾਰੀਫਾਂ ਦੇ ਪੁਲ ਬੰਨ੍ਹਣਾ ਇਤਿਹਾਸ ਵਿੱਚ ਆਮ ਗੱਲ ਨਹੀਂ ਜਾਪਦੀ ਸਗੋਂ ਦੇਸ਼ ਦੀ ਹਿੰਦੂ ਰਾਜਨੀਤੀ ਦੀ ਧਾਰਨਾ ਨੂੰ ਪੁਖਤਾ ਕਰਦੀ ਹੈ।
ਫਾਸ਼ੀਵਾਦ ਉਦੋਂ ਆਪਣੇ ਪ੍ਰਤੱਖ ਰੂਪ ਵਿੱਚ ਸਾਹਮਣੇ ਆਇਆ ਜਦੋਂ ਇਟਲੀ ਦੇ ਤਾਨਾਸ਼ਾਹ ਸਾਸ਼ਕ ਬੇਨਿਟੋ ਮੁਸੋਲਿਨੀ ਨੇ ਪਹਿਲੀ ਆਲਮੀ ਜੰਗ ਦੇ ਬਾਅਦ 1919 ਵਿੱਚ ਇਟਲੀ ਦੇ ਮਿਲਾਨ ਸ਼ਹਿਰ ਵਿੱਚ ਇੱਕ ਬੈਠਕ ਕਰਕੇ ਫਾਸ਼ੀਵਾਦੀ ਵਿਚਾਰਧਾਰਾ ਨੂੰ ਉੱਘੜਵੇਂ ਰੂਪ ਵਿੱਚ ਲਾਗੂ ਕਰਨ ਦਾ ਵਿਚਾਰ ਰੱਖਿਆ। ਮੁਸੋਲਿਨੀ ਦਾ ਇਹ ਫ਼ਾਸ਼ੀਵਾਦ ਹਰ ਕਿਸਮ ਦੀ ਨਾਬਰੀ, ਲੋਕ ਪੱਖੀ ਵਿਚਾਰਾਂ, ਸਾਹਿਤ ਅਤੇ ਫ਼ਿਲਮਾਂ ਦੀ ਵਿਰੋਧਤਾ ਕਰਦਾ ਸੀ। ਇਸ ਦਾ ਮੁਸੋਲਿਨੀ ਨੇ ਸ਼ਰੇਆਮ ਐਲਾਨ ਕੀਤਾ। ਮੁਸੋਲਿਨੀ ਨੇ ਲਿਬੀਆ ਵਿੱਚ ਲਿਬੀਆ ਵਾਸੀਆਂ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾਇਆ। ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਅਤੇ ਹਜ਼ਾਰਾਂ ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਲੀਬੀਆ ਵਾਸੀਆਂ ਨੇ ਇਟਲੀ ਹਕੂਮਤ ਖਿਲਾਫ਼ ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਲੜਾਈ ਲੜੀ। ਇਟਲੀ ਹਕੂਮਤ ਖਿਲਾਫ਼ ਬਗਾਵਤ ਕਰਨ ਵਾਲੇ ਉਮਰ ਮੁਖਤਾਰ ਨੇ 70 ਸਾਲ ਦੀ ਲਹਿੰਦੀ ਉਮਰੇ ਵੀ ਲੀਬੀਆ ਦੀਆਂ ਅਗਲੀਆਂ ਪੀੜ੍ਹੀਆਂ ਦੀ ਅਜ਼ਾਦੀ ਲਈ ਲੜਾਈ ਲੜੀ। 1917 ਦੇ ਸੋਵੀਅਤ ਜਾਂ ਰੂਸੀ ਇਨਕਲਾਬ ਤੋਂ ਬਾਅਦ ਰੂਸੀ ਇਨਕਲਾਬ ਦੇ ਝੰਡਾਬਰਦਾਰ ਵਲਾਦੀਮੀਰ ਇਲੀਚ ਲੈਨਿਨ ਦਾ ਬਿਆਨ ਸੀ, "ਸਿਨੇਮਾ ਜਨ ਚੇਤਨਾ ਵਿੱਚ ਵਿਚਾਰਾਂ ਦੇ ਸੰਚਾਰ ਨੂੰ ਫੈਲਾਉਣ ਲਈ ਕਲਾ ਦੇ ਸਾਰਿਆਂ ਰੂਪਾਂ ਵਿੱਚੋਂ ਸਭ ਤੋਂ ਜਰੂਰੀ ਸਾਧਨ ਹੋਵੇਗਾ।" ਲੈਨਿਨ ਦੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ ਗਿਆ।ਅਮਰੀਕੀ ਬੁਰਜ਼ੁਆਜ਼ੀ ਨੇ ਲੈਨਿਨ ਦੇ ਬਿਆਨ ਨੂੰ ਅਹਿਮ ਸਮਝਿਆ ਅਤੇ ਸਿਨੇਮੇ ਦੀ ਅਵਾਮੀ ਪਹੁੰਚ ਅਤੇ ਤਾਕਤ ਨੂੰ ਪਛਾਣਦਿਆਂ ਫ਼ਿਲਮਾਂ ਉੱਪਰ ਪਾਬੰਦੀ ਲਾਗੂ ਕਰ ਦਿੱਤੀ ਗਈ। ਵਲਾਦੀਮੀਰ ਇਲੀਚ ਲੈਨਿਨ ਸਭ ਤੋਂ ਜ਼ਿਆਦਾ ਅਹਿਮ ਇਸ ਬਿਆਨ ਨੂੰ ਫਾਸ਼ੀਵਾਦੀ ਹਾਕਮਾਂ ਨੇ ਲਿਆ ਜਿਨ੍ਹਾਂ ਵਿੱਚ ਇਟਲੀ ਦੇ ਤਾਨਾਸ਼ਾਹ ਸਾਸ਼ਕ ਬੇਨਿਟੋ ਮੁਸੋਲਿਨੀ ਅਤੇ ਐਡੋਲਫ ਹਿਟਲਰ ਦਾ ਨਾਮ ਆਉਂਦਾ ਹੈ।ਜਰਮਨੀ ਦੇ ਹਿਟਲਰ ਸਮੇਤ ਸੰਸਾਰ ਦੀਆਂ ਵੱਡੀਆਂ ਤਾਕਤਾਂ ਆਲਮੀ ਜੰਗ ਵਿੱਚ ਮਨੁੱਖਤਾ ਦੀ ਤਬਾਹੀ ਕਰਨ ਲੱਗੀਆਂ ਹੋਈਆਂ ਸਨ।ਸਰਮਾਏ ਦੇ ਹਾਬੜੇ ਹਾਕਮ ਮਨੁੱਖਤਾ ਉੱਤੇ ਕਹਿਰ ਢਾਹ ਰਹੇ ਸਨ। ਇਸ ਸਮੇਂ ਇਟਲੀ ਵਿੱਚ ਸਿਨੇਮਾ ਬੜੇ ਜੋਰਾਂ ਸ਼ੋਰਾਂ ਨਾਲ ਕੰਮ ਕਰ ਰਿਹਾ ਸੀ। ਆਲਮੀ ਜੰਗ 1939 ਤੋਂ 1945 ਤੱਕ ਚੱਲੀ ਅਤੇ ਇਟਲੀ ਵਿੱਚ 1939 ਤੋਂ ਲੈ ਕੇ 1944 ਤੱਕ ਹਰ ਸਾਲ ਕਰੀਬਨ ੭੨ ਫ਼ਿਲਮਾਂ ਬਣਦੀਆਂ ਸਨ। ਦੂਜੇ ਪਾਸੇ ਜਰਮਨੀ ਵਿੱਚ 1933 ਤੋਂ ਲੈ ਕੇ 1945 ਤੱਕ ਤਕਰੀਬਨ 1090 ਫ਼ਿਲਮਾਂ ਬਣੀਆਂ ਜੋ ਕਿ 'ਅਵਾਮੀ ਮਨੋਰੰਜਨ' ਦੇ ਮਕਸਦ ਨਾਲ ਬਣਾਈਆਂ ਗਈਆਂ ਸਨ। ਹਿਟਲਰ ਨੇ ਜਰਮਨੀ ਵਿੱਚ ਲੱਖਾਂ ਯਹੂਦੀਆਂ,ਕਮਿਉਨਿਸਟਾਂ ਅਤੇ ਗੈਰ ਆਰੀਅਨਾਂ ਨੂੰ ਸ਼ੁੱਧਤਾ ਦੇ ਵਿਚਾਰ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ।ਇਸ ਕਤਲੋਗਾਰਤ ਦੀ ਸਖ਼ਤ ਨਿਖੇਧੀ ਕਰਨ ਵਾਲੇ ਸਮਾਜਵਾਦ ਪੱਖੀਆਂ ਦਾ ਇਹੋ ਹਸ਼ਰ ਹੋਇਆ।ਦੂਜੇ ਪਾਸੇ ਮੁਸੋਲਿਨੀ ਦੁਆਰਾ ਲੀਬੀਆ ਵਿੱਚ ਕਬਜ਼ਾ ਕਰਨ ਦੇ ਮਕਸਦ ਨਾਲ ਮੁਸਲਮਾਨਾਂ ਦੇ ਕੀਤੇ ਕਤਲਾਂ ਦਾ ਵੀ ਲੰਬਾ ਵੇਰਵਾ ਇਤਿਹਾਸ ਦੇ ਕਾਲੇ ਪੰਨਿਆਂ ਉੱਤੇ ਦਰਜ ਹੈ।ਇਸ ਕਤਲੋਗਾਰਤ ਨੂੰ ਲੋਕਾਂ ਦੀ ਨਜ਼ਰ ਵਿੱਚ ਸਹੀ ਠਹਿਰਾਉਣ ਲਈ ਦੋਵਾਂ ਤਾਨਾਸ਼ਾਹਾਂ ਨੇ ਫ਼ਿਲਮਾਂ ਦੁਆਰਾ ਕੂੜ ਪ੍ਰਚਾਰ ਕੀਤਾ। ਜਰਮਨੀ ਅਤੇ ਇਟਲੀ ਦੇ ਲੋਕਾਂ ਨੂੰ ਫ਼ਿਲਮਾਂ ਦੁਆਰਾ ਇਨ੍ਹਾ ਕਾਰਿਆਂ ਨੂੰ 'ਦੇਸ਼ ਭਗਤੀ' ਦੀ ਮੁਹਿੰਮ ਕਰਾਰ ਦਿੱਤਾ ਗਿਆ ਅਤੇ ਦੋਵਾਂ ਮੁਲਕਾਂ ਦੀ ਅਵਾਮ ਨੂੰ ਅਖੌਤੀ ਕੌਮਵਾਦ, ਦੇਸ਼ਭਗਤੀ ਦਾ ਪਾਠ ਫ਼ਿਲਮਾਂ ਦੁਆਰਾ ਪੜ੍ਹਾਇਆ ਜਾਣ ਲੱਗਿਆ। ਇਸੇ ਕੜੀ ਵਿੱਚ ਅੱਜ ਵੀ ਜਰਮਨੀ ਵਿੱਚ ਹਿਟਲਰ ਨੂੰ ਮੰਨਣ ਵਾਲਿਆਂ ਅਤੇ ਉਸਦੇ ਕੀਤੇ ਕਰਿਆਂ ਉੱਤੇ ਸਹੀ ਪਾਉਣ ਵਾਲੇ ਲੋਕਾਂ ਦੀ ਘਾਟ ਨਹੀਂ ਹੈ ਨਾਂ ਹੀ ਉਦੋਂ ਸੀ ਜਦੋਂ ਹਿਟਲਰ ਯਹੂਦੀਆਂ ਅਤੇ ਕਮਿਉਨਿਸਟਾਂ ਨੂੰ ਚੁਣ ਚੁਣ ਕੇ ਕਤਲ ਕਰ ਰਿਹਾ ਸੀ।ਆਪਣੇ ਆਪ ਨੂੰ ਸ਼ੁੱਧ ਮੰਨਣ ਵਾਲੇ ਜਰਮਨ ਵਾਸੀ ਉਸ ਵਕਤ ਇਸ ਸਾਰੇ ਕਾਂਡ ਨੂੰ ਮਾਨਤਾ ਦੇ ਰਹੇ ਸੀ। ਕਿਊਂ ਕਿ ਗ਼ੈਰ-ਆਰੀਆਈ, ਯਹੂਦੀਆਂ ਅਤੇ ਕਮਿਉਨਿਸਟਾਂ ਖ਼ਿਲਾਫ਼ ਕੀਤਾ ਗਿਆ ਕੂੜ ਪ੍ਰਚਾਰ ਜਰਮਨੀ ਵਿਚ ਬਣਦੀਆਂ ਫ਼ਿਲਮਾਂ ਦੀ ਹੀ ਦੇਣ ਸੀ ਜਿਸ ਸਦਕਾ ਜਰਮਨੀ ਦੇ ਲੋਕਾਂ ਦੀ ਮਾਨਸਿਕਤਾ ਅਤੇ ਚੇਤਨਾ ਨੂੰ ਇੱਕ ਫਾਸ਼ੀਵਾਦੀ ਪ੍ਰਚਾਰ ਦੇ ਬਲਬੂਤੇ ਅਸਰ ਅੰਦਾਜ਼ ਕੀਤਾ ਗਿਆ ਸੀ । ਇਹ ਗੱਲ ਇੱਥੇ ਮੁਕਦੀ ਨਹੀਂ ਬਲਕਿ ਇੱਥੋਂ ਸ਼ੁਰੂ ਹੁੰਦੀ ਹੈ।ਹਿਟਲਰ ਅਤੇ ਮੁਸੋਲਿਨੀ ਅਤੇ ਹਿਟਲਰ ਦੇ ਜਾਏ ਫਾਸ਼ੀਵਾਦੀ ਵਿਚਾਰਧਾਰਕ ਸਾਡੇ ਆਲੇ ਦੁਆਲੇ ਹੀ ਘੁੰਮਦੇ ਰਹਿੰਦੇ ਹਨ।ਭਾਰਤੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਗੱਲ ਹੋਰ ਵੀ ਸੰਜੀਦਾ ਢੰਗ ਨਾਲ ਸੋਚਣ ਦਾ ਸਬੱਬ ਬਣਦੀ ਹੈ। ਹਾਲੀਵੁੱਡ ਤੋ ਲੈ ਕੇ ਬਾਲੀਵੁੱਡ ਤੱਕ ਸਰਮਾਏਦਾਰੀ ਤਾਕਤਾਂ ਦਾ ਪੂਰਾ ਜੋਰ ਫਾਸ਼ੀਵਾਦ ਦੀ ਪੁਸ਼ਤ ਪਨਾਹੀ ਕਰਨ ਉੱਤੇ ਲੱਗਾ ਹੋਇਆ ਹੈ ਅਤੇ ਪੂੰਜੀਵਾਦੀ ਯੁੱਗ ਦਾ ਸਿਨੇਮਾ ਫਾਸ਼ੀਵਾਦੀ ਵਿਚਾਰਾਂ ਨਾਲ ਲਬਰੇਜ਼ ਹੈ। ਜੇ ਗੱਲ ਬਾਲੀਵੁੱਡ ਸਿਨੇਮੇ ਦੀ ਕਰੀਏ ਤਾਂ ਕੁਝ ਚੋਣਵੀਆਂ ਫ਼ਿਲਮਾਂ ਨੂੰ ਛੱਡ ਕੇ ਬਹੁਗਿਣਤੀ ਫ਼ਿਲਮਾਂ ਦਾ ਖਾਸਾ ਨਿਰੋਲ ਰੂਪ ਵਿੱਚ ਫਾਸ਼ੀਵਾਦੀ ਹੀ ਰਿਹਾ ਹੈ।ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਖ਼ਿਲਾਫ਼ ਕੀਤਾ ਜਾਂਦਾ ਕੂੜ ਪ੍ਰਚਾਰ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਹੈ। ਇਹ ਕੂੜ ਪ੍ਰਚਾਰ ਪਾਕਿਸਤਾਨ ਦੇ ਭੂਗੋਲਿਕ, ਵਿੱਤੀ ਜਾਂ ਸਿਆਸੀ ਪੱਧਰ ਨੂੰ ਆਧਾਰ ਬਣਾ ਕੇ ਨਹੀਂ ਕੀਤਾ ਜਾਂਦਾ ਸਗੋਂ ਇਹ ਪ੍ਰਚਾਰ ਪਾਕਿਸਤਾਨ ਵਿੱਚ ਵਸਦੇ ਮੁਸਲਮਾਨ ਤਬਕੇ ਨੂੰ ਅਧਾਰ ਬਣਾ ਕੇ ਕੀਤਾ ਜਾਂਦਾ ਹੈ। ਇਸ ਕੂੜ ਪ੍ਰਚਾਰ ਦੀ ਸ਼ਰਮਨਾਕ ਹੱਦ ਉਦੋਂ ਪਾਰ ਹੋ ਜਾਂਦੀ ਹੈ ਜਦੋਂ ਇਹ ਸਭ ਕੁਝ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਜਰੀਏ ਕੀਤਾ ਜਾਂਦਾ ਹੈ। ਬਹੁਗਿਣਤੀ ਭਾਰਤੀ ਹਿੰਦੂਆਂ ਨੂੰ ਮੁਸਲਮਾਨਾਂ ਖ਼ਿਲਾਫ਼ ਭੜਕਾਉਣ ਦੀਆਂ ਕੋਸ਼ਿਸ਼ਾਂ ਅਤੇ ਮੁਸਲਮਾਨਾਂ ਵੱਲ ਹਿੰਦੂਆਂ ਦੀ ਨਫ਼ਰਤ ਵਧਾਉਣ ਦਾ ਕੰਮ ਭਾਰਤੀ ਫ਼ਿਲਮਾਂ ਵਿੱਚ ਵੱਡੇ ਪੱਧਰ ਉੱਤੇ ਹੁੰਦਾ ਆਇਆ ਹੈ ਅਤੇ ਲਗਾਤਾਰ ਜਾਰੀ ਹੈ।ਸਾਲ 1997 ਵਿੱਚ ਆਈ ਜੇ.ਪੀ. ਦੱਤਾ ਦੀ ਫ਼ਿਲਮ 'ਬਾਰਡਰ' ਆਈ ਜੋ ਕਿ 1971 ਦੀ ਭਾਰਤ ਅਤੇ ਪਾਕਿਸਤਾਨ ਦਰਮਿਆਨ ਹੋਈ ਜੰਗ ਉੱਤੇ ਅਧਾਰਤ ਸੀ। "ਬਾਰਡਰ" ਫ਼ਿਲਮ ਰਾਹੀਂ ਪਾਕਿਸਤਾਨੀ ਫੌਜੀਆਂ ਨੂੰ ਗਾਲਾਂ ਕੱਢੀਆਂ ਗਈਆਂ ਅਤੇ ਮੁਸਲਮਾਨਾਂ ਨੂੰ ਅੱਤ ਦਰਜੇ ਦੇ ਮਾੜੇ ਅਤੇ ਪਾਕਿਸਤਾਨ ਨੂੰ ਨੀਵਾਂ ਵਿਖਾਉਣ ਦੀ ਕੋਝੀ ਹਰਕਤ ਕੀਤੀ ਗਈ। 'ਬਾਰਡਰ' ਇਸ ਤੋਂ ਬਾਅਦ ਸਾਲ 2001 ਵਿੱਚ ਜੇ.ਪੀ.ਦੱਤਾ ਨੇ 1999 ਵਿੱਚ ਭਾਰਤ ਪਾਕਿਸਤਾਨ ਦਰਮਿਆਨ ਹੋਈ ਕਾਰਗਿਲ ਜੰਗ ਉੱਤੇ ਫ਼ਿਲਮ ਬਣਾਈ।ਫ਼ਿਲਮ ਦਾ ਨਾਮ ਸੀ "ਐੱਲ.ਓ.ਸੀ. ਕਾਰਗਿਲ" ਅਤੇ ਇਸ ਫ਼ਿਲਮ ਨੇ ਬਾਰਡਰ ਦੀ ਰਹਿੰਦੀ ਖੁੰਹਦੀ ਕਸਰ ਪੂਰੀ ਕਰ ਦਿੱਤੀ।ਸਿਰਫ਼ ਇਹੋ ਮਿਸਾਲਾਂ ਨਹੀਂ ਜੋ ਦਿੱਤੀਆਂ ਜਾ ਸਕਦੀਆਂ ਹਨ ਬਲਕਿ ਇਸ ਤੋਂ ਵਧ ਕੇ ਮੁਸਲਮਾਨਾਂ ਖ਼ਿਲਾਫ਼ ਕੀਤਾ ਜਾਂਦਾ ਭੰਡੀ ਪ੍ਰਚਾਰ ਬਹੁਗਿਣਤੀ ਬਾਲੀਵੁੱਡ ਫ਼ਿਲਮਾਂ ਵਿੱਚ ਵੇਖਣ ਨੂੰ ਮਿਲਦਾ ਹੈ ਜੋ ਕਿ ਭਾਰਤੀ ਸਟੇਟ ਦੇ ਖਾਸੇ ਦੀ ਤਰਜ਼ਮਾਨੀ ਕਰਦਾ ਹੈ ।ਜ਼ਿਆਦਾਤਰ ਹਿੰਦੀ ਫ਼ਿਲਮਾਂ ਇੱਕ ਖਾਸ ਬਹੁਗਿਣਤੀ ਤਬਕੇ ਦੀ ਮਾਨਸਿਕਤਾ ਦਾ ਪ੍ਰਚਾਰ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ। ਬਾਲੀਵੁਡ ਵਿੱਚ ਵੈਸੇ ਤਾਂ ਪਹਿਲਾਂ ਤੋਂ ਹੀ ਫਾਸ਼ਵਾਦੀ ਰੁਝਾਨ ਸੀ ਪਰ ਮੌਜੂਦਾ ਰੂਪ ਵਿੱਚ ਇਸ ਦਾ ਰੂਪ ਉੱਘੜਵੇਂ ਰੂਪ ਵਿੱਚ ਸਾਹਮਣੇ ਆਇਆ ਹੈ।ਸਾਲ 2008 ਵਿੱਚ ਪਰਦਾਪੇਸ਼ ਹੋਈ ਫ਼ਿਲਮ 'ਬਲੈਕ ਐਂਡ ਵਾਈਟ' ਜਿਸ ਵਿੱਚ ਮੁਸਲਮਾਨਾਂ ਨੂੰ ਅੱਤ ਦੇ ਘਟੀਆ ਅਤੇ ਹਿੰਦੋਸਤਾਨ ਤੋਂ ਬਾਹਰ ਦੇ ਦੱਸਿਆ ਗਿਆ ਹੈ। ਫ਼ਿਲਮ ਇਹ ਸਿੱਧ ਕਰਨ ਦਾ ਯਤਨ ਕਰਦੀ ਏ ਕਿ ਮੁਸਲਮਾਨਾਂ ਨੂੰ ਹਿੰਦੋਸਤਾਨ ਦੀ ਸੱਭਿਅਤਾ ਅਤੇ ਸੱਭਿਆਚਾਰ ਬਾਰੇ ਕੋਈ ਇਲਮ ਨਹੀਂ ਹੈ ਬਲਕਿ ਇਹ ਤਾਂ ਸਿਰਫ਼ ਮਾਰਨਾ ਅਤੇ ਮਰਨਾ ਹੀ ਜਾਣਦੇ ਹਨ। ਜਿੰਦਗੀ ਨੂੰ ਜਿਊਣ ਦੀ ਅਤੇ ਇਸਦੇ ਅਰਥ ਜਾਨਣ ਦੀ ਜਾਂਚ ਮੁਸਲਮਾਨਾਂ ਨੂੰ ਸਿਰਫ਼ ਹਿੰਦੂ ਹੀ ਸਿਖਾ ਸਕਦੇ ਹਨ।ਸਾਲ 2001 ਵਿੱਚ ਭਾਰਤੀ ਸੰਸਦ ਉੱਤੇ ਹੋਏ ਹਮਲੇ ਅਤੇ ਸਾਲ 2008 ਵਿੱਚ ਮੁੰਬਈ ਦੇ ਤਾਜ ਹੋਟਲ ਵਿੱਚ ਹੋਏ ਹਮਲੇ ਤੋਂ ਬਾਅਦ ਮੁਸਲਮਨਾਂ ਦਾ ਜਿਊਣਾ ਮੁਸ਼ਕਲ ਹੋ ਗਿਆ।ਅਦਾਲਤ ਵਿੱਚ ਸੰਸਦ ਹਮਲੇ ਦੇ ਦੋਸ਼ੀ ਠਹਿਰਾਏ ਗਏ ਅਫ਼ਜ਼ਲ ਗੁਰੁ ਨੂੰ ਭਾਰਤ ਦੀ ਸੁਪਰੀਮ ਕੋਰਟ ਨੇ ਨਿਰਦੋਸ਼ ਕਰਾਰ ਦਿੱਤਾ ਸੀ ਪਰ ਭਾਰਤ ਦੀ ਸਰਕਾਰ ਨੇ 2013 ਵਿੱਚ ਇਹ ਕਹਿੰਦਆਂ ਫਾਂਸੀ ਦਿੱਤੀ ਕਿ ਸੰਸਦ ਹਮਲੇ ਨਾਲ ਬਹੁਗਿਣਤੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਅਤੇ ਉਦੋਂ ਹੀ ਸ਼ਾਂਤ ਹੋ ਸਕਦੀਆਂ ਹਨ ਜਦੋਂ ਅਫ਼ਜ਼ਲ ਗੁਰੁ ਨੂੰ ਫਾਂਸੀ ਦਿੱਤੀ ਜਾਵੇਗੀ। ਅਫ਼ਜ਼ਲ ਗੁਰੁ ਮੁੰਬਈ ਹਮਲੇ ਦੇ ਦੋਸ਼ੀ ਅਜਮਲ ਕਸਾਬ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਸਾਲ 2012 ਵਿੱਚ ਫਿਲਮ ਆਈ 'ਅਟੈਕ ਆਫ਼ 26/11' ਜਿਸ ਵਿੱਚ ਮੁਸਲਮਾਨਾਂ ਨੂੰ ਘਟੀਆ ਗਾਲਾਂ ਅਤੇ ਹੋਰ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਫ਼ਿਲਮ ਰਾਹੀਂ ਮੁਸਲਿਮ ਧਰਮ ਨੂੰ ਬੁਰਾ ਭਲਾ ਕਿਹਾ ਗਿਆ ਅਤੇ ਇਹ ਗੱਲ ਭੁਲਾ ਦਿੱਤੀ ਗਈ ਕਿ ਮੁਸਲਮਾਨ ਵੀ ਭਾਰਤ ਦੇ ਹੀ ਵਸਨੀਕ ਹਨ ਅਤੇ ਜੇ ਕਿਸੇ ਟਿੱਪਣੀ ਕਾਰਨ ਕਿਸੇ ਹੋਰ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਲੱਗਦੀ ਹੈ ਤਾਂ ਮੁਸਲਮਾਨਾਂ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਲੱਗ ਸਕਦੀ ਹੈ।ਬਾਲੀਵੁੱਡ ਦੇ ਕਾਫ਼ੀ ਨਵੇਂ ਆਏ ਹਦਾਇਤਕਾਰ ਇਸਲਾਮ ਨੂੰ ਬਦਨਾਮ ਕਰਨ ਦਾ ਹੀ ਕੰਮ ਕਰਦੇ ਹਨ। ਮੁਸਲਮਾਨਾਂ ਨੂੰ ਮਾੜਾ ਠਹਿਰਉਣ ਦੀ ਕਵਾਇਦ ਦਾ ਹਿੱਸਾ ਬਣੇ ਇਨ੍ਹਾਂ ਹਦਾਇਤਕਾਰਾਂ ਵਿੱਚ ਇਨ੍ਹਾਂ ਫ਼ਿਲਮਸਾਜ਼ਾਂ ਦਾ ਨਾਮ ਬੋਲਦਾ ਹੈ ਜੋ "ਗੈਂਗ ਆਫ਼ ਵਾਸੇਪੁਰ", "ਬਲੈਕ ਫਰਾਈਡੇ" ਵਰਗੀਆਂ ਫ਼ਿਲਮਾਂ ਜ਼ਰੀਏ ਆਪਣਾ ਕੂੜ ਪ੍ਰਚਾਰ ਜਾਰੀ ਰੱਖ ਰਹੇ ਹਨ। "ਗੈਂਗ ਆਫ਼ ਵਾਸੇਪੁਰ" ਦੇ ਦੋ ਭਾਗ ਆਏ ਅਤੇ ਦੋਵਾਂ ਵਿੱਚ ਮੁਸਲਮਾਨ ਤਬਕੇ ਨਾਲ ਸਬੰਧਤ ਕਿਰਦਾਰਾਂ ਦੀ ਭਰਮਾਰ ਸੀ ਅਤੇ ਕਿਰਦਾਰਾਂ ਨੂੰ ਇਸ ਤਰ੍ਹਾਂ ਘੜਿਆ ਗਿਆ ਸੀ ਕਿ ਉਨ੍ਹਾਂ ਨੂੰ ਵੇਖ ਕੇ ਹਿੰਦੂਆਂ ਨੂੰ ਨਫ਼ਰਤ ਹੀ ਚੜ੍ਹੇਗੀ। 'ਬਲੈਕ ਫਰਾਈਡੇ' ਨਾਮ ਦੀ ਫ਼ਿਲਮ ਅਨੁਰਾਗ ਕਸ਼ਿਅਪ ਨੇ ਬਣਾਈ ਸੀ ਅਤੇ ਇਹ ਫ਼ਿਲਮ 1993 ਵਿੱਚ ਹੋਏ ਮੁੰਬਈ ਬੰਬ ਧਮਾਕਿਆਂ ਬਾਬਤ ਸੀ।ਹਦਾਇਤਕਾਰ ਨੇ ਬੜੀ ਬੇਸ਼ਰਮੀ ਨਾਲ ਮੁਸਲਿਮ ਕਿਰਦਾਰਾਂ ਨੂੰ ਮੁੰਬਈ ਬੰਬ ਧਮਾਕਿਆਂ ਦਾ ਜ਼ਿੰਮੇਵਾਰ ਕਰਾਰ ਦਿੰਦੇ ਹੋਏ ਮੁਸਲਮਾਨਾਂ ਅਤੇ ਸਿਰਫ਼ ਮੁਸਲਮਾਨਾਂ ਨੂੰ ਹੀ ਇਸ ਦਾ ਜਿੰਮੇਵਾਰ ਠਹਿਰਾ ਦਿੱਤਾ। ਹਦਾਇਤਕਾਰ ਨੇ ਇੱਕ ਚਲਾਕੀ ਇਹ ਕੀਤੀ ਕਿ ਸੰਜੇ ਦੱਤ ਜੋ ਕਿ ਮੁੰਬਈ ਬੰਬ ਧਮਾਕਿਆਂ ਵਿੱਚ ਨਜ਼ਾਇਜ਼ ਹਥਿਆਰ ਰੱਖਣ ਅਤੇ ਇਸ ਕਾਂਡ ਵਿੱਚ ਆਪਣੀ ਭੂਮਿਕਾ ਲਈ ਦੋ ਵਾਰ ਕੈਦ ਕੱਟ ਚੁੱਕਿਆ ਹੈ ਉਸ ਨੂੰ ਆਪਣੀ ਫ਼ਿਲਮ ਵਿੱਚੋਂ ਮਨਫੀ ਕਰ ਦਿੱਤਾ।ਸ਼ਾਇਦ ਇਹ ਮਸਲਾ ਹਿੰਦੀ ਫ਼ਿਲਮ ਸਨਅਤ ਅਤੇ ਬਾਲੀਵੁੱਡ ਦੀ ਆਪਣੀ ਭਾਈਬੰਦੀ ਦਾ ਵੀ ਹੋ ਸਕਦਾ ਹੈ। 18 ਫ਼ਰਵਰੀ 2007 ਵਿੱਚ ਸਮਝੌਤਾ ਐਕਸਪ੍ਰੈਸ ਵਿੱਚ ਬੰਬ ਧਮਾਕਾ ਹੋਇਆ ਜਿਸ ਵਿੱਚ ਹਿੰਦੂ ਸੰਗਠਨ ਰਾਸ਼ਟਰੀ ਸਵੈ ਸੇਵਕ ਸੰਘ ਦੀ ਭਾਈਵਾਲੀ ਪਾਈ ਗਈ। ਇਸ ਬੰਬ ਧਮਾਕੇ ਵਿੱਚ ਸ਼ਾਮਲ ਤਕਰੀਬਨ 64 ਲੋਕ ਮਾਰੇ ਗਏ ਸਨ ਜਿਨ੍ਹਾਂ ਦਾ ਕੋਈ ਵੀ ਦੋਸ਼ ਨਹੀਂ ਸੀ।ਬੰਬ ਧਮਾਕੇ ਵਿੱਚ ਸ਼ਾਮਲ ਕਮਲ ਚੌਹਾਨ ਨਾਮੀ ਬੰਦੇ ਨੇ ਪੜਤਾਲ ਵਿੱਚ ਆਪਣੀ ਅੱਠ ਪੇਜਾਂ ਦੀ ਗਵਾਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਨੇ ਬੰਬ ਧਮਾਕਾ ਕਰਨ ਤੋਂ ਪਹਿਲਾਂ ਅਨੁਰਾਗ ਕਸ਼ਿਅਪ ਦੀ ਫ਼ਿਲਮ ਬਲੈਕ ਫਰਾਈਡੇ ਵੇਖੀ ਸੀ। 8 ਅਗਸਤ 2012 ਦੇ 'ਦ ਇੰਡੀਅਨ ਐਕਸਪ੍ਰੈਸ' ਵਿੱਚ ਛਪੀ ਇੱਕ ਖ਼ਬਰ ਇਸ ਦੀ ਤਸਦੀਕ ਕਰਦੀ ਹੈ।ਹੁਣ ਜੇ ਗੱਲ ਪਾਕਿਸਤਾਨ ਦੀ ਗੱਲ ਕਰੀਏ ਤਾਂ ਬਾਲੀਵੁੱਡ ਪਕਿਸਤਾਨ ਨੂੰ ਮਾੜਾ ਕਹਿਣ ਅਤੇ ਪਾਕਿਸਤਾਨੀ ਫੌਜ ਨੂੰ ਗਾਲਾਂ ਕੱਢਣ ਅਤੇ ਮੁਸਲਿਮ ਵਿਰੋਧੀ ਪ੍ਰਚਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਗੁਆਂਉਂਦਾ। ਸ਼ਾਹਰੁਖ ਖਾਨ ਦੀ 2007 ਵਿੱਚ ਪਰਦਾਪੇਸ਼ ਹੋਈ ਫ਼ਿਲਮ 'ਚੱਕ ਦੇ ਇੰਡੀਆ' ਦਾ ਨਾਇਕ ਕਬੀਰ ਖਾਨ ਇਸ ਲਈ ਬੇਇੱਜਤ ਕੀਤਾ ਜਾਂਦਾ ਏ ਕਿਉਂ ਕਿ ਉਸ ਨੇ ਪਾਕਿਸਤਾਨ ਦੇ ਹਾਕੀ ਟੀਮ ਦੇ ਕਪਤਾਨ ਨਾਲ ਪਾਕਿਸਤਾਨੀ ਟੀਮ ਦੀ ਜਿੱਤ ਦੀ ਖੁਸ਼ੀ ਸਾਂਝੀ ਕੀਤੀ ਸੀ।ਉਸ ਤੋਂ ਬਾਅਦ ਕਬੀਰ ਖ਼ਾਨ ਆਪਣੇ ਉੱਤੇ ਲੱਗਿਆ "ਦਾਗ" ਧੋਣ ਲਈ ਕੁੜੀਆਂ ਨੂੰ ਹਾਕੀ ਦੇ ਗੁਰ ਦੱਸਦਾ ਹੈ। ਆਖ਼ਰ ਉਹ "ਦਾਗ" ਨੂੰ ਧੋਣ ਵਿੱਚ 'ਕਾਮਯਾਬ' ਵੀ ਹੋ ਜਾਂਦਾ ਹੈ। ਹੁਣ ਕਬੀਰ ਖ਼ਾਨ ਦੇ ਬਹਾਨੇ ਫ਼ਿਲਮ ਉਨ੍ਹਾਂ ਸਾਰਿਆਂ ਨੂੰ "ਗੱਦਾਰਾਂ" , "ਮੁਲਕਧ੍ਰੋਹੀਆਂ" ਦੀ ਕਤਾਰ ਵਿੱਚ ਖੜ੍ਹਾ ਕਰਦੀ ਹੈ ਜੋ ਜਰਾ ਜਿੰਨਾ ਵੀ ਦੋਵਾ ਮੁਲਕਾਂ ਦਰਮਿਆਨ ਅਮਨ ਅਤੇ ਸ਼ਾਂਤੀ ਦੀ ਗੱਲ ਕਰਦੇ ਹਨ। ਇਹ ਸਿਰੇ ਦਾ ਫਾਸ਼ੀਵਾਦ ਹੈ ਪਰ ਵੇਖਣ ਵਾਲੇ ਦੀ ਜੇ ਅੱਖ ਦੇ ਨਾਲ ਦਿਮਾਗ ਨਹੀਂ ਖੁੱਲ੍ਹਾ ਹੋਵੇਗਾ ਤਾਂ ਉਸ ਦੇ ਦਿਮਾਗ ਵਿੱਚ ਜ਼ਹਿਰ ਭਰਿਆ ਜਾਣਾ ਵਧੇਰੇ ਸੌਖਾ ਹੋ ਜਾਂਦਾ ਹੈ।ਇਸੇ ਤਰਾਂ 2013 ਵਿੱਚ ਆਈ ਫ਼ਿਲਮ "ਵਾਰ ਛੋੜ ਨਾ ਯਾਰ" ਵਿੱਚ ਕਾਮੇਡੀ ਦੇ ਬਹਾਨੇ ਪਾਕਿਸਤਾਨ ਨੂੰ ਹੀ ਨੀਵਾਂ ਵਿਖਾਇਆ ਗਿਆ। ਪਾਕਿਸਤਾਨੀ ਫੌਜੀਆਂ ਨੂੰ ਘਟੀਆ, ਅਤੇ ਉੱਥੋਂ ਦੇ ਫੌਜ ਪ੍ਰਬੰਧ ਦਾ ਵੀ ਚੰਗਾ ਮਜ਼ਾਕ ਉਡਾਇਆ ਗਿਆ ਹੈ।ਸੋ ਫ਼ਿਲਮ ਦੀ ਪੜਚੋਲ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਿਹਾ ਹੈ ਅਤੇ ਇਹ ਸਦਾ ਹੀ ਰਹਿਣਾ ਚਾਹੀਦਾ ਹੈ।ਫ਼ਿਲਮ ਵੇਖਦੇ ਸਮੇਂ ਅੱਖ ਅਤੇ ਕੰਨ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ ਪਰ ਜ਼ਰੂਰੀ ਇਹ ਹੋ ਜਾਂਦਾ ਹੈ ਕਿ ਵੇਖਣ ਵਾਲੇ ਲਈ ਦਿਮਾਗ ਵੀ ਖੁੱਲ੍ਹਾ ਅਤੇ ਚੇਤਨ ਪੱਧਰ ਉੱਤੇ ਸੋਚ ਵੀ ਲਾਜ਼ਮੀ ਹੋਵੇ। ਫ਼ਿਲਮ ਹਮੇਸ਼ਾ ਕਿਸੇ ਨਾ ਕਿਸੇ ਵਿਚਾਰ ਜਾ ਸਿਆਸਤ ਤੋਂ ਅਸਰਅੰਦਾਜ਼ ਹੁੰਦੀ ਹੈ ਚਾਹੇ ਉਹ ਬਣਾਉਣ ਵਾਲੇ ਨੇ ਸੁਚੇਤ ਹੋ ਕੇ ਬਣਾਈ ਹੋਵੇ ਜਾ ਅਚੇਤ ਹੋ ਕੇ ਪਰ ਫ਼ਿਲਮ ਕਿਸੇ ਦੇ ਹੱਕ ਅਤੇ ਕਿਸੇ ਦੇ ਵਿਰੋਧ ਵਿੱਚ ਜ਼ਰੂਰ ਭੁਗਤ ਜਾਂਦੀ ਹੈ। ਸੰਪਰਕ: +91 94645 10678