Mon, 09 December 2024
Your Visitor Number :-   7279058
SuhisaverSuhisaver Suhisaver

'ਸੜਦੇ ਸਾਜ਼ ਦੀ ਸਰਗਮ' ਅਨੂਠੀ ਤੇ ਅਦੁੱਤੀ ਵਾਰਤਕ -ਵਰਿਆਮ ਸਿੰਘ ਸੰਧੂ

Posted on:- 24-10-2012

suhisaver

ਇਕਬਾਲ ਰਾਮੂਵਾਲੀਆ ਦੀ ਸ੍ਵੈ-ਜੀਵਨੀ

ਇਕਬਾਲ ਰਾਮੂਵਾਲੀਆ ਬਹੁ-ਬਿਧਿ ਪ੍ਰਤਿਭਾ ਦਾ ਸੁਆਮੀ ਹੈ। ਉਹਦੇ ਪਿਤਾ ਕਰਨੈਲ ਸਿੰਘ ਪਾਰਸ ਦੇ ਪਿੱਛੇ ਉਨ੍ਹਾਂ ਦੇ ਘਰ ਆ ਖਲੋਤੀਤਹਿਰੀਰ ਤੇ ਤਕਰੀਰ ਦੇ ਗੁਣਾਂ ਦੀ ਦੇਵੀ ਬਾਲ ਇਕਬਾਲ ਨੂੰ ਆਪਣੇ ਭਰਾਵਾਂ ਨਾਲ ਕਵੀਸ਼ਰੀ ਗਾਉਣ ਦਾ ਅਭਿਆਸ ਕਰਦਿਆਂ ਵੇਖ ਕੇ ਪਹਿਲਾਂ ਤਾਂ ਲਾਡ ਨਾਲ ਹੱਸੀ ਤੇ ਫਿਰ ਮਿਹਰਬਾਨ ਹੋ ਕੇ ਚੁੱਪ-ਆਵਾਜ਼ ਵਿਚ ਉਹਦੇ ਕੰਨ ਵਿਚ ਆਖਣ ਲੱਗੀ, 'ਮੈਂ ਤਾਂ ਤੇਰੇ ਪਿਤਾ ਦੇ ਨਾਲ ਨਾਲ ਤੁਹਾਡੇ ਘਰ ਵਿਚ ਦਾਖਲ ਹੋਈ ਸਾਂ ਪਰ ਸ਼ਾਇਰੀ ਤੇ ਗਾਇਕੀ ਪ੍ਰਤੀ ਤੇਰੀ ਨਿਸ਼ਠਾਲਗਨ ਅਤੇ ਨਿਰੰਤਰ ਅਭਿਆਸ ਨੇ ਮੇਰਾ ਮਨ ਮੋਹ ਲਿਆ। ਅੱਜ ਤੋਂ ਮੈਂ ਸਾਰੇ ਦੀ ਸਾਰੀ ਸਦਾ ਲਈ ਤੇਰੀ ਹੋਈ।'



ਤੇ ਛੋਟੀ ਉਮਰ ਵਿੱਚ ਹੀ ਤੂੰਬੀ ਦੀ ਟੁਣਕਾਰ ਤੇ ਢੱਡਾਂ ਦੀ ਖੜਕਾਰ ਨਾਲ ਇਕਬਾਲ ਦੀ ਆਵਾਜ਼ ਵਿਚ ਸ਼ਬਦ ਤੇ ਸੁਰ ਇਕ-ਰਸ ਹੋ ਕੇ ਪੰਜਾਬ ਦੀਆਂ ਫ਼ਿਜ਼ਾਵਾਂ ਵਿਚ ਗੂੰਜਣ ਲੱਗੇ। ਸ਼ਾਇਰੀ ਉਹਦੇ ਖ਼ੂਨ ਦੇ ਰੇਜ਼ੇ-ਰੇਜ਼ੇ ਵਿਚ ਘੁਲਣ ਲੱਗੀ। ਸ਼ਬਦ ਉਹਦੀ ਆਤਮਾ ਦਾ ਹਿੱਸਾ ਬਣ ਕੇ ਡਲ੍ਹਕਣ ਲੱਗਾ। ਚੜ੍ਹਦੀ ਜਵਾਨੀ ਦਾ ਜੋਸ਼ਜਜ਼ਬਾ ਤੇ ਆਪਣੇ ਸੁਪਨਿਆਂ ਦਾ ਸਮਾਜ ਸਿਰਜਣ ਦੀ ਤਾਂਘ ਉਹਦੀ ਕਵਿਤਾ ਵਿਚ ਲਿਸ਼ਕਣ ਲੱਗੀ। ਛੇਤੀ ਹੀ ਪੰਜਾਬੀ ਦੇ ਚੋਣਵੇਂ ਕਵੀਆਂ ਵਿਚ ਉਹਦਾ ਸ਼ੁਮਾਰ ਹੋ ਗਿਆ।

ਬਚਪਨ ਤੋਂ ਹੀ ਜ਼ਿੰਦਗੀ ਪੱਕੀ ਤੇ ਪੱਧਰੀ ਸੜਕ 'ਤੇ ਰਵਾਂ ਚਾਲ ਚੱਲਦੀ ਕਾਰ ਵਰਗੀ ਨਹੀਂ ਸੀਸਗੋਂ ਸਰਕੜਿਆਂ-ਬੂਝਿਆਂ ਵਾਲੇ ਖ਼ੌਫ਼ਨਾਕ ਰੇਤਲੇ ਰਾਹਾਂ ਵਿਚ ਪੈਰ ਪੈਰ 'ਤੇ ਤਿਲਕਦੇਖੁਭਦੇ ਤੇ ਵਾਰ ਵਾਰ ਡਿੱਗਦੇ ਬੁੱਢੇ ਸਾਈਕਲ ਵਰਗੀ ਸੀ। ਆਪਣੀ ਤੇ ਆਪਣੇ ਵਰਗੇ ਲੋਕਾਂ ਦੀ ਜ਼ਿੰਦਗੀ ਦੇ ਰਾਹਾਂ ਨੂੰ ਹਮਵਾਰ ਕਰਨ ਦਾ ਸੁਪਨਾ ਉਹਦਾ ਉਮਰ ਭਰ ਲਈ ਸੰਗੀ ਬਣ ਗਿਆ।

ਉਹ ਨਿੱਤ ਦਿਨ ਕੁਠਾਲੀ ਵਿਚ ਢਲਣ ਲੱਗਾ। ਖੋਟ ਝੜਣ ਲੱਗੀ। ਕੁੰਦਨ ਲਿਸ਼ਕਣ ਲੱਗਾ। ਤੇ ਇਕ ਦਿਨ ਟੁੱਟਾ ਤੇ ਬੁੱਢਾ ਸਾਈਕਲ ਹਵਾਈ ਜਹਾਜ਼ ਬਣ ਕੇ ਕੈਨੇਡਾ ਜਾ ਉੱਤਰਿਆ। ਪਸੀਨੇ ਦੀਆਂ ਬੂੰਦਾਂ ਸੋਨਾ ਬਣ ਕੇ ਚਮਕਣ ਲੱਗੀਆਂ। ਸ਼ਬਦਾਂ ਦਾ ਸਤਰੰਗਾ ਜਲੌਅ ਆਪਣੀ ਪੂਰੀ ਆਭਾ ਨਾਲ ਉਹਦੇ ਬੋਲਾਂ ਤੇ ਲਿਖਤਾਂ ਵਿਚ ਖਿੜਣ ਤੇ ਵਿਗਸਣ ਲੱਗਾ। ਕਵਿਤਾ ਦੇ ਨਾਲ ਨਾਲ ਕਹਾਣੀਨਾਵਲ-ਨਿਗ਼ਾਰੀਪੱਤਰਕਾਰੀਟੀ.ਵੀ. ਅਤੇ ਰੇਡੀਓ ਉਤਲੀ ਪੇਸ਼ਕਾਰੀ ਦਾ ਹੁਸਨ ਉਹਦੇ ਬੋਲਾਂ ਤੇ ਲਿਖੇ ਜਾਂਦੇ ਸ਼ਬਦਾਂ ਵਿਚ ਪ੍ਰਜਵੱਲਿਤ ਹੋ ਕੇ ਪੰਜਾਬੀ ਮਨਾਂ ਅੰਦਰ ਜਗਣ ਲੱਗਾ। ਉਹਦੀਆਂ ਲਿਖਤਾਂ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਪਾਠਕ ਦਿਲ ਦੇ ਪੂਰੇ ਚਾਅ ਨਾਲ ਉਡੀਕਣ ਲੱਗੇ। ਉਹ ਕਨੇਡਾ ਦੇ ਸਾਹਿਤਕ-ਸਭਿਆਚਾਰਕ ਹਲਕਿਆਂ ਦੀ ਜਿੰਦ-ਜਾਨ ਬਣ ਗਿਆ। ਮਾਨਵਵਾਦੀਤਰਕਸ਼ੀਲ ਤੇ ਵਿਗਿਆਨਕ ਸੋਚ ਨਾਲ ਪ੍ਰਣਾਇਆ ਤੇ ਕੁਦਰਤ ਵੱਲੋਂ ਵਰੋਸਾਇਆ ਇਕਬਾਲ ਬਾਬੇ ਨਾਨਕ ਨਾਲ ਇਕਸੁਰ ਹੋ ਕੇ "ਗਗਨ ਮੈ ਥਾਲ" ਦੀ ਆਰਤੀ ਗਾਉਣ ਲੱਗਾ। ਬਲਦੀ ਧਰਤੀ ਨੂੰ ਆਪਣੇ ਲਹੂ ਦੀਆਂ ਬੂੰਦਾਂ ਤਰੌਂਕ ਕੇ ਠੰਢੀ ਕਰਨ ਲਈ ਅਹੁਲਣ ਲੱਗਾ। ਉਹਦੀ ਹੋਂਦ ਤੇ ਉਹਦੀ ਲਿਖਤ ਇਕ-ਮਿਕ ਗਲਵਕੜੀ ਵਿੱਚ ਕੱਸੀਆਂ ਗਈਆਂ। ਹਨ੍ਹੇਰੇ ਮਨਾਂ ਵਿਚ ਉਹਦੇ ਉਤਸ਼ਾਹੀ ਬੋਲ ਬਲਣ ਲੱਗੇ।

ਸਿਰਜਣਾ ਦੇ ਵਿਭਿੰਨ ਖੇਤਰਾਂ ਵਿਚ ਮੀਲ-ਪੱਥਰ ਗੱਡ ਕੇ ਤੇ ਆਪਣਾ ਨਾਂ-ਥਾਂ ਬਣਾ ਕੇ ਇਕਬਾਲ ਆਪਣੀ ਸ੍ਵੈ-ਜੀਵਨੀ 'ਸੜਦੇ ਸਾਜ਼ ਦੀ ਸਰਗਮ' ਰਾਹੀਂ ਇਕ ਅਜਿਹੇ ਵਾਰਤਕ ਲੇਖਕ ਵਜੋਂ ਉਦੈ ਹੋਇਆ ਹੈ ਕਿ ਹੁਣ ਤੱਕ ਲਿਖੀ ਗਈ ਸਰਵੋਤਮ ਵਾਰਤਕ ਦਾ ਹੁਸਨ ਉਹਦੀ ਲਿਖਤ ਦੀ ਖੂਬਸੂਰਤੀ ਵੱਲ ਵੇਖ ਕੇ ਦੰਦਾਂ ਵਿਚ ਉਂਗਲਾਂ ਟੁੱਕਦਾ ਹੈਰਾਨੀ ਤੇ ਖੁਸ਼ੀ ਨਾਲ ਝਾਕਣ ਲੱਗ ਪਿਐ।

ਮੈਂ ਇਹ ਨਹੀਂ ਕਹਿੰਦਾ ਕਿ ਇਕਬਾਲ ਦੀ ਵਾਰਤਕ ਕਲਾ ਪੰਜਾਬੀ ਦੇ ਸਿਖਰਲੇ ਵਾਰਤਕ ਲੇਖਕਾਂ ਨਾਲੋਂ ਸ੍ਰੇਸ਼ਠ ਹੈ ਪਰ ਮੈਂ ਇਹ ਗੱਲ ਨਿਸ਼ਚੇ ਨਾਲ ਕਹਿ ਸਕਦਾ ਹਾਂ ਕਿ ਉਸ ਦੀ ਵਾਰਤਕ ਉਨ੍ਹਾਂ ਸਭ ਨਾਲੋਂ ਵੱਖਰੀ ਤੇ ਵਿਲੱਖਣ ਜ਼ਰੂਰ ਹੈ। ਇਹ ਵਾਰਤਕ ਆਪਣੇ ਜਿਹੀ ਆਪ ਹੈ। ਇਹ ਵਾਰਤਕ ਕੇਵਲ ਤੇ ਕੇਵਲ ਇਕਬਾਲ ਹੀ ਲਿਖ ਸਕਦਾ ਹੈ। ਇਹੋ ਜਿਹੀ ਵਾਰਤਕ ਅੱਜ ਤੱਕ ਕਿਸੇ ਹੋਰ ਨੇ ਕਾਹਨੂੰ ਲਿਖੀ ਹੈ। ਇਸਦਾ ਇਕ ਇਕ ਸ਼ਬਦ ਤੇ ’ਕੱਲਾ ‘ਕੱਲਾ ਵਾਕ ਪੜ੍ਹ ਕੇ ਪਾਠਕ ਤਾਂ ਕੀਕਹਿੰਦਾ ਕਹਾਉਂਦਾ ਲੇਖਕ ਵੀ ਅਸਚਰਜਤਾ ਨਾਲ ਚਕਾ-ਚੌਂਧ ਹੋ ਕੇ ਆਪਣੇ ਆਪ ਨੂੰ ਆਖਦਾ ਤੇ ਪੁੱਛਦਾ ਹੈ, "ਹੱਛਾਅ! ਇਹ ਗੱਲ ਇਸ ਤਰ੍ਹਾਂ ਵੀ ਆਖੀ ਜਾ ਸਕਦੀ ਸੀਇਹ ਵਾਕ ਇਸ ਤਰ੍ਹਾਂ ਵੀ ਲਿਖਿਆ ਜਾ ਸਕਦਾ ਸੀ"

ਇਕਬਾਲ ਪੰਜਾਬ ਦੀ ਮਿੱਟੀ ਵਿਚ ਘੁਲ-ਮਿਲ ਗਏ ਸ਼ਬਦਾਂ ਨੂੰ ਜੌਹਰੀ ਦੀ ਨਜ਼ਰ ਨਾਲ ਤਲਾਸ਼ਦਾ ਹੈ, ਉਨ੍ਹਾਂ ਨਾਲ ਜੰਮਿਆ ਧੂੜ ਤੇ ਘੱਟਾ ਸਾਫ਼ ਕਰਦਾ ਹੈ। ‘ਕੱਲੇ ’ਕੱਲੇ ਸ਼ਬਦ ਨਾਲ ਲਾਡ ਲਡਾਉਂਦਾ ਹੈ। ਕਦੀ ਨਜ਼ਰਾਂ ਦੇ ਨੇੜੇ ਕਰ ਕੇ ਵੇਖਦਾ ਹੈਕਿਸੇ ਨੂੰ ਦੂਰ ਕਰ ਕੇ ਉਹਦੀ ਕੀਮਤ ਜਾਚਦਾ ਹੈ ਤੇ ਫਿਰ ਉਸ ਨੂੰ ਏਨੀ ਸੁਚੇਜਤਾ ਨਾਲ ਵਾਕ ਵਿਚ ਜੋੜਦਾ ਤੇ ਬੀੜਦਾ ਹੈ ਕਿ ਸੁੱਤੇ ਹੋਏ ਹਰਫ਼ ਜਾਗ ਪੈਂਦੇ ਹਨ। ਵਾਕ ਇਕਬਾਲ ਦੇ ਆਖੇ ਲੱਗ ਕੇ ਕਦੀ ਹੱਸਣ ਲੱਗਦੇ ਹਨ ਤੇ ਕਦੇ ਰੋਣ ਲੱਗਦੇ ਹਨ। ਕਦੀ ਠੱਠਾ ਕਰਦੇ ਹਨ ਤੇ ਕਦੀ ਮਸ਼ਕਰੀਆਂ। ਔਖੇ ਤੋਂ ਔਖੇ ਅਤੇ ਭਾਰੇ ਤੋਂ ਭਾਰੇ ਖ਼ਿਆਲ ਫੁੱਲਾਂ ਤੋਂ ਹੌਲੇ ਹੋ ਕੇ ਪਾਠਕਾਂ ਦੀਆਂ ਰੂਹਾਂ ਵਿਚ ਮਹਿਕਣ ਲੱਗਦੇ ਹਨ। ਇਹ ਰਚਨਾ ਪੜ੍ਹਦਿਆਂ ਵਾਰ-ਵਾਰ ਸਜੀਵ ਦ੍ਰਿਸ਼ ਪਾਠਕ ਦੀਆਂ ਅੱਖਾਂ ਅੱਗੇ ਸਾਕਾਰ ਹੋ ਜਾਂਦੇ ਹਨ। ਇਕਬਾਲ ਦੇ ਹੱਥਾਂ ਦੀ ਪਾਰਸ ਛੋਹ ਨਾਲ ਸਿਰਜੀ ਹਰੇਕ ਸਤਰ 'ਖੁੱਲ੍ਹ ਜਾ ਸਿਮ ਸਿਮ' ਕਹਿ ਕੇ ਸਬੰਧਤ ਬੰਦੇ ਦੇ ਮਨ ਦੀਆਂ ਹਨ੍ਹੇਰੀਆਂ ਗੁਫ਼ਾਵਾਂ ਨੂੰ ਲਿਸ਼ ਲਿਸ਼ ਲਿਸ਼ਕਣ ਤਾਂ ਲਾ ਹੀ ਦਿੰਦੀ ਹੈਨਾਲ ਦੇ ਨਾਲ ਉਸ ਅੰਦਰ ਹੋ ਰਹੀ ਕਲਵਲ ਦੀਆਂ ਰੇਖਾਵਾਂ ਉਹਦੇ ਚਿਹਰੇ ਤੇ ਸਰੀਰਕ ਭਾਸ਼ਾ ਰਾਹੀਂ ਇਸ ਕੌਸ਼ਲਤਾ ਨਾਲ ਜ਼ਾਹਰ ਹੁੰਦੀਆਂ ਹਨ ਕਿ ਇਕਬਾਲ ਦੀ ਸ਼ਬਦਾਂ ਰਾਹੀਂ ਫਿਲਮਕਾਰੀ ਸਿਰਜਣ ਦੇ ਹੁਨਰ ’ਤੇ ਵੀ ਰਸ਼ਕ ਆਉਣ ਲੱਗਦਾ ਹੈ।

ਇਹ ਵਾਰਤਕ ਰਚਨਾ ਉਹਦੇ ਲਹੂ ’ਚੋਂ ਕਸ਼ੀਦ ਹੋ ਕੇ ਨਿਕਲੀ ਹੈ। ਇਸ ਵਿਚ ਉਹਦਾ ਸੁਪਨਾ ਵੀ ਹੈ ਤੇ ਉਮਰ ਭਰ ਦਾ ਸੰਘਰਸ਼ ਵੀ। ਹਰੇਕ ਲੇਖਕ ਆਪਣੀ ਲਿਖਤ ਵਿਚ ਆਪਣੇ ਸੁਪਨੇ ਤੇ ਸੰਘਰਸ਼ ਦੀ ਹੀ ਬਾਤ ਪਾਉਂਦਾ ਹੈ। ਇਸ ਕਰਕੇ ਇਹ ਕੋਈ ਅਲੋਕਾਰ ਗੱਲ ਨਹੀਂ। ਅਲੋਕਾਰ ਗੱਲ ਤਾਂ ਇਹ ਹੈ ਕਿ ਇਸ ਅੰਦਾਜ਼ ਵਿਚ ਇਹ ਬਾਤ ਅੱਜ ਤੱਕ ਕਿਸੇ ਲੇਖਕ ਨੇ ਨਹੀਂ ਸੀ ਪਾਈ। ਇਸ ਲਿਖਤ ਦਾ ਮੁੱਲ ਲਿਖਣ ਦੇ ਏਸੇ ਅਨੂਠੇ ਤੇ ਅਲੋਕਾਰੀ ਅੰਦਾਜ਼ ਵਿਚ ਪਿਆ ਹੈ। ਇਕਬਾਲ ਦੇ ਏਸੇ ਅਨੂਠੇ ਅਲੋਕਾਰੀ ਅਤੇ ਅਦੁੱਤੀ ਅੰਦਾਜ਼ ਨੂੰ ਮੇਰਾ ਸਲਾਮ ਹੈ। ਮੈਨੂੰ ਇਸ ਗੱਲ ਦਾ ਥੋੜ੍ਹਾ ਜਿਹਾ ਮਾਣ ਲੈਣ ਦਾ ਵੀ ਹੱਕ ਹੈ ਕਿ ਇਹ ਸ੍ਵੈ-ਜੀਵਨੀ ਇਕਬਾਲ ਨੇ ਮੇਰਾ ਆਖਾ ਮੰਨ ਕੇ ਸਾਡੇ ਪਰਚੇ 'ਸੀਰਤ' ਵਿਚ ਛਪਣ ਲਈ ਆਰੰਭੀ ਤੇ ਸੰਪੂਰਨ ਕੀਤੀ ਸੀ।

ਪੰਜਾਬੀ ਦੀਆਂ ਸ੍ਵੈ ਜੀਵਨੀਆਂ ਵਿਚ ਇਹ ਸ੍ਵੈ-ਜੀਵਨੀ ਪੁੰਨਿਆ ਦੇ ਚੰਨ ਵਾਂਗ ਚਮਕੇਗੀ, ਇਹ ਮੇਰਾ ਵਿਸ਼ਵਾਸ ਹੈ।

Comments

Loveen Kaur Gill

I was unable to comment on the site itself. Great words by our very own....Dr. Waryaam Sandhu.

Manga Basi

Bahut khubsurat Sandhu sahib, I salute both of you, to you and Iqbal bha ji.

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ