Wed, 30 October 2024
Your Visitor Number :-   7238304
SuhisaverSuhisaver Suhisaver

ਸਮਾਜਕ ਸਰੋਕਾਰਾਂ ਦਾ ਵਿਸ਼ਲੇਸ਼ਣ ਕਰਦਾ ਐਸ ਅਸ਼ੋਕ ਭੌਰਾ ਦਾ ਰਚਨਾ ਸੰਸਾਰ -ਬਲਜਿੰਦਰ ਮਾਨ

Posted on:- 20-11-2014

suhisaver

ਜਿਵੇਂ ਰੁੱਖ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ ਉਸੇ ਤਰ੍ਹਾਂ ਐਸ ਅਸ਼ੋਕ ਭੌਰਾ ਦੀ ਸ਼ਬਦ ਸਾਧਨਾਂ ਵੀ ਦਹਾਕਿਆਂ ਪੁਰਾਣੀ ਹੈ।ਕੋਈ ਉਸਨੂੰ ਸ਼ਬਦਾਂ ਦਾ ਜਾਦੂਗਰ ਤੇ ਕੋਈ ਉਸਨੂੰ ਸਾਹਿਤ ਕਲਾ ਦਾ ਮਾਹਿਰ ਲਿਖਦਾ ਹੈ।ਅਸਲ ਵਿਚ ਐਸ ਅਸ਼ੋਕ ਭੌਰਾ ਸਾਹਿਤ ਦਾ ਭਰ ਵਗਦਾ ਦਰਿਆ ਹੈ ਜਿਸਨੇ ਜੀਵਨ ਦੇ ਹਰ ਪ੍ਰਕਾਰ ਦੇ ਰਸ ਰੰਗ ਨੂੰ ਮਾਣਿਆ ਹੈ।ਉਹ ਛੋਟੀ ਜਿਹੀ ਉਮਰ ਵਿਚ ਹੀ ਸ. ਬਰਜਿੰਦਰ ਸਿੰਘ ਹਮਦਰਦ ਅਤੇ ਸ.ਜਗਦੇਵ ਸਿੰਘ ਜੱਸੋਵਾਲ ਦੀ ਮਿੱਤਰ ਮੰਡਲੀ ਵਿਚ ਸ਼ਾਮਿਲ ਹੋ ਗਿਆ।

ਉਸਦੇ ਹਾਣੀ ਬਹੁਤ ਸਨ ਪਰ ੳਸ ਕੋਲ ਆਪਣੇ ਸਮਕਾਲੀਆਂ ਨਾਲੋਂ ਇਕ ਵੱਖਰੀ ਅੱਖ ਸੀ ਜਿਸ ਸਦਕਾ ਉਹ ਆਪਣੇ ਨਿਰਾਲੇ ਕਾਰਜਾਂ ਨਾਲ ਬਾਕੀਆਂ ਨਾਲੋਂ ਕਿਤੇ ਅੱਗੇ ਨਿੱਕਲ ਗਿਆ।ਨੌਵੀਂ ਵਿਚ ਪੜ੍ਹਦੇ ਨੇ ਅਜੀਤ ਦੀ ਪੱਤਰਕਾਰੀ ਅਰੰਭੀ ਤਾਂ ਗੀਤ ਸੰਗੀਤ ਦੀਆਂ ਅਜਿਹੀਆਂ ਬਾਤਾਂ ਪਾਈਆਂ ਕਿ ਉਸਦੇ ਕਾਲਮਾ ਨਾਲ ਹੀ ਅਖਬਾਰ ਦੀ ਨਵੀਂ ਪੀੜੀ ਵਿਚ ਚਰਚਾ ਹੋਣ ਲਗ ਪਈ।ਬਹੁਤ ਸਾਰੇ ਪਾਠਕ ੳਸਦੇ ਕਾਲਮ ਪੜ੍ਹਨ ਲਈ ਹੀ ਅਖਬਾਰ ਖਰੀਦਦੇ।ਇਹ ਆਲਮ ਦਹਾਕਿਆਂ ਦੇ ਪੜਾਵਾਂ ਨੂੰ ਪਾਰ ਕਰਦਾ ਅਜ ਭਰਜੋਬਨ ਤੇ ਹੈ।

ਉਹ ਸ਼ਬਦਾਂ ਦੇ ਵਿਸ਼ਾਲ ਸਾਗਰ ਵਿਚੋਂ ਡੂੰਘੀਆਂ ਚੁੱਭੀਆਂ ਮਾਰ ਹੰਸ ਵਾਂਗ ਹੀਰੇ ਮੋਤੀ ਚੁਗਦਾ ਰਹਿੰਦਾ ਹੈ।ਇਸ ਢੰਗ ਵਿਚੋਂ ਉਹ ਆਪਣੀ ਚੁੰਗੇਰ ਨੂੰ ਸਚੁੱਜੇ ਸ਼ਬਦਾਂ ਨਾਲ ਭਰ ਲੈਂਦਾ ਹੇ।ਚਾਹੇ ਉਹ ਕਿਸੇ ਵੀ ਕਲਾ ਦੀ ਗੱਲ ਕਰੇ ਬਸ ਕਮਾਲ ਦੀ ਕਰਦਾ ਹੈ।ਅਖਬਾਰਾਂ ਵਿਚ ਉਸਨੇ ਖੇਡਾਂ, ਕਲਾ, ਕਲਾਕਾਰਾਂ, ਢਾਡੀਆਂ, ਕਵੀਸ਼ਰਾਂ, ਅਤੇ ਸੱਭਿਆਚਾਰ ਤੋਂ ਇਲਾਵਾ ਭਖਦੇ ਸਮਾਜਕ ਤੇ ਰਾਜਨੀਤਿਕ ਮਸਲਿਆਂ ਤੇ ਵੀ ਬਾ ਕਮਾਲ ਲਿਖਿਆ ਹੈ।ਲਿਖਣ ਦੇ ਨਾਲ ਨਾਲ ਉਸਨੇ ਆਪਣੇ ਜੋਸ਼ ਤੇ ਹੋਸ਼ ਦੇ ਸਮਤੋਲ ਨੂੰ ਕਦੀ ਵਿਗੜਨ ਨਹੀਂ ਦਿੱਤਾ।ਜੁਆਨੀ ਵਿਚ ਜਿੱਥੇ ਕਲਾਕਾਰਾਂ ਨੂੰ ਆਪਣੀ ਕਲਮ ਨਾਲ ਚਮਕਾਇਆ ਉਥੇ ਮਾਹਿਲਪੁਰ ਵਿਚ ਢਾਡੀ ਅਮਰ ਸਿੰਘ ਸ਼ੌਂਕੀ ਦੀ ਯਾਦ ਵਿਚ ਇਕ ਨਿਵੇਕਲੇ ਸੱਭਿਆਚਾਰਕ ਮੇਲੇ ਦਾ (ਇਨਾਂ ਸਤ੍ਹਰਾਂ ਦੇ ਲੇਖਕ ਦੇ ਸਹਿਯੋਗ ਨਾਲ ) 1989 ਵਿਚ ਅਰੰਭ ਵੀ ਕੀਤਾ।ਜਿਸ ਰਾਹੀਂ ਵਿਸਰ ਰਹੀ ਢਾਡੀ ਕਲਾ ਨੂੰ ਸੰਭਾਲਣ ਦਾ ਯਤਨ ਕੀਤਾ ਗਿਆ।ਅਮੀਰ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪਨੀਰੀ ਦੇ ਹਵਾਲੇ ਕਰਨ ਦੇੇ ਉਦੇਸ਼ ਦੀ ਪੂਰਤੀ ਲਈ ਇਹ ਮੇਲਾ ਲਗਭਗ ਇਕ ਦਹਾਕਾ ਮਾਹਿਲਪੁਰ ਦੀ ਧਰਤੀ ਤੇ ਲਗਦਾ ਰਿਹਾ।
    
ਐਸ ਅਸ਼ੋਕ ਭੌਰਾ ਨਾਲ ਮੇਰਾ ਸਬੰਧ ਵੀ ਪੂਰੇ ਤਿੰਨ ਦਹਾਕੇ ਪੁਰਾਣਾ ਹੈ।ਇਕ ਜੂਨ 1984 ਨੂੰ ਪੰਜਾਬ ਵਿਚ ਲੱਗਾ ਕਰਫਿਊ ਸਾਡੀ ਪਹਿਲੀ ਮਿਲਣੀ ਦਾ ਦਿਨ ਸੀ।ਫਿਰ ਮਂੈ ਉਸਦੀ ਅਗਵਾਈ ਹੇਠ ਪੱਤਰਕਾਰੀ ਅਤੇ ਸਾਹਿਤ ਸਿਰਜਣਾ ਦੇ ਰਾਹੇ ਪੈ ਗਿਆ।ਇਸ ਪਿਆਰ ਸਤਿਕਾਰ ਦੇ ਨਤੀਜੇ ਵਜੋਂ ਹੀ ਮਾਹਿਲਪੁਰ ਪੂਰੇ ਪੰਜਾਬ ਲਈ ਬਾਲ ਸਾਹਿਤ ਅਤੇ ਸੱਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣ ਗਿਆ।ਕਦੀ ਬਾਲ ਮੇਲੇ ਕਦੀ ਵਿਸ਼ਵ ਪੱਧਰੀ ਪੰਜਾਬੀ ਕਾਨਫ੍ਰੰਸਾਂ ਤੇ ਕਦੀ ਤ੍ਰੈਭਾਸ਼ੀ ਕਵੀ ਤੇ ਕਹਾਣੀ ਦਰਬਾਰ ਮਾਹਿਲਪਰ ਦੇ ਸਾਹਿਤਕ ਇਤਿਹਾਸ ਵਿਚ ਦਰਜ ਹੋਣ ਲਗ ਪਏ।ਜੇ ਕਰ ਉਹ ਮੇਰੇ ਰਾਹ ਦੁਸੇਰੇ ਨਾ ਬਣਦੇ ਤਾਂ ਸ਼ਾਇਦ ਮਾਹਿਲਪੁਰ ਵਿਚ ਮੇਲੇ ਨਾ ਲਗਦੇ।ਮੇਰੇ ਵਰਗੇ ਅਨੇਕਾਂ ਸਿਖਾਦਰੂਆਂ ਨੂੰ ਉਸਨੇ ਅਗਵਾਈ ਦੇ ਕੇ ਮਾਰਗ ਦਰਸ਼ਨ ਕੀਤਾ।ਉਹ ਰੇਡੀਓ, ਟੀ.ਵੀ ਤੇ ਗੱਲਾਂ ਕਰਨ ਦਾ ਵੀ ਮਾਹਿਰ ਬਣਾ ਗਿਆ।ਕਦੀ ਐਂਕਰ ਤੇ ਕਦੀ ਉਹ ਕਿਸੇ ਵਿਸ਼ੇ ਦੇ ਮਾਹਿਰ ਵਜੋਂ ਗਲ ਬਾਤ ਕਰਦਾ ਰਹਿੰਦਾ।ਫਿਰ ਨਿਰਮਾਤਾ ਤੇ ਨਿਰਦੇਸ਼ਕ ਬਣਕੇ ਲੜੀਵਾਰ ਪ੍ਰੋਗਰਾਮ ਪੇਸ਼ ਕਰਦਾ ਰਿਹਾ।ਪਰ ਉਸਦੀ ਇੱਛਾ ਸ਼ਕਤੀ ਕਦੀ ਨਰਮ ਨਹੀਂ ਪੈਂਦੀ।ਉਹ ਦਿਨ ਰਾਤ ਮਿਹਨਤ ਤੇ ਲਗਨ ਨਾਲ ਸ਼ੁਹਰਤ ਦੀਆ ਪੌੜੀਆਂ ਚੜ੍ਹਦਾ ਚੜ੍ਹਦਾ ਅਜਕਲ ਅਮਰੀਕਾ ਦੀ ਧਰਤੀ ਤੇ ਵਸਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਲੇਖਕ ਹੈ।ਕਈ ਅੰਗਰੇਜ਼ ਉਸਦੀ ਰਚਨਾ ਦਾ ਤਰਜਮਾ ਸੁਣਕੇ ਅਨੰਦ ਲੈਂਦੇ ਹਨ।ਇਹ ਹੈ ਉਸਦੀ ਸਾਹਿਤਕਾਰੀ ਦੇ ਦਮ ਦੀ ਗੱਲ।
    
ਅਮਰੀਕਾ ਵਰਗੇ ਦੇਸ਼ ਵਿਚ ਆਪਣੀ ਹੋਂਦ ਨੂੰ ਕਾਇਮ ਕਰਨਾ ਕਿਸੇ ਨਸੀਬਾਂ ਵਾਲੇ ਦੇ ਹੀ ਹਿੱਸੇ ਆਉਂਦਾ ਹੈ ਪਰ ਭੌਰੇ ਬਾਰੇ ਇਹੀ ਕਿਹਾ ਜਾਣਾ ਬਣਦਾ ਹੈ ਕਿ ਉਹ ਖੁਦ ਮਿਹਨਤੀ ਹੈ ਜਿਸ ਕਰਕੇ ਪ੍ਰਮਾਤਮਾ ਉਸਦੇ ਸਦਾ ਅੰਗ ਸੰਗ ਰਹਿੰਦਾ ਹੈ।ਉਸ ਕੋਲ ਸ਼ਬਦਾਂ ਨੂੰ ਪ੍ਰੋਣ ਦੀ ਇਕ ਜਾਦੂਈ ਕਲਾ ਹੈ। ਜਿਸ ਨਾਲ ਹਰ ਪਾਠਕ ਮੰਤਰ ਮੁਗਧ ਹੋ ਜਾਂਦਾ ਹੈ।ਦੁਨੀਆ ਦੇ 50 ਦੇ ਕਰੀਬ ਦੇਸ਼ਾਂ ਦੀ ਯਾਤਰਾ ਕਰ ਚੁੱਕਾ ਇਹ ਸੈਲਨੀ ਕਦੀ ਵਿਹਲਾ ਨਹੀਂ ਬੈਠਦਾ।ਦਿਨ ਰਾਤ ਉਸ ਲਈ ਬਰਾਬਰ ਹਨ।ਜਿਸ ਕਰਕੇ ਉਹ ਚਾਰ ਚਾਰ ਅਖਬਾਰਾਂ ਵਿਚ ਹਫਤਾਵਰੀ ਕਾਲਮ ਨਿਰੰਤਰ ਲਿਖ ਰਿਹਾ ਹੈ।ਉਸਦੀ ਹਰ ਵੰਨਗੀ ਨੂੰ ਪਾਠਕ ਪੂਰੀ ਦਿਲਚਸਪੀ ਨਾਲ ਪੜ੍ਹਦੇ ਹਨ।ਚਾਹੇ ਉਹ ਕਾਵਿ ਵਿਅੰਗ ਰਾਹੀਂ ਕਰਾਰੇ ਪੁਦਨੇ ਦੀ ਗੱਲ ਕਰੇ ਜਾਂ ਉਹ ਗਾਇਕੀ ਦੇ ਆਰ ਪਾਰ ਦੀਆਂ ਬਾਤਾਂ ਪਾਵੇ।ਇਹ ਗੱਲਾਂ ਕਰਨ ਲਈ ਜੀਵਨ ਤਜਰਬੇ ਦੀ ਲੋੜ ਹੁੰਦੀ ਹੈ।ਪ੍ਰਿੰਸੀਪਲ ਸਰਵਣ ਸਿੰਘ, ਸ਼ਮਸ਼ੇਰ ਸਿੰਘ ਸੰਧੂ, ਜਸਵੰਤ ਸਿੰਘ ਕੰਵਲ ,ਵਰਿਆਮ ਸਿੰਘ ਸੰਧੂ ਸਮੇਤ ਕਈ ਉਘੇ ਸਾਹਿਤਕਾਰ ਉਸਦੀ ਵਾਰਤਕਕਾਰੀ ਦਾ ਲੋਹਾ ਮੰਨਦੇ ਹਨ।
    
ਜਦੋਂ ਅਸੀਂ ਭੌਰੇ ਦੀ ਰਚਨਾਤਮਿਕਤਾ ਦੀ ਗੱਲ ਕਰਦੇ ਹਾਂ ਤਾਂ ‘ਗੱਲੀਂ ਬਾਤੀਂ’ ਵਰਗੀਆਂ ਪੁਸਤਕਾਂ ਪੰਜ ਪੰਜ ਸੌ ਪੰਨਿਆਂ ਤੋਂ ਜਿਆਦਾ ਵਾਲੀਆਂ ਸਾਡੇ ਸਨਮੱਖ ਹੁੰਦੀਆਂ ਹਨ।ਪਹਿਲੀ ਨਜ਼ਰੇ ਤਾਂ ਇਹ ਦੇਖ ਕੇ ਬੰਦਾ ਹੈਰਾਨ ਜਿਹਾ ਹੋ ਜਾਂਦਾ।ਪਰ ਜਦੋਂ ਉਹ ਪੁਸਤਕ ਦਾ ਪਹਿਲਾਂ ਪੰਨਾ ਪਰਤਕੇ ਇਕ ਲਾਈਨ ਪੜ੍ਹਦਾ ਹੈ ਤਾਂ ਉਸਦਾ ਦਿਲ ਕਰਦਾ ਹੈ ਕਿ ਹੋਰ ਅੱਗੇ ਪੜ੍ਹਿਆ ਜਾਵੇ।ਬਸ ਫਿਰ ਕੀ ਜਿਹੜਾ ਪੜ੍ਹਨ ਬਹਿ ਗਿਆ ਉਹ ਪੁਸਤਕ ਨਹੀਂ ਛੱਡੇਗਾ।ਉਸ ਅੰਦਰ ਹੋਰ ਅੱਗੇ ਤੇ ਹੋਰ ਅੱਗੇ ਪੜ੍ਹਨ ਦੀ ਇੱਛਾ ਜਾਗਦੀ ਜਾਂਦੀ ਹੈ।ਜਦੋਂ ਪੁਸਤਕ ਦਾ ਕੋਈ ਲੇਖ ਪੜ੍ਹਦੇ ਹਾਂ ਤਾਂ ਕਿਤੇ ਉਹ ਡਾਕਟਰ ਤੇ ਕਿਤੇ ਇੰਜਨੀਅਰ ਤੇ ਕਿਤੇ ਉਹ ਇਕ ਜਸੂਸ ਵਾਂਗ ਲੁਕੀਆਂ ਗੱਲਾਂ ਪੇਸ਼ ਕਰਕੇ ਆਪਣੀ ਸਿਰਜਣ ਧਾਰਾ ਦਾ ਵਹਿਣ ਵਗਾ ਦਿੰਦਾ ਹੈ।ਬਸ ਇਹੀ ਭੌਰੇ ਦੀ ਵਾਰਤਕ ਦਾ ਜਾਦੂ ਹੈ ਜੋ ਪਾਠਕਾਂ ਦੇ ਸਿਰ ਚੜ ਬੋਲਦਾ ਹੈ।ਅਮਰੀਕਾ ਦੇ ਸਿੱਖਿਆ ਮੰਤਰੀ ਤਕ ਉਸਦੀ ਰਚਨਾ ਦੇ ਕਾਇਲ ਹਨ।ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਉਸਦੀ ਸਿਰਜਣ ਪ੍ਰਕ੍ਰਿਆ ਵਿਚ ਅਜਿਹਾ ਕੀ ਹੈ ਜੋ ਹਰ ਕਿਸੇ ਨੂੰ ਕਾਇਲ ਕਰੀ ਜਾ ਰਿਹਾ ਹੈ।ਉਸਨੇ ਕਦੀ ਵੀ ਕਿਸੇ ਨੂੰ ਆਦਰਸ਼ ਮੰਨ ਕੇ ਰਚਨਾ ਨਹੀ ਕੀਤੀ।ਉਹ ਆਪਣਾ ਆਦਰਸ਼ ਖੁਦ ਹੈ।ਇਸੇ ਕਰਕੇ ੳਸਦੀ ਵਾਰਤਕ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ ।ਇਹ ਜਰਰੂ ਕਿਹਾ ਜਾ ਸਕਦਾ ਹੈ ਕਿ ਇਹ ਭੌਰੇ ਦੀ ਰਚਨਾ ਸੰਸਾਰ ਦੀ ਵਿਲਖਣਤਾ ਭੌਰਾ ਸ਼ੈਲੀ ਹੈ।
    
ਉਸਦਾ ਹਰ ਲੇਖ ਇਕ ਡੱਬੀ ਨਾਲ ਸ਼ੁਰੂ ਹੁੰਦਾ ਹੈ।ਉਸ ਡੱਬੀ ਵਿਚ ਪੂਰੇ ਸੰਸਾਰ ਦੀ ਗੱਲ ਜਾਂ ਸਾਡੇ ਆਪਣੇ ਘਰ ਦੀ ਗੱਲ ਹੁੰਦੀ ਹੈ।ਭਾਵ ਉਹਨੇ ਕੁੱਜੇ ਵਿਚ ਸਮੁੰਦਰ ਬੰਦ ਕੀਤਾ ਹੁੰਦਾ ਹੈ।ਜਦੋਂ ਪਾਠਕ ਡੱਬੀ ਪੜ੍ਹ ਲੈਂਦਾ ਹੈ ਤਾਂ ਉਹ ਲੇਖ ਪੜ੍ਹੇ ਬਗੈਰ ਨਹੀਂ ਰਹਿ ਸਕਦਾ।ਉਸਦੇ ਲੇਖਾਂ ਵਿਚ ਕਵਿਤਾਵਾਂ, ਕਹਾਣੀਆਂ, ਇਤਿਹਾਸ, ਵਿਗਿਆਨ,ਸਵੈਜਵਿਨੀ,ਰੇਖਾ ਚਿਤਰ, ਨਾਟਕ ਆਦਿ ਅਨੇਕਾਂ ਖੂਬੀਆਂ ਮੌਜੂਦ ਹੰਦੀਆਂ ਹਨ।ਉਸਦੀਆਂ ਰਚਨਾਵਾਂ ਦੀ ਲੜੀ ਫੁੱਲਝਿੜੀ ਵਾਂਗ ਖਿੜਦੀ ਜਾਂਦੀ ਹੈ ਅਤੇ ਅਨਾਰ ਵਾਂਗ ਉਚੇਰੀ ਹੁੰਦੀ ਹੈ।ਇਸਦੀ ਚਮਕ ਦਾ ਹਰ ਮੋਤੀ ਕਿਸੇ ਇਕ ਪਹਿਲੂ ਨੂੰ ਰੌਸ਼ਨ ਕਰ ਜਾਂਦਾ ਹੈ।ਉਸਦੀ ਸੋਚ ਗਲੋਬਲ ਹੈ ਜਿਸ ਕਰਕੇ ਧਰਮ ਦੀ ਗਲ ਕਰਦਾ ਵੀ ਪੂਰੇ ਵਿਸ਼ਵ ਦੇ ਧਾਰਮਿਕ ਅਕੀਦਿਆਂ ਨੂੰ ਪੇਸ਼ ਕਰਦਾ ਹੈ।ਰਾਜਨੀਤਿਕ ਚੀਰ ਫਾੜ ਦਾ ਤਾਂ ਉਹ ਮਾਹਿਰ ਹੈ।ਹਰ ਖੇਤਰ ਦੇ ਵਿਅਕਤੀ ਵਿਸ਼ੇਸ਼ ਨਾਲ ਉਸਦਾ ਸੰਵਾਦ ਹੁੰਦਾ ਰਹਿੰਦਾ ਹੈ।ਜਿਸ ਨਾਲ ਉਹ ਪੰਜਾਬ ਸਮੇਤ ਪੂਰੇ ਵਿਸ਼ਵ ਦੇ ਰਾਜਸੀ ਮੰਚ ਨੂੰ ਸਹੀ ਰਾਹ ਦਿਖਾ ਦਿੰਦਾ ਹੈ।ਸੱਭਿਆਚਾਰਕ ਪਹਿਲੂਆਂ ਤੇ ਤਾਂ ਉਸ ਨਾਲ ਵਿਚਾਰ ਕਰਨ ਲਈ ਗਿਆਨ ਦੇ ਦਰਵਾਜ਼ੇ ਖੋਲਣੇ ਪੈਂਦੇ ਹਨ।ਜਿਸਦਾ ਬਚਪਨ ਪੋ੍ਰ. ਮੋਹਨ ਸਿੰਘ ਮੇਲੇ ਦੇ ਪ੍ਰਬੰਧਾਂ ਵਿਚ ਬੀਤਿਆ ਹੋਵੇ ਭਲਾ ਉਹ ਇਸਦੀਆਂ ਗਹਿਰਾਈਆਂ ਕਿਉਂ ਨਹੀਂ ਮਾਪੇਗਾ?
    
ਢਾਡੀ ਪ੍ਰੰਪਰਾ ਲਈ ਉਸਨੇ ਪਹਿਲੀ ਵਾਰ ਯਤਨ ਕਰਕੇ ਪੁਸਤਕ ਲਿਖੀ ‘ਪੰਜਾਬ ਦੇ ਢਾਡੀ’। ਜਿਸ ਵਿਚ ਭੁੱਲੇ ਵਿਸਰੇ ਢਾਡੀਆਂ ਨੂੰ ਸਾਂਭਣ ਦਾ ਯਤਨ ਕੀਤਾ।ਨਾਲ ਹੀ ਢਾਡੀ ਕਲਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਖਬਾਰਾਂ ਵਿਚ ਨਿਰੰਤਰ ਕਾਲਮ ਵੀ ਲਿਖੇ।ਭਾਰਤ ਦੀ ਮਹਾਨ ਸੰਗੀਤ ਪ੍ਰੰਪਰਾ ਤੇ ਖੋਜ ਭਰਪੂਰ ਕਾਰਜ ਕਰਕੇ ‘ਭਾਰਤ ਦੇ ਮਹਾਨ ਸੰਗੀਤਕਾਰ’ਨਾਮੀ ਪੁਸਤਕ ਦਾ ਪ੍ਰਕਾਸ਼ਨ ਪੰਜਾਬੀ,ਹਿੰਦੀ,ਅੰਗਰੇਜ਼ੀ ਅਤੇ ਉੜਦੂ ਵਿਚ ਕਰਨਾ ਕਿਸੇ ਮਹਾਨ ਕਾਰਜ ਤੋਂ ਘੱਟ ਨਹੀਂ ਹੈ।ਇਸ ਰਾਹੀਂ ਸਾਡੀ ਨਵੀਂ ਪਨੀਰੀ ਨੂੰ ਅਮੀਰ ਸੰਗੀਤ ਵਿਰਾਸਤ ਬਾਰੇ ਖੋਜ ਭਰਪੂਰ ਜਾਣਕਾਰੀ ੳਪੁਲੱਬਧ ਕਰਾਈ ਗਈ।ਜਿਸ ਵਿਚ ਭਾਰਤੀ ਸਗੀਤ ਪ੍ਰੰਪਰਾਂ ਦਾ ਅਰੰਭ,ਵਿਕਾਸ,ਚੜ੍ਹਤ ਅਤੇ ਇਸਦੇ ਉਤਰਾਅ ਚੜਾਅ ਨੂੰ ਸੁਰਮਈ ਢੰਗ ਨਾਲ ਪੇਸ਼ ਕੀਤਾ।‘ਪੰਜਾਬ ਦੇ ਲੋਕ ਸਾਜ਼’ ਨਾਮੀ ਪੁਸਤਕ ਵਿਚ ਚਿਮਟਾ, ਤੂੰਬੀ, ਅਲਗੋਜੇ, ਬੁਗਚ,ਬੀਨ,ੂ ਸਰੰਗੀ ਆਦਿ ਲੋਕ ਸਾਜਾਂ ਦਾ ਇਤਿਹਾਸ, ਪ੍ਰਪੰਰਾ, ਅਰੰਭ ਅਤੇ ਲੋਕਾਂ ਵਲੋਂ ਮੁੱਖ ਮੋੜਨ ਦੇ ਕਾਰਨਾਂ ਬਾਰੇ ਚਾਨਣਾ ਪਾਇਆ ਗਿਆ।ਇਥੇ ਹੀ ਬਸ ਨਹੀ ‘ਅਮਰੀਕਾ ਦੇ ਰਾਸ਼ਟਰਪਤੀ’ ਨਾਮੀ ਪੁਸਤਕ ਵਿਚ ਬਰਾਕ ਉਬਾਮਾ ਤਕ ਦੇ ਰਾਸ਼ਟਰਪਤੀਆਂ ਦੀ ਪ੍ਰਭਾਵਸ਼ਾਲੀ ਜਾਣਕਾਰੀ ਅੰਕਿਤ ਕਰਕੇ ਅਮਰੀਕਾ ਸਰਕਾਰ ਦਾ ਧਿਆਨ ਵੀ ਅਕਰਸ਼ਿਤ ਕਰ ਲਿਆ।ਅਮਰੀਕਾ, ਕਨੇਡਾ, ਇੰਗਲੈਂਡ ਵਰਗੇ ਦੇਸ਼ਾਂ ਦੀਆਂ ਮਸ਼ਹੂਰ ਪੰਜਾਬੀ ਅਖਬਾਰਾਂ ਵਿਚ ਉਸਦੇ ਕਾਲਮ ਹਰ ਹਫਤੇ ਛਾਪੇ ਜਾ ਰਹੇ ਹਨ।
    
ਰੇਡੀਓ ਚੜਦੀ ਕਲਾ ਦਾ ਇਹ ਸੰਚਾਲਕ ਨਾਟਕਾਂ ਦੀ ਸਿਰਜਣਾ ਵੀ ਕਰਦਾ ਹੈ।ਉਸਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤੇ ਨਾਟਕ ਦਰਸ਼ਕਾਂ ਦੇ ਮਨਾ ਅੰਦਰ ਘਰ ਕਰ ਚੁੱਕੇ ਹਨ।ਪੰਜਾਬ ਵਾਂਗ ਹੀ ਉਹ ਅਮਰੀਕਾ ਵਿਚ ਵੀ ਅਪਣੀਆਂ ਸਾਹਿਤਕ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਪੰਜਾਬੀ ਸੱਭਿਆਚਾਰ ਦਾ ਅਲੰਬਦਾਰ ਬਣੀ ਬੈਠਾ ਹੈ।ਬੜੇ ਥੋੜੇ ਸਮੇਂ ਵਿਚ ਉਸਨੇ ਆਪਣੀ ਕਲਾ ਦੀ ਧਾਂਕ ਪੂਰੀ ਅਮਰੀਕਾ ਵਿਚ ਕਾਇਮ ਕਰ ਦਿੱਤੀ ਹੈ।ਇਕ ਵਾਰ ਉਹ ਕਨੇਡਾ ਆਪਣੀ ਕਿਤਾਬ ਰਿਲੀਜ਼ ਕਰਨ ਗਿਆ ਤਾਂ ਉਥੇ ਉਸਨੂੰ ਮਿਲਣ ਵਾਲਿਆਂ ਦਾ ਮੇਲਾ ਲਗ ਗਿਆ।ਇਹ ਹੈ ਉਸਦੀ ਲੋਕਾਂ ਵਿਚ ਸਾਖ।ਉਸਦੇ ਪਾਠਕ ਉਸਦੇ ਦੀਵਾਨੇ ਹਨ। ਇਸ ਗਲ ਦਾ ਸਬੂਤ ਉਦੋਂ ਮਿਲਿਆ ਜਦੋਂ ਇਕ ਡਾਕਟਰ ਨੇ ਉਸਦੇ ਇਲਾਜ ਦਾ ਢਾਈ ਲੱਖ ਪੌਂਡ ਇਸ ਕਰਕੇ ਮਾਫ ਕਰ ਦਿੱਤਾ ਕਿ ਉਸਦਾ ਪਿਤਾ ਉਸਦੀਆਂ ਰਚਨਾਵਾਂ ਦਾ ਫੈਨ ਹੈ।ਇਹ ਸ਼ਬਦ ਦੀ ਤਾਕਤ ਹੈ।ਜਿਹੜੇ ਲੋਕ ਸ਼ਬਦ ਦੀ ਸ਼ਕਤੀ ਅਤੇ ਸੰਭਾਵਨਾ ਨੂੰ ਸਮਝ ਜਾਂਦੇ ਹਨ ਉਹ ਇਸ ਸ਼ਕਤੀ ਨਾਲ ਹਰ ਤਾਕਤ ਹਸਲ ਕਰ ਲੈਂਦੇ ਹਨ।ਐਸ ਅਸ਼ੋਕ ਭੌਰਾ ਨੇ ਅਜੇ ਕੋਈ ਰਾਜਸੀ ਅਹੁਦਾ ਹਾਸਲ ਨਹੀਂ ਕੀਤਾ ਪਰ ਸਾਰੇ ਰਾਜਸੀ ਆਗੂ ਉਸ ਕੋਲ ਇਸੇ ਕਰਕੇ ਪੁੱਜਦੇ ਹਨ ਕਿ ਉਹ ਜੋ ਸ਼ਬਦ ਉਹਨਾਂ ਬਾਰੇ ਕਹੇਗਾ ਜਾਂ ਲਿਖੇਗਾ ਉਹ ਪੱਥਰ ਤੇ ਲਕੀਰ ਵਰਗੇ ਸਾਬਤ ਹੋਣਗੇ।ਗਾਇਕਾਂ ਨੇ ਤਾਂ ਉਸਨੂੰ ਹਰ ਮੰਚ ਤੇ ਮਾਣ ਸਤਿਕਾਰ ਦਿੱਤਾ।ਉਹਨਾਂ ਦੋ ਦਹਾਕੇ ਪਹਿਲਾਂ ਉਸਨੰ ਮਾਰੂਤੀ ਕਾਰ ਭੇਂਟ ਕਰਕੇ ਉਸਦੀ ਦੇਣ ਨੂੰ ਨਮਮਕਾਰ ਆਖੀ ਸੀ।ਇਹ ਇਕ ਸਚਾਈ ਹੈ ਕਿ ਉਸਦੀ ਕਲਮ ਵਿਚੋਂ ਨਿੱਕਲੇ ਸ਼ਬਦ ਕਿਸੇ ਪੈਗੰਬਰ ਦੇ ਕਹੇ ਬੋਲਾਂ ਵਰਗੇ ਲਗਦੇ ਹਨ।ਇਹਨਾਂ ਵਿਚ ਸਾਡੇ ਦੁੱਖ- ਦਰਦ, ਝੋਰੇ, ਲੋੜਾਂ- ਥੋੜਾਂ, ਮੁਹੱਬਤਾਂ ਤੇ ਦੁਸ਼ਮਣੀਆ ਅਤੇ ਸਰਬਸਾਂਝੀਵਾਲਤਾ ਵਰਗੇ ਸੁਨੇਹੇ ਮਿਲਦੇ ਹਨ।ਇੰਝ ਇਹ ਗੱਲਾਂ ਸਾਨੂੰ ਆਪਣੀਆਂ ਲਗਦੀਆਂ ਹਨ।ਇਸੇ ਕਰਕੇ ਹਰ ਪਾਠਕ ਇਹਨਾਂ ਨੂੰ ਪੜੇ੍ਹ ਬਗੈਰ ਨਹੀਂ ਰਹਿੰਦਾ।ਕਾਵਿ ਵਿਅੰਗ ਪੁਸਤਕ ‘ਅਗਨਬਾਣ’ ਵਿਚ ਕਵੀ ਵਲੋਂ ਚਲਾਏ ਸਾਰੇ ਦੇ ਸਾਰੇ ਤੀਰ ਨਿਸ਼ਾਨੇ ਤੇ ਲੱਗਦੇ ਹਨ।ਹਰ ਵਿਸ਼ੇ ਨੂੰ ਬੜੀ ਮਹੀਨ ਨਜ਼ਰ ਨਾਲ ਆਪਣੀ ਕਾਵਿ ਰਚਨਾ ਵਿਚ ਪ੍ਰੋਇਆ ਹੈ।
    
‘ਮੇਰੇ ਸਮਿਆਂ ਦੀ ਪੰਜਾਬੀ ਗਾਇਕੀ’ ਨਾਮੀ ਪੁਸਤਕ ਵਿਚ ਪੰਜਾਬ ਦੇ ਮਾੜੇ ਚੰਗੇ ਸਮਿਆਂ ਦੀ ਗਾਇਕੀ ਦਾ ਵਿਸ਼ਲੇਸ਼ਣ ਕੀਤਾ ਮਿਲਦਾ ਹੈ।ਗਾਇਕਾਂ ਨੇ ਕੀ ਕਮਾਇਆ ਤੇ ਕੀ ਗੁਆਇਆ ਆਦਿ ਵਿਸ਼ਿਆਂ ਨੂੰ ਵੀ ਬਾਖੂਬੀ ਨਿਖਾਰਿਆ ਹੈੇ।ਉਸ ਸਮੇਂ ਦੇ ਗਾਇਕਾਂ ਨੇ ਪੰਜਾਬ ਦੀ ਤ੍ਰਾਸਦੀ ਵਿਚ ਕਿਵੇਂ ਦਿਨ ਕਟੀ ਕੀਤੀ।ਸੱਚ ਦੀ ਗੱਲ ਕਰਨ ਵਾਲਿਆ ਨੂੰ ਕੀ ਮਿਲਿਆ? ਅਜਿਹੇ ਵਿਸ਼ਿਆਂ ਬਾਰੇ ਇਹ ਪੁਸਤਕ ਇਕ ਵਿਸ਼ਲੇਸ਼ਣਤਮਕ ਜਾਣਕਾਰੀ ਦਾ ਖਜ਼ਾਨਾ ਹੈ।ਇਸ ਵਿਸ਼ੇ ਤੇ ਅਜਿਹਾ ਕਾਰਜ ਪਹਿਲੀ ਵਾਰ ਹੋਇਆ ਹੈ।ਸੱਭਿਆਚਾਰ ਦੇ ਖੇਤਰ ਵਿਚ ਗਾਇਕਾਂ ਦਾ ਯੋਗਦਾਨ ਅਤੇ ਇਸਦੇ ਨਾਲ ਕਿਸ ਨੇ ਗੀਤ ਸੰਗੀਤ ਦੀ ਕਲਾ ਨੂੰ ਉਚਾਣਾਂ ਜਾਂ ਨਿਵਾਣਾਂ ਵੱਲ ਨੂੰ ਮੋੜਾ ਦਿੱਤਾ ਜਾਂ ਕੋਈ ਨਵੀਂ ਤੇ ਨਰੋਈ ਲੀਹ ਪਾਈ।ਅਜਿਹੀਆਂ ਬਾਤਾਂ ਅਤੇ ਤਸਵੀਰਾਂ ਨਾਲ ਦਾ ਸ਼ਿੰਗਾਰੀ ਇਹ ਪੁਸਤਕ ਕੁਲ ਦੁਨੀਆ ਵਿਚ ਵਸਦੇ ਪੰਜਾਬੀ ਚਾਹਤ ਨਾਲ ਪੜ੍ਹਦੇ ਹਨ।
    
ਪੁਸਤਕ ‘ਨੈਣ ਨਕਸ਼’ ਵਿਚ ਤਾਂ ਸਮੁੱਚੇ ਸਮਾਜਕ ਤਾਣੇ ਬਾਣੇ ਨੂੰ ਪੇਸ਼ ਕੀਤਾ ਗਿਆ ਹੈ।ਸਮਾਜ ਵਿਚ ਨੈਟ ਤੇ ਟੀ ਵੀ ਦੀ ਭੂਮਿਕਾ ਨਾਲ ਆਏ ਪਰਿਵਰਤਨ ਵੀ ਜਗ ਜ਼ਾਹਰ ਕੀਤੇ ਗਏ ਹਨ।ਨਵੀਂ ਪੀੜ੍ਹੀ ਵਲੋਂ ਲਈਆਂ ਛੋਟਾਂ, ਪ੍ਰਦੇਸੀਂ ਗਏ ਪਤੀਆਂ ਕਾਰਨ ਦੁਖੀ ਲੜਕੀਆਂ, ਲਾਲਚੀ ਮਾਪਿਆਂ ਦੀ ਮਾਨਸਿਕਤਾ ਅਤੇ ਪ੍ਰਦੇਸਾਂ ਦੇ ਦੁੱਖ ਦਰਦ ਬਿਆਨੇ ਗਏ ਹਨ।ਗਿਆਨ ਵਿਗਿਆਨ, ਜੋਤਿਸ਼ ਅਤੇ ਬਾਬਿਆਂ ਦੀ ਕਿਰਪਾ ਨਾਲ ਜਿਉਂਦੇ ਲੋਕਾਂ ਦੀ ਮਾਨਸਿਕਤਾ ਨੂੰ ਪ੍ਰਗਟ ਕਰਕੇ ਇਹ ਪੁਸਤਕ ਆਪਣੇ ਅੰਦਰਲੀ ਸ਼ਕਤੀ ਨੂੰ ਪਛਾਨਣ ਦਾ ਰਾਹ ਦਸੇਰਾ ਬਣਦੀ ਹੈ।ਹਰ ਪੰਨੇ ਤੇ ਵਰਤੇ ਗਏ ਕਾਵਿ ਟੁਕੜੇ ਇਹਨਾਂ ਲੇਖਾ ਦੀ ਸ਼ੈਲੀ ਨੂੰ ਰੌਚਕ ਬਣਾ ਦਿੰਦੇ ਹਨ।ਦਿਲਚਸਪੀ ਦਾ ਭੰਡਾਰ ਪਾਠਕ ਦੇ ਮਨ ਮਸਤਕ ਨੂੰ ਬੜੇ ਸਰਲ ਢੰਗ ਨਾਲ ਰੌਸ਼ਨੀ ਪ੍ਰਦਾਨ ਕਰਦਾ ਹੈ।ਸਮਾਜਕ ਤੇ ਰਾਜਸੀ ਹਨੇਰੇ ਦਾ ਸ਼ਿਕਾਰ ਹੋਏ ਲੋਕਾਂ ਨੰ ਵੀ ਸੱਚ ਦਾ ਆਇਨਾ ਦਿਖਾਇਆ ਗਿਆ ਹੈ।ਇਸ ਪੁਸਤਕ ਦੀਆਂ ਕੁਝ ਸਤ੍ਹਰਾਂ ਤਾਂ ਕੁਟੇਸ਼ਨਾਂ ਦਾ ਰੁਤਬਾ ਰੱਖਦੀਆਂ ਹਨ।ਜਿਵੇਂ :-
*” ਕਈ ਬੰਦੇ ਚੰਗੇ ਤਾਂ ਬਹੁਤ ਹੁੰਦੇ ਹਨ ਪਰ ਭਰਸੋਯੋਗ ਨਹੀਂ ਹੁੰਦੇ ।* ਜੇ ਕੱਲੇ ਹੱਸੋਗੇ ਤਾਂ ਕੋਈ ਗੱਲ ਨਹੀਂ ਜੇ ਪਰਿਵਾਰ ਹਸਾਓਗੇ ਤਾਂ ਖਾਸ ਗੱਲ ਹੋਵੇਗੀ,ਤੇ ਜੇ ਸਮਾਜ ਪ੍ਰਸੰਨ ਕਰੋਗੇ ਤਾਂ ਲੋਕ ਭਜ ਭਜ ਕੇ ਸ਼ਾਬਾਸ਼ ਦੇਣ ਆਉਣਗੇ। * ਜਿੰਦਗੀ ਪਰ ਉਤਾਰਕੇ ਪੁਛਦੀ ਹੈ-ਬੱਚਾ ਹੁਣ ਉਡ ਕੇ ਦਿਖਾ।* ਸਰਕਾਰਾਂ ਬਣਾਉਣ ਦੀ ਲੋੜ ਤਾਂ ਪਈ ਸੀ ਕਿ ਮੁਲਕ ਇਮਾਨਦਾਰੀ ਨਾਲ ਚੱਲੇ ਪਰ ਜੇ ਸਰਕਾਰਾਂ ਚਲਾਉਣ ਵਾਲੇ ਆਪਣੇ ਮੁਲਕ ਵਿਚ ਇਮਾਨਦਾਰ ਨਹੀਂ ਤਾਂ ਸਿਰ ਕਿਹੜੀ ਕੰਧ ਵਿਚ ਮਾਰੀਏ। * ਝੂਠ ਨੂੰ ਜਦੋਂ ਮਸਾਲਾ ਲਾਇਆ ਜਾਵੇ ਤਾਂ ਉਹ ਗੱਪ ਬਣ ਜਾਂਦੀ ਹੈ ਤੇ ਗੱਪ ਦਾ ਜਦੋਂ ਹਾਰ ਸ਼ਿੰਗਾਰ ਹੋ ਜਾਵੇ ਤਾਂ ਉਹ ਫੜ੍ਹ ਅਖਵਾਉਂਦੀ ਹੈ।* ਅਸੀਂ ਜਿੰਦਗੀ ਨੂੰ ਰਬੜ ਵਾਂਗ ਖਿੱਚ ਕੇ ਭੋਗਣ ਲਈ ਲੰਬੀ ਕਰਨ ਤਾਂ ਲੱਗੇ ਹੋਏ ਹਾਂ ਪਰ ਮਾਨਣ ਦਾ ਇਕ ਵੀ ਯਤਨ ਨਹੀਂ ਕਰ ਰਹੇ ।* ਜਿੰਮੇਵਾਰੀ ਦੇ ਜਿਸਨੇ ਵੀ ਚਪੇੜ ਮਾਰੀ ਹੈ ,ਸੱਟ ਓਹਦੇ ਆਪਣੇ ਹੀ ਪਈ ਹੈ।* ਜਦੋਂ ਸਾਰੀਆਂ ਭੁੱਖਾਂ ਪੈਸੇ ਨਾਲ ਮਿਟਾਉਣ ਦਾ ਯਤਨ ਕਰੋਗੇ ਤਾਂ ਦੁਰਘਟਨਾ ਤੋਂ ਬਚਾ ਨਹੀ ਹੋ ਸਕਦੇ ।* ਗੱਲ ਜਦੋਂ ਵੀ ਬਣੇਗੀ,ਘਰੋਂ ਨਿਕਲਣ ਨਾਲ ਨਹੀਂ,ਸਗਂੋ ਦੁਨੀਆ ਦੀ ਭੀੜ ਵਿਚੋਂ ਨਿਕਲਣ ਨਾਲ ਬਣੇਗੀ ।*ਸ਼ਹੀਦ ਬਣਨ ਲਈ ਕੁਰਬਾਨੀ ਦਾ ਬਟਣਾ ਮਲਣਾ ਪੈਂਦਾ ਹੈ ਪਰ ਬਟਣਾ ਕਿਸੇ ਹੋਰਨੂੰ ਲੱਗੇ ਤੇ ਸ਼ੀਸ਼ੇ ਅੱਗੇ ਚਿਹਰੇ ਕੋਈ ਹੋਰ ਦੇਖੇ ਤਾਂ ਮਨੁੱਖ ਤਾਂ ਕੀ ,ਧਰਤੀ ਵੀ ਕੁਰਲਾ ਪਵੇਗੀ”।
ਭੌਰੇ ਦੀ ਹਰ ਰਚਨਾ ਨਵੀਂ ਤੇ ਨਰੋਈ ਹੁੰਦੀ ਹੈ।ਕਿਤੇ ਵੀ ਦਹੁਰਾਅ ਦਿਖਾਈ ਨਹੀਂ ਦਿੰਦਾ।ਉਸ ਦੀ ਵਿਸ਼ਾਲ ਸੋਚ ਦਾ ਤਰਜਮਾ ਹਨ ਇਹ ਇਕ ਦਰਜਨ ਤੋਂ ਵੱਧ ਪੁਸਤਕਾਂ।ਹਰ ਪੁਸਤਕ ਵਿਚ ਕਾਵਿਕਤਾ ਅਤੇ ਭੌਰੇ ਵਾਲੀ ਸ਼ੈਲੀ ਵਿਚ ਰਚੀ ਵਾਰਤਕ ਨਜ਼ਰ ਆਉਂਦੀ ਹੈ।ਐਸ ਅਸ਼ੋਕ ਭੌਰਾ ਦੇ ਸਮੁੱਚੇ ਰਚਨਾ ਸੰਸਾਰ ਬਾਰੇ ਇਕ ਪੂਰਾ ਥੀਸਜ ਤਿਆਰ ਕੀਤਾ ਜਾ ਸਕਦਾ ਹੈ।ਉਹ ਸਾਹਿਤ ਦੀ ਹਰ ਵੰਨਗੀ ਦਾ ਮਾਹਿਰ ਸਿਰਜਕ ਹੈ।ਕਦੀ ਕਾਵਿ ਵਿਅੰਗ ਤੇ ਕਦੀ ਗੀਤਕਾਰੀ ਤੇ ਕਦੀ ਉਹ ਸੰਗੀਤ ਦਾ ਵਿਸ਼ਲੇਸ਼ਕ ਬਣ ਜਾਂਦਾ ਹੈ।ਦੁਨੀਆਂ ਦੇ ਮਹਾਨ ਸਾਹਿਤਕਾਰਾਂ ਨੂੰ ਪੜ੍ਹਨਾ ਅਤੇ ਵਿਚਾਰਨਾ ਉਸਦਾ ਸ਼ੌਕ ਹੈ।ਅਰਾਮ ਨੂੰ ਪਸਦੰ ਨਹੀਂ ਕਰਦਾ।ਦਿਨ ਅਤੇ ਰਾਤ ਸਾਹਿਤ ਸਾਧਨਾ ਵਿਚ ਜੁਟਿਆ ਰਹਿੰਦਾ ਹੈ।ਇਕ ਨਿਵੇਕਲੀ ਰੰਗ ਢੰਗ ਦੀ ਵਾਰਤਕ ਦਾ ਸਿਰਜਕ ਭੌਰਾ ਜੀਵਨ ਸਾਥਣ ਕਸ਼ਮੀਰ ਕੌਰ ਅਤੇ ਪੁੱਤਰ ਅਨਮੋਲ ਤੇ ਮਨਵੀਰ ਦੇ ਪਰਾਂ ਨਾਲ ਖੁੱਲੇ ਅੰਬਰਾਂ ਤੇ ਉਡਾਰੀਆਂ ਮਾਰਨ ਦਾ ਸ਼ੌਕੀਨ ਹੈ।ਬੰਦਸ਼ਾਂ ਵਿਚ ਬੱਝਣਾ ਉਸਦਾ ਸੁਭਾਅ ਨਹੀਂ ਹੈ।ਹਰ ਕਿਸੇ ਨੂੰ ਹਾਂ ਪੱਖੀ ਹੁੰਗਾਰਾ ਦੇ ਕੇ ਹੌਸਲਾ ਬੁਲੰਦ ਕਰਨਾ ਉਸਦੀ ਇਕ ਪੁਰਾਣੀ ਰੀਤ ਹੈ।ਉਸਦੇ ਪਾਠਕ ਉਸਦੀ ਰਚਨਾ ਪੜ੍ਹਕੇ ਅਨੰਦ ਹੀ ਨਹੀਂ ਲੈਂਦੇ ਸਗਂੋ ਬੁੱਢੀਆਂ ਮਾਵਾਂ ਤੇ ਬਾਪ ਉਸਦੇ ਸਿਰ ਅਸੀਸਾਂ ਦੀ ਪੰਡ ਵੀ ਧਰਦੇ ਹਨ।ਸ਼ਾਇਦ ਇਸੇ ਕਰਕੇ ਉਹ ਕਿਸੇ ਵੀ ਔਕੜ ਵਿਚ ਫਸੇ, ਅਖੀਰ ਜੇਤੂ ਉਹੀ ਹੁੰਦਾ ਹੈ।ਭਾਵੇਂ ਉਹ ਸਿਕੰਦਰ ਬਣਨ ਦੀ ਲੋਚਾ ਨਹੀਂ ਰੱਖਦਾ ਪਰ ਉਹ ਸਾਹਿਤ ਦਾ ਇਕ ਜੇਤੂ ਜਰਨੈਲ ਹੈ ਜਿਸਨੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਆਪਣਾ ਨਾਂ ਦਰਜ ਕਰਵਾ ਲਿਆ ਹੈ।
            

ਸੰਪਰਕ: +91 98150 18947

Comments

owedehons

casino real money http://onlinecasinouse.com/# - online casino games online casino slots <a href="http://onlinecasinouse.com/# ">real casino slots </a> free casino games online

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ