ਪਾਨੀ ਸੇ ਸਗ ਗੁਜ਼ੀਦਾ ਡਰੇ ਜਿਸ ਤਰਹ ਅਸਦ
ਡਰਤਾ ਹੂੰ ਆਈਨੇ ਸੇ ਕਿ ਮਰਦੁਮ ਗੁਜ਼ੀਦਾ ਹੂੰ
ਤੇਰੇ ਤੌਸਨ ਕੋ ਸਬਾ ਬਾਂਧਤੇ ਹੈਂ
ਹਮ ਭੀ ਮਜ਼ਮੂੰ ਕੀ ਹਵਾ ਬਾਂਧਤੇ ਹੈਂ
ਫਾਰਸੀ ਵਿਚ ਲੁਕੋ ਕੇ ਤਾਂ ਮਿਰਜ਼ਾ ਗ਼ਾਲਿਬ ਮਗਰਮੱਛ ਦੇ ਜਬਾੜਿਆਂ ਨੂੰ ਵੀ ਗ਼ਜ਼ਲ ਵਿਚ ਲੈ ਆਏ ਸਨ, ਯਾਨੀ ਉਨ੍ਹਾਂ ਹਲਕ ਏ ਸਦ ਕਾਮੇ ਨਹੰਗ ਬਣਾ ਕੇ :
ਦਾਮੇ-ਹਰ-ਮੌਂਜ ਮੇਂ ਹੈ ਹਲਕ ਏ ਸਦ ਕਾਮੇ ਨਹੰਗ
ਦੇਖੇਂ ਕਯਾ ਗੁਜ਼ਰੇ ਹੈ ਕਤਰੇ ਪੇ ਗੁਹਰ ਹੋਨੇ ਤੱਕ
ਮੈਂ ਸੁਰਿੰਦਰ ਨੂੰ ਕਿਹਾ : ਆ ਸਕਦਾ ਹੈ ਲੂੰਬੜ ਗ਼ਜ਼ਲ ਵਿਚ ।ਕਿਉਂ ਨਹੀਂ ਆ ਸਕਦਾ ।ਪਰ ਲਿਆਉਣ ਵੇਲੇ ਉਸ ਨੂੰ ਕੁਝ ਇਸ ਤਰ੍ਹਾਂ ਲੁਕੋਣਾ ਪਵੇਗਾ ਕਿ ਆਮ ਲੋਕ ਉਸਨੂੰ ਓਦੋ ਹੀ ਪਛਾਨਣ ਜਦੋਂ ਉਹ ਆ ਹੀ ਚੁੱਕਾ ਹੋਵੇ ।
ਫਿਰ ਮੈਨੂੰ ਯਾਦ ਆਇਆ ਕਿ ਬਾਬਾ ਬੁੱਲ੍ਹੇ ਸ਼ਾਹ ਤਾਂ ਕੁੱਤਿਆਂ ਨੂੰ ਬਿਨਾਂ ਲੁਕੋਇਆਂ ਹੀ ਲੈ ਆਏ ਸਨ ।ਬੜੀ ਸ਼ਾਨ ਸ਼ੌਕਤ ਨਾਲ ,ਉਨ੍ਹਾਂ ਨੂੰ ਬੰਦਿਆਂ ਤੋਂ ਵੀ ਉਚਾ ਰੁਤਬਾ ਦੇ ਕੇ :
ਬੁੱਲ੍ਹਿਆ ਰਾਤੀ ਜਾਗੇ ਦੇ ਜ਼ੁਹਦ ਕਮਾਵੇਂ
ਰਾਤੀਂ ਜਾਗਣ ਕੁੱਤੇ ,ਤੈਥੋਂ ਉਤੇ
ਮਾਲਕ ਦਾ ਦਰ ਕਦੀ ਨਾ ਛੋੜਨ
ਭਾਂਵੇਂ ਸੌ ਸੌ ਮਾਰਨ ਜੁੱਤੇ ,ਤੈਥੋਂ ਉਤੇ
ਉਠ ਬੁੱਲ੍ਹਿਆ ,ਉਠ ਯਾਰ ਮਨਾ ਲੈ
ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ ,ਤੈਥੋਂ ਉਤੇ
ਬਾਬਾ ਬੁੱਲ੍ਹੇ ਸ਼ਾਹ ਕੋਲੋਂ ਸਾਨੂੰ ਸਭ ਸਾਹਿਤਕਾਰਾਂ ਨੂੰ ਸਬਕ ਲੈਣਾ ਚਾਹੀਦਾ ਕਿ ਜਦੋਂ ਵੀ ਕਿਸੇ ਜਾਨਵਰ ਨੂੰ ਸਾਹਿਤ ਵਿਚ ਲੈ ਕੇ ਆਈਏ ਤਾਂ ਪੂਰਾ ਆਦਰ ਦੇ ਕੇ ਲਿਆਈਏ ।
ਅਸੀਂ ਬੰਦੇ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਜਾਨਵਰਾਂ ਨਾਲੋਂ ਹਰ ਪੱਖੋਂ ਉੱਤਮ ਸਮਝਦੇ ਹਾਂ ,ਜਦ ਕਿ ਹਕੀਕਤ ਇਹ ਹੈ ਕਿ ਅਸੀਂ ਲੂੰਬੜਾਂ ਨਾਲੋਂ ਵੱਧ ਚਲਾਕ ,ਸੱਪਾਂ ਨਾਲੋਂ ਵੱਧ ਜ਼ਹਿਰੀਲੇ ਤੇ ਸ਼ੇਰਾਂ ਨਾਲੋਂ ਵੱਧ ਖ਼ੂੰਖ਼ਾਰ ਹਾਂ ।ਇਕ ਵਾਰ ਰਾਜਿੰਦਰ ਸਿੰਘ ਬੇਦੀ ਹੋਰਾਂ ਕਿਹਾ ਸੀ ਕਿ ਜੇ ਕੁੱਤਿਆਂ ਨੂੰ ਪਤਾ ਲੱਗ ਜਾਵੇ ਕਿ ਅਸੀਂ ਉਨ੍ਹਾਂ ਦੀ ਤੁਲਨਾ ਬੰਦਿਆਂ ਨਾਲ ਕਰਦੇ ਹਾਂ ਕਿ ਤਾਂ ਉਹ ਏਨੀ ਬੇਇੱਜ਼ਤੀ ਮਹਿਸੂਸ ਕਰਨ ਕਿ ਸਾਨੂੰ ਪਾੜ ਕੇ ਖਾ ਜਾਣ ।
ਦੇਖੋ ਤਾਂ ਹਿੰਦੀ ਕਵੀ ਅੱਗੇਯ ਸਾਹਿਬ ਸੱਪ ਨਾਲ ਕਿੰਨੇ ਪਿਆਰ ਨਾਲ ਗੱਲਾਂ ਕਰਦੇ ਹਨ :
ਅਰੇ ਸਾਂਪ
ਤੁਮ ਸੱਭਯ ਤੋ ਹੂਏ ਨਹੀਂ
ਸ਼ਹਿਰ ਮੇਂ ਬਸਨਾ ਭੀ
ਤੁਮਹੇਂ ਨਹੀਂ ਆਯਾ
ਫਿਰ ਯੇ ਡੰਕ ਕਹਾਂ ਸੇ ਸੀਖਾ
ਯੇ ਜ਼ਹਿਰ ਕਹਾਂ ਸੇ ਪਾਯਾ ?
ਲੂੰਬੜ ਤੋਂ ਗੱਲ ਸ਼ੁਰੂ ਹੋਈ ਸੀ ਤਾਂ ਮੈਨੂੰ ਲੂੰਬੜੀ ਬਾਰੇ ਕਵਿੱਤਰੀ ਹੇਰਿਔਨ ਦੀ ਲਿਖੀ ਕਵਿਤਾ ਯਾਦ ਆ ਗਈ ਜੋ ਮੈਂ ਮੰਗਲੇਸ਼ ਡਬਰਾਲ ਦੀ ਕਿਤਾਬ ਏਕ ਬਾਰ ਆਯੋਵਾ ਵਿਚ ਪੜ੍ਹੀ ਸੀ :
ਕੁਝ ਸਾਲ ਪਹਿਲਾਂ ਦੀ ਗੱਲ ਹੈ
ਇਕ ਥਾਂ ਮੈਂ ਸੁੰਨ ਹੋ ਗਈ
ਲੂੰਬੜੀ ਦੀ ਇਕ ਪੇਟਿੰਗ ਦੇਖ ਕੇ
ਇਕ ਜਾਲ ਵਿਚ ਫਸੀ ਲੂੰਬੜੀ
ਦਰਦ ਨਾਲ ਹੁੰਆਂਕਦੀ ਅਸਮਾਨ ਵੱਲ ਦੇਖ ਕੇ
ਜੀਵਨ ਵਿਚ ਪਹਿਲੀ ਵਾਰ
ਮੈਂ ਆਪਣੇ ਆਪ ਨੂੰ
ਫਸਿਆ ਹੋਇਆ ਦੇਖਿਆ
ਦੁਨੀਆ ਦੇ ਜਾਲ ਵਿਚ
ਇਹ ਬਾਰਾਂ ਪੂਛਾਂ ਵਾਲੀ ਲੂੰਬੜੀ
ਜੋ ਜਿੱਥੇ ਚਾਹੇ ਦੌੜੀ ਫਿਰਦੀ ਸੀ
ਪਹਾੜਾਂ ਤੇ ਖੇਤਾਂ ਵਿਚ
ਖੇਡਦੀ ਖਾਂਦੀ
ਸ਼ਰਾਰਤਾਂ ਕਰਦੀ
ਚਹੁੰਆਂ ਰੁੱਤਾਂ ਵਿਚ
ਹੁਣ ਇਹ ਕੈਦ ਹੈ
ਕਲਾਕਾਰ ਦੇ ਜਾਲ ਵਿਚ
ਕਿੰਨਾ ਚਿਰ ਖੜੀ ਰਹੀ ਮੈਂ ਓਥੇ
ਨਿਰਜਿੰਦ ਜਿਹੀ
ਕੈਨਵਸ ਵਿਚ ਖਿੱਚ ਕੇ ਲਿਆਂਦੀ ਗਈ
ਉਸ ਨਿਰਜਿੰਦ ਜਿਹੀ ਲੂੰਬੜੀ ਨੂੰ ਦੇਖਦੀ
ਹੈਰਾਨ ਹੁੰਦੀ
ਰੱਬ ਨੇ ਕਿਉਂ ਬਣਾ ਦਿੱਤਾ
ਸੰਸਾਰ ਨੂੰ ਆਪਣਾ ਜਾਲ?
ਹੇਰਿਔਨ ਦੀ ਕਵਿਤਾ ਵਿਚ ਲੂੰਬੜੀ ਤੇ ਬੁੱਲ੍ਹੇ ਸ਼ਾਹ ਦੀ ਕਾਫ਼ੀ ਵਿਚ ਕੁੱਤੇ ਤਾਂ ਮੰਨੇ ਪਰ ਗੱਲ ਤਾਂ ਗ਼ਜ਼ਲ ’ਤੇ ਹੋ ਰਹੀ ਸੀ, ਜੋ ਬਹੁਤ ਹੀ ਨਾਜ਼ੁਕ ਸਿਨਫ਼ ਮੰਨੀ ਜਾਂਦੀ ਹੈ ।ਉਜ ਜੇ ਸੋਚਿਆ ਜਾਵੇ ਤਾਂ ਜਾਨਵਰਾਂ ਦਾ ਸਭ ਕਾਵਿ-ਰੂਪਾਂ ਤੋਂ ਵੱਧ ਹੱਕ ਤਾਂ ਗ਼ਜ਼ਲ ਉੱਤੇ ਹੀ ਬਣਦਾ ਹੈ, ਕਿਉਂਕਿ ਇਸ ਨੇ ਤਾਂ ਆਪਣਾ ਨਾਮ ਹੀ ਇਕ ਪਿਆਰੇ ਜਿਹੇ ਜਾਨਵਰ ਹਿਰਨ ਤੋਂ ਲਿਆ ਹੈ ।ਤੇ੍ਹਰਵੀਂ ਸਦੀ ਦੇ ਫ਼ਾਰਸੀ ਆਲਮ ਦੇ ਹਵਾਲੇ ਨਾਲ ਵਿਦਵਾਨ ਦੱਸਦੇ ਹਨ ਕਿ ਗ਼ਜ਼ਲ ਦਾ ਸ਼ਾਬਦਿਕ ਅਰਥ ਹੈ ਸ਼ਿਕਾਰੀਆਂ ਵਿਚਕਾਰ ਘਿਰੇ ਹਿਰਨ ਦੀ ਦਰਦੀਲੀ ਪੁਕਾਰ ।ਠੀਕ ਹੈ ਹਿਰਨ ਨੂੰ ਪਰੇਸ਼ਾਲ ਕਰਨ ਵਾਲੇ ਜਾਨਵਰਾਂ ਦੀ ਤਾਂ ਗ਼ਜ਼ਲ ਵਿਚ ਮਨਾਹੀ ਚਾਹੀਦੀ ਹੀ ਹੈ ।
ਗ਼ਜ਼ਲ ਦਾ ਦੂਜਾ ਸ਼ਾਬਦਿਕ ਅਰਥ ਹੈ ,ਔਰਤਾਂ ਨਾਲ ਗੱਲਬਾਤ ।ਇਹ ਅਰਥ ਵੀ ਗ਼ਜ਼ਲ ਸਿਨਫ਼ ਦੀ ਨਜ਼ਾਕਤ ਵੱਲ ਹੀ ਇਸ਼ਾਰਾ ਕਰਦਾ ਹੈ ।ਪਰ ਹੁਣ ਜਦੋਂ ਕਿ ਔਰਤਾਂ ਮੁਕਤ ਹੋ ਰਹੀਆਂ ਹਨ ਤੇ ਹਰ ਖੇਤਰ ਵਿਚ ਹਿੱਸਾ ਲੈ ਰਹੀਆਂ ਹਨ ਤਾਂ ਉਨ੍ਹਾਂ ਨਾਲ ਹਰ ਵਿਸ਼ੇ ਤੇ ਗੱਲ ਕੀਤੀ ਜਾ ਸਕਦੀ ਹੈ ਤਾਂ ਗ਼ਜ਼ਲ ਵਿਚ ਵੀ ਆ ਸਕਦਾ ਹੈ ਹੇਰਿਔਨ ਦੀ ਲੂੰਬੜੀ ਦੇ ਨਾਲ ਲੂੰਬੜ ।ਸ਼ਾਇਦ ਸਾਹਿਤ ਲਈ ਕੋਈ ਵੀ ਸ਼ਬਦ ,ਕੋਈ ਵੀ ਵਸਤ ,ਕੋਈ ਵੀ ਜਾਨਵਰ ਵਰਜਿਤ ਨਹੀਂ।ਸਿਰਫ਼ ਇਹ ਖ਼ਿਆਲ ਰਹੇ ਕਿ ਜਦ ਕੋਈ ਸ਼ਬਦ ,ਕੋਈ ਵਸਤ ,ਕੋਈ ਜਾਨਵਰ ਸਾਹਿਤ ਵਿਚ ਆਵੇ ਤਾਂ ਇਸ ਤਰਾਂ ਆਵੇ ਕਿ ਇਉਂ ਲੱਗੇ ਕਿ ਇਸ ਦੇ ਆਉਣ ਤੋ ਬਿਨਾਂ ਇਸ ਰਚਨਾ ਦਾ ਯੱਗ ਸੰਪੂਰਨ ਨਹੀਂ ਸੀ ਹੋ ਸਕਦਾ ।
ਮੈ ਸੋਚਣ ਲਈ ਸੁਰਿੰਦਰ ਕੋਲੋਂ ਕੁਝ ਹੋਰ ਵਕਤ ਮੰਗਦਾ ਹਾਂ ਤੇ ਉਸ ਨੂੰ ਕਹਿੰਦਾ ਹਾਂ ; ਸੁਰਿੰਦਰ ਤੂੰ ਗ਼ਜ਼ਲ ਵਿਚ ਜ਼ਰੂਰ ਲੂੰਬੜ ਲੈ ਕੇ ਆਉਣਾ, ਬਸ ਕੋਈ ਕਵਿਤਾ ਲਿਖ ਲੈ ।ਗ਼ਜ਼ਲ ਦੀ ਤੰਗ-ਜ਼ਰਫ਼ੀ ਤੋਂ ਤਾਂ ਗ਼ਾਲਿਬ ਵਰਗਾ ਉਸਤਾਦ ਗ਼ਜ਼ਲਗੋ ਵੀ ਤੰਗ ਪੈ ਗਿਆ ਸੀ ਤੇ ਇਕ ਦਿਨ ਕਹਿਣ ਲੱਗਾ ;
ਬਕਦਰਿ ਸ਼ੌਕ ਨਹੀਂ ਜ਼ਰਫ਼ ਤੰਗਹਾਇ ਗ਼ਜ਼ਲ
ਕੁਛ ਔਰ ਚਾਹੀਏ ਵੁਸਅਤ ਮੇਰੇ ਬਿਆਂ ਕੇ ਲੀਏ
ਯਾਨੀ ਗ਼ਜ਼ਲ ਦਾ ਤੰਗ ਵਿੱਤ ਮੇਰੇ ਸ਼ੌਕ ਦੇ ਕਾਬਿਲ ਨਹੀਂ ।ਮੇਰੇ ਬਿਆਨ ਲਈ ਕੋਈ ਹੋਰ ਰੂਪ ਚਾਹੀਦਾ , ਜਿਸ ਵਿਚ ਮੇਰੇ ਖ਼ਿਆਲਾਂ ਨੂੰ ਸਮੋਣ ਜੋਗੀ ਵਿਸ਼ਾਲਤਾ ਹੋਵੇ ।
ਲੂੰਬੜ ਗ਼ਜ਼ਲ ਦੇ ਦਰ ਖੜਾ ਹੈ ,ਜਿਵੇਂ ਗ਼ਜ਼ਲ ਨੂੰ ਪੁੱਛ ਰਿਹਾ ਹੋਵੇ :
ਮੇ ਆਈ ਕਮ ਇਨ ਮੈਡਮ?
ਪਰ ਹਜ਼ਾਰਾਂ ਹੋਰ ਖੁਸ਼ਫ਼ਹਿਮੀਆਂ ਵਾਂਗ ਇਹ ਵੀ ਕਵੀਆਂ ਦੀ ਇਕ ਖੁਸ਼ਫ਼ਹਿਮੀ ਹੀ ਹੈ ।ਅਸਲ ਵਿਚ ਲੂੰਬੜ ਨੂੰ ਗ਼ਜ਼ਲ ਦੀ ਕੋਈ ਲੋੜ ਨਹੀਂ।ਉਹਨੇ ਗ਼ਜ਼ਲ ਵਿਚ ਆ ਕੇ ਕੀ ਲੈਣਾ, ਵਸਹਾਂ ਗ਼ਜ਼ਲ ਨੂੰ ਹੋਰ ਵਸੀਹ ਹੋਣ ਲਈ ਜ਼ਰੂਰ ਲੂੰਬੜ ਦੀ ਲੋੜ ਹੋ ਸਕਦੀ ਹੈ ।
ਮੈਨੂੰ ਪੂਰੀ ਆਸ ਹੈ ਕੋਈ ਸ਼ਾਇਰ ਹੋਵੇਗਾ, ਜੋ ਪੂਰੀ ਸ਼ਾਨੋ ਸ਼ੌਕਤ ਨਾਲ ਲੂੰਬੜ ਨੂੰ ਗ਼ਜ਼ਲ ਵਿਚ ਲੈ ਕੇ ਆਵੇਗਾ ।
Dilbag Singh
ਵਧੀਆ