Thu, 21 November 2024
Your Visitor Number :-   7255075
SuhisaverSuhisaver Suhisaver

ਗੱਲ ਸੁਣ ਆਥਣੇ ਨੀ ... –ਸੁਰਜੀਤ ਪਾਤਰ

Posted on:- 03-02-2012

suhisaver (ਪ੍ਰੋ. ਮੋਹਨ ਸਿੰਘ ਦੀ ਜ਼ਿੰਦਗੀ ਦੀ ਸ਼ਾਮ )


ਪ੍ਰੋ. ਮੋਹਨ ਸਿੰਘ ਹੋਰਾਂ ਦੀ ਕਵਿਤਾ ਵਿੱਚ ਵੇਲ਼ਿਆਂ  ਦਾ ਬਹੁਤ ਖ਼ੂਬਸੂਰਤ ਜ਼ਿਕਰ ਹੈ ,ਸਵੇਰ ਦਾ ,ਸ਼ਾਮ ਦਾ ,ਰਾਤ ਦਾ ।ਸਵੇਰ ਨੂੰ ਉਹ ਪੂਰਬ ਦੀ ਗੁਜਰੀ ਆਖਦੇ ਹਨ ਜੋ ਚਾਨਣ ਦਾ ਦੁੱਧ ਰਿੜਕਦੀ ਹੈ ,ਜਿਸ ਦੀਆਂ ਛਿੱਟਾਂ ਦੂਰ ਦੂਰ ਉਡਦੀਆਂ ਹਨ ।ਰਾਤ ਉਨ੍ਹਾਂ ਲਈ ਮੋਤੀਆਂ ਜੜੀ ਅਟਾਰੀ ਹੈ ਤੇ ਸ਼ਾਮ ।ਸ਼ਾਮ ਦਾ ਜ਼ਿਕਰ ਖ਼ਾਸ ਕਰਕੇ ਉਨ੍ਹਾਂ ਦੀ ਕਵਿਤਾ ਵਿਚ ਬਹੁਤ ਦਿਲ-ਟੁੰਬਵਾਂ ਹੈ ।ਸ਼ਾਮ ਜਿਸ ਨੂੰ ਤਰਕਾਲਾਂ ਕਿਹਾ ਜਾਂਦਾ ਹੈ ,ਜਦੋਂ ਤਿੰਨ ਕਾਲ ਮਿਲਦੇ ਹਨ ।ਮਾਂਵਾਂ ਕਹਿੰਦੀਆਂ : ਤਿੰਨ ਵੇਲਿਆਂ ਦਾ ਇਕ ਵੇਲਾ । ਪ੍ਰੋ. ਮੋਹਨ ਸਿੰਘ ਮਨ ਦੀ ਉਸ ਅਵਸਥਾ ਦਾ ਕਵੀ ਹੈ ਜਿਸ  ਵਿਚ  ਦਿਨ ਦਾ ਤਰਕ ਹੈ ,ਰਾਤ ਦਾ ਰਹੱਸ ਤੇ ਸ਼ਾਮ ਦੀ ਉਦਾਸੀ । ।ਸ਼ਾਮ ਦੇ ਪਲਾਂ ਨੂੰ ਕਵੀ ਮੋਹਨ ਸਿੰਘ ਨੇ ਅਨੇਕ ਅਲੰਕਾਰਾਂ ਨਾਲ ਚਿਤਰਿਆ ਹੈ ।ਕਿਸੇ ਕਵਿਤਾ ਵਿਚ ਰੱਬ ਘੁਮਿਆਰ ਸ਼ਾਮ ਵੇਲੇ ਧਰਤੀ ਦੇ ਘੁੰਮਦੇ ਚੱਕ ਉਤੋਂ ਸੂਰਜ ਦਾ ਭਾਂਡਾ ਉਤਾਰਦਾ ਹੈ ,ਕਿਤੇ ਢਲਦਾ ਸੂਰਜ ਘਰਕਦੇ ਘੋੜੇ ਵਾਂਗ ਆਪਣੇ ਪੌੜਾਂ ਨਾਲ ਧੂੜ ਉਡਾਉਂਦਾ ਪੱਛਮ ਦੇ ਪੱਤਣਾਂ ਤੇ ਪਹੁੰਚਦਾ ਹੈ ।ਕਿਸੇ ਕਵਿਤਾ ਵਿਚ ਸੂਰਜ ਸ਼ਿਵ ਦੇ ਪੁਜਾਰੀ ਵਾਂਗ ਠੀਕਰ ਵਿਚ ਦਘਦੇ ਅੰਗਿਆਰੇ ਪਾਈ ਲਿਜਾ ਰਿਹਾ ਹੈ ।ਗੁਰੂ ਨਾਨਕ ਜੀ ਬਾਰੇ ਲਿਖੇ ਆਪਣੇ ਮਹਾਕਾਵਿ ਦਾ ਆਰੰਭ ਵੀ ਉਹ ਤਲਵੰਡੀ ਦੀ ਸ਼ਾਮ ਤੋਂ ਕਰਦੇ ਹਨ :

ਮੋੜਿਆ ਸੂਰਜ ਰੱਥ ਨੇ ਲਹਿੰਦੇ ਵੱਲ ਮੁਹਾਣ
ਰੰਗਲੀ ਆਥਣ ਉਤਰੀ ਤਲਵੰਡੀ ਤੇ ਆਣ
ਅੱਥਰੇ ਘੋੜੇ ਰੱਥ ਦੇ ਗੁਲਨਾਰੀ ਤੇ ਸੇਤ
ਮਹਿੰਦੀ ਰੰਗੇ ,ਹੁਰਮਚੀ ,ਮੁਸ਼ਕੀ ਅਤੇ ਕੁਮੇਤ

ਨਾਸਾਂ ਵਿਚੋਂ ਅੱਗ ਦੇ ਸ਼ੁਅਲੇ ਛੱਡਦੇ ਜਾਣ
ਮਾਰ ਮਾਰ ਕੇ ਪੌਖੜਾਂ ਰੰਗਲੀ ਧੂੜ ਉਡਾਣ

ਪੁੱਜੇ ਘੋੜੇ ਘਰਕਦੇ ਜਦ ਧਰਤੀ ਦੇ ਛੋਰ
ਮੱਠੀ ਪੈ ਗਈ ਉਨ੍ਹਾਂ ਦੀ ਪਰਲੋ-ਪੈਰੀ ਤੋਰ

ਲਹਿ ਕੇ ਸੂਰਜ ਰੱਥ ਤੋਂ ਗੋਡਿਆਂ ਪਰਨੇ ਝੁੱਕ
ਰੰਗਾਂ ਦੇ ਦਰਿਆ ਚੋਂ ਸੂਰਜ ਪੀਤਾ ਬੁੱਕ

ਵੱਡਾ ਗੋਲਾ ਓਸਦਾ ਜਿਉਂ ਆਤਸ਼ ਦੀ ਵੰਗ
ਅੰਤਮ ਕੰਢਾ ਧਰਤ ਦਾ ਦਿੱਤਾ ਜਿਸ ਨੇ ਰੰਗ

ਅੱਧਾ ਗੋਲਾ ਡੁੱਬਿਆ ਅੱਧਾ ਰਹਿ ਗਿਆ ਬਾਹਰ
ਦਾਰੂ ਵਿਚ ਨਚੋੜਿਆ ਜਾਣੋਂ ਕਿਸੇ ਅਨਾਰ

ਚਮਕੇ ਪੀਲੂ ਵਣਾਂ ਦੇ ਸੋਨ-ਦਾਣਿਆਂ ਹਾਰ
ਦਿੱਤਾ ਕਿਰਨਾਂ ਟੇਢੀਆਂ ਅੰਤਿਮ ਜਦੋਂ ਪਿਆਰ

ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਪ੍ਰੋ. ਮੋਹਨ ਸਿੰਘ ਹੋਰਾਂ ਮਾਲਵੇ ਵਿਚ ਗੁਜ਼ਾਰੇ ।ਮਾਲਵੇ ਦਾ ਪਿਆਰਾ ਸ਼ਬਦ ਆਥਣ ਉਨ੍ਹਾਂ ਦੀ ਕਵਿਤਾ ਵਿਚ ਬੜੀ ਖ਼ੂਬਸੂਰਤੀ ਨਾਲ ਆਇਆ ।ਉਹ ਲਿਖਦੇ ਹਨ :

ਗੱਲ ਸੁਣ ਆਥਣੇ ਨੀ
ਮੇਰੀਏ ਸਾਥਣੇ ਨੀ
ਵਰਕੇ ਜ਼ਿੰਦਗੀ ਦੇ ਚਿੱਟੇ
ਪਾ ਜਾ ਰੰਗ ਦੇ ਦੋ ਛਿੱਟੇ


ਇਹ ਮੋਹਨ ਸਿੰਘ ਹੋਰਾਂ ਦੀ ਜ਼ਿੰਦਗੀ ਦੀ ਸ਼ਾਮ ਸੀ ,ਜਿਸ ਦੌਰਾਨ ਪੰਜ ਵਰ੍ਹੇ ਮੈਂ ਉਨ੍ਹਾਂ ਨੂੰ ਕਦੀ ਸੂਹੇ ,ਕਦੀ ਕਿਰਮਚੀ ,ਕਦੀ ਕਲਭਰਮੇ ,ਕਦੀ ਜਗਦੇ ਤੇ ਕਦੀ ਬੁਝਦੇ ਰੰਗਾਂ ਵਿਚ ਦੇਖਿਆ ।ਰੰਗਾਂ ਦਾ ਮੋਹਨ ਸਿੰਘ ਬਹੁਤ ਸ਼ਨਾਸ ਸੀ ।ਕਿਸੇ ਹੋਰ ਪੰਜਾਬੀ ਕਵੀ ਨੇ ਰੰਗਾਂ ਦੇ ਏਨੇ ਨਾਮ ਆਪਣੀ ਸ਼ਾਇਰੀ ਵਿਚ ਨਹੀਂ ਲਿਖੇ ਜਿੰਨੇ ਉਨ੍ਹਾਂ ਨੇ ਲਿਖੇ ।ਇਕ ਵਾਰ ਮੋਹਨ ਸਿੰਘ ਕਹਿਣ ਲੱਗੇ :ਮਨਜੀਤ ਟਿਵਾਣਾ ਦਾ ਰੰਗ ਇਹੋ ਜਿਹਾ ,ਜਿਵੇਂ ਰੰਮ ਵਿਚ ਅਫ਼ੀਮ ਘੋਲੀ ਹੋਵੇ ।ਦੇਖੋ ਇਸ ਬਿਆਨ ਵਿਚ ਕੀ ਕੁਝ ਘੁਲਿਆ ਹੋਇਆ ਹੈ ।

ਪਹਿਲੀ ਵਾਰ ਮੈਂ ਮੋਹਨ ਸਿੰਘ ਹੋਰਾਂ ਨੂੰ ੧੯੬੩ ਵਿਚ ਦੇਖਿਆ ਜਦੋਂ ਮੈਂ ੧੮ ਕੁ ਸਾਲਾਂ ਦਾ ।ਉਹ ਕੰਪਨੀ ਬਾਗ ਵਿਚ ਸ਼ਤਰੰਜ ਖੇਡ ਰਹੇ ਸਨ ।ਮੈਂ ਆਪਣੇ ਪਿੰਡੋਂ ਸਾਈਕਲ ’ਤੇ ਆਇਆ ਸਾਂ ਖ਼ਾਸ ਤੌਰ ਤੇ ਉਨ੍ਹਾਂ ਨੂੰ ਮਿਲਣ ਪਰ ਦੂਰੋਂ ਦੇਖ ਕੇ ਮੁੜ ਗਿਆ ।ਕੁਝ ਮਹੀਨਿਆਂ ਮਗਰੋਂ ਫੇਰ ਹੌਸਲਾ ਕਰ ਕੇ ਉਨ੍ਹਾਂ ਦੇ ਘਰ ਗਿਆ ,ਉਹ ਘਰ ਹੀ ਸਨ ।ਮੈਂ ਉਨ੍ਹਾਂ ਨੂੰ ਦੱਸਿਆ ਮੈਂ ਕਵਿਤਾ ਲਿਖਦਾ ਹਾਂ ।ਉਹ ਕਹਿਣ ਲੱਗੇ :ਸੁਣਾ ।ਮੈਂ ਜਿਹੜੀ ਕਵਿਤਾ ਉਨ੍ਹਾਂ ਨੂੰ ਸੁਣਾਈ ,ਉਸ ਦਾ ਨਾਮ ਸੀ :ਸ਼ੀਸ਼ੇ ਦੀ ਸਿਖਰ ਦੁਪਹਿਰ ਵਿਚ ।ਕਵਿਤਾ ਕੁਝ ਇਸਤਰਾਂ ਸੀ :
 
ਇਕ ਬਦਸੂਰਤ ਕੁੜੀ
ਧੁਖ਼ ਰਹੀ ਸ਼ੀਸ਼ੇ ਦੀ ਸਿਖਰ ਦੁਪਹਿਰ ਵਿਚ
ਭਾਲਦੀ ਬੇਅਰਥ ਹੀ
ਸ਼ੀਸ਼ੇ ਦੇ ਰੇਗਿਸਤਾਨ ਚੋਂ
ਦਿਲ ਦਾ ਕੰਵਲ


ਬੜੇ ਧਿਆਨ ਨਾਲ ਮੇਰੀ ਕਵਿਤਾ ਸੁਣ ਕੇ ਕਹਿਣ ਲੱਗੇ :ਦੇਖ ਜਿਹੜੀ ਕਵਿਤਾ ਮੈਨੂੰ ਏਨੀ ਮੁਸ਼ਕਲ ਨਾਲ ਸਮਝ ਆਈ ਐ ,ਉਹ ਆਮ ਲੋਕਾਂ ਨਾਲ ਕਿਵੇਂ ਆਵੇਗੀ ?ਤੇਰੇ ਕੋਲ ਕਵਿਤਾ ਦੇ ਸਾਰੇ ਔਜ਼ਾਰ ਹਨ ,ਪਰ ਤੂੰ ਵਿਸ਼ੇ ਹੋਰ ਚੁਣ ।ਕੁਝ ਮਹੀਨਿਆਂ ਬਾਦ ਮੈਂਪੰਜ ਦਰਿਆ ਲਈ ਦੋ ਕਵਿਤਾਵਾਂ ਭੇਜੀਆਂ ।ਕਾਰਡ ਤੇ ਲਿਖਿਆ ਜਵਾਬ ਆਇਆ :ਤੁਹਾਡੀਆਂ ਕਵਿਤਾਵਾਂ ਪਸੰਦ ਆਈਆਂ ।ਪੰਜ ਦਰਿਆ ਦੇ ਕਿਸੇ ਅਗਲੇ ਅੰਕ ਵਿਚ ਛਾਪਾਂਗਾ ।ਹੇਠਾਂ ਇਕ ਨੋਟ ਸੀ : ਆਪਣੇ ਪਿੰਡ ਵਿਚ ਪੰਜ ਦਰਿਆ ਦੇ ਕੁਝ ਗਾਹਕ ਬਣਾਓ ।ਕਵਿਤਾਵਾਂ ਪਸੰਦ ਆਉਣ ਦੀ ਖੁਸ਼ੀ ਇਸ ਵਾਕ ਨਾਲ ਕੁਝ ਕਿਰਕਿਰੀ ਹੋ ਗਈ ।ਕਵਿਤਾਵਾਂ ਦੋ ਕੁ ਮਹੀਨਿਆਂ ਬਾਦ ਛਪ ਗਈਆਂ ਪਰ ਫਿਰ ਬਹੁਤ ਸਾਲ ਮੈਂ ਪ੍ਰੋ. ਸਾਹਿਬ ਨੂੰ ਮਿਲ ਨਾ ਸਕਿਆ ।

ਕਈ ਸਾਲਾਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਿਲੇ ।ਪੰਜ ਦਰਿਆ ਕਦੋ ਦਾ ਬੰਦ ਹੋ ਚੁੱਕਾ ਸੀ ।ਮੋਹਨ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਪ੍ਰੋਫੈਸਰ ਅਮੈਰੇਟਸ ਸਨ ।ਮੈਂ ਐੱਮ. ਏ. ਕਰ ਚੁੱਕਾ ਸਾਂ ਤੇ ਪੰਜਾਬੀ ਵਿਭਾਗ ਵਿਚ ਰੀਸਰਚ ਸਕਾਲਰ ਸਾਂ ।ਉਨ੍ਹੀਂ ਦਿਨੀਂ ਬੁੱਢੀ ਜਾਦੂਗਰਨੀ ਚਰਚਾ ਵਿਚ ਸੀ ।ਪ੍ਰੋ. ਸਾਹਿਬ ਨੇ ਮੇਰੇ ਕੋਲੋਂ ਉਹ ਕਵਿਤਾ ਸੁਣੀ ਤੇ ਕਹਿਣ ਲੱਗੇ  :ਤੂੰ ਮੇਰੇ ਕੋਲ ਲੁਧਿਆਣੇ ਆ ਜਾ ,ਮੇਰੇ ਕੋਲ ਰੀਸਰਚ ਅਸਿਸਟੈਟ ਦੀ ਨੌਕਰੀ ।ਮੈਂ ਕਿਹਾ : ਜੀ ਮੈਂ ਓਥੇ ਕੀ ਕਰਾਂਗਾ ਐਗਰੀਕਲਚਰਲ ਯੂਨੀਵਰਸਿਟੀ ਵਿੱਚ ? ਪ੍ਰੋਫੈਸਰ ਸਾਹਿਬ ਕਹਿਣ ਲੱਗੇ :ਜੋ ਮੈਂ ਕਰਦਾਂ ,ਓਹੀ ਤੂੰ ਕਰੀ ਚੱਲੀਂ ।ਪਰ ਮੇਰਾ ਜੀ ਲੈਕਚਰਰ ਲੱਗਣ ਨੂੰ ਕਰਦਾ ਸੀ ਮੈਂ ਜੋਗਿੰਦਰ ਕੈਰੋਂ ਦੇ ਨਾਲ ਬਾਬਾ ਬੁੱਢਾ ਕਾਲਜ ਬੀੜ ਸਾਹਿਬ ਜੌਇਨ ਕਰ ਲਿਆ ਪਰ ਸਾਲ ਕੁ ਬਾਅਦ ਮੇਰਾ ਚਾਅ ਲੱਥ ਗਿਆ ।ਖਾਲਸਾ ਕਾਲਜ ਜਲੰਧਰ ਦੇ ਇਕ ਕਵੀ ਦਰਬਾਰ ਵਿਚ ਪ੍ਰੋਫੈਸਰ ਸਾਹਿਬ ਮੈਨੂੰ ਮਿਲੇ ।ਕਹਿਣ ਲੱਗੇ : ਅਜੇ ਵੀ ਆ ਜਾ ,ਯੂਨੀਵਰਸਿਟੀ ਯੂਨੀਵਰਸਿਟੀ ਹੁੰਦੀ ਐ ।ਮੈਂ ਮਹੀਨੇ ਕੁ ਬਾਅਦ ਚਲਾ ਗਿਆ ।ਪ੍ਰੋਫੈਸਰ ਸਾਹਿਬ ਨੇ ਆਪਣੇ ਵੱਡੇ ਸਾਰੇ ਕਮਰੇ ਦੇ ਇਕ ਪਾਸੇ ਮੇਰਾ ਟੇਬਲ ਲਗਵਾ ਦਿੱਤਾ ,ਇਹ ੧੬ ਸਤੰਬਰ, ੧੯੭੨ ਦੀ ਗੱਲ ਹੈ ।ਉਸ ਦਿਨ ਤੋਂ ਲੈ ਕੇ ੩ ਮਈ ੧੯੭੭ ਤੱਕ ,ਜਿਸ ਦਿਨ ਉਹ ਮੂੰਹ-ਹਨ੍ਹੇਰੇ ਦੀ ਬੁੱਕਲ ਮਾਰ ਕੇ ਅਨੰਤ ਦੇ ਹਨ੍ਹੇਰੇ ਵਿਚ ਗੁਆਚ ਗਏ ,ਮੈਂ ਇਸ ਯੁਗ ਕਵੀ ਨੂੰ ਅਨੇਕ ਰੰਗਾਂ ਵਿਚ ਦੇਖਿਆ ;ਕਵਿਤਾ ਲਿਖਦਿਆਂ ,ਜਾਮ ਪੀ ਕੇ ਨੱਚਦਿਆਂ ,ਉਦਾਸੀ ਵਿਚ ਡੁੱਬਿਆਂ ,ਗੁੱਸੇ ਨਾਲ ਲੋਹੇ ਲਾਖੇ ਹੁੰਦਿਆਂ ,ਸ਼ਤਰੰਜ ਦੀ ਦੁਨੀਆਂ ਵਿਚ ਗੁਆਚਿਆਂ ,ਢਲਦੇ ਸੂਰਜ ਨੂੰ ਆਈਨੇ ਵਾਂਗ ਦੇਖਦਿਆਂ ,ਅੰਮ੍ਰਿਤਾ ਪ੍ਰੀਤਮ ਨੂੰ ਯਾਦ ਕਰਦਿਆਂ ।

ਪੀ. ਏ. ਯੂ. ਵਿਚ ਪ੍ਰੋਫੈਸਰ ਸਾਹਿਬ ਕੋਲ ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਪ੍ਰੋਜੈਕਟ ਸੀ ।ਇਸ ਪ੍ਰੌਂਜੈਕਟ ਵਿਚ ਸਾਧੂ ਭਾ ਜੀ ਤੇ ਮੈਂ ਉਨ੍ਹਾਂ ਦੇ ਸਹਾਇਕ ਸਾਂ ।ਹਿੰਮਤ ਸਿੰਘ ਸੋਢੀ ,ਮੋਹਨਜੀਤ ,ਡਾ ਰਣਧੀਰ ਸਿੰਘ ਚੰਦ ਤੇ ਡਾ ਆਤਮ ਹਮਰਾਹੀ ਵੀ ਵਾਰੋ ਵਾਰੀ ਇਸ ਸ਼ਾਖ਼ ਤੇ ਆਏ ਤੇ ਉਡ ਗਏ ।ਅਸਾਂ ਉਡਣਹਾਰਾਂ ਲਈ ਵੀ ਤਾੜੀ ਵੱਜਣ ਹੀ ਵਾਲੀ ਸੀ ,ਉਹ ਤਾਂ ਸ਼ੁਕਰ ਡਾ ਦਲੀਪ ਸਿੰਘ ਦੀਪ ਵੇਲੇ ਸਿਰ ਬਹੁੜ ਪਏ ਤੇ ਸਾਨੂੰ ਵੱਖਰੋ ਵੱਖਰੇ ਪ੍ਰੋਜੈਕਟ ਮਿਲ ਗਏ ।ਖ਼ੈਰ ਚਾਹੀਦਾ ਤਾਂ ਇਹ ਸੀ ਕਿ ਪ੍ਰੋਫੈਸਰ ਸਾਹਿਬ ਨੂੰ ਕੋਈ ਇਹੋ ਜਿਹਾ ਕੰਮ ਦਿੱਤਾ ਜਾਂਦਾ ਜਿਸ ਦਾ ਸੰਬੰਧ ਉਨ੍ਹਾਂ ਦੀ ਸਿਰਜਣਾ ਨਾਲ ਹੁੰਦਾ ।ਉਹ ਆਪਣੀ ਯਾਦਾਂ ਲਿਖਦੇ ਜਾਂ ਸੂਫ਼ੀਵਾਦ ਬਾਰੇ ਕੁਝ ਲਿਖਦੇ ਜਾਂ ਕਿਸੇ ਮਹਾਕਾਵਿ ਜਾਂ ਕਾਵਿਨਾਟ ਦਾ ਅਨੁਵਾਦ ਕਰਦੇ ।ਪਰ ਇਹ ਗੱਲ ਸਮੇਂ ਸਿਰ ਕਿਸੇ ਨੂੰ ਸੁੱਝੀ ਨਾ ।ਸੋ ਖੋਂ ਸਹਾਇਕਾਂ ਨੇ ਕੁਝ ਅਧਿਆਇ ਲਿਖਣੇ ਜਿਨ੍ਹਾਂ ਨੂੰ  ਪ੍ਰੈਫੈਸਰ ਸਾਹਿਬ ਨੇ ਸੋਧ ਕੇ ਅੰਤਮ ਰੂਪ ਦੇਣਾ ਹੁੰਦਾ ।ਇਹ ਕੰਮ ਉਨ੍ਹਾਂ ਨੂੰ ਬੜਾ ਅਕੇਵੇਂ ਭਰਿਆ ਲੱਗਦਾ ।ਉਹ ਬੜੀ ਵਾਰ ਸ਼ੁਰੂ ਕਰਦੇ ,ਬੜੀ ਵਾਰ ਛੱਡਦੇ ।ਪਰ ਕੰਮ ਤਾਂ ਆਖ਼ਰ ਮੁਕਾਉਣਾ ਹੀ ਸੀ ।ਇਸ ਲਈ ਕਈ ਵਾਰ ਤਹੱਈਏ ਹੁੰਦੇ ਤੇ ਹਰ ਮਹੀਨੇ ਦੇ ਅੰਤ ਤੇ ਸਾਡੇ ਵਿਚਕਾਰ ਅਕਸਰ ਇਹ ਵਾਰਤਾਲਾਪ ਹੁੰਦਾ ।ਪ੍ਰੋ ਸਾਹਿਬ ਪੁੱਛਦੇ :ਪਾਤਰ ,ਅੱਜ ਕਿੰਨੀ ਤਰੀਕ ਐ ? ਮੈਂ ਤਰੀਕ ਦੱਸਦਾ ਜਿਹੜੀ ਆਮ ਤੌਰ ਤੇ ੨੪ ਤੇ ੩੧ ਦੇ ਵਿਚਕਾਰ ਹੁੰਦੀ ।ਪ੍ਰੋ ਸਾਹਿਬ ਕਹਿੰਦੇ : ਇਹ ਮਹੀਨਾ ਤਾਂ ਗਿਆ ।ਹੁਣ ਆਪਾਂ ਅਗਲੇ ਮਹੀਨੇ ਤੋ ਕੰਮ ਨੂੰ ਅੱਗੇ ਲਾ ਲੈਣਾ ,ਰੋਜ਼ ਸਵੇਰੇ ਤਿੰਨ ਘੰਟੇ ਦੀ ਝੁੱਟੀ ਲਾਇਆ ਕਰਾਂਗੇ ।ਦੇਖ ,ਝੁੱਟੀ ਲਫ਼ਜ਼ ਕਿੰਨਾ ਸੁਹਣਾ ।ਉਹ ਝੁੱਟੀ ਲਫ਼ਜ਼ ਦੀ ਠੇਠਤਾ ਵਿਚ ਗੁਆਚ ਜਾਂਦੇ ।ਇਹਦਾ ਕਾਫ਼ੀਆ ਛੁੱਟੀ ਨਾਲ ਮਿਲਦਾ ।ਝੁੱਟੀ ਬਿਨਾ ਕਾਹਦੀ ਛੁੱਟੀ ? ਨਵੇਂ ਲਫ਼ਜ਼ ਨੂੰ ਟੁਣਕਾ ਕੇ ਦੇਖਣਾ ,ਉਸ ਦਾ ਮੁੱਲ ਅੰਕਣਾ ,ਉਸ ਦਾ ਇਸਤੇਮਾਲ ਕਰਨਾ ਉਨ੍ਹਾਂ ਨੂੰ ਬਹੁਤ ਚੰਗਾ ਲਗਦਾ । ਉਨ੍ਹਾਂ ਦੀ ਇਕ ਗ਼ਜ਼ਲ ਦਾ ਮਤਲਾ ਇਸਤਰਾਂ ਹੈ :

ਚਿਰਾਂ ਦੇ ਭੇੜਿਆ ਹੋਇਆ ਹੈ
ਦਿਲ ਦਾ ਭਿੱਤ ਖੁੱਲ੍ਹਿਆ
ਉਨ੍ਹਾਂ ਦੀ ਯਾਦ ਨੂੰ ਖ਼ਬਰੇ ਹੈ
ਕਿਧਰੋਂ ਰਾਹ ਭੁੱਲਿਆ ।


ਉਨ੍ਹਾਂ ਦੀ ਥਾਂਵੇਂ ਕੋਈ ਹੋਰ ਸ਼ਾਇਰ ਹੁੰਦਾ ਉਹ ਭਿੱਤ ਦੀ ਥਾਂ ਦਰ ਲਿਖਦਾ ਕਿਉਂਕਿ ਇਕ ਤਾਂ ਉਹਨੂੰ ਸ਼ਾਇਦ ਭਿੱਤ ਦਾ ਪਤਾ ਹੀ ਨਾ ਹੁੰਦਾ ਤੇ ਦੂਸਰੇ ਉਹਨੂੰ ਦਰ ਵਧੇਰੇ ਸੌਖਾ ,ਮੁਲਾਇਮ ,ਪ੍ਰਚਲਿਤ ਤੇ ਗ਼ਜ਼ਲ ਦੇ ਮਿਜ਼ਾਜ ਲਈ ਵਧੇਰੇ ਮਾਫ਼ਕ ਲੱਗਣਾ ਸੀ ।ਪਰ ਭਿੱਤ ਲਫ਼ਜ਼ ਚੋਂ ਐਟੀਕ ਜਿਹੀ ਮਹਿਕ ਆਉਦੀ ਹੈ ।ਪ੍ਰੋ ਮੋਹਨ ਸਿੰਘ ਖ਼ੁਦ ,ਜਦੋਂ ਮੈਂ ਉਨ੍ਹਾਂ ਨੂੰ ਮਿਲਿਆ ,ਐਟੀਕ ਚੀਜ਼ ਵਰਗੀ ਸ਼ਖ਼ਸੀਅਤ ਹੋ ਚੁੱਕੇ ਸਨ ,ਜਿਵੇਂ ਕੋਈ ਇਤਿਹਾਸ ਦੀ ਕਿਤਾਬ ਚੋ ਨਿਕਲ ਕੇ ਵਰਤਮਾਨ ਦੀਆਂ ਗਲੀਆਂ ਵਿਚ ਫਿਰਦਾ ਹੋਵੇ ।

ਸ਼ਬਦਾਂ ਦੀ ਦੁਨੀਆ ਵਿਚ ਗੁਆਚਿਆਂ ਅਗਲਾ ਮਹੀਨਾ ਚੜ੍ਹ ਆਉਦਾ ।ਇਕੱਤੀ ਫਰਵਰੀ ਆ ਜਾਂਦੀ , ਜੋ ਦਿੱਲੀ ਤੋਂ ਡਾ. ਨੂਰ ਕੱਢਦੇ ਸਨ ।ਉਸ ਵਿਚ ਉਨ੍ਹੀਂ ਦਿਨੀਂ ਡਾ. ਹਰਿਭਜਨ ਸਿੰਘ ਪ੍ਰੋ ਮੋਹਨ ਸਿੰਘ ਦੀਆਂ ਮਸ਼ਹੂਰ ਕਵਿਤਾਵਾਂ ਨੂੰ ਇਕ ਇਕ ਕਰਕੇ ਮਿਸਮਾਰ ਕਰ ਰਹੇ ਸਨ ।ਕਦੀ ਜਾਇਦਾਦ ,ਕਦੀ ਕੁੜੀ ਪੋਠੋਹਾਰ ਦੀ ,ਕਦੀ ਤਾਜ ਮਹਿਲ ਡਾ. ਸਾਹਿਬ ਦੇ ਗਿਆਨ ਗੁਰਜ ਦੀ ਭੇਟ ਚੜ੍ਹ ਜਾਂਦਾ ।ਪ੍ਰੋ ਮੋਹਨ ਸਿੰਘ ਗੁੱਸੇ ਤੇ ਦੁੱਖ ਨਾਲ ਭਰ ਜਾਂਦੇ : ਇਹ ਓਹੀ ਹਰਿਭਜਨ ਸਿੰਘ ਹੈ ਜਿਸ ਨੇ ਮੈਨੂੰ ਆਪਣੀ ਅਧਰੈਣੀ ਸਮਰਪਿਤ ਕੀਤੀ ਸੀ ਤੇ ਕਿਹਾ ਸੀ :ਇਕ ਚਿਣਗ ਸਾਨੂੰ ਵੀ ਚਾਹੀਦੀ ।ਅੱਜ ਇਹ ਮੈਨੂੰ ਮਿਟਾ ਕੇ ਵੱਡਾ ਕਵੀ ਬਣਨਾ ਚਾਹੁੰਦਾ ।ਕਹਿ ਦੇਈਂ ਆਪਣੇ ਦੋਸਤ ਨੂਰ ਨੂੰ ,ਕਹਿ ਦੇਵੇ ਹਰਿਭਜਨ ਸਿੰਘ ਨੂੰ ਵੱਡੇ ਕਵੀ ਇਉਂ ਨਹੀਂ ਬਣਦੇ ।ਪ੍ਰੋ ਸਾਹਿਬ ਇਕੱਤੀ ਫਰਵਰੀ ਦੇ ਨਵਾਂ ਅੰਕ ਮੇਰੇ ਮੇਜ਼ ਤੇ ਪਟਕਾ ਕੇ ਮਾਰਦੇ :ਮੈਂ ਵੀ ਹਰਿਭਜਨ ਸਿੰਘ ਦੇ ਖ਼ਿਲਾਫ਼ ਲਿਖ ਸਕਦਾਂ ,ਪਰ ਮੈਂ ਆਪਣਾ ਵਕਤ ਕਿਉਂ ਜ਼ਾਇਆ ਕਰਾਂ ?ਇਹ ਹਰਿਭਜਨ ਸਿੰਘ ਦੀ ਇਨਸਿਕਿਓਰਿਟੀ ਐ ਮੇਰੇ ਸਾਹਮਣੇ ।ਫ਼ਾਰਸੀ ਵਾਲੇ ਕਹਿੰਦੇ ਨੇ ਜੋ ਖਾਹਮਖਾਹ ਤੇਰੀ ਬੁਰਾਈ ਕਰੇ ਉਸ ਨੂੰ ਆਪਣੀ ਚੰਗਿਆਈ ਨਾਲ ਸ਼ਰਮਿੰਦਾ ਕਰ ਦੇਹ ।ਫ਼ਾਰਸੀ ਵਾਲੇ ਕਹਿੰਦੇ ਨੇ ਇਹ ਵਾਕੰਸ਼ ਉਨ੍ਹਾਂ ਦੀ ਗੱਲਬਾਤ ਜਾਂ ਭਾਸ਼ਨ ਵਿਚ ਅਕਸਰ ਆ ਜਾਂਦਾ ਜਿਵੇਂ ਸੇਖੋਂ ਸਾਹਿਬ ਦੀ ਗੱਲਬਾਤ ਵਿਚ :ਮੈਂ ਕਹਿੰਦਾ ਹੁੰਨਾਂ ।

 ਅਰਬੀ ਫ਼ਾਰਸੀ ਪ੍ਰੋ ਮੋਹਨ ਸਿੰਘ ਹੋਰਾਂ ਲਈ ਬਹੁਤ ਵੱਡਾ ਸੋਮਾ ਸੀ ।ਅਕਸਰ ਸਿਆਣਪ ਤੇ ਦ੍ਰਿਸ਼ਟਾਂਤ ਲਈ ਉਹ ਇਸ ਵੱਲ ਪਰਤਦੇ ।ਇਕ ਵਾਰ ਅਸੀਂ ਐੱਮ. ਏ. ਦੇ ਕੁਝ ਵਿਦਿਆਰਥੀ ਪਟਿਆਲੇ ਡਾ ਦਲੀਪ ਕੌਰ ਟਿਵਾਣਾ ਦੇ ਘਰ ਦੀਆਂ ਪੌੜੀਆਂ ਉਤਰ ਰਹੇ ਸਨ ।ਪ੍ਰੋ ਸਾਹਿਬ ਉਨ੍ਹਾਂ ਨੂੰ ਮਿਲਣ ਜਾ ਰਹੇ ਸਨ ।ਸਾਨੂੰ ਦੇਖ ਕੇ ਕਹਿਣ ਲੱਗੇ :ਰੇਗਿਸਤਾਨ ਵਿਚ ਜਦੋਂ ਕਿਸੇ ਨੂੰ ਨਮਾਜ਼ ਪੜ੍ਹਨ ਤੋਂ ਪਹਿਲਾਂ ਵੁਜ਼ੂ ਕਰਨ ਲਈ ਪਾਣੀ ਨਾ ਮਿਲਦਾ ਤੇ ਉਹ ਰੇਤ ਉਤੇ ਪਰਨਾ ਵਿਛਾ ਕੇ ਉਸ ਨੂੰ ਥਪਥਪਾਉਦਾ ।ਜਿਹੜੀ ਰੇਤ ਛਣ ਕੇ ਪਰਨੇ ਉਤੇ ਆ ਜਾਂਦੀ ਉਸ ਨਾਲ ਵੁਜ਼ੂ ਕਰ ਲੈਦਾ ।ਇਸ ਨੂੰ ਅਰਬੀ ਵਿਚ ਤਯੱਮਮ ਕਹਿੰਦੇ ਨੇ ।ਤੁਹਾਡੀ ਪ੍ਰੋਫੈਸਰ ਕੋਲ ਹੁਣ ਤੱਕ ਤਾਂ ਪਾਣੀ ਸੀ ,ਹੁਣ ਮੇਰੇ ਗਿਆਂ ਉਨ੍ਹਾਂ ਨੂੰ ਤਯੱਮਮ ਕਰਨਾ ਪੈਣਾਂ ।ਮੈਂ ਤਾਂ ਅਰਬ ਦੀ ਰੇਤ ਆਂ

ਇਕੱਤੀ ਫਰਵਰੀ ਦੇ ਦਿਨੀਂ ਰਹਿ ਰਹਿ ਕੇ ਪ੍ਰੋ ਸਾਹਿਬ ਦੇ ਮਨ ਵਿਚ ਦੁੱਖ ਤੇ ਰੋਸ ਸੁਲਗ ਉਠਦਾ ।ਉਹ ਕਦੇ ਕਦੇ ਬੜੇ ਇਕੱਲੇ ਮਹਿਸੂਸ ਕਰਦੇ ।ਉਨ੍ਹਾਂ ਨੂੰ ਲਗਦਾ ਜਿਵੇਂ ਕੋਈ ਉਨ੍ਹਾਂ ਦਾ ਦੋਸਤ ਨਹੀਂ ।ਉਹ ਕਹਿੰਦੇ ; ਮੇਰੇ ਹੱਕ ਵਿਚ ਕੋਈ ਕਿਉਂ ਲਿਖੇ ?ਮੈਂ ਕਿਸੇ ਨੂੰ ਕੀ ਫ਼ਾਇਦਾ ਪਹੁੰਚਾ ਸਕਦਾਂ ?ਕੋਈ ਇੰਟਰਵਿਊਆਂ ਦਾ ਐਕਸਪਰਟ ਐ ,ਕੋਈ ਥੀਸਸਾਂ ਦਾ ਐਗਜ਼ਾਮੀਨਰ ।ਮੈਂ ਕੀ ਹਾਂ ?

ਪ੍ਰੋ. ਮੋਹਨ ਸਿੰਘ ਉਨ੍ਹੀਂ ਦਿਨੀਂ ਬੁਰੀ ਤਰਾਂ ਆਹਤ ਤੇ ਇਕੱਲੇ ਮਹਿਸੂਸ ਕਰ ਰਹੇ ਸਨ ।ਇਕ ਸਵੇਰ ਉਹ ਦਫ਼ਤਰ ਆਏ ਤਾਂ ਕਹਿਣ ਲੱਗੇ : ਪਾਤਰ ਇਕ ਕਵਿਤਾ ਸੁਣ :

ਬਿਰਖ ਦੀ ਸ਼ਕਤੀ ਹੈ ਉਸਦੇ ਪੱਤਰਾਂ ਵਿਚ
ਪਰ ਜਦੋਂ ਪੱਤਰ ਝੜਨ
ਛੱਡ ਕੇ ਰਾਹੀ ਤੁਰਨ
ਪੰਛੀ ਉਡਣ

ਬੰਦੇ ਦੀ ਸ਼ਕਤੀ ਹੈ ਉਸਦੀ
ਲਾਭਦਾਇਕਤਾ ਦੇ ਵਿਚ
ਪਰ ਜਦੋਂ ਇਹ ਖ਼ਤਮ ਹੋਵੇ
ਮੁੱਕ ਜਾਵਣ ਮਹਿਫ਼ਲਾਂ
ਛੱਡ ਕੇ ਤੁਰ ਜਾਣ ਮਿੱਤਰ
ਗੱਲ ਵਚਿੱਤਰ
ਮੁੱਕਣ ਰਿਸ਼ਤੇ ਅਤਿ ਪਵਿੱਤਰ

ਪਿੱਛੇ ਰਹਿ ਜਾਵਣ ਸਿਰਫ਼
ਖੋਲ ਟੁੱਟੇ ਵਾਅਦਿਆਂ ਦੇ
ਗੂੰਜ ਝੂਠੇ ਹਾਸਿਆਂ ਦੀ
ਕਾਰਵਾਂ ਦੇ ਤੁਰਨ ਮਗਰੋਂ ਜਿਸ ਤਰਾਂ
ਚੁੱਲ੍ਹਿਆਂ ਵਿਚ ਸਹਿਮੇ ਹੋਏ
ਸੁਲਗਦੇ ਅੰਗਿਆਰ ਕੁਝ
ਹੌਲੀ ਹੌਲੀ ਜਾਣ ਬੁਝ


ਮੈਂ ਕਿਹਾ :ਪ੍ਰੋਫੈਸਰ ਸਾਹਿਬ ,ਇਹ ਬਹੁਤ ਖ਼ੂਬਸੂਰਤ ਕਵਿਤਾ ਹੈ ,ਕੌੜੇ ਸੱਚ ਦੀ ਸ਼ਕਤੀ ਨਾਲ ਦਘ ਰਹੀ ।
ਪ੍ਰੋ ਮੋਹਨ ਸਿੰਘ ਹੋਰਾਂ ਦਾ ਚਿਹਰਾ ਵੀ ਦਘਣ ਲੱਗਾ ,ਕਹਿਣ ਲੱਗੇ :
ਸ਼ੁਹਰਤ ਕੀ ਚੀਜ਼ ਹੈ ,ਕੁਝ ਵੀ ਨਹੀਂ ।ਮੈਂ ਲਿਖਿਆ ਸੀ :

ਪੰਛੀ ਹਵਾ ਨੂੰ ਕੱਟ ਕੇ ਜਾਵੇ ਅਗੇਰੇ ਲੰਘ
ਮਿਲ ਜਾਵੇ ਟੁੱਟਣ ਸਾਰ ਹੀ ਕੱਟੀ ਹਵਾ ਦਾ ਚੀਰ

ਕਿਸ਼ਤੀ ਦੀ ਨੋਕ ਤਿੱਖੜੀ ਪਾਣੀ ਤੇ ਕੱਢ ਸਿਆੜ
ਜਦ ਵਧਦੀ ਅਗਾਂਹ ਨੂੰ ਜੜ ਜਾਵੇ ਮੁੜ ਕੇ ਨੀਰ


ਜ਼ਿੰਦਗੀ ਸ਼ੁਹਰਤ ਨਾਲੋਂ ਵੱਡੀ ਚੀਜ਼ ਹੈ ।ਮੈਂ ਮਨ ਦੀ ਸਲੇਟ ਨੂੰ ਨਿੱਕੇ ਮੋਟੇ ਕਲੇਸ਼ਾਂ ਤੋਂ ਸਾਫ਼ ਰੱਖਦਾ ਹਾਂ ।

ਪ੍ਰੋ. ਮੋਹਨ ਸਿੰਘ ਦੀ ਕਵਿਤਾ ਦੀ ਵਡਿਆਈ ਉਸ ਦੇ ਠੋਸ ਧਰਾਤਲ ਵਿਚ ਹੈ ।ਉਨ੍ਹਾਂ ਦੀ ਸ਼ਬਦਾਵਲੀ ਵਿਚ ਭਾਰੀ ਗਉਰੀ ਧਾਤ ਦੀ ਆਵਾਜ਼ ਹੈ ।ਇਸ ਵਿਚ ਹੋਛੀ ਟੁਣਕਾਰ ਨਹੀਂ ।ਹਰ ਸ਼ਬਦ ਆਪਣੀ ਫੇਸ ਵੈਲਿਊ ਨਾਲੋਂ ਵੱਧ ਮੁੱਲ ਦਾ ਹੈ ।ਇਹ ਉਸ ਦੇਸ਼ ਦੀ ਕਰੰਸੀ ਵਾਂਗ ਨਹੀਂ ਜੋ ਆਪਣੇ ਵਿੱਤ ਤੋਂ ਵੱਧ ਨੋਟ ਛਾਪੀ ਜਾਂਦਾ ਹੈ ।ਹਰ ਸ਼ਬਦ ਪਿੱਛੇ ਦਿਲ ਦੀ ਅੱਗ ਦਾ ਸੇਕ ਹੈ ਜਾਂ ਉਸ ਸੇਕ ਦੀ ਭੱਠੀ ਵਿਚ ਤਪੀ ਸਿਆਣਪ ।ਉਹ ਰਚਨਾਵਾਂ  ਜਿਨ੍ਹਾਂ ਵਿਚ ਉਨ੍ਹਾਂ ਨੇ ਵਾਦ ਨੂੰ ਨਜ਼ਮਾਇਆ ਹੈ ਬੇਸ਼ਕ ਵੱਖਰੀ ਕੋਟੀ ਵਿਚ ਆਉਦੀਆਂ ਹਨ ਪਰ ਉਨ੍ਹਾਂ ਦੀ ਭਾਸ਼ਾ ਦਾ ਇਕ ਵੱਖਰਾ ਜਲੌਅ ਹੈ ।

ਪ੍ਰੋ. ਮੋਹਨ ਸਿੰਘ ਦੀ ਕਵਿਤਾ ਦੀ ਇਕ ਹੋਰ ਵਡਿਆਈ ਉਸ ਦੇ ਕਾਵਿ-ਰੂਪਾਂ ਅਤੇ ਵਿਸ਼ਿਆਂ ਦੇ ਰੇਂਜ ਵਿਚ ਹੈ ਜੋ ਬੈਂਤ ਤੋਂ ਲੈ ਕੇ ਬਲੈਂਕ ਵਰਸ ਤੱਕ ,ਦੋਹੇ ਤੋਂ ਲੈ ਕੇ ਮਹਾਕਾਵਿ ਤੱਕ ,ਮੰਗਲੀ ਤੋਂ ਮਾਓ ਜ਼ੇ ਤੁੰਗ ਤੱਕ ,ਗੱਜਣ ਸਿੰਘ ਤੋਂ ਯੂਰੀ ਗਾਗਾਰਿਨ ਤੱਕ ,ਸੁਹਾਂ ਦੇ ਕੰਢੇ ਤੇ ਟਿਮਕਦੇ ਟਟਹਿਣੇ ਤੋਂ ਲੈ ਕੇ ਚੰਦ ਤੇ ਉਤਰਨ ਵਾਲੇ ਲੋਹ-ਗਰੁੜ ਤੱਕ ,ਕੁਦਰਤ ਦੇ ਸਾਵੇ ਪੱਤਰਾਂ ਤੋਂ ਲੈ ਕੇ ਸੱਭਿਆਚਾਰ ਦੇ ਬੂਹਿਆਂ ਤੱਕ ਫੈਲਿਆ ਹੋਇਆ ਹੈ ।

ਜਿਹੜੇ ਦਿਨ ਦੀ ਸਵੇਰ ਨੂੰ ਮੈਨੂੰ ਦਫ਼ਤਰ ਵਿਚ ਪ੍ਰੋ ਸਾਹਿਬ ਨੇ ਆਪਣੀ ਕਵਿਤਾ ਸੁਣਾਈ ਉਸ ਦਿਨ ਦੀ ਸ਼ਾਮ ਨੂੰ ਪ੍ਰੋ ਸਾਹਿਬ ਦੇ ਘਰ ਮਹਿਫ਼ਲ ਜ਼ੁੜੀ ।ਪ੍ਰੋ ਸਾਹਿਬ ਜ਼ਿੰਦਗੀ ,ਖੁਸ਼ੀ ਤੇ ਖਿਲੰਦੜੇਪਨ ਨਾਲ ਭਰ ਗਏ ।ਅਸੀਂ ਕਿਹਾ :ਪ੍ਰੋ ਸਾਹਿਬ ਆਪਣੀ ਨਵੀਂ ਲਿਖੀ ਕਵਿਤਾ ਸੁਣਾਓ ।ਕਹਿਣ ਲੱਗੇ : ਨਹੀਂ ਕਵਿਤਾ ਨਹੀਂ ,ਤੁਹਾਨੂੰ ਕਿਸੇ ਗੁਮਨਾਮ ਰਕਾਨ ਦਾ ਲਿਖਿਆ ਦੋਹਾ ਸੁਣਾਉਂਦਾ ਹਾਂ ।ਉਹ ਕੰਨ ਤੇ ਹੱਥ ਧਰ ਕੇ ਗਾਉਣ ਲੱਗ ਪਏ :

ਕੰਬਲ ਫਟੇ ਤਾਂ ਟਾਂਕਾ ਲਾਵਾਂ
ਬੱਦਲ ਫਟੇ ਕਿੰਜ ਸੀਵਾਂ
ਖਸਮ ਮਰੇ ਤਾਂ ਕਰਾਂ ਗੁਜ਼ਾਰਾ
ਯਾਰ ਮਰੇ ਕਿੰਜ ਜੀਵਾਂ


ਭਾਵੇਂ ਮਹਿਫ਼ਲਾਂ ਵਿਚ ਅਜੇ ਵੀ ਮੋਹਨ ਸਿੰਘ ਚਹਿਕ ਉਠਦੇ ਸਨ ਉਂਜ ਇਹ ਉਨ੍ਹਾਂ ਦੇ ਬਹੁਤ ਉਦਾਸ ਦਿਨ ਸਨ ।ਕਈ ਕੰਬਲ ਤੇ ਕਈ ਬੱਦਲ ਫਟ ਚੁੱਕੇ ਸਨ ।ਉਨ੍ਹਾਂ ਦਾ ਸ਼ਹਿਨਸ਼ਾਹ ਦੋਸਤ ਮਹਿੰਦਰ ਸਿੰਘ ਰੰਧਾਵਾ ਉਨ੍ਹਾਂ ਨਾਲ ਨਾਰਾਜ਼ ਹੋ ਚੁੱਕਿਆ ਸੀ ।ਇਕ ਮਿੰਨੀ ਮੈਗਜ਼ੀਨ ਵਿਚ ਸੋਲਨ ਨੰਬਰ ਵੰਨ ਦੇ ਨਾਂ ਹੇਠ ਛਪੀ ਉਨ੍ਹਾਂ ਦੀ ਇੰਟਰਵਿਊ ਵਿਚ ਕਹੀਆਂ ਗੱਲਾਂ ਕਾਰਨ ਅੰਮ੍ਰਿਤਾ ਪ੍ਰੀਤਮ ਦਾ ਮਨ ਪ੍ਰੋ ਸਾਹਿਬ ਲਈ ਜ਼ਹਿਰ ਨਾਲ ਭਰ ਗਿਆ ਸੀ ,ਯੂਨੀਵਰਸਿਟੀ ਦੀ ਨੌਕਰੀ ਖ਼ਤਮ ਹੋ ਚੁੱਕੀ ਸੀ ,ਹੁਣੇ ਹੁਣੇ ਹਟੀ ਐਮਰਜੈਸੀ ਦੌਰਾਨ ਲਿਖੇ ਇੰਦਰਾ ਗਾਂਧੀ ਦੇ ਕਸੀਦੇ ਕਾਰਣ ਜ਼ੋਸ਼ੀਲੇ ਨੌਜਵਾਨ ਉਨ੍ਹਾਂ ਨੂੰ ਕੋਸ ਰਹੇ ਸਨ ,ਨਾਨਕਾਇਣ ਨੂੰ ਸਾਈ ਤੇ ਲਿਖੀ ਕਵਿਤਾ ਕਿਹਾ ਜਾ ਰਿਹਾ ਸੀ ।

ਉਹ ਅਨੇਕ ਤੀਰਾਂ ਨਾਲ ਵਿੰਨ੍ਹੇ ਪਏ ਸਨ ।ਉਹ ਇਕੱਲੇ ਤੇ ਉਦਾਸ ਸਨ ਪਰ ਉਨ੍ਹਾਂ ਦੀ ਕਵਿਤਾ ਤੇ ਉਨ੍ਹਾਂ ਦੀ ਪਤਨੀ ਸੁਰਜੀਤ ਉਨ੍ਹਾਂ ਦੇ ਨਾਲ ਸੀ ।ਆਪਣੇ ਦਿਲ ਦੇ ਸਭ ਤੋਂ ਡੂੰਘੇ ਦੁੱਖ ਉਨ੍ਹਾਂ ਨੇ ਆਪਣੀ ਕਵਿਤਾ ਨੂੰ ਹੀ ਦੱਸੇ ।ਮੀਰ ਵਿਚ ਮੇਰੀ ਇਕ ਗ਼ਜ਼ਲ ਛਪੀ ਸੀ :

ਜਿਸ ਦੇਹੀ ਵਿਚ ਸੂਰਜ ਅੰਬਰ ਚੰਦ ਸੀ
ਸਾਡੀ ਖ਼ਾਤਰ ਉਸਦਾ ਬੂਹਾ ਬੰਦ ਸੀ


ਇਕ ਸਵੇਰ ਪ੍ਰੋ ਸਾਹਿਬ ਆਏ ਕਹਿਣ ਲੱਗੇ : ਪਾਤਰ ਤੇਰੀ ਗ਼ਜ਼ਲ ਦੀ ਜ਼ਮੀਨ ਵਿਚ ਇੱਕ ਗ਼ਜ਼ਲ ਲਿਖੀ ਐ ,ਸੁਣ :

ਜਿੱਧਰ ਕਦਮ ਉਠਾਏ ਓਧਰ ਕੰਧ ਸੀ
ਜੋ ਬੂਹਾ ਖੜਕਾਇਆ ਓਹੀ ਬੰਦ ਸੀ

ਭਾਵੇਂ ਮੇਰੇ ਅੰਦਰ ਸੂਰਜ ਚੰਦ ਸੀ
ਫਿਰ ਵੀ ਬੜਾ ਹਨ੍ਹੇਰਾ ਜੀਵਨ ਪੰਧ ਸੀ


ਆਪਣੀ ਕਵਿਤਾ ਕੋਲ ਆਪਣੇ ਸਾਰੇ ਭੇਤ ਅਮਾਨਤ ਰੱਖ ਕੇ ,ਇਕ ਭਰੀ ਮਹਿਫ਼ਲ ਦੀ ਸਵੇਰ ਨੂੰ ਉਹ ਹੈ ਤੋਂ ਸੀ ਹੋ ਗਏ ।ਬਿਗਲਾਂ ਦੀ ਧੁਨ ਵਿਚ ਉਨ੍ਹਾਂ ਦਾ ਸਸਕਾਰ ਹੋਇਆ ।ਦੂਜੇ ਦਿਨ ਸਵੇਰੇ ਅਖ਼ਬਾਰ ਵਿਚ ਬਹੁਤ ਵੱਡੀ ਖ਼ਬਰ ਸੀ ।ਉਨ੍ਹਾਂ ਦਾ ਇੱਕ ਗੁਆਂਢੀ ਲੈਕਚਰਰ ਨੂੰ ਉਸ ਦਿਨ ਹੀ ਪਤਾ ਲੱਗਾ ਕਿ ਉਹ ਏਡਾ ਵੱਡਾ ਬੰਦਾ ਉਹਦੇ ਗੁਆਂਢ ਵਿਚ ਰਹਿੰਦਾ ਸੀ ।

Comments

jaswinder chahal

bahut vadia ji...

ਰਾਜਪਾਲ ਸਿੰਘ, ਕੋਟਕ

ਬਹੁਤ ਕਮਾਲ ਦਾ ਆਰਟੀਕਲ। ਇੱਕ ਵੱਡਾ ਕਵੀ ਹੀ ਦੂਸਰੇ ਵੱਡੇ ਕਵੀ ਬਾਰੇ ਐਨਾ ਵਧੀਆ ਲਿਖ ਸਕਦਾ ਹੈ।

Prof.baldeep

Thanks a lot,Suhi Sver. v salute prof mohan singh n cong ratulate Patar 4 such a lovely pc of writing. Thank u Shiv.

ਪਰਮਜੀਤ ਕੱਟੂ

ਬਹੁਤ ਕਮਾਲ ਦੀ ਰਚਨਾ ਹੈ, ਪਾਤਰ ਜੀ ਦੀਆਂ ਬਾਕੀ ਰਚਨਾਵਾਂ ਵਾਂਗ..

Js kairon

V good

sanjeev

wah ji waaahh..sachmuch lafja da jadugar

ਗੋਵਰਧਨ ਗੱਬੀ

ਪਾਤਰ ਜੀ ਦੀ ਕਾਵਿਮਈ ਿਲਖਤ ਪਵ੍ਹ ਕੇ ਮਨ ਨੂੰ ਸਕੂਨ ਿਮਲਦਾ ਹੈ।ਵਧਾਈਆਂ ਪਾਤਰ ਜੀ

Pf. HS Dimple PCS (MC)

I read and relished this article by Patar Sahib and am really impressed again, as by his verse, by his wonderful prose.

Kulwinder rajput

I have no words. This article fill with a solace.

ਬਬਲੂ ਭਿੰਡਰ

ਬਹੁਤ ਸਕੂਨ ਹੈ ਇਸ ਆਰਟੀਕਲ ਚ। ਬਹੁਤ ਅਜਾਦ ਸੋਚ ਹੈ ਪਾਤਰ ਸਾਹਿਬ ਤੁਹਾਡੀ। ਤੂੰਹਾਨੂ ਰੱਬ ਦੀਆਂ ਸਤੇ ਖਹਿਰਾ।

OvasseHex

Zruvly https://newfasttadalafil.com/ - Cialis free samples of levitra <a href=https://newfasttadalafil.com/>canadian pharmacy cialis 20mg</a> cialis quand https://newfasttadalafil.com/ - is cialis generic

inerveMon

Bone loss is greater the longer a woman has used Depo Provera, and it may not be completely reversible <a href=http://bestcialis20mg.com/>best place to buy generic cialis online</a> 1 loading the bioactive ingredients within the pores of the mesoporous silica nanoparticle of claims 1; and 2 administering the mesoporous silica nanoparticle described in 1 to the subject

Security Code (required)



Can't read the image? click here to refresh.

Name (required)

Leave a comment... (required)





ਸਾਹਿਤ ਸਰੋਦ ਤੇ ਸੰਵੇਦਨਾ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ