ਨਾ ਪੈਸਾ, ਨਾ ਸਾਧਨ, ਕੋਈ ਵਿਧੀ ਨਾ ਬਣਦੀ। ਮੈਂ ਫਿਲਮ ਦਾ ਖਿਆਲ ਛੱਡ ਕੇ ਇਕ ਵਾਰ ਇਸ ਵਿਸ਼ੇ ਬਾਰੇ ਕਵਿਤਾ ਲਿਖ ਲਈ ਤੇ ਮਨ ਕੁਝ ਠੰਡਾ ਜਿਹਾ ਹੋ ਗਿਆ। ਮੈਂ ਇਸ ਖੇਡ ਬਾਰੇ ਇਹ ਸੋਚਦਾ ਕਿ ਇਹ ਖੇਡ ਅਸਲ ਵਿੱਚ ਔਰਤ ਨੂੰ ਗੁਲਾਮ ਬਣਾਉਣ ਦੇ ਰਾਹ ’ਤੇ ਤੋਰਦੀ ਹੈ ਤੇ ਇਸ ਖੇਡ ਦਾ ਹਰ ਖਾਨਾ ਸਮਾਜਿਕ ਬੰਧਨਾਂ ਦਾ ਚਿੰਨ੍ਹ ਹੈ। ਇੱਕ ਲੱਤ ਦੇ ਭਾਰ ਖੇਡਦੀ ਬੱਚੀ(ਜੋ ਔਰਤ ਦੁਆਰਾ ਅਪੂਰਨ ਜ਼ਿੰਦਗੀ ਜਿਉਣ ਦਾ ਚਿੰਨ੍ਹ ਹੈ) ਇਨ੍ਹਾਂ ਖਾਨਿਆਂ ਦੀ ਕਿਸੇ ਵੀ ਲੀਕ ਨੂੰ ਨਹੀਂ ਛੋਹੇਗੀ ( ਭਾਵ ਸਮਾਜ ਦੀ ਤਥਾ-ਕਥਿਤ ਮਰਿਆਦਾ ਨੂੰ ਨਹੀਂ ਤੋੜੇਗੀ) ਜ਼ਿੰਦਗੀ ਦੀਆਂ ਇੱਛਾਵਾਂ, ਸੁਪਨਿਆਂ ਦੀ ਚਿੰਨ੍ਹ ਡੀਟੀ ਨੂੰ ਉਹ ਖਾਨਿਆਂ ਭਾਵ ਸਮਾਜਿਕ ਬੰਧਨਾਂ ਤੋਂ ਬਚਾਉਂਦੀ ਹੋਈ ਜੇ ਆਪਣੀ ਵਾਰੀ ਪੂਰੀ ਕਰ ਲੈਂਦੀ ਹੈ ਤਾਂ ਹੀ ਉਸ ਨੂੰ ਸਮਾਜਿਕ ਮਾਨਤਾ ਮਿਲਦੀ ਹੈ। ਕਮਾਲ ਦੀ ਗੱਲ ਇਹ ਵੀ ਹੈ ਕਿ ਖੇਡ ਦੌਰਾਨ ਜਿਸ ਜਗ੍ਹਾ ’ਤੇ ਕੁੜੀ ਦੋ ਪੈਰਾਂ ਉੱਤੇ ਖੜ੍ਹੀ ਹੋ ਸਕਦੀ ਹੈ ਉਹ ਰੱਬ ਘਰ ਹੈ। ਰੱਬ ਜਾਂ ਧਰਮ ਦਾ ਵਿਚਾਰ ਬੱਚੇ ਦੇ ਮਨ ਵਿੱਚ ਪਾਉਣ ਦਾ ਏਨਾ ਕਾਰਗਰ ਢੰਗ ਮੈਨੂੰ ਕਿਧਰੇ ਨਹੀਂ ਦਿਸਿਆ। ਇਹੀ ਨਹੀਂ ਆਪਣੀ ਵਾਰੀ ਪੂਰੀ ਕਰਨ ’ਤੇ ਕੁੜੀ ਨੇ ਜੋ ਘਰ ਰੋਕਣਾ ਹੈ ਉਹ ਵੀ ਬਹੁਤ ਵਿਚਾਰਧਾਰਕ ਕਾਰਜ ਹੈ ਕਿ ਕੁੜੀ ਨੇ ਘਰ ਰੋਕਣ ਲਈ ਡੀਟੀ ਨੂੰ ਸਿਰ ਦੇ ਉੱਤੋਂ ਦੀ ਪਿਛਲੇ ਪਾਸੇ ਸੁੱਟਣਾ ਹੁੰਦਾ ਹੈ, ਜਿਸ ਪਾਸੇ ਉਸਦੀ ਪਿੱਠ ਹੁੰਦੀ ਹੈ ਭਾਵ ਐਨੀਆਂ ਮੁਸ਼ਕਲਾਂ ਪਾਰ ਕਰਨ ਤੋਂ ਬਾਅਦ ਵੀ ਕੁੜੀ ਦਾ ਘਰ ਰੋਕਣ ਦਾ ਕਾਰਜ ਉਦ੍ਹੇ ਵਸ ’ਚ ਨਹੀਂ। ਇਸ ਤੋਂ ਬਿਨਾਂ ਹੋਰ ਵੀ ਕਈ ਮਸਲੇ ਇਸ ਖੇਡ ਨਾਲ ਜੁੜੇ ਹੋਏ ਹਨ ਪਰ ਉਹ ਕਿਤੇ ਫੇਰ ਵਿਚਾਰੇ ਜਾ ਸਕਦੇ ਹਨ। ਭਾਵ ਇਹ ਖੇਡ ਛੋਟੀਆਂ ਅਨਭੋਲ ਬੱਚੀਆਂ ਦੇ ਅਵਚੇਤਨ ਵਿਚ ਹੀ ਧਰਮ, ਅਪੂਰਨਤਾ, ਅਧੀਨਗੀ, ਗੁਲਾਮੀ, ਬੰਧਨਾਂ ਦੇ ਬੀਜ ਬੋਅ ਦਿੰਦੀ ਹੈ। ਇਸ ਖੇਡ ਵਿਚ ਜਾਗੀਰਦਾਰੀ ਸਮਾਜ ਦੇ ਸਾਰੇ ਵਿਚਾਰਧਾਰਕ ਪੈਂਤੜੇ ਸ਼ਾਮਿਲ ਹਨ। ਇਨ੍ਹਾਂ ਬਾਰੇ ਕਵਿਤਾ ਵਿਚ ਸਾਰੀ ਗੱਲ ਨਾ ਕਹਿ ਸਕਣ ਦਾ ਮੈਨੂੰ ਅਫਸੋਸ ਹੁੰਦਾ ਰਿਹਾ। ਪਰ....
ਪਰ ਗਿੱਲ ਸਾਹਬ ਦੇ ਵਿਭਾਗ ਵਿੱਚ ਆਉਣ ਨਾਲ ਫਿਲਮ ਬਣਾਉਣ ਦੀਆਂ ਇੱਛਾਵਾਂ ਫਿਰ ਅੰਗੜਾਈ ਲੈਣ ਲੱਗੀਆਂ....
ਸਿਰਫ ਇੱਛਾਵਾਂ ਦੀਆਂ ਅੰਗੜਾਈਆਂ ਨਾਲ ਕੀ ਬਣਦੈ? ਗੱਲ ਹਾਲੇ ਵੀ ਕੋਈ ਬਣ ਨਹੀਂ ਸੀ ਰਹੀ। ਮੈਂ ਗਿੱਲ ਸਾਹਬ ਨਾਲ ਡਰਦਾ ਗਲ ਨਾ ਕਰਦਾ ਕਿ ਕਹਾਂ ਰਾਜਾ ਭੋਜ਼...ਫਿਰ ਅਕਤੂਬਰ, 2011 ਡਾ. ਰਾਜਿੰਦਰ ਪਾਲ ਬਰਾੜ, ਡਾ. ਜਗਬੀਰ ਸਿੰਘ, ਤੇ ਗਿੱਲ ਸਾਹਬ ਹੁਰਾਂ ਨਾਲ ਮੈਂ ਕੋਟਕਪੂਰੇ ਡਾ. ਸੁਤਿੰਦਰ ਸਿੰਘ ਨੂਰ ਦੀ ਯਾਦ ’ਚ ਕਰਵਾਏ ਗਏ ਪ੍ਰੋਗਰਾਮ ’ਤੇ ਗਿਆ। ਸਵੇਰੇ ਮੈਨੂੰ ਕਹਿੰਦੇ ਕਿ ਕਵੀ ਦਰਬਾਰ ਵੀ ਹੋਵੇਗਾ, ਤੂੰ ਕੀ ਸੁਣਾਉਣੈ? ਮੈਂ ਕਿਹਾ ਕਿ ਅੱਡਾ-ਖੱਡਾ ’ਤੇ ਮੈਂ ਕਦੇ ਕਵਿਤਾ ਲਿਖੀ ਸੀ ਜੇ ਯਾਦ ਆ ਗਈ ਤਾਂ ਉਹ ਸੁਣਾਂ ਦੇਵਾਂਗਾ (ਕਵਿਤਾ ਯਾਦ ਨਾ ਆਈ ਮੈਂ ਭਾਵ ਸਮਝਾ ਦਿੱਤੇ)। ਬਰਾੜ ਸਰ ਕਹਿੰਦੇ ਤੂੰ ਇਹ ਕਮਾਲ ਦੀ ਚੀਜ਼ ਕਿੱਥੇ ਛੁਪਾਈ ਬੈਠਾ ਰਿਹਾ। ਮੈਂ ਕਿਹਾ ਮੈਂ ਇਦ੍ਹੇ ਤੇ ਫਿਲਮ ਬਣਾਉਣਾ ਚਾਹੁੰਦਾ ਹਾਂ। ਕਵਿਤਾ ਦੀ ਥਾਂ ਮੈਂ ਸਕਰਿਪਟ ਸੁਣਾ ਦਿੱਤੀ। ਸਾਰਿਆਂ ਨੂੰ ਗੱਲ ਜਚ ਗਈ। ਇਨ੍ਹੀ ਦਿਨ੍ਹੀਂ ਪੰਜਾਬੀ ਵਿਭਾਗ ਵਿਚ ਲੈਕਚਰਾਰ ਦੀ ਆਸਾਮੀ ਨਿਕਲ ਆਈ। ਮੈਂ ਇੰਟਰਵਿਊ ਦੇਣ ਗਿਆ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਤੋਂ ਆਗਿਆਂ ਲੈ ਕੇ ਇਹ ਸਕਰਿਪਟ ਸੁਣਾ ਆਇਆ। (ਸ਼ਾਇਦ ਇਹ ਪਹਿਲੀ ਵਾਰ ਹੋਇਆ ਹੋਣੈ ਕਿ ਪੰਜਾਬੀ ਲੈਕਚਰਾਰ ਦੀ ਆਸਾਮੀ ਲਈ ਇੰਟਰਵਿਊ ਵਿਚ ਫਿਲਮ ਦੀ ਸਕਰਿਪਟ ਸੁਣਾਈ ਗਈ ਹੋਵੇ) ਉਹ ਬਹੁਤ ਖੁਸ਼ ਹੋਏ ਤੇ ਕਹਿੰਦੇ, “ਬੇਟਾ ਇਹ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ, ਜਿਸ ਚੀਜ਼ ਦੀ ਜ਼ਰੂਰਤ ਹੈ ਮੈਨੂੰ ਦੱਸੀਂ।” ਬਾਅਦ ਵਿਚ ਉਨ੍ਹਾਂ ਨੇ ਬਾਰੜ ਸਰ ਨੂੰ ਵੀ ਕਈ ਵਾਰ ਕਿਹਾ ਕਿ ਇਸ ਫਿਲਮ ਨੂੰ ਜਲਦੀ ਬਣਾਓ।
ਮੈਂ ਇਸ ਫਿਲਮ ਨੂੰ 5 ਕੁ ਮਿੰਟਾਂ ਵਿਚ ਸਿਰਫ ਖੇਡ ਦੁਆਲੇ ਫਿਲਮਾਉਂਣਾ ਚਾਹੁੰਦਾ ਸੀ ਪਰ ਗਿੱਲ ਸਾਹਬ ਕਹਿੰਦੇ ਕਿ ਆਪਾਂ ਆਪਣੀ ਗੱਲ ਇਕ ਕਹਾਣੀ ਦੁਆਰਾ ਕਹਾਂਗੇ ਜੋ ਹਰ ਮਨੁੱਖ ਤੱਕ ਆਪਣਾ ਸੰਚਾਰ ਕਰੇ। ਇਸ ਤਰ੍ਹਾਂ ਅਸੀਂ ਇਕ ਕਹਾਣੀ ਸਿਰਜੀ। ਜਿਸ ਕਹਾਣੀ ਦੀ ਸ਼ੁਰੂਆਤ ਖੇਡ ਦੇ ਬਹੁਤੇ ਵਿਚਾਰਧਾਰਕ ਪੱਖਾਂ ਨੂੰ ਚਿੰਨ੍ਹਮਈ ਢੰਗ ਨਾਲ ਫਿਲਮਾਇਆ ਗਿਆ ਹੈ ਤੇ ਇੱਕ ਕੁੜੀ ਦੀ ਜ਼ਿੰਦਗੀ ਵਿੱਚ ਇਹ ਸਭ ਕੁਝ ਵਾਪਰਦਾ ਵਿਖਾਇਆ ਗਿਆ ਹੈ। ਇਸ ਫਿਲਮ ਵਿੱਚ ਇਨ੍ਹਾਂ ਸਾਰੇ ਵਿਚਾਰਧਾਰਕ ਮਸਲਿਆਂ ਤੋਂ ਬਚਣ ਦਾ ਇਕ ਹੱਲ ਅਗਾਂਹਵਧੂ ਸਾਹਿਤ ਹੈ, ਜਿਸ ਲਈ ਪਾਸ਼ ਦੀ ਕਵਿਤਾ ਨੂੰ ਇਸ ਸਾਹਿਤ ਦੀ ਪ੍ਰਤੀਨਿਧ ਰਚਨਾ ਵਜੋਂ ਪੇਸ਼ ਕੀਤਾ ਗਿਆ ਹੈ ਪਰ ਇਹ ਸਿਰਫ ਪਾਸ਼ ਦੀ ਕਵਿਤਾ ਤਕ ਸੀਮਤ ਨਹੀਂ ਬਲਕਿ ਵਿਸ਼ਵ ਦਾ ਹਰ ਵਧੀਆ ਸਾਹਿਤ ਅਤੇ ਸੰਜੀਦਾ ਚਿੰਤਨ ਸਾਡਾ ਰਾਹ ਦਿਸੇਰਾ ਬਣ ਸਕਦਾ ਹੈ। ਗ਼ਰੀਬ-ਕਰਜ਼ਈ ਕਿਸਾਨ ਦੀ ਧੀ ਜੋ ਅੱਡਾ-ਖੱਡਾ ਵੀ ਖੇਡਦੀ ਹੈ ਤੇ ਪਾਸ਼ ਵੀ ਪੜ੍ਹਦੀ ਹੈ। ਮਜ਼ਬੂਰੀ ’ਚ ਮਾਪੇ ਵਿਦੇਸ਼ੀ ਬੇਵਕੂਫ ਵਡੇਰੀ ਉਮਰ ਦੇ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰ ਦਿੰਦੇ ਹਨ, ਕੁੜੀ ਵਿਆਹ ਤੋਂ ਬਾਅਦ ਪਾਸ਼ ਤੋਂ ਪ੍ਰੇਰਿਤ ਹੋ ਬਗਾਵਤ ਕਰ ਦਿੰਦੀ ਹੈ ਪਰ ਪ੍ਰਸਥਿਤੀਆਂ ਐਨੀਆਂ ਭਾਰੂ ਪੈ ਜਾਦੀਆਂ ਹਨ ਕਿ ਇਕ ਤਰ੍ਹਾਂ ਦਾ ਹਾਸਦਾ ਵਾਪਰਦਾ ਹੈ ਜਿਸ ਦੌਰਾਨ ਉਹ ਕੁੜੀ ਖੂਹ ਵਿੱਚ ਛਾਲ ਮਾਰ ਦਿੰਦੀ ਹੈ। ਪਰ ਆਪਣੀ ਚੇਤਨਤਾ ਆਪਣੀ ਛੋਟੀ ਭੈਣ ਨੂੰ ਦੇ ਜਾਂਦੀ ਹੈ ਜੋ ਆਪਣੀ ਮਾਂ ਨੂੰ ਉਸਦੀ ਗਲਤੀ ਦਾ ਅਹਿਸਾਸ ਕਰਵਾ ਕੇ ਸਮਾਜ ਦੀਆਂ ਬੁਰਾਈਆਂ ਪ੍ਰਤੀ ਸੰਘਰਸ਼ ਦਾ ਪ੍ਰਣ ਲੈਂਦੀ ਹੈ। ਏਨਾ ਹੀ ਨਹੀਂ ਇਹ ਫਿਲਮ ਸਮਾਜ ਦੀਆਂ ਹੋਰ ਵੀ ਕਈ ਪਰਤਾਂ ਸਿਰਫ 22 ਕੁ ਮਿੰਟ ਵਿਚ ਹੀ ਫਰੋਲਣ ਦਾ ਯਤਨ ਕਰਦੀ ਹੈ। ਪੀੜ੍ਹੀ-ਪਾੜਾ, ਜਾਤ-ਪਾਤ, ਜਾਗੀਰਦਾਰੀ ਅਲਾਮਤਾਂ ਆਦਿ ਨੂੰ ਵੀ ਸਵਾਲਾਂ ਦੇ ਕਟਹਿਰੇ ਵਿਚ ਖੜਾਉਣ ਦਾ ਉਪਰਾਲਾ ਕਰਦੀ ਹੈ। ਬਾਕੀ ਜੋ ਸਕਰੀਨ ਤੇ ਦਿਖਾਇਆ ਜਾ ਚੁੱਕਾ ਹੈ ਉਸਨੂੰ ਸ਼ਬਦਾਂ ਚ ਬੰਨ੍ਹਣਾ ਮੇਰੇ ਲਈ ਅਸੰਭਵ ਹੈ।
ਫਿਲਮ ਦੀ ਸ਼ੂਟਿੰਗ ਐੱਮ.ਏ. ਕਰ ਰਹੇ ਵਿਦਿਆਰਥੀ ਧਰਮਿੰਦਰ ਦੇ ਪਿੰਡ ਦੌਣ ਕਲਾਂ ਵਿਖੇ ਕੀਤੀ। ਇਹ ਫਿਲਮ ਜ਼ੀਰੋ ਬਜਟ ਭਾਵ ਬਿਨਾਂ ਕਿਸੇ ਖਰਚ ਤੋਂ ਬਣਾਈ ਗਈ ਪੰਜਾਬੀ ਦੀ ਪਹਿਲੀ ਸ਼ਾਰਟ ਫਿਲਮ ਹੈ ਅਤੇ ਇਸਦੇ ਲਗਭਗ ਸਾਰੇ ਅਦਾਕਾਰ ਪੰਜਾਬੀ ਵਿਭਾਗ ਦੇ ਵਿਦਿਆਰਥੀ ਪਰਗਟ, ਹਰਸ਼ਜੋਤ, ਗੁਰਪ੍ਰੀਤ ਤੇ ਅਧਿਆਪਕ ਸਤੀਸ਼ ਕੁਮਾਰ ਵਰਮਾ, ਚਰਨਜੀਤ ਕੌਰ, ਗੁਰਜੰਟ ਸਿੰਘ ਅਤੇ ਹਰਜੀਤ ਕੈਂਥ ਹਨ।
ਸਾਰਾ ਟੈਕਨੀਕਲ ਸਮਾਨ ਅਤੇ ਟੈਕਨੀਸ਼ੀਅਨ (ਕੈਮਰਾਮੈਨ ਮਨਮੋਹਨ ਜੋਤੀ ਸਮੇਤ) ਯੂਨੀਵਰਸਿਟੀ ਦੇ ਸਨ। (ਇਸ ਲਈ ਸਮੇਂ ਦੀ ਘਾਟ ਕਰਕੇ ਬਹੁਤ ਥਾਂ ਤੇ ਸਾਨੂੰ ਸਮਝੌਤਾ ਕਰਨਾ ਪਿਆ ਜਿਸਨੇ ਫਿਲਮ ਤੇ ਵੀ ਅਸਰ ਪਾਇਆ।) ਹਰ ਆਦਾਕਾਰ ਨੇ ਆਪਣੇ-ਆਪਣੇ ਕੌਸਟਿਊਮਜ਼ ਦਾ ਆਪ ਪ੍ਰਬੰਧ ਕੀਤਾ। ਕੁਝ ਜ਼ਰੂਰਤਾਂ ਨੂੰ ਨਾ ਟਾਲਿਆ ਜਾ ਸਕਣ ਕਰ ਕੇ ਗਿੱਲ ਸਾਹਿਬ ਨੇ ਆਪਣੇ ਪੱਲਿਓਂ ਮੇਕ-ਅਪ ਮੈਨ ਦਾ ਪ੍ਰਬੰਧ ਕਰ ਲਿਆ। ਬਾਲ ਅਦਾਕਾਰ ਮੌਕੇ ’ਤੇ ਜਾ ਕੇ ਸਕੂਲ ਚੋਂ ਲੈ ਆਏ। ਖਾਣੇ ਦਾ ਪ੍ਰਬੰਧ ਪਿੰਡ ਦੇ ਗੁਰੂ-ਘਰ ਵਲੋਂ ਕਰ ਦਿੱਤਾ ਗਿਆ। ਸਾਰਾ ਪ੍ਰਬੰਧ ਖੁਦ ਵਿਦਿਆਰਥੀ ਕਰ ਰਹੇ ਸਨ। ਜਸਵਿੰਦਰ ਕੁੜੀਆਂ ਦੀ ਤਿਆਰੀ ਕਰਵਾ ਰਹੀ ਸੀ, ਹਰਜੀਤ ਸੈੱਟ ਦਾ ਖਿਆਲ ਰੱਖ ਰਿਹਾ ਸੀ, ਜਗਸੀਰ ਕਲੈਪ ਦੇ ਦਿੰਦਾ, ਗਿੰਦਰ ਕੰਟੀਨਿਊਟੀ ਬੁੱਕ ਲਿਖਦਾ, ਗੁਰਤੇਜ ਕਦੇ-ਕਦੇ ਸਟਿਲ ਫੋਟੋਗ੍ਰਾਫੀ ਕਰ ਲੈਂਦਾ...ਏਨੇ ਹੀ ਨਹੀਂ ਪੂਰੇ 20-25 ਵਿਦਿਆਰਥੀਆਂ ਦੇ ਮਿਹਨਤ ਨਾਲ ਹੀ ਇਹ ਫਿਲਮ ਬਣ ਸਕੀ। ਅਮਰੀਕ ਗਿੱਲ ਜੀ ਤੋਂ ਬਿਨਾਂ ਤਾਂ ਕੁਝ ਵੀ ਸੰਭਵ ਨਹੀਂ ਸੀ। ਉਹ ਕਦੇ ਮੈਨੂੰ ਤਾੜਦੇ ਕਦੇ ਅਗਲੇ ਸੀਨ ਦੀ ਪੂਰੀ ਤਿਆਰੀ ਨਾ ਹੋਣ ਤੇ ਡਾਂਟ ਵੀ ਦਿੰਦੇ। ਸਿਰਫ ਢਾਈ ਦਿਨਾਂ ਦੀ ਸ਼ੂਟਿੰਗ ਹੀ ਕਰ ਸਕੇ, ਕਿਉਂਕਿ ਜਿਥੇ ਕੈਮਰਾਮੈਨ ਆਦਿ ਸਰਕਾਰੀ ਕਰਮਚਾਰੀ ਸਨ ਓਥੇ ਵਿਦਿਆਰਥੀਆਂ ਦੇ ਪੱਕੇ ਪੇਪਰ ਵੀ ਚਲ ਰਹੇ ਸਨ। ਬਹੁਤ ਸਮਝੌਤੇ ਕੀਤੇ ਗਏ ਪਰ ਮਿਹਨਤ ਵੱਲੋਂ ਕੋਈ ਕਸਰ ਨਹੀਂ ਛੱਡੀ। ਉਹ ਤਿੰਨ ਦਿਨ ਤੀਆਂ ਵਾਂਗ ਲੰਘੇ। ਯੂਨੀਵਰਸਿਟੀ ਹੋਸਟਲ ਦੇ ਛੋਟੇ ਜਿਹੇ ਕਮਰੇ ਵਿਚ ਫਿਲਮ ਦੇ ਐਡੀਟਰ ਗੁਰਪ੍ਰੀਤ ਪੰਧੇਰ ਸਮੇਤ ਮੈਂ ਤੇ ਗਿੱਲ ਸਾਹਬ ਨੇ ਦਿਨ ਰਾਤ ਇਕ ਕਰ ਕੇ ਫਿਲਮ ਨੂੰ ਤਿਆਰ ਕੀਤਾ।
ਇਹ ਫਿਲਮ ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਨੇ 9 ਫਰਵਰੀ ਨੂੰ ਰਿਲੀਜ਼ ਕੀਤੀ ਸੀ । ਪਹਿਲੇ ਸ਼ੋਅ ਵਿਚ ਸੈਨੇਟ ਹਾਲ ਵਿਚ ਲਗਭਗ ਸਾਰੇ ਦਰਸ਼ਕਾਂ ਦੀਆਂ ਅੱਖਾਂ ਸਿੱਲ੍ਹੀਆਂ ਸਨ। ਕਈ ਕੁੜੀਆਂ ਤਾਂ ਫੁੱਟ-ਫੁੱਟ ਕੇ ਰੋ ਪਈਆਂ। ਇਸ ਫਿਲਮ ਨੂੰ ਦੇਖ ਕੇ ਜਿੱਥੇ ਨਾਟਕਕਾਰ ਅਜਮੇਰ ਔਲਖ ਤੇ ਉਨ੍ਹਾਂ ਦੀ ਜੀਵਨ-ਸਾਥਣ ਪਹਿਲੇ ਸ਼ੋਅ ਵਿਚ ਰੋ ਪਏ ਓਥੇ ਆਮ ਪੇਂਡੂ ਔਰਤਾਂ ਤੋਂ ਹੰਝੂਆਂ ’ਤੇ ਕੰਟਰੋਲ ਨਹੀਂ ਹੁੰਦਾ ਤੇ ਕਈ ਔਰਤਾਂ ਓਨਾ ਚਿਰ ਚੁੱਪ ਨਹੀਂ ਹੁੰਦੀਆਂ ਜਿੰਨਾ ਚਿਰ ਫਿਲਮ ਦੀ ਹੀਰੋਇਨ ਹਰਸ਼ ਨਾਲ ਫੋਨ ’ਤੇ ਗਲ ਕਰ ਕੇ ਇਹ ਯਕੀਨ ਨਹੀਂ ਕਰ ਲੈਂਦੀਆਂ ਕਿ ਫਿਲਮ ’ਚ ਮਰ ਗਈ ਕੁੜੀ ਯਥਾਰਥ ਵਿਚ ਜਿਉਂਦੀ ਹੈ। ਇਹ ਸਾਰਾ ਕੁਝ ਸਾਨੂੰ ਸਕੂਨ ਦਿੰਦਾ ਹੈ ਕਿ ਜੋ ਅਸੀਂ ਕਹਿਣਾ ਚਾਹਿਆ ਉਹ ਹਰ ਪੱਧਰ ਦੇ ਮਨੁੱਖ ਤਕ ਆਪਣਾ ਸੰਚਾਰ ਕਰਨ ਦੇ ਸਮਰੱਥ ਹੈ। ਇਸ ਫਿਲਮ ਨੂੰ ਪੰਜਾਬੀ ਅਕਾਦਮੀ ਦਿੱਲੀ ਵਲੋਂ 12 ਤੋਂ 15 ਜਨਵਰੀ ਨੂੰ ਕਰਵਾਏ ਅੰਤਰ-ਰਾਸ਼ਟਰੀ ਪੰਜਾਬੀ ਫਿਲਮ ਫੈਸਟੀਵਲ ਅਤੇ ਪਟੇਲ ਕਾਲਜ ਰਾਜਪੁਰਾ ਵਿਖੇ 2 ਤੋਂ 4 ਫਰਵਰੀ ਨੂੰ ਕਰਵਾਏ ਗਏ ਪਹਿਲੇ ਅੰਤਰ-ਰਾਸ਼ਟਰੀ ਫਿਲਮ ਫੈਸਟੀਵਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਫਿਲਮ ਫੈਸਟੀਵਲ ਵਿਚ ਵੀ ਵਿਖਾਇਆ ਜਾ ਚੁੱਕਾ ਹੈ। ਇਸ ਫਿਲਮ ਨੂੰ ਕਾਲਜ ਪੱਧਰ ਤੇ ਵੀ ਦਿਖਾਇਆ ਜਾ ਰਿਹਾ ਹੈ।
ਸੰਪਰਕ: +91 9463124131
( ਪਾਠਕ ਫ਼ਿਲਮ ਅੱਡਾ-ਖੱਡਾ The game of life 'ਸੂਹੀ ਸਵੇਰ' ਦੀ ਵੀਡੀਓ ਗੈਲਰੀ 'ਚੋਂ ਦੇਖ ਸਕਦੇ ਹਨ)
jagseer
it is a wonderful film