Thu, 21 November 2024
Your Visitor Number :-   7256712
SuhisaverSuhisaver Suhisaver

ਕਿਸਾਨੀ ਦੇ ਅਜੋਕੇ ਹਾਲਾਤਾਂ ਵਿੱਚ ਸਰਕਾਰ ਦੀ ਬੇਰੁਖੀ ਦਾ ਮੰਜ਼ਰ -ਹਰਪ੍ਰੀਤ ਸਿੰਘ ਕਾਹਲੋਂ

Posted on:- 30-06-2012

suhisaver

a little revolution -ਇੱਕ ਨਿੱਕੀ ਕ੍ਰਾਂਤੀ

ਖੇਤਾਂ
'ਚ ਫੈਲੀ ਹੋਈ ਹਰਿਆਲੀ ਅਤੇ ਥੌੜ੍ਹੀ ਜਿਹੀ ਧੁੰਧ 'ਚ ਸਰੋਂ ਦੇ ਖੇਤਾਂ 'ਚ ਮਹਿਕਦੀ ਖੁਸ਼ਬੋ ਮਹਿਸੂਸ ਕਰਦੇ ਹੋਏ ਤੁਹਾਨੂੰ ਇੱਕ ਪਲ ਲਈ ਲਾਲਾ ਧਨੀਰਾਮ ਚਾਤ੍ਰਿਕ ਦੀਆਂ ਕੁਝ ਸਤਰਾਂ ਯਾਦ ਆ ਸਕਦੀਆਂ ਹਨ।

ਗਾਦੀ ਉੱਤੇ ਬੈਠਾ ਕਿਰਸਾਨ ਗਾਂਵਦਾ,
ਢੋਲੇ ਦੀਆਂ ਲਾਕੇ ਮਨ ਪਰਚਾਂਵਦਾ,
ਜ਼ਿੰਦਗੀ ਹੁਲਾਰੇ ਪਈਓ ਜਿੰਦ ਜਾਨ ਦੀ,
ਕਿੰਨੀ ਚੰਗੀ ਜ਼ਿੰਦਗੀ ਹੈ ਕਿਰਸਾਨ ਦੀ।


ਪਰ ਇਹ ਸਿਰਫ ਕੁਝ ਸੈਕਿੰਡ ਦਾ ਹੁਲਾਰਾ ਹੀ ਜਾਪੇਗਾ।ਫ਼ਿਲਮ ਦਾ ਪਹਿਲਾਂ ਦ੍ਰਿਸ਼ ਬਹੁਤ ਹੀ ਮਨਮੋਹਨਾ ਤੁਹਾਡੀਆਂ ਅੱਖਾਂ ਸਾਹਮਣੇ ਹੈ।ਪੰਜਾਬ ਦੇ ਅਜਿਹੇ ਮਨਮੋਹਨੇ ਦ੍ਰਿਸ਼ਾਂ ਦੇ ਓਹਲੇ,ਬੰਸਤੀ ਰੰਗਾਂ ਦੇ ਓਹਲੇ ਇੱਕ ਚੁੱਪ ਪਸਰੀ ਹੋਈ ਹੈ।ਇਸ ਚੁੱਪ ਨੂੰ ਅਵਾਜ਼ ਦੀ ਲੋੜ ਹੈ।ਅਜਿਹੀ ਅਵਾਜ਼ ਬਣਨ ਦਾ ਇੱਕ ਹੰਭਲਾ ਹੈ ਮਨਮੀਤ ਸਿੰਘ ਹੁਣਾਂ ਦੀ 'ਸੱਚ ਪ੍ਰੋਡਕਸ਼ਨ' ਵੱਲੋਂ ਬਣਾਈ ਗਈ ਦਸਤਾਵੇਜ਼ੀ ਫ਼ਿਲਮ-ਏ ਲਿਟਲ ਰੇਵੂਲੇਸ਼ਣ,ਇੱਕ ਨਿੱਕੀ ਕ੍ਰਾਂਤੀ।ਜਿਹਨੂੰ ਹਰਪ੍ਰੀਤ ਕੌਰ ਹੁਣਾਂ ਨੇ ਨਿਰਦੇਸ਼ਤ ਕੀਤਾ ਹੈ।



ਇਸ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਂ ਪਹਿਲਾਂ ਇਹ ਜ਼ਰੂਰ ਦੱਸਣਾ ਚਾਹਵਾਂਗਾ ਕਿ ਕਿਸਾਨ ਖੁਦਕੁਸ਼ੀਆਂ 'ਤੇ ਬਣੀ ਇਹ ਫ਼ਿਲਮ ਆਪਣੇ ਪਹਿਲੇ ਫ੍ਰੇਮ ਤੋਂ ਹੀ ਰੰਗਲੇ ਪੰਜਾਬ ਦਾ ਵਹਿਮ ਤੋੜਦੀ ਹੋਈ ਤੁਹਾਨੂੰ ਗ਼ਲਪ ਪ੍ਰਤੀਕ ਦੇ ਦ੍ਰਿਸ਼ ਰਾਂਹੀ ਯਥਾਰਥ ਦੀ ਸਰਜ਼ਮੀਨ 'ਤੇ ਲਿਆ ਖੜ੍ਹਾ ਕਰੇਗੀ।ਸਰੋਂ ਦੇ ਇਹਨਾਂ ਖੇਤਾਂ 'ਚ ਇੱਕ ਨਿੱਕੀ ਜਿਹੀ ਕੁੜੀ ਰੋਟੀ ਵਾਲਾ ਡੱਬਾ ਲਈ ਦੋੜ ਰਹੀ ਹੈ।ਤੁਹਾਡੇ ਮਨਾਂ 'ਚ ਇੱਕ ਘਬਰਾਹਟ ਪਸਰ ਜਾਵੇਗੀ।ਦ੍ਰਿਸ਼ ਥੌੜ੍ਹਾ ਹੋਰ ਫੈਲਦਾ ਹੈ,ਪਤਾ ਲੱਗਦਾ ਹੈ ਕਿ ਉਸ ਕੁੜੀ ਦੇ ਅੱਗੇ ਇੱਕ ਬੰਦਾ ਦੋੜਿਆ ਜਾ ਰਿਹਾ ਹੈ।ਦੂਰ ਤੁਹਾਨੂੰ ਰੇਲਗੱਡੀ ਦੀ ਅਵਾਜ਼ ਸੁਣਾਈ ਦੇਵੇਗੀ।ਬੰਦਾ ਪਟੜੀ ਵੱਲ ਨੂੰ ਦੋੜ ਰਿਹਾ ਹੈ।ਪਿੱਛੇ ਉਹਦੀ ਕੁੜੀ ਰੋਟੀ ਵਾਲਾ ਡੱਬਾ ਚੁੱਕੀ ਦੋੜ ਰਹੀ ਹੈ।ਰੇਲਗੱਡੀ ਨੇੜੇ ਆਉਂਦੀ ਜਾ ਰਹੀ ਹੈ ਤੁਹਾਡੀ ਅੰਦਰਲੀ ਤੜਪ ਵੱਧਦੀ ਜਾ ਰਹੀ ਹੈ ਕਿਉਂ ਕਿ ਵੇਖਣ ਵਾਲੇ ਨੂੰ ਮਹਿਸੂਸ ਹੋ ਗਿਆ ਹੈ ਕਿ ਕੀ ਵਾਪਰਣ ਜਾ ਰਿਹਾ ਹੈ।ਬੰਦਾ ਰੇਲਗੱਡੀ ਦੇ ਸਾਹਮਣੇ ਜਾ ਖੜ੍ਹਾ ਹੁੰਦਾ ਹੈ।ਕੁੜੀ ਦੋੜਦੀ ਜਾ ਰਹੀ ਹੈ ਕਿ ਮੈਂ ਰੋਕ ਲਵਾਂ ਬਾਪੂ ਨੂੰ ਪਰ ਰੇਲਗੱਡੀ ਕਦੋਂ ਦੀ ਲੰਘ ਚੁੱਕੀ ਹੈ ਤੇ ਕੁੜੀ ਦੇ ਹੱਥੋਂ ਡੱਬਾ ਡਿੱਗਦਾ ਹੈ।ਦ੍ਰਿਸ਼ 'ਚ ਸੁੰਨ ਪਸਰਦੀ ਹੈ।ਬੱਸ ਇਹ ਉਹੋ ਸੁੰਨ ਹੈ ਜੋ ਕਿਸੇ ਅਖ਼ਬਾਰਾਂ,ਟੈਲੀਵਿਜ਼ਨ,ਸਰਕਾਰੀ ਅੰਕੜਿਆ 'ਚ ਕਿਸਾਨ ਦੀ ਹੋ ਚੁੱਕੀ ਖੁਦਕੁਸ਼ੀ ਦੀ ਖ਼ਬਰ ਤੋਂ ਬਾਅਦ ਬਿਆਨ-ਏ-ਜ਼ਿਕਰ ਨਹੀਂ ਹੁੰਦੀ।ਉਸ ਡੱਬੇ 'ਚ ਪਈ ਰੋਟੀ ਕਦੋਂ ਦੀ ਬਾਸੀ ਹੋ ਚੁੱਕੀ ਹੈ।ਮਰ ਚੁੱਕੇ ਕਿਸਾਨ ਦੀ ਉਹ ਕੁੜੀ ਅੱਜ ਵੀ ਖੇਤਾਂ 'ਚ ਉਵੇਂ ਹੀ ਖੱੜ੍ਹੀ ਹੈ।ਇਹ ਸਭ ਕੁਝ ਭਾਰਤ 'ਚ ਹਰ 32 ਮਿਨਟ ਬਾਅਦ ਵਾਪਰਦਾ ਹੈ।ਇਹ ਕਿਸਾਨ ਦੀ ਅਜਿਹੀ ਦਸ਼ਾ ਹੈ ਜਿਹਨੂੰ ਮੈਂ ਇੱਕ ਵਾਰ ਆਪਣੀ ਕਵਿਤਾ 'ਚ ਲਿਖਿਆ ਸੀ।

ਹਲਾਤਾਂ ਦੇ ਚਰਖ਼ੇ ਦੁੱਖਾਂ ਨੂੰ ਕੱਤੀਏ,
ਵਾਹਕੇ ਖ਼ੂਨ ਪਸੀਨਾ।
ਸਾਡੇ ਪੱਟਾਂ 'ਤੇ ਮੋਰ ਧੁੰਧਲੇ ਪਏ,
ਉਂਗਲੀਓ ਲਿਹਾ ਨਗੀਨਾ।
ਕੀਤਾ ਵਾਅਦਾ ਜੱਟੀ ਨੂੰ ਭੁੱਲੇ,
ਸਾਡਾ ਕਰਜ਼ੇ ਥੱਲੇ ਸੀਨਾ।
ਗੱਡੀ ਆਵੇ ਸਰਕਾਰੀ ਤਾਂ ਖ਼ਿਦਮਤ ਕਰੀਏ,
ਹਜ਼ੂਰ ਦੇਵੋ ਇੱਕ ਮਹੀਨਾ।
ਮੁਫ਼ਲਿਸੀ ਦੇ ਵਿਹੜੇ ਨਿਤ ਜਨਾਜੇ,
ਬਨੇਰਿਓਂ ਉੱਡਿਆ ਕਬੂਤਰ ਚੀਨਾ।
ਅਖ਼ੀਰ ਲਚਾਰੀਆਂ ਦੀ ਹਾਮੀ ਭਰਦਾ,
ਮੈਂ ਹਾਂ ਇੱਕ ਕਿਸਾਨ,
ਹੁਣ ਸ਼ਾਖ਼ ਦਾ ਟੁੱਟਿਆ ਸੁੱਕਾ ਪੱਤਾ,
ਮੈਂ ਡੀਕ ਕੇ ਮੋਹਰਾ ਪੀਨਾ


ਦਸਤਾਵੇਜ਼ੀ ਫ਼ਿਲਮ 'ਚ ਅਜਿਹਾ ਕੁਝ ਸੈਕਿੰਡ ਦਾ ਦ੍ਰਿਸ਼ ਤੁਹਾਨੂੰ ਪੰਜਾਬ ਦੇ ਉਸ ਮਾਹੌਲ ਨਾਲ ਜੋੜਦਾ ਹੋਇਆ ਹਲਾਤਾਂ ਦੀ ਜੱੜ੍ਹ ਤੱਕ ਲੈ ਜਾਵੇਗਾ।ਅਜਿਹੀ ਫ਼ਿਲਮ ਬਾਰੇ ਗੱਲ ਕਰਦੇ ਹੋਏ ਮੈਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਭਾਰਤ 'ਚ ਦਸਤਾਵੇਜ਼ੀ ਫ਼ਿਲਮ ਨੂੰ ਇੰਨੇ ਚਾਅ ਨਾਲ ਨਹੀਂ ਵੇਖਿਆ ਜਾਂਦਾ ਅਤੇ ਦਸਤਾਵੇਜ਼ੀ ਫ਼ਿਲਮਾਂ ਦੀ ਪਹੁੰਚ ਅਤੇ ਇਸ ਪ੍ਰਤੀ ਰੁੱਚੀ ਨੂੰ ਹਰ ਗਲੀ ਹਰ ਘਰ ਤੱਕ ਮਕਬੂਲ ਕਰਨ ਦੀ ਸਖਤ ਜ਼ਰੂਰਤ ਹੈ।ਕਿਉਂ ਕਿ ਸਿਨੇਮਾ ਦਾ ਅਜਿਹਾ ਪ੍ਰਭਾਵ ਉਹਨਾਂ ਦਰਸ਼ਕਾਂ ਤੱਕ ਆਪਣਾ ਪੱਖ ਬਹੁਤ ਮਜ਼ਬੂਤੀ ਨਾਲ ਰੱਖਦਾ ਹੈ।ਸਮਾਜ 'ਚ ਸਿਨੇਮਾ ਨਾਲ ਨਵੀਂ ਲਹਿਰ ਪੈਦਾ ਕੀਤੀ ਜਾ ਸਕਦੀ ਹੈ।ਇਸ ਨੂੰ ਫ਼ਿਲਮ ਦੀ ਨਿਰਦੇਸ਼ਕ ਹਰਪ੍ਰੀਤ ਕੌਰ ਦੀ ਕਹੀ ਗੱਲ ਰਾਹੀਂ ਹੀ ਸਮਝਾਉਣਾ ਚਾਹਵਾਂਗਾ।ਉਸ ਮੁਤਾਬਕ ਉਹ ਆਪਣੀ ਦਸਤਾਵੇਜ਼ੀ ਫ਼ਿਲਮ ਰਾਹੀਂ ਸਿਰਫ ਲੋਕਾਂ ਨੂੰ ਹੱਲਾਸ਼ੇਰੀ ਦੇ ਸਕਦੇ ਹਨ।ਹਰਪ੍ਰੀਤ ਕੌਰ ਇਸ ਫ਼ਿਲਮ ਰਾਹੀਂ ਹਿੰਮਤ ਦਾ ਸੰਚਾਰ ਕਰਨਾ ਚਾਹੁੰਦੀ ਹੈ ਕਿ ਉਸ ਮੁਤਾਬਕ ਜਦੋਂ ਲੋਕਾਂ 'ਚ ਹਿੰਮਤ ਆਉਂਦੀ ਹੈ ਤਾਂ ਉਹ ਕੁਝ ਵੀ ਕਰ ਸਕਦੇ ਹਨ।

ਇੱਕ ਨਿੱਕੀ ਕ੍ਰਾਂਤੀ ਸਿਰਫ ਕਿਸਾਨ ਖੁਦਕੁਸ਼ੀਆਂ ਦੀ ਗੱਲ ਨਹੀਂ ਕਰਦੀ।ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਤਾਂ ਸਰਕਾਰੀ ਕਾਗਜ਼ਾਂ 'ਚ ਵੀ ਨੱਥੀ ਹਨ।ਜੇ ਸਰਕਾਰ ਨੂੰ ਅਲਮ ਦਾ ਇਲਮ ਨਹੀਂ ਹੈ ਤਾਂ ਇਹ ਸਾਡਾ ਵਹਿਮ ਹੈ।ਉਹ ਸਭ ਕੁਝ ਜਾਣਦੀ ਹੈ।ਜੇ ਉਹ ਵੋਟਾਂ ਲੈਣ ਵਾਲੇ ਵੋਟਰਾਂ ਦੀ ਨਬਜ਼ ਨੂੰ ਚੰਗੀ ਤਰ੍ਹਾਂ ਫੱੜ੍ਹਦੇ ਹਨ ਤਾਂ ਉਹਨਾਂ ਨੂੰ ਕਿਸਾਨ ਖੁਦਕੁਸ਼ੀਆਂ ਦੀਆਂ ਖ਼ਬਰਾਂ ਦੀ ਵੀ ਪਲ ਪਲ ਦੀ ਜਾਣਕਾਰੀ ਹੈ ਬੱਸ ਫਰਕ ਇੰਨਾ ਹੀ ਹੈ ਕਿ ਉਹ ਇਸ ਤਸਵੀਰ ਨੂੰ ਵੇਖਦੇ ਹੋਏ ਵੀ ਅਣਗੋਲਿਆ ਕਰਦੇ ਆ ਰਹੇ ਹਨ।ਇੱਕ ਨਿੱਕੀ ਕ੍ਰਾਂਤੀ ਭੱਵਿਖ ਦੇ ਉਸ ਤਸੱਵਰ ਨੂੰ ਲੱਭ ਰਹੀ ਹੈ ਜਿਸ ਲਈ ਅਸੀਂ ਆਪਣੇ ਦੇਸ਼ ਦੀ ਨਬਜ਼ ਨੂੰ ਨੌਜਵਾਨਾਂ ਦੇ ਹੱਥਾਂ ਨਾਲ ਲਿਖੀ ਇਬਾਰਤ ਮੰਨਕੇ ਚਲੇ ਆ ਰਹੇ ਹਾਂ।ਇੱਕ ਨਿੱਕੀ ਕ੍ਰਾਂਤੀ 'ਚ ਉਠਾਇਆ ਗਿਆ ਸਵਾਲ ਇਸ ਲਈ ਅਹਿਮ ਹੈ ਕਿ ਕਿਸਾਨ ਖੁਦਕੁਸ਼ੀਆਂ ਨੂੰ ਲੈਕੇ ਫਿਕਰ ਇਹ ਨਹੀਂ ਕਿ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ।ਇਹ ਤਾਂ ਸਾਫ ਹੈ ਕਿ ਜਿਹੜੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਉਹਦਾ ਦਾਣਾ ਪਾਣੀ ਤਾਂ ਇਸ ਸੰਸਾਰ ਤੋਂ ਖਤਮ ਹੋ ਗਿਆ ਫਿਰ ਮਰਿਆ ਦੀ ਗੱਲ ਕਿਉਂ ਕਰਨੀ? ਹਰਪ੍ਰੀਤ ਕੌਰ ਦੀ ਫ਼ਿਲਮ ਕਿਸਾਨ ਖੁਦਕੁਸ਼ੀਆਂ ਨੂੰ ਲੈ ਕੇ ਇਹ ਨਜ਼ਰੀਆਂ ਰੱਖਦੀ ਹੈ ਕਿ ਇੱਕ ਕਿਸਾਨ ਦੇ ਮਰਨ ਨਾਲ ਉਹਦੇ ਪਰਵਾਰ ਦੇ ਜੀਅ,ਉਹਨਾਂ ਦੇ ਬੱਚਿਆਂ ਦੀ ਗਿਣਤੀ ਕਰੀਏ ਤਾਂ ਹਲਾਤ ਬਹੁਤ ਹੀ ਸੰਵੇਦਨਸ਼ੀਲ ਬਣ ਜਾਂਦੇ ਹਨ।ਕਿਉਂ ਕਿ ਫ਼ਿਲਮ 'ਚ ਪੇਸ਼ ਕੀਤੇ ਅੰਕੜਿਆ ਮੁਤਾਬਕ 70 ਦੇ ਦਹਾਕੇ ਤੋਂ ਹੁਣ ਤੱਕ ਜਿੰਨੀਆਂ ਖੁਦਕੁਸ਼ੀਆਂ ਹੋਈਆਂ ਹਨ ਉਹਨਾਂ ਖੁਦਕੁਸ਼ੀਆਂ ਪਿੱਛੇ ਕਿੰਨੇ ਪਰਿਵਾਰ ਪ੍ਰਭਾਵਿਤ ਹੋਏ ਹਨ ਜਾਂ ਕਿੰਨੇ ਬੱਚਿਆਂ ਨੂੰ ਆਪਣੇ ਪਿਓ ਦਾ ਆਸਰਾ ਮਿਲਣਾ ਬੰਦ ਹੋ ਗਿਆ ਹੈ ਉਸ ਨਾਲ ਸਿੱਧੇ ਰੂਪ 'ਚ ਹੀ ਦੇਸ਼ ਦੀ ਲੋਕ ਤਾਕਤ ਨੂੰ ਢਾਅ ਲੱਗੀ ਹੈ।

ਹਰਪ੍ਰੀਤ ਕੌਰ ਦੀ ਫ਼ਿਲਮ 'ਇੱਕ ਨਿੱਕੀ ਕ੍ਰਾਂਤੀ' ਦੂਜੀਆ ਦਸਤਾਵੇਜ਼ੀ ਫ਼ਿਲਮਾਂ ਦੀ ਤਰ੍ਹਾਂ ਮਹਿਜ਼ ਅੰਕੜਿਆ ਦੀ ਬਿਆਨਬਾਜ਼ੀ ਨਹੀਂ ਹੈ।ਇਹ ਬੰਦੇ ਦੇ ਅੰਦਰ ਬੰਦਾ ਹੋਣ ਦੇ ਸੰਘਰਸ਼ ਦੀ ਦਾਸਤਾਨ ਦੇ ਰੂਪ 'ਚ ਵਿਚਰਦੀ ਹੈ।ਅਜਿਹੀ ਫ਼ਿਲਮ ਇੱਕ ਸਵਾਲ ਇਹ ਵੀ ਕਰਦੀ ਹੈ ਕਿ ਸਾਡੇ ਸਮਾਜ ਦਾ ਭੱਵਿਖ(ਨੌਜਵਾਨ ਬੱਚੇ) ਕਿਸ ਮੁਹਾਂਦਰੇ 'ਤੇ ਖੜ੍ਹੇ ਹੋਕੇ ਸੁਫ਼ਨੇ ਵੇਖ ਰਹੇ ਹਨ।ਇਸ ਤੋਂ ਵੀ ਖਾਸ ਗੱਲ ਕਿ ਅਸੀ ਇਹਨਾਂ ਬੱਚਿਆਂ ਲਈ ਕੀ ਕਰ ਰਹੇ ਹਾਂ।ਅਜਿਹੇ ਜਜ਼ਬਾਤ ਨੂੰ ਤਸਵੀਰ ਦੇਣ ਦੇ ਯੋਗਦਾਨ ਲਈ ਮੈਂ ਹਰਪ੍ਰੀਤ ਕੌਰ ਅਤੇ ਮਨਮੀਤ ਸਿੰਘ ਹੁਣਾਂ ਨੂੰ ਹਮੇਸ਼ਾ ਸਲਾਮ ਕਰਦਾ ਹਾਂ।ਫ਼ਿਲਮ ਪੰਜਾਬ ਦੇ ਕਿਸਾਨਾਂ ਦੀ ਹਾਲਤ ਨੂੰ ਬਿਆਨ ਕਰਦੀ ਹੋਈ ਸਮੱਸਿਆ ਦੀ ਉਹਨਾਂ ਜੜ੍ਹਾਂ ਨੂੰ ਫਰੋਲਦੀ ਹੈ ਜਿਥੋਂ ਪੰਜਾਬ ਦੀ ਬਰਬਾਦੀ ਦੀ ਕਹਾਣੀ ਸ਼ੁਰੂ ਹੋਈ।60 ਦੇ ਦਹਾਕੇ 'ਚ ਹਰੀ ਕ੍ਰਾਂਤੀ ਦੇ ਮੌਸਮ 'ਚ ਕਿਸਾਨਾਂ ਨੂੰ ਜਿਸ ਢੰਗ ਨਾਲ ਫਰਟੀਲਾਈਜ਼ਰ,ਪੈਸਟੀਸਾਈਡ ਤੇ ਹੋਰ ਜ਼ਹਿਰੀਲੇ ਨਾਸ਼ਕਾਂ ਨਾਲ ਵੱਧਦੀ ਫਸਲ ਦੇ ਸੁਫ਼ਨੇ ਨਾਲ ਸੁਨਹਿਰੇ ਭੱਵਿਖ ਦਾ ਚੋਚਲਾ ਦਿੱਤਾ ਗਿਆ ਉਹ ਭਾਰਤ ਲਈ ਆਰਥਿਕ ਅਤੇ ਸਮਾਜਿਕ ਤ੍ਰਾਸਦੀ ਸਾਬਤ ਹੋਇਆ।ਇਸ ਲਈ ਕੌਮਾਂਤਰੀ ਅਤੇ ਗਲੋਬਲ ਨੀਤੀਆਂ ਦੋਵੇਂ ਹੀ ਜ਼ਿੰਮੇਵਾਰ ਹਨ।ਕਿਉਂ ਕਿ 60 ਦੇ ਦਹਾਕੇ 'ਚ ਇਹ ਸਭ ਕੁਝ ਸ਼ੁਰੂ ਕਰਨ ਦੌਰਾਨ ਵੱਧ ਤੋਂ ਵੱਧ ਸਬਸੀਡੀਆਂ ਦਿੱਤੀਆਂ ਗਈਆਂ।70 ਦੇ ਦਹਾਕੇ ਤੱਕ ਪਹੁੰਚਦੇ ਹੋਏ ਸਬਸੀਡੀਆਂ ਬੰਦ ਕਰ ਦਿੱਤੀਆਂ ਗਈਆਂ ਅਤੇ ਜਿਹੜੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੇ ਝੰਡੇ ਥੱਲੇ ਦੇਸ਼ ਦੀ ਤਰੱਕੀ 'ਚ ਯੋਗਦਾਨ ਪਾਉਣ ਲਈ ਅੱਖਾਂ ਬੰਦ ਕਰ ਆਪਣੀ ਕਿਸਮਤ ਨੂੰ ਸੂਲੀ ਚਾੜ੍ਹ ਦਿੱਤਾ ਉਹਨਾਂ ਦਾ ਕਰਜ਼ੇ ਥੱਲੇ ਆਉਣਾ ਸੁਭਾਵਿਕ ਸੀ।80 ਵਿਆਂ ਤੱਕ ਆਉਂਦੇ ਹੋਏ ਖੁਦਕੁਸ਼ੀਆਂ ਦਾ ਅਜਿਹਾ ਚੱਕਰ ਚੱਲਿਆ ਕਿ ਇਸ ਦੀ ਗ੍ਰਿਫਤ 'ਚ ਕਿਸਾਨ ਅਜੇ ਤੱਕ ਨਹੀਂ ਨਿਕਲ ਸਕਿਆ।ਇਹ ਨੁਕਤਾ ਬਹੁਤ ਹੀ ਗੰਭੀਰ ਹੈ ਕਿ ਕੀ ਆਰਥਿਕ ਆਸਰੇ ਵੱਡੇ ਸਨਅਤੀ ਅਦਾਰਿਆਂ ਲਈ ਹੀ ਰਹਿ ਗਏ ਹਨ ਅਤੇ ਐਗਰੀਕਲਚਰ ਇਕੋਨਮੀ ਦੇ ਪ੍ਰਤੀਕ ਵੱਜੋਂ ਪੇਸ਼ ਕੀਤੇ ਜਾਂਦੇ ਦੇਸ਼ 'ਚ ਦੇਸ਼ ਦੇ ਕਿਸਾਨਾਂ ਲਈ ਹੀ ਕੋਈ ਆਸਰਾ ਨਹੀਂ?

ਕੀ ਮੈਂ ਆਖਾਂ ਤੇ ਕੀ ਮੈਂ ਨਾ ਆਖਾਂ,
ਮਾਰੀ ਮਤ ਕਿਉਂ ਗਈ ਸਰਕਾਰ ਦੀ ਏ।
ਅੰਨ੍ਹੇ ਬੋਲੇ ਤੇ ਬੇਦਿਮਾਗ ਵਾਂਗੂ,
ਪਾਗਲ ਹੋਈ ਨਾ ਕੁਝ ਵਿਚਾਰ ਦੀ ਏ।
ਹਾਏ ਅਫਸੋਸ ਕਿ ਜਿਨ੍ਹਾ ਨੇ ਰਾਜ ਦਿੱਤਾ,
ਵੇਖੋ ਉਹਨਾਂ ਨੂੰ ਹੀ ਮੁੜਕੇ ਮਾਰਦੀ ਏ।
ਵੱੜਕੇ ਵਾੜ ਨੂੰ ਖਾ ਗਈ ਦੇਸ਼ ਸਾਰਾ,
ਭੁੱਖੀ ਅਜੇ ਵੀ ਦੇਸ਼ ਪਿਆਰ ਦੀ ਏ।


ਤੁਸੀ ਫ਼ਿਲਮ ਵੇਖਦੇ ਹੋਏ ਦਰਦ ਨਾਲ ਜੁੜਾਅ ਕਿੱਥੇ ਕਿੱਥੇ ਵੇਖਦੇ ਹੋ ਇਹ ਤਾਂ ਤੁਹਾਡੇ ਫ਼ਿਲਮ ਵੇਖਣ 'ਤੇ ਹੈ ਪਰ ਮੈਨੂੰ ਫ਼ਿਲਮ ਵਿਚਲੇ ਇੱਕ ਸੀਨ ਨੇ ਝਿੰਝੋੜਕੇ ਰੱਖ ਦਿੱਤਾ।ਪ੍ਰਭਾਵਿਤ ਪਰਿਵਾਰ ਦੇ ਬੱਚੇ ਦੁਕਾਨ 'ਤੇ ਆਪਣੇ ਲਈ ਕੱਪੜੇ ਅਤੇ ਬੂਟ ਖਰੀਦ ਰਹੇ ਹਨ।ਜਸਵੀਰ ਕੌਰ ਨਾਮ ਦੀ ਛੋਟੀ ਬੱਚੀ ਆਪਣੇ ਛੋਟੇ ਭਰਾ ਨੂੰ ਬੂਟ ਪਵਾਕੇ ਜਾਂਚ ਰਹੀ ਹੈ।ਉਹ ਆਪਣੇ ਭਰਾ ਨੂੰ ਇਸ ਦੌਰਾਨ ਡਾਂਟ ਵੀ ਰਹੀ ਹੈ ਅਤੇ ਪਿਆਰ ਵੀ ਕਰ ਰਹੀ ਹੈ ਅਤੇ ਇੱਕ ਜ਼ਿੰਮੇਵਾਰੀ ਭਰਿਆ ਰੱਵਈਆ ਵੀ ਹੈ।ਇਸ ਦ੍ਰਿਸ਼ 'ਚ ਇੱਕ ਹਉਕਾ ਜਿਹਾ ਨਿਕਲਦਾ ਹੈ ਕਿ ਜਿਸ ਉੱਮਰ 'ਚ ਇਹਨਾਂ ਨੰਨ੍ਹੀ ਜਵਾਨੀਆਂ ਨੇ ਬੇਫਿਕਰੀ ਦੇ ਰੰਗ 'ਚ ਸਿਰਫ ਤੇ ਸਿਰਫ ਆਪਣੀ ਖਵਾਇਸ਼ਾਂ ਨੂੰ ਪਰਵਾਜ਼ ਦੇਣਾ ਸੀ ਉਸ ਉੱਮਰ 'ਚ ਉਹਨਾਂ 'ਤੇ ਕੁਝ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਮੰਨੋ ਕਿ ਉਹ ਕੋਈ ਛੋਟੀ ਉੱਮਰ ਦੇ ਬੱਚੇ ਨਾ ਹੋਣ ਸਗੋਂ ਘਰ ਦੇ ਮੁੱਖੀਆ ਹੋਣ।ਇਸ ਤੋਂ ਵੱਡੀ ਤ੍ਰਾਸਦੀ ਇਹਨਾਂ ਬੱਚੀਆਂ ਲਈ ਕੀ ਹੋ ਸਕਦੀ ਹੈ।ਜਦੋਂ ਹਲਾਤ ਬੱਚੇ ਨੂੰ ਵਕਤ ਤੋਂ ਪਹਿਲਾਂ ਬਚਪਨ ਛੱਡਣ ਨੂੰ ਮਜਬੂਰ ਕਰਦੇ ਹੋਏ ਉਹਨਾਂ ਨੂੰ ਵੱਡਾ ਕਰਦੇ ਹਨ ਤਾਂ ਕਿਸੇ ਰਾਸ਼ਟਰ ਲਈ ਇਹ ਸਭ ਤੋਂ ਵੱਡੀ ਸ਼ਰਮਾਨਕ ਗੱਲ ਹੁੰਦੀ ਹੈ।

ਇਸ ਫ਼ਿਲਮ 'ਚ ਮਹਿਜ ਇੱਕ ਦਾਸਤਾਨ ਨਹੀਂ ਉਹਨਾਂ ਦਾਸਤਾਨਾਂ ਨਾਲ ਚਲਦੀਆਂ ਹਜ਼ਾਰਾਂ ਕਹਾਣੀਆਂ ਵੀ ਤੁਸੀ ਵੇਖੋਗੇ ਜੋ ਸਮਾਜ ਦੇ ਹਾਸ਼ੀਏ 'ਤੇ ਧਕੇਲੀਆਂ ਗਈਆਂ ਹਨ।ਇਹ ਸਾਨੂੰ ਫ਼ਿਲਮ ਵੇਖਦੇ ਹੋਏ ਅਹਿਸਾਸ ਹੋਵੇਗਾ ਕਿ ਕਿਸਾਨੀ ਹਲਾਤਾਂ ਦੀ ਵਿੱਥਿਆ ਕਹਿੰਦੇ ਹੋਏ ਸਾਰੀਆਂ ਜ਼ਿੰਦਗਾਨੀਆਂ ਦੇ ਅੰਦਰ ਕਈ ਸੁਫ਼ਨੇ ਦਫ਼ਨ ਹਨ ਅਤੇ ਹਲਾਤਾਂ ਅੱਗੇ ਬੇਬੱਸ ਉਹਨਾਂ ਦੇ ਸਾਰੇ ਸੁਫ਼ਨੇ ਮਰਦੇ ਜਾ ਰਹੇ ਹਨ।ਸੁਫ਼ਨਾ ਮਹਿਜ ਦੋ ਵਕਤ ਦੀ ਰੋਟੀ ਦਾ ਨਸੀਬ ਹੋਣਾ ਹੀ ਕਾਫੀ ਨਹੀਂ ਹੁੰਦਾ।ਸੱਧਰਾਂ ਦੇ ਕਾਫਲੇ ਇਸ ਤੋਂ ਵੀ ਵੱਡੇ ਹਨ ਅਤੇ ਇਹਨਾਂ ਕਿਸਾਨ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਪੂਰਾ ਹੱਕ ਹੈ ਕਿ ਉਹਨਾਂ ਦੇ ਇਹ ਸੁਫ਼ਨੇ ਪੂਰੇ ਹੋਣ।ਇਸ ਫ਼ਿਲਮ 'ਚ ਹੀ ਗੁਰਦਾਸ ਮਾਨ ਵੱਲੋਂ ਕਹੀ ਗੱਲ ਕਾਫੀ ਮਾਇਨੇ ਰੱਖਦੀ ਹੈ ਜਦੋਂ ਮੈਂ ਮਹਿਸੂਸ ਕਰਦਾ ਹਾਂ ਕਿ ਇੱਕ ਬਚਪਨ ਦਾ ਅਧਾਰ ਕਿਹੜੀਆਂ ਗੱਲਾਂ ਨਾਲ ਤੈਅ ਹੋਣਾ ਚਾਹੀਦਾ ਹੈ।

ਛੂ ਲੇਣੇ ਦੋ ਇਨ ਨੰਨ੍ਹੇ ਹਾਥੋਂ ਕੋ ਚਾਂਦ ਸਿਤਾਰੇ,
ਵਰਨਾ ਦੋ ਚਾਰ ਕਿਤਾਬੇਂ ਪੜ੍ਹ ਕਰ ਹਮ ਜੈਸੇ ਹੋ ਜਾਏਂਗੇ।


ਇਹ ਫ਼ਿਲਮ ਬੇਸ਼ੱਕ ਸੰਤਾਪ ਨੂੰ ਬਿਆਨ ਕਰਦੀ ਹੈ ਪਰ ਇਹ ਉਮੀਦ ਦੀ ਚਿਣਗ ਜਗਾਉਂਦੀ ਸਾਰਥਕਤਾ ਵੱਲ ਨੂੰ ਹੀ ਵੱਧਦੀ ਹੈ।ਕਿਉਂ ਕਿ ਹਾਸ਼ੀਆਗ੍ਰਸਤ ਲੋਕਾਂ ਅੰਦਰ ਹੱਕਾਂ ਲਈ ਅਡੋਲਤਾ ਉਮੀਦ,ਵਿਸ਼ਵਾਸ ਅਤੇ ਹੌਂਸਲੇ ਦੇ ਸਰੋਤ ਚੋਂ ਹੀ ਪੈਦਾ ਹੋਵੇਗੀ।ਪ੍ਰਧਾਨਮੰਤਰੀ ਵੱਲੋਂ ਕੁਪੋਸ਼ਨ ਨੂੰ ਦੇਸ਼ ਲਈ ਸ਼ਰਮਨਾਕ ਐਲਾਨਣਾ,ਮੋਟੇਂਕ ਸਿੰਘ ਆਹਲੂਵਾਲੀਆਂ ਵੱਲੋਂ ਇਹ ਮੰਨਣਾ ਕੇ ਜਿਸ ਕੋਲ ਘੱਟੋ ਘੱਟ 30 ਰੁਪਏ ਹਨ ਉਹ ਗਰੀਬ ਨਹੀਂ ਹੈ।ਵਿਦਰਭ ਦੇ ਕਿਸਾਨ,ਬਸਤਰ ਦਾ ਮਾਓਵਾਦ,ਪੰਜਾਬ ਦੀ ਕਿਸਾਨੀ,ਉੜੀਸਾ 'ਚ ਵਿਲਕਦੇ ਗਰੀਬ ਕਿਸਾਨ ਇਹ ਸਾਰੀਆਂ ਗੱਲਾਂ ਸਵਾਲ ਖੜ੍ਹਾ ਕਰਦੀਆਂ ਹਨ ਕਿ ਵਿਕਾਸ ਕਿਸ ਚਿੜੀ ਦਾ ਨਾਮ ਹੈ।

ਫ਼ਿਲਮ ਦੇ ਅਖੀਰ 'ਚ ਜੋ ਵੇਖਣ 'ਚ ਆਉਂਦਾ ਹੈ ਕਿ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਕੋਲ ਇੰਨ੍ਹਾ ਬੱਚਿਆਂ ਦੇ ਵਫ਼ਦ ਦੀ ਗੱਲ ਸੁਨਣ ਦਾ ਸਮਾਂ ਹੀ ਨਹੀਂ ਹੈ।ਜਦੋਂ ਕੋਈ ਮੰਤਰੀ ਲੋਕਤੰਤਰਿਕ ਦੇਸ਼ 'ਚ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਕੱਢ ਰਿਹਾ ਅਤੇ ਉਹਨਾਂ ਦੀ ਗੱਲ ਸੁਨਣ ਦਾ ਉਸ ਕੋਲ ਸਮਾਂ ਹੀ ਨਹੀਂ ਹੈ ਤਾਂ ਇਹ ਲੋਕਤੰਤਰ ਦਾ ਕਤਲ ਹੀ ਹੈ।ਜਿਹੜੇ ਲੋਕਾਂ ਦੀ ਮਦਦ ਨਾਲ ਅਜਿਹੇ ਆਗੂ ਸਿਆਸਤ ਦੇ ਗਲਿਆਰਿਆਂ 'ਚ ਟਹਿਲਦੇ ਹਨ।ਉਹ ਮੰਤਰੀ ਕੀ ਮਹਿਜ਼ ਆਈ.ਪੀ.ਐੱਲ. ਦੀਆਂ ਪਾਰਟੀਆਂ 'ਚ ਸ਼ਿਰਕਤ ਕਰਦੇ ਹੋਏ ਲਾਲ ਇੱਟਾਂ ਦੇ ਸਰਕਾਰੀ ਬੰਗਲਿਆਂ ਨੂੰ ਲੈਣ ਦੇ ਮਨਸੂਬੇ ਤੱਕ ਹੀ ਸੀਮਤ ਹਨ ਜਾਂ ਉਹ ਦੇਸ਼ ਦੀ ਫ਼ਿਕਰ ਕਰ ਰਹੇ ਹਨ?ਇਹ ਨਜ਼ਾਰਾ ਵੇਖਦੇ ਹੋਏ ਇੰਝ ਮਹਿਸੂਸ ਹੁੰਦਾ ਹੈ ਕਿ ਉਹਨਾਂ ਨੂੰ ਆਮ ਲੋਕਾਂ ਦੀ ਕੋਈ ਫ਼ਿਕਰ ਨਹੀਂ ਹੈ।

ਸ਼ਰਦ ਪਵਾਰ ਜੀ ਜਦੋਂ ਬੱਚਿਆ ਦਾ ਵਫ਼ਦ ਜਾਂ ਹੋਰ ਲੋਕ ਆਪਣੇ ਬਹੁਤ ਕੀਮਤੀ ਸਮੇਂ ਚੋਂ ਸਮਾਂ ਕੱਢਕੇ ਤੁਹਾਡੇ ਕੋਲ ਦਿੱਲੀ ਆਉਂਦੇ ਹਨ ਤਾਂ ਉਹਦਾ ਕੋਈ ਅਰਥ ਹੈ।ਦੇਸ਼ ਦੇ ਲੋਕਾਂ ਦੇ ਸਮੇਂ ਦੀ ਕਦਰ ਕੀਤੀ ਜਾਵੇ।ਆਖਰ ਜੇ ਤੁਸੀ ਸਾਡੇ ਘਰਾਂ ਤੱਕ ਪਹੁੰਚ ਕਰੋ ਤਾਂ ਸਾਨੂੰ ਦਿੱਲੀ ਆਉਣ ਦੀ ਜ਼ਰੂਰਤ ਹੀ ਨਾ ਪਵੇ।

ਜ਼ਰੂਰਤ ਹੈ ਕਿ ਇਹ ਫ਼ਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।ਇੱਕ ਨਿੱਕੀ ਕ੍ਰਾਂਤੀ ਹੁਣ ਤੱਕ ਬਹੁਤ ਸਾਰੇ ਫ਼ਿਲਮ ਮੇਲਿਆਂ 'ਚ ਸ਼ਿਰਕਤ ਕਰ ਚੁੱਕੀ ਹੈ।ਜਿੰਨ੍ਹਾ ਚੋਂ ਵੂਮੈਨ ਇੰਟਰਨੈਸ਼ਨਲ ਫ਼ਿਲਮ ਐਂਡ ਆਰਟਸ ਫੈਸਟੀਵਲ,ਇੰਡੀਅਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ,ਇੰਟਰਨੈਸ਼ਨਲ ਸਰਜ ਫ਼ਿਲਮ ਫੈਸਟੀਵਲ,ਰੀਅਲ ਸਿਸਟਰ ਆਫ ਡਾਇਸਪੋਰਾ ਫ਼ਿਲਮ ਫੈਸਟੀਵਲ,ਛਾਗ੍ਰਿਨ ਡਾਕੁਮੈਂਟਰੀ ਫ਼ਿਲਮ ਫੈਸਟੀਵਲ ਅਤੇ ਟੋਰਾਂਟੋ ਪੰਜਾਬੀ ਫ਼ਿਲਮ ਫੈਸਟੀਵਲ 'ਚ ਸ਼ਿਰਕਤ ਕਰ ਚੁੱਕੀ ਹੈ।ਯੂਨਾਈਟਡ ਨੇਸ਼ਨ ਗਲੋਬਲ ਵੇਕਅਪ ਫ਼ਿਲਮ ਫੈਸਟੀਵਲ 'ਚ ਇਸ ਫ਼ਿਲਮ ਨੂੰ ਸਰਵੋਤਮ ਡਾਕੂਮੈਂਟਰੀ ਦਾ ਪੁਰਸਕਾਰ ਵੀ ਮਿਲਿਆ ਹੈ।

ਇੱਕ ਨਿੱਕੀ ਕ੍ਰਾਂਤੀ ਇੱਕ ਸਵਾਲ ਵੀ ਹੈ ਅਤੇ ਨਾਲੋਂ ਨਾਲ ਜਵਾਬ ਵੀ ਹੈ।ਸਵਾਲ ਜਵਾਬ ਦੀ ਇਸ ਸਾਂਝ 'ਚ ਸਿਆਸੀ ਗਲਿਆਰਿਆਂ ਨੂੰ ਜਾਗਣ ਦੀ ਜ਼ਰੂਰਤ ਹੈ ਅਤੇ ਆਮ ਲੋਕਾਂ ਨੂੰ ਹੱਕਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਹੋਣ ਦੀ ਜ਼ਰੂਰਤ ਹੈ।ਅਖੀਰ 'ਚ ਉੱਮਰ ਤੋਂ ਪਹਿਲਾਂ ਜ਼ਿੰਮੇਵਾਰੀਆਂ ਦੇ ਬੋਝ ਨਾਲ ਵੱਡੇ ਹੋਏ ਬੱਚਿਆਂ ਲਈ ਮੈਂ ਇਹੋ ਚਾਹਵਾਂਗਾ ਕਿ ਉਹਨਾਂ ਦੇ ਸੁਫ਼ਨਿਆਂ ਨੂੰ ਪਰਵਾਜ਼ ਮਿਲੇ।

Comments

Rani Brar

Really touching..........

ਇਕਬਾਲ

ਹਰਪ੍ਰੀਤ ਜੀ ਤੁਹਾਡੀ ਕਲਮ ਸਮੀਖਿਆ ਲਈ ਹੀ ਬਣੀ ਲਗਦੀ ਹੈ ਇਸਨੂੰ ਵਿਸ਼ਵ ਭਰ ਦੀਆਂ ਕਲਾਸਿਕ ਫਿਲਮਾਂ ਲਈ ਵਰਤ ਕੇ ਪੰਜਾਬੀ ਦੇ ਸੇਵਾ ਰਾਹ ਤੁਹਾਡੇ ਅੱਗੇ ਖੁੱਲਾ ਪਿਆ ਹੈ |

ਇਕਬਾਲ

ਪੰਜਾਬੀ ਦੀ ਸੇਵਾ ਦਾ ਰਾਹ****

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ