ਉਂਜ ਗੁੰਬਦ ਕਿਸੇ ਇਮਾਰਤ ਦਾ ਸਭ ਤੋਂ ਉਚਾ ਗੋਲਾਕਾਰ ਹਿੱਸਾ ਹੁੰਦਾ ਹੈ । ਕਿਹਾ ਜਾਂਦਾ ਹੈ ਕਿ ਇਸ ਦੇ ਅੰਦਰ ਸਭ ਤੋਂ ਜ਼ਿਆਦਾ ਊਰਜਾ ਇਕੱਤਰਿਤ ਹੁੰਦੀ ਹੈ।ਇਸ ਦੇ ਵਿਚ ਧੁਨੀਆਂ ਦੀ ਇਕ ਰਹੱਸਮਈ ਗੂੰਜ ਪੈਦਾ ਹੁੰਦੀ ਹੈ ਜਿਸ ਨੂੰ ਨਾਦ ਕਹਿੰਦੇ ਹਨ ।ਤਕਰੀਬਨ ਸਾਰੀਆਂ ਧਾਰਮਿਕ ਇਮਾਰਤਾਂ ਦੇ ਸਿਖਰ ਤੇ ਇਕ ਗੁੰਬਦ ਬਣਿਆ ਹੋਇਆ ਹੁੰਦਾ ਹੈ ਜੋ ਕਿ ਇਸ ਇਮਾਰਤ ਦੇ ਸਿਰ ਦਾ ਪ੍ਰਤੀਕ ਹੁੰਦਾ ਹੈ । ਜਸਬੀਰ ਕਾਲਰਵੀ ਨੇ ਮਨੁੱਖੀ ਮਨ ਦੀ ਤੁਲਨਾ ਇਕ ਗੁੰਬਦ ਨਾਲ ਕੀਤੀ ਹੈ ਜਿਸ ਵਿਚ ਹਰ ਵੇਲੇ ਬਹੁਤ ਸਾਰੇ ਵਿਚਾਰਾਂ ਦੀਆਂ ਧੁਨੀਆਂ ਗੂੰਜਦੀਆਂ ਰਹਿੰਦੀਆਂ ਹਨ ।
ਕਵੀ ਕਿਉਂਕਿ ਕੋਮਲ ਕਲਾਵਾਂ ਦਾ ਮਾਲਕ ਹੁੰਦਾ ਹੈ ਇਨ੍ਹਾਂ ਧੁਨੀਆਂ ਦੀ ਅਭਿਵਿਅਕਤੀ ਸੁੰਦਰ ਸ਼ਬਦਾਂ ਵਿਚ ਕਵਿਤਾ ਦੇ ਰੂਪ ਵਿਚ ਕਰਨੀ ਜਾਣਦਾ ਹੈ । ਜਸਬੀਰ ਕਾਲਰਵੀ ਦੇ ਮਨ-ਗੁੰਬਦ ਵਿਚ ਜੋ ਧੁਨੀਆਂ ਗੂੰਜਦੀਆਂ ਹਨ ਉਨ੍ਹਾਂ ਦਾ ਬਹੁਤ ਸੁੰਦਰ ਪ੍ਰਗਟਾਵਾ ਹੈ ਇਹ ਪੁਸਤਕ । ਆਪਣੀ ਛਿਆਨਵੇਂ ਸਫ਼ਿਆਂ ਦੀ ਇਸ ਪੁਸਤਕ ਦਾ ਆਦਿ ਉਹ ‘ਖੇਲ’ ਨਾਮੀ ਨਜ਼ਮ ਨਾਲ ਕਰਦਾ ਹੈ ਜਿਸ ਵਿਚ ਉਹ ਆਪਣੀ ਕਾਵਿ-ਸਿਰਜਣਾ ਬਾਰੇ ਇੰਜ ਲਿਖਦਾ ਹੈ-
ਮੈਂ ਕੱਲੇ ਕਾਰੇ ਸ਼ਬਦਾਂ ਨੂੰ
ਆਪਣੇ ਕੋਲ ਬੁਲਾਉਂਦਾ ਹਾਂ
ਉਨ੍ਹਾਂ ਨੂੰ ਇਕ ਦੂਜੇ ਦੀ
ਹਿੱਕੇ ਲਾਉਂਦਾ ਹਾਂ ।
ਸ਼ਬਦ ਜਮਾਂ ਸ਼ਬਦ
ਮੈਨੂੰ ਲਭਦੇ ਹਨ ਨਵੇਂ ਅਰਥ ।
------
ਮੈਂ ਤਾਂ ਸ਼ਬਦਾਂ ਨੂੰ
ਉਨ੍ਹਾਂ ਦੀ ਸੀਮਿਤ ਕੈਦ ਚੋਂ
ਮੁਕਤ ਕਰਦਾ ਹਾਂ”
ਇਸ ਨਜ਼ਮ ਨਾਲ ਅਸੁਭਾਵਿਕ ਹੀ ਜਸਬੀਰ ਆਪਣੀ ਸਾਹਿਤ ਸਿਰਜਣਾ ਦੇ ਉਦੇਸ਼ ਤੇ ਪ੍ਰਕ੍ਰਿਆ ਨੂੰ ਬੜੇ ਵਖਰੇ ਤੇ ਭਾਵਪੂਰਤ ਸ਼ਬਦਾਂ ਵਿਚ ਬਿਆਨ ਕਰਦਾ ਹੈ ।
ਕੰਵਰ ਇਮਿਤਿਆਜ਼ ਇਸ ਪੁਸਤਕ ਦੀ ਭੂਮਿਕਾ ਵਿਚ ਲਿਖਦੇ ਹਨ “ਜਸਬੀਰ ਕਾਲਰਵੀ ਨੇ ਆਪਣੇ ਮਨ ਦੇ ਗੁੰਬਦ ਦੀਆਂ ਸਤ ਸੀਮਾਂਵਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਸ ਵਿਚ ਸੀਮਿਤ ਰਹਿਕੇ ਉਹ ਆਪਣੇ ਅੰਤਰ ਮਨ ਦੀਆਂ ਧੁਨਾਂ ਨੂੰ ਸੁਨਣ ਵਿਚ ਰੁੱਝਾ ਹੋਇਆ ਹੈ”
ਹਥਲੇ ਕਾਵਿ-ਸੰਗ੍ਰਿਹ ਦੀਆਂ ਗੁੰਬਦ ਸਿਰਲੇਖ ਹੇਠ ਲਿਖੀਆਂ ਕਵਿਤਾਵਾਂ ਦਾ ਕੇਂਦਰੀ ਭਾਵ ਵਿਚਾਰਣਯੋਗ ਹੈ । ਇਹ ਇਕੋ ਸਮੇਂ ਪੌ੍ਰੜ ਵੀ ਹੈ, ਰਹੱਸਮਈ ਵੀ ਹੈ ਤੇ ਦਾਰਸ਼ਨਕ ਵੀ ।ਇਸ ਵਿਚ ਉਹ ਮਨੁਖੀ ਹਉਮੈ ਦੀ ਕੈਦ ਚੋਂ ਨਿਕਲਣ ਦੀ ਗਲ ਕਰਦਾ ਹੈ । ਉਹ ਗੁੰਬਦ ਜਿਸ ਵਿਚ ‘ਮੈਂ’ ਨਾਲ ਸੰਬੰਧਿਤ ਧੁਨੀਆਂ ਗੂੰਜਦੀਆਂ ਰਹਿੰਦੀਆਂ ਹਨ ਕਵੀ ਉਨ੍ਹਾਂ ਆਹਮ ਦੀਆਂ ਕੰਧਾਂ ਨੂੰ ਤੋੜ ਕੇ ਆਪਣੇ
ਖੋਲ ਵਿਚੋਂ ਨਿਕਲਣਾ ਚਾਹੁੰਦਾ ਹੈ:-
“ਮੈਂ ਇਹ ਚਾਹੁੰਨਾ ਹਾਂ ਕਿ ਆਪਣੇ ਖੋਲ ‘ਚੋਂ ਨਿਕਲਾਂ ਕਦੇ
ਜੇ ਮੇਰਾ ਆਹਮ ਚਕਨਾਚੂਰ ਹੋ ਜਾਏ ਕਦੇ” (ਪ.15)
‘ਮੈਂ’ ਜਾਂ ‘ਹਉਮੈ’ ਮਨੁਖੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੀ ਹੈ । ਸਾਰੇ ਧਾਰਮਿਕ ਗ੍ਰੰਥ ਇਸ ਹਉਮੈ ਨੂੰ ਮਾਰਕੇੇ ਨਿਜ ਤਕ ਪਹੁੰਚਣ ਦੀ ਗਲ ਕਰਦੇ ਹਨ । ਇਹ ‘ਮੈਂ’ ਹੀ ਆਤਮਾ ਤੇ ਪਰਮਾਤਮਾ ਵਿਚਕਾਰ ਬਹੁਤ ਵੱਡੀ ਰੁਕਾਵਟ ਹੁੰਦੀ ਹੈ । ਜਸਬੀਰ ਨੇ ਇਕ ਸਾਧਕ ਵਾਂਗ ਮਨ ਦੇ ਗੁੰਬਦ ਵਿਚ ਗੂੰਜਦੀਆਂ ‘ਮੈਂ’ ਦੀਆਂ ਧੁਨੀਆਂ ਨੂੰ ਮਾਰਕੇ ਆਪੇ ਨੂੰ ਪਛਾਨਣ ਦੀ ਕੋਸ਼ਿਸ਼ ਕੀਤੀ ਹੈ।
“ਮੈਂ ਜੋ ਕਦੇ ਮੈਂ ਨਾਲ ਭਰਿਆ ਸੀ
ਕਦ ਮੈਂ ਰਹਿਤ ਹੋ ਗਿਆ
ਕੁਝ ਪਤਾ ਨਾ ਚਲਿਆ” ( ਪ. 22)
ਕਈ ਵਾਰ ਇਹ ‘ਮੈਂ’ ਦੀਆਂ ਧੁਨੀਆਂ ਜਸਬੀਰ ਦੇ ਮਨ ਦੇ ਗੁੰਬਦ ਅੰਦਰ ਹੀ ਗੂੰਜਦੀਆਂ ਰਹਿੰਦੀਆਂ ਹਨ, ਸੰਤਾਪ ਹੰਢਾਉਂਦੀਆਂ ਹਨ, ਆਪਣੇ ਘੇਰਿਆਂ ਬਾਰੇ ਚਰਚਾ ਕਰਦੀਆਂ ਹਨ ਅਤੇ ਨਿਰਦਵੰਦ ਹੋਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਕਦੇ ਇਸ ਤੋਂ ਪਾਰ ਨਹੀਂ ਜਾਂਦੀਆਂ ।ਜਦ ਇਹ ਧੁਨੀਆਂ ਅੱਗੇ ਨਾਲੋਂ ਦੁਗਣੀ ਗੂੰਜ ਲੈ ਕੇ ਮਨ ਦੀ ਕੈਨਵੈਸ ਤੇ ਉਤਰਦੀਆਂ ਹਨ ਤਾਂ ਕਵੀ ਮਨ ਵਿਚ ਹੌਲੀ ਹੌਲੀ ਕਵਿਤਾ ਦਾ ਰੂਪ ਧਾਰ ਲੈਂਦੀਆਂ ਹਨ । ਇੰਜ ਕਵੀ ਇਸ ਮੈਂ ਨੂੰ ਪਛਾਣਦਾ ਕਦੋਂ ‘ਮੈਂ’ਰਹਿਤ ਹੋ ਜਾਂਦਾ ਹੈ ਤੇ ਉਸਨੂੰ ਪਤਾ ਵੀ ਨਹੀਂ ਚਲਦਾ ।
“ਉਹ ਜਿਸ ਨੂੰ ਮਾਰਦਾ ਰਹਿੰਦਾ ਸੀ ਲੋਕਾਂ ਦੇ ਮੱਥੇ ਤੇ
ਮੇਰੇ ਆਹਮ ਦਾ ਪੱਥਰ ਕਿਤੇ ਹੁਣ ਰਿੜ ਗਿਆ ਲਗਦਾ” (ਪ. 14)
ਜਦ ਉਹ ਆਪਣੇ ਮਨ ਦੀ ਹਲਚਲ ਨੂੰ ਪਛਾਣ ਲੈਂਦਾ ਹੈ ਤੇ ਉਸਦੇ ਵਿਚਾਰਾਂ ਦਾ ਸੰਸਾਰ ਗੁੰਬਦ ਦੇ ਬਾਹਰ ਵਲ ਤੁਰਦਾ ਹੈ । ਰਾਤ ਵੇਲੇ ਜਦੋਂ ਸੀਤ ਚਾਨਣ ਫ਼ੳਮਪ;ੈਲਿਆ ਹੁੰਦਾ ਹੈ ਤੇ ਇਹ ਸੋਚਾਂ ਸਿਮਟ ਕੇ ਸਿਫ਼ੳਮਪ;ਰ ਹੋ ਜਾਂਦੀਆਂ ਹਨ ਤੇ ਕਵੀ ਮਨ ਦਾ ਸਿਫ਼ੳਮਪ;ਰ ਰੌਸ਼ਨੀਆਂ ਨਾਲ ਭਰਿਆ ਗੁੰਬਦ ਹੋ ਨਿਬੜਦਾ ਹੈ । ਇਸ ਰੌਸ਼ਨੀ ਨਾਲ ਉਸਦਾ ਆਲਾ ਦੁਆਲਾ ਭਰ ਜਾਂਦਾ ਹੈ ਤੇ ਚੇਤਨਾ ਉਪਰ ਵਲ ਦਾ ਸਫ਼ੳਮਪ;ਰ ਕਰਦੀ ਹੈ ਤੇ ਗੁੰਬਦ ਮਹਾਂਗੁੰਬਦ ਹੋ ਨਿਬੜਦਾ ਹੈ । ਇਹ ਹੈ ਜਸਬੀਰ ਕਾਲਰਵੀ ਦਾ ਚਿੰਤਨ ਸੰਸਾਰ ਜੋ ਨਿਜ ਤੋਂ ਪਰ ਤੇ ਪਰ ਤੋਂ ਪਾਰ ਇਕ ਰਹੱਸਮਈ ਯਾਤਰਾ ਵਲ ਤੁਰਦਾ ਹੈ ।
“ਉਹ ਹਨੇਰਾ ਜੋ ਮੇਰੇ ਮੱਥੇ ਤੇ ਦਿਖਦਾ ਹੈ ਸਦਾ
ਉਹ ਹਨੇਰਾ ਤਾਂ ਚਿਰਾਂ ਤੋਂ ਰੌਸ਼ਨੀ ਨੂੰ ਟੋਲਦਾ” (ਪ. 16)
ਧਿਆਨ ਸਾਧਨਾ ਇਕ ਕਠਿਨ ਰਾਹ ਹੈ ਜਿਸ ਤੇ ਸਾਧਕ ਤੁਰਦਾ ਹੈ ਤੇ ਪਪੀਹੇ ਵਾਂਗ ਉਡੀਕਦਾ ਹੈ ਪਰ ਜਰੂਰੀ ਨਹੀਂ ਕਿ ਸਵਾਂਤੀ ਬੂੰਦ ਉਸਨੂੰ ਮਿਲੇ। ਸੂਫ਼ੀਆਂ ਵਰਗੀ ਉਸ ਦੀ ਤੜਪ ਤੇ ਨਾਕਾਮਯਾਬੀ ਲਈ ਦਿਤੇ ਉਲਾਂਭੇ ਦੀ ਮਿਸਾਲ ਇਸ ਸ਼ਿਅਰ ਵਿਚ ਦੇਖੀ ਜਾ ਸਕਦੀ ਹੈ:-
“ਮੈਂ ਪਪੀਹੇ ਵਾਂਗ ਸੀ ਬੋਲਿਆ, ਮੈਂ ਪਪੀਹੇ ਵਾਂਗ ਉਡੀਕਿਆ
ਕਿਤੇ ਹੋਰ ਹੀ ਕਿਸੇ ਦੇਸ ਵਿਚ ਜਾ ਕੇ ਵਰਸਿਆ ਬੇਹਿਸਾਬ ਤੂੰ” (ਪ.-36)
ਆਪੇ ਦੀ ਖੋਜ ਕਰਦਿਆਂ ਜਦ ਵੀ ਕੋਈ ਸਾਧਕ ਆਪਣੇ ਅੰਦਰ ਲੱਥਣ ਦੀ ਕੋਸ਼ਿਸ਼ ਸ਼ੁਰੂ ਕਰਦਾ ਹੈ ਤਾਂ ਉਸਨੂੰ ਕਈ ਪੜਾਵਾਂ ਵਿਚੋਂ ਨਿਕਲਣਾ ਦਸਿਆ ਜਾਂਦਾ ਹੈ । ਸਭ ਤੋਂ ਪਹਿਲਾਂ ਉਸਨੂੰ ਆਪਣੇ ਤੀਜੇ ਨੇਤਰ ਰਾਹੀਂ ਇਕ ਸੁਰੰਗ ਦਿਖਾਈ ਦੇਣੀ ਸ਼ੁਰੂ ਹੁੰੰਦੀ ਹੈ । ਹੌਲੀ ਹੌਲੀ ਵਧੇਰੇ ਧਿਆਨ ਕਰਨ ਨਾਲ ਸਾਧਕ ਨੂੰ ਕੁਛ ਰੰਗਾਂ ਦੇ ਕੋਲਾਜ ਦਿਸਦੇ ਹਨ । ਧਿਆਨ ਸਾਧਨਾ ਵਿਚ ਜਾਮਨੀ ਰੰਗ ਨੂੰ ਆਪਣੀ ਚੇਤਨਾ ਦਾ ਰੰਗ ਮੰਨਿਆ ਜਾਂਦਾ ਹੈ । ਕਵੀ ਸਾਨੂੰ ਦਸਦਾ ਹੈ ਕਿ ਧਿਆਨ ਰਾਹੀਂ ਜਦੋਂ ਉਹ ਇਕ ਭੋਰੇ ਵਿਚ ਪਰਵੇਸ਼ ਕਰਦਾ ਹੈ ਤਾਂ ਭੋਰੇ ਚੋਂ ਨਿਕਲ ਕੇ ਜਾਮਣੀ ਰੰਗ ਤਕ ਪਹੁੰਚਦਾ ਹੈ ਤਾਂ ਉਸਦੇ ਮਨ ਦੇ ਸੁੰਨੇ ਬੂਹੇ ਤੇ ਦਸਤਕ ਤੇਜ਼ ਹੋ ਜਾਂਦੀ ਹੈ ਤੇ ਫ਼ਿਰ ਆਕਾਸ਼ੀ ਚੇਤਨਾ ਦਾ ਬੂਹਾ ਕਿਸੇ ਮਹਾਂਗੁੰਬਦ ਵਲ ਖੁਲ ਜਾਂਦਾ ਹੈ । ਇਸ ਤਰ੍ਹਾਂ ਸਾਧਕ ਆਪਣੀ ਹੋਂਦ ਦੇ ਸ੍ਰੋਤ ਨਾਲ ਮਿਲ ਜਾਂਦਾ ਹੈ ਜਿਸ ਅਨੁਭਵ ਨੂੰ ਉਹ ਬੜੇ ਸੁੰਦਰ ਢੰਗ ਨਾਲ ਦ੍ਰਿਸ਼ ਚਿਤਰਣ ਇੰਜ ਕਰਦਾ ਹੈ :
ਰੌਸ਼ਨੀ ਰੌਸ਼ਨੀ ‘ਚ ਮਿਲਦੀ
ਮਹਾਂ ਰੌਸ਼ਨੀ ਹੋ ਜਾਂਦੀ
ਗੂੰਜ ਗੂੰਜ ਦੇ ਕਲਾਵੇ ਜਾ
ਮਹਾਂ ਨਾਦ ਬਣਦੀ
ਇਕੋ ਸਿਫ਼ੳਮਪ;ਰ
ਇੱਕੋ ਰੌਸ਼ਨੀ
ਇੱਕੋ ਨਾਦ
ਇਕੋ ਗੁੰਬਦ
ਨਿਰਾਕਾਰ
ਨਿਰਾਕਾਰ
ਨਿਰਾਕਾਰ
ਇਹ ਹੈ ਜਸਬੀਰ ਕਾਲਰਵੀ ਦੀ ਗੁੰਬਦ ਕਵਿਤਾ ਦਾ ਆਪਣੇ ਸ੍ਰੋਤ ਦੇ ਨਿਰਾਕਾਰ ਰੂਪ ਵਿਚ ਅਭੇਦ ਹੋ ਜਾਣ ਦਾ ਰਹੱਸਵਾਦ ।
ਕਵੀ ਨੇ ਇਸ ਕਵਿਤਾ ਵਿਚ ਜੋ ‘ਗੁੰਬਦ ਦੇ ਅੰਦਰ ਤੇ ਬਾਹਰ’ ਹੋਣ ਦੀ ਗਲ ਕੀਤੀ ਹੈ ਇਸਦਾ ਭਾਵ ਕੀ ਹੈ? ਜੋ ਨੰਗੀ ਅੱਖ ਨੂੰ ਦਿਸਦਾ ਹੈ ਉਹ ਸੰਸਾਰ ਹੋਰ ਹੈ ਪਰ ਜੋ ਸਾਧਨਾ ਰਾਹੀਂ ਅੱਖਾਂ ਮੀਟ ਕੇ ਇਕ ਸਾਧਕ ਆਪਣੇ ਤੀਜੇ ਨੇਤਰ ਵਿਚਦੀ ਦੇਖਦਾ ਹੈ ਤਾਂ ਉਸ ਨੂੰ ਪਾਰਲੇ ਜਗਤ ਦੀ ਸਮਝ ਪੈ ਜਾਂਦੀ ਹੈ ਜਿਥੇ ‘ਰੌਸ਼ਨੀਆਂ ਹਨ, ਅਨੰਤ ਫ਼ੈਲਾਓ ਹੈ ਤੇ ਅਸੀਮ ਠਹਿਰਾਓ ਹੈ ਤੇ ਮੈਂ ਤੋਂ ਤੂੰ ਹੋ ਜਾਣ ਦੀ ਮੰਜ਼ਿਲ ਹੈ ।
ਪਹਿਲਾਂ ਪਹਿਲਾਂ ਜਦੋਂ ਸਾਧਕ ਧਿਆਨ ਵਿਚ ਜੁੜ ਕੇ ਆਪਣੇ ਕੇਂਦਰ ਤਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿੰਨੀਆਂ ਸੋਚਾਂ ਦੇ ਪਹੇ ਤੇ ਪੈ ਜਾਂਦਾ ਹੈ । ਹੌਲੀ ਹੌਲੀ ਇਹ ਸੋਚਾਂ ਆਪਣਾ ਕੇਂਦਰ ਭਾਲ ਲੈਂਦੀਆਂ ਹਨ ਤੇ ਸਿਫ਼ੳਮਪ;ਰ ਹੋ ਜਾਂਦੀਆਂ ਹਨ ਤੇ ਆਪਣੇ ਕੇਂਦਰ ਵਿਚ ਰੰਗੀਆਂ ਜਾਂਦੀਆਂ ਹਨ । ਇਹ ਉਹ ਅਵਸਥਾ ਹੁੰਦੀ ਹੈ ਜਿਥੇ ਅੰਦਰ ਬਾਹਰ ਇਕ ਹੋ ਜਾਂਦਾ ਹੈ ਅਤੇ ਅੰਦਰ ਇਕ ਸ਼ੂਨਯ ਉਤਪੰਨ ਹੋ ਜਾਂਦਾ ਹੈ । ਉਸਨੂੰ ਆਪਣੇ ਵਿਰਾਟ ਰੂਪ ਦੀ ਸਮਝ ਪੈ ਜਾਂਦੀ ਹੈ ।
“ਮੈਂ ਹਨੇਰਾ ਹਾਂ ਸਾਰੀ ਰੌਸ਼ਨੀ ਅੰਦਰ ਮੇਰੇ
ਹੋਣਗੇ ਸੂਰਜ ਖਲਾਅ ਦੇ ਹਾਣਦਾ ਕੋਈ ਨਹੀਂ” -47
ਜਸਬੀਰ ਕਾਲਰਵੀ ਦੀ ਇਹ ਪੁਸਤਕ ਗੁੰਬਦ ਬਹੁਤ ਵੱਡੀਆਂ ਕਦਰਾਂ ਦੀ ਲਖਾਇਕ ਹੈ ਅਤੇ ਅਜੋਕੀ ਪੰਜਾਬੀ ਕਵਿਤਾ ਵਿਚ ਇਕ ਨਵੇਂ ਮੁਕਾਮ ਤੇ ਖੜੀ ਹੈ । ਮੈਂ ਕਵੀ ਨੂੰ ਇਸ ਪੁਸਤਕ ਨੂੰ ਲਿਖਣ ਲਈ ਵਧਾਈ ਦਿੰਦੀ ਹਾਂ ।
Danilo
You write so hotlnsey about this. Thanks for sharing!