Wed, 04 December 2024
Your Visitor Number :-   7275432
SuhisaverSuhisaver Suhisaver

ਪੁਸਤਕ ਸਮੀਖਿਆ: "ਕਸਤੂਰੀ"

Posted on:- 30-08-2014

-ਕੁਲਵਿੰਦਰ ਸ਼ੇਰਗਿੱਲ

ਜਦੋਂ ਪਤਾ ਲੱਗਿਆ ਕਿ " ਕਸਤੂਰੀ " ਨਾਂ ਦਾ ਕਾਵਿ - ਸੰਗ੍ਰਹਿ ਆਇਆ ਹੈ ਤਾਂ ਸਭ ਤੋਂ ਪਹਿਲਾਂ ਟਾਈਟਲ ਨੇ ਹੀ ਮਨ ਮੋਹ ਲਿਆ , ਦਿਮਾਗ ਵਿੱਚ ਇੱਕੋ ਗੱਲ ਆਈ ਕਿ ਇਤਨਾ ਪਿਆਰਾ ਨਾਂ ਅਜੇ ਤੀਕ ਮੇਰੇ ਖਿਆਲ ਅਨੁਸਾਰ ਵਰਤਿਆ ਨਹੀਂ ਸੀ ਗਿਆ , ਇੱਕ ਮਹਿਕ ਕਿਤਾਬ ਦੀ ਜਿਲਦ ਦੇਖ ਕੇ ਆਸੇ - ਪਾਸੇ ਬਿਖਰ ਗਈ । ਪੂਰੀ ਕਿਤਾਬ ਪੜ੍ਹਣ ਬੈਠਿਆ ਤਾਂ ਸਫ਼ਾ - ਦਰ - ਸਫ਼ਾ ਇੱਕ ਨਵੀਂ ਮਹਿਕ ਜੁੜਦੀ ਗਈ । ਇੱਕ ਸੌਂ ਪੈਂਤੀ ਸਫ਼ਿਆਂ ਦੀ ਪੁਸਤਕ ਵਿੱਚ ਛੋਟੀਆਂ - ਵੱਡੀਆਂ ਕੁੱਲ ਇੱਕ ਸੌਂ ਪੰਦਰਾਂ ਕਵਿਤਾਵਾਂ ਹਨ , ਵਿਸ਼ੇ ਵੱਖੋ - ਵੱਖਰੇ ਹਨ ।

ਕਸਤੂਰੀ ਤਿੰਨ ਘਰਾਂ ਨੂੰ ਸਮਰਪਤ ਕੀਤੀ ਗਈ ਹੈ ਪੇਕਾ ਘਰ ਸਮਾਲਸਰ , ਸਹੁਰਾ ਘਰ ਜਗਰਾਓਂ ਤੇ ਬਰੈਂਪਟਨ ਘਰ ਨੂੰ ਜਿੱਥੇ ਜੱਗੀ ਆਪਣੇ ਪਤੀ ਜਸਵਿੰਦਰ ਸਿੱਧੂ ਤੇ ਦੋ ਬੱਚਿਆਂ ਨਾਲ ਰਹਿੰਦੀ ਹੈ । ਮੁਖਬੰਦ ਲੇਖਿਕਾ ਨੇ ਖੁਦ ਦੋ ਚਾਰ ਗੱਲਾਂ ਤਹਿਤ ਲਿਖਿਆ ਹੈ , ਜਿੱਥੇ ਕਿਤਾਬ ਦਾ ਨਾਂ ਹੱਟ ਕੇ ਹੈ ਉੱਥੇ ਦੋ ਚਾਰ ਗੱਲਾਂ ਪੜ੍ਹ ਕੇ ਪਤਾ ਚੱਲਦਾ ਹੈ ਕਿ ਉਹ ਆਪਣੇ ਆਪ ਦੀ ਸਿਫ਼ਤ ਨਹੀਂ ਕਰਦੀ ਸਗੋਂ ਇੱਕ ਸਬਰ ਦੀ ਦਾਅਵੇਦਾਰਨੀ ਹੈ । ਪਹਿਲੀ ਰਚਨਾ ਜੋ ਗੀਤ ਦੇ ਰੂਪ ਵਿੱਚ ਹੈ ਕਸਤੂਰੀ ਨਾਂ ਤਹਿਤ ਉਸ ਨੂੰ ਪੜ੍ਹਦਿਆਂ ਹੀ ਸ਼ਬਦਾਂ ਦੀ ਰਵਾਨਗੀ ਦੱਸਦੀ ਹੈ ਕਿ ਉਹ ਕਿਸ ਮੁਕਾਮ ਤੇ ਖੜ੍ਹ ਕੇ ਹਰਫ਼ਾਂ ਨੂੰ ਜਾਨ ਬਖਸ਼ਦੀ ਹੈ , ਜਿਵੇਂ

  ਤੇਰੇ ਅੰਦਰ ਰਹਿੰਦੀ ਜਿਹੜੀ
  ਢੁੱਕ ਢੁੱਕ ਨੇੜੇ ਬਹਿੰਦੀ ਜੇਹੜੀ
  ਲੱਗਦਾ ਮੈਂ ਇਹਨੂੰ ਨਹੀਂ ਜਾਣਦਾ
  ਤੰਬੂ ਹਰਫ਼ਾਂ ਦੇ ਰਹਿੰਦਾ ਤਾਣਦਾ

ਜੱਗੀ ਬਰਾੜ ਚਾਹੇ ਪਿਛਲੇ ਅਠਾਰਾਂ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਹੈ ਪਰ ਉਥੋਂ ਬਾਰੇ ਲਿਖੀਆਂ ਕਵਿਤਾਵਾਂ ਪੜ੍ਹ ਕੇ ਲੱਗਦਾ ਹੈ ਕਿ ਅੰਦਰੋਂ ਅਜੇ ਵੀ ਭਾਰਤ ਨਾਲ ਜੁੜੀ ਹੋਈ ਹੈ ਤੇ ਉਹ ਉੱਥੇ ਪਰਤਣਾ ਵੀ ਚਾਹਦੀ ਹੈ ਤਦੇ ਤਾਂ ਸੁਪਨੇ ਰਚਨਾ ਵਿੱਚ ਆ ਕੇ ਬੋਲਦੀ ਹੈ

  ਵੱਡਾ ਸਾਰਾ ਦੇਗਾ ਚਾਹ ਦਾ ਧਰਾਵਾਂ
  ਕੰਮੀਆਂ ਨੂੰ ਉੱਚੀ ਉੱਚੀ ਵਾਜਾਂ ਮਾਰਾਂ
ਤੇ ਜਾਂ ਫ਼ਿਰ ਇੱਕ ਹੋਰ ਉਦਾਹਰਣ ਹੈ
  ਮਾਸੀ ਨਾਲ ਅੱਜ ਬਾਜ਼ਾਰ ਨੂੰ ਜਾਵਾਂ
  ਬਿਲਕੁੱਲ ਮਾਂ ਵਰਗਾ ਇੱਕ ਸੂਟ ਸੁਆਵਾਂ


ਸ਼ੰਘਰਸ਼ ਤੇ ਦੇਸ਼ ਕਵਿਤਾਵਾਂ ਪੜ੍ਹ ਕੇ ਲੇਖਿਕਾ ਦੀ ਅਹਿਸਾਸ ਸ਼ਕਤੀ ਦਾ ਅੰਦਾਜ਼ਾ ਭਲੀਭਾਂਤ ਹੋ ਜਾਂਦਾ ਹੈ , ਭੁੱਖਮਰੀ ਨੂੰ ਉਹ ਸਿਰਫ਼ ਦੇਖਦੀ ਹੀ ਨਹੀਂ ਸਗੋਂ ਉਸ ਨੂੰ ਮਹਿਸੂਸ ਕਰਕੇ ਫਿਰ ਅਲਫ਼ਾਜ਼ ਨੂੰ ਰਚਨਾ ਵਿੱਚ ਪਰੋ ਦਿੰਦੀ ਹੈ ਜਿਵੇਂ

  ਜਦ ਲੰਘਦੇ ਟੱਪਦੇ ਗੋਲਕਾਂ ਦੀ ਗੋਗੜ ਦੇਖ ਲਵਾਂ
  ਹਫ਼ਤੇ ਬਾਦ ਜਦ ਗਰੀਨ ਬਿੰਨ ਗਾਰਬੇਜ਼ 'ਚ ਜਾ ਧਰਾਂ


  ਇੱਕ ਹੋਰ ਮਿਸਾਲ

ਥੱਬਾ ਕੁ ਬਾਲਣ ਤੇ ਅੱਖ ਰੁਕੇ
ਦਰਦ ਟੁੱਟੀ ਪਰਾਤ ਤੇ ਝੁਕੇ


ਆਪਣੇ ਪਿੰਡ ਦਾ ਮੋਹ ਲੇਖਿਕਾ ਦੀ ਲਿਖਤ ਵਿੱਚ ਬਿਨਾਂ ਸ਼ੱਕ ਠਾਠਾਂ ਮਾਰ ਰਿਹਾ ਹੈ । ਸਮਾਲਸਰ ਨਾਂ ਦੀ ਰਚਨਾ ਵਿੱਚ ਉਹਦਾ ਜ਼ਿਕਰ ਕੁੱਝ ਇੰਜ ਹੈ:

ਇਹ ਜੋ ਸਮਾਲਸਰ ਨੂੰ ਜਾਂਦੀ ਪਈ ਸੜਕ ਹੈ
ਹਿਰਦੇ 'ਚ ਕਿਸੇ ਯਾਦ ਦੀ ਪੈਂਦੀ ਰੜਕ ਹੈ ।


ਲੇਖਿਕਾ ਪਿੰਡ ਤੋਂ ਹੁੰਦੀ ਹੋਈ ਖਿਆਲਾਂ ਵਿੱਚ ਕਿਤਾਬਾਂ ਵਾਲੀ ਅਲਮਾਰੀ ਵੀ ਖੋਲ੍ਹ ਆਉਂਦੀ ਹੈ ।
ਆਮ ਇਨਸਾਨ ਦਾ ਲੇਖਕਾਂ ਪ੍ਰਤੀ ਵਰਤਾਰਾ ਉਹ ਭਲੀਭਾਂਤ ਜਾਣਦੀ ਹੈ ਤੇ ਉਹਨੂੰ ਪਤਾ ਹੈ ਇਹ ਲੋਕ ਕਦੋ ਬੋਲਣਗੇ

ਮੇਰੇ ਬਾਅਦ ਉਹ ਬੋਲਣਗੇ ਮੇਰੇ ਬਾਰੇ ਵਿੱਚ ਠਾਹ ਠਾਹ
ਜੱਗੀ ਪਰਖ ਹੀ ਗਿਆ ਬੰਦੇ ਆਖਿਰ ਕੁੱਝ ਕਲਾਵਾਂ ਨਾਲ


ਇੱਕ ਹੋਰ ਗੱਲ ਜੋ ਜੱਗੀ ਬਾਰੇ ਪ੍ਰਚੱਲਤ ਹੈ ਕਿ ਉਹ ਲਿਖਦੀ ਨਹੀਂ , ਲਿਖਦਾ ਹੈ । ਬਹੁਤੀ ਵਾਰੀ ਉਹਨੂੰ ਪੜ੍ਹਦਿਆਂ ਲੱਗਦਾ ਹੈ ਜਿਵੇਂ ਕਿਸੇ ਮਰਦ ਦੀ ਲਿਖਤ ਪੜ੍ਹ ਰਹੇ ਹੋਈਏ ਖੈਰ , ਇਹ ਉਹਦਾ ਅੰਦਾਜ਼ ਹੈ ।
ਹਰਫ਼ਾਂ ਦੀ ਬੇਬਾਕੀ ਦੇ ਨੇੜੇ ਵਿੱਚਰ ਕੇ ਜੱਗੀ ਸ਼ਜਾਵਾਂ ਵੀ ਕੱਟਦੀ ਹੈ ਇਲਜ਼ਾਮ ਵੀ ਜਰਦੀ ਹੈ , ਇਸਤਰੀ ਲੇਖਕਾਵਾਂ ਵਿੱਚ ਜੱਗੀ ਨੇ ਮਨ ਦੀ ਭੜਾਸ ਬਾਖੂਬੀ ਰਚੀ ਹੈ ਉਹ ਲਿਖਦੀ ਹੈ

ਇਹ ਸਿੱਲਤਰਾਂ ਇੱਕ ਦੀ ਅੱਖ ਦੀਆਂ
ਜਾ ਦੂਜੀ ਦੇ ਵਿੱਚ ਨੇ ਦਿਖਦੀਆਂ
ਨਿੰਦਾ ਤੁਹਾਡੀ ਇਨ੍ਹਾਂ ਨੂੰ ਬੋਲਣ ਲਾ ਦਿੰਦੀ
ਖਾਲੀ ਸੰਦੂਕ 'ਚ ਵੀ ਕੁਝ ਟੋਲਣ ਲਾ ਦਿੰਦੀ


ਜੱਗੀ ਧੜਕਣਾਂ 'ਚ ਨਜ਼ਮਾਂ ਦੀ ਹੱਟੀ ਪਾ ਕੇ ਬੈਠੀ ਹੈ ਸਰਸਰੀ ਨਜ਼ਰ ਪਾ ਮਨ ਦੀ ਭਾਸ਼ਾ ਪੜ੍ਹ ਜਾਂਦੀ ਹੈ ।ਨੈਣਾਂ ਦੀ ਛੱਤ ਤੇ ਆਇਆ ਸੈਲਾਬ ਅਲਫਾਜ਼  ਬਣਾ ਹੁੰਗਾਰਾ ਭਰਵਾ ਲੈਂਦੀ ਹੈ ।

ਲੋਕਲ ਮੁੱਦਿਆਂ ਤੇ ਜੱਗੀ ਨੇ ਕਮਾਲ ਦਿਖਾਈ ਹੈ ਇੱਥੋਂ ਦੇ ਜੀਵਣ ਵਿੱਚ ਵਿੱਚਰਦਾ ਹਰ ਰੰਗ ਹਰਫ਼ਾਂ 'ਚ ਉਤਾਰ ਦਿੱਤਾ ਹੈ ਚਾਹੇ ਡਾਲਰਾਂ ਦੀ ਗੱਲ ਹੋਵੇ ਚਾਹੇ ਟੈਕਸਾਂ ਦੀ ਚਾਹੇ ਸਟਾਬੈਰੀ ਤੋੜਦੀ ਮੁਟਿਆਰ ਚਾਹੇ ਉਡੀਕ 'ਚ ਪਈਆਂ ਅਸਥੀਆਂ ਦੀ ਚਾਹੇ ਇੱਥੇ ਪੜ੍ਹਣ ਆਈ ਕੁੜੀ ਦੀ ਚਾਹੇ ਸ਼ਹਿਰ ਵਿੱਚ ਯੂਨੀਵਰਸਿਟੀ ਦੀ ਘਾਟ ਦੀ ਚਾਹੇ ਗੋਤਰਾਂ ਦੀ ਜਾਂ ਫਿਰ ਬੂਲਿੰਗ ਦੀ ਤੇ ਸਰਪੰਚ ਸਹੁਰੇ ਦੀ ਗੱਲ ਕੀ ਜੱਗੀ ਨੂੰ ਇਨ੍ਹਾਂ ਲੋਕਲ ਪਾਠਕਾਂ ਨੇ ਰਜਵੀਂ ਹੱਲਾਸ਼ੇਰੀ ਵੀ ਦਿੱਤੀ ਹੈ ।

ਜਿੱਥੇ ਚਾਅ ਹੁੰਦਾ ਕਹਿੰਦੇ ਉੱਥੇ ਉਤਸ਼ਾਹ ਵੀ ਹੁੰਦਾ ਹੈ ਸਿਰਜਣਾ ਵੀ ਇਹ ਆਲਮ ਉਦੋਂ ਵੀ ਹੁੰਦਾ ਜਦੋਂ ਕੋਈ ਔਰਤ ਆਪਣੇ ਪ੍ਰੀਵਾਰ ਲਈ ਖਾਣਾ ਬਣਾ ਰਹੀ ਹੁੰਦੀ ਹੈ ਸਾਫ਼ - ਸਫ਼ਾਈ ਕਰ ਰਹੀ ਹੁੰਦੀ ਹੈ ਬੱਚਿਆਂ ਨੂੰ ਸਕੂਲ ਲਈ ਤਿਆਰ  ਕਰ ਰਹੀ ਹੁੰਦੀ ਹੈ ਤੇ ਲਿਖਣਾ ਇਨ੍ਹਾਂ ਕੰਮਾਂ ਤੇ ਕਿਊੜਾ ਛਿੜਕਣ ਵਾਂਗ ਹੁੰਦਾ ਹੈ ਕਹਿਣ ਦਾ ਭਾਵ ਇਸ ਮੁਲਕ ਵਿੱਚ ਔਰਤ ਦੁਆਰਾ ਇਤਨੀਆਂ ਜ਼ਿੰਮੇਂਵਾਰੀਆਂ ਸੰਭਾਲਦਿਆਂ ਕਿਤਾਬ ਲਿਖਣੀ ਆਮ ਗੱਲ ਨਹੀਂ ਹੈ ਕਸਤੂਰੀ ਇਨ੍ਹਾਂ ਸਾਰੀਆਂ ਮਹਿਕਾਂ ਦੀ ਸੰਧੂਰੀ ਪੰਗਡੰਡੀ ਹੈ ।

ਮੇਰੇ ਨਾਲ ਨਾਲ ਚੱਲੇ ਸੰਧੂਰੀ ਪਗਡੰਡੀ
ਕਦੀ ਚੁੱਪ ਗੜੁੱਗ ਲੱਗੇ ਕਦੀ ਪਾਵੇ ਸ਼ੋਰ
ਕਦੀ ਸੱਜ ਸੰਵਰ ਕੇ ਮਿਲਦੀ
ਕਦੀ ਮੂੰਹ ਵੀ ਨਾ ਧੋਦੀ
ਮੀਂਹ ਹੋਵੇ ਜਾਂ ਹੋਵੇ ਹਨ੍ਹੇਰੀ
ਨੱਪਦੀ ਰਹੇ ਇਹ ਤੋਰ



ਸਾਡੇ ਭਾਰਤੀ ਲੇਖਿਕਾਵਾਂ ਨੂੰ ਪ੍ਰਵਾਸੀ ਲੇਖਕਾਵਾਂ ਨਾਲ ਇੱਕ ਸ਼ਿਕਵਾ ਰਹਿੰਦਾ ਹੈ ਕਿ ਇਹ ਆਰਥਿਕ ਪੱਖੋਂ ਮਜ਼ਬੂਤ ਹੋਣ ਕਰਕੇ ਆਸਾਨੀ ਨਾਲ ਕਿਤਾਬ ਛਪਵਾ ਲੈਂਦੇ ਹਨ ਵੱਡੀ ਗਿਣਤੀ ਵਿੱਚ ਛਪਵਾ ਕੇ ਮੁਫ਼ਤ ਵਿੱਚ ਵੰਡ ਦਿੰਦੇ ਹਨ ਮੈਂ ਇੱਥੇ ਇੱਕ ਗੱਲ ਜ਼ਰੂਰ ਲਿਖਣਾ ਚਾਹਾਂਗਾ ਕਿ ਇਹ ਕਮਾਈ ਅਸਲ ਹੁੰਦੀ ਹੈ ਤੇ ਖੁਦ ਦੀ ਮਿਹਨਤ ਦੀ । ਪਰ ਪ੍ਰਵਾਸੀ ਲੇਖਕ ਉਨ੍ਹਾਂ ਗੀਤਕਾਰਾਂ ਤੇ ਗਾਇਕਾਂ ਨਾਲੋ ਤਾਂ ਚੰਗਾ ਹੀ ਲਿਖਦੇ ਹਨ ਜੋ ਅਸ਼ਲੀਲਤਾ ਅੱਜਕੱਲ੍ਹ ਪੰਜਾਬ ਵਿੱਚ ਬਿਨ੍ਹਾਂ ਕਿਸੇ ਰੋਕ - ਟੋਕ ਦੇ ਚੱਲ ਰਹੀ ਹੈ । ਭਾਵੇਂ ਪ੍ਰਕਾਸ਼ਕਾਂ ਦੁਆਰਾ ਕੋਈ ਸੰਪਾਦਕੀ ਮੰਡਲ ਵੀ ਨਹੀਂ ਹੈ ਜਿਹੜਾ ਇਹ ਨਿਰਣਾ ਕਰੇ ਕਿ ਕਿਸ ਲੇਖਕ ਦੀ ਕਿਤਾਬ ਛਾਪਨੀ ਹੈ ਤੇ ਕਿਸ ਦੀ ਨਹੀਂ । ਪਰ ਇਸ ਮੁਲਕ ਵਿੱਚ ਕੰਮਾਂ - ਕਾਰਾਂ ਵਿੱਚ ਰੁੱਝੇ ਹੋਣ ਦੇ ਬਾਵਜੂਦ ਹਰਫ਼ - ਹਰਫ਼ ਇਕੱਠਾ ਕਰਨਾ ਤੇ ਫਿਰ ਕਿਤਾਬ ਲਈ ਮਸੌਦਾ ਇਕੱਤਰ ਕਰਕੇ ਕਿਤਾਬ ਨੂੰ ਛਪਵਾਣਾ ਮਾਮੂਲੀ ਗੱਲ ਨਹੀਂ ਹੈ ਮੈਂ ਖੁਦ ਵੀ ਲਿਖਦਾ ਹੈ ਤੇ ਇੱਥੋਂ ਦੀ ਜ਼ਿੰਦਗੀ ਨੂੰ ਲੰਮੇ ਅਰਸੇ ਤੋਂ ਹੰਢਾਉਂਦਾ ਆ ਰਿਹਾ ਹਾਂ । ਮੈਨੂੰ ਪਤਾ ਇੱਥੇ ਵਕਤ ਕਿਵੇਂ ਨੱਠਦਾ ਰਹਿੰਦਾ ਹੈ ਤੇ ਕਿਵੇਂ ਆਪਣੇ ਕਿਸੇ ਵਲਵਲੇ ਨੂੰ ਲਿਖਣ ਲਈ ਜ਼ਿੰਮੇਵਾਰੀਆਂ ਦੇ ਕੰਧ - ਕੋਹਲੇ ਟੱਪਣੇ ਪੈਂਦੇ ਹਨ । ਜੱਗੀ ਇੱਕ ਥਾਂ ਲਿਖਦੀ ਹੈ ,

ਅਧੂਰੇ ਪਏ ਸ਼ੇਅਰ ਤਰਸੇ , ਕੋਲ ਪਈਆਂ ਨਜ਼ਮਾਂ ਤੇ ਬਰਸੇ
ਹਰਫ਼ਾਂ ਨੇ ਹੈ  ਆਲ੍ਹਣਾ ਮੰਗਿਆ ਕੋਰਾ ਕਾਗਜ਼ ਗਿਆ ਡੰਗਿਆ
ਲਿਖ ਲਿਖ ਕੇ ਸੋਧ ਕਰਾਂ, ਨਾਲੇ ਇਨ੍ਹਾਂ ਦਾ  ਭਾਰ ਜਰਾਂ


ਜੱਗੀ ਬਰਾੜ ਸਮਾਲਸਰ ਇਸਤਰੀ ਦੀ ਦੁਰਦਸ਼ਾ ਜੋ ਭਾਰਤ ਵਿੱਚ ਹੋ ਰਹੀ ਹੈ ਉਸ ਤੋਂ ਵੀ ਅਨਜਾਣ ਨਹੀਂ ਹੈ । ਚਾਹੇ ਉਹ ਦਾਮਿਨੀ ਕਾਂਡ ਹੋਵੇ ਜਾਂ ਕੋਈ ਹੋਰ ਬਲਾਤਕਾਰ , ਲੇਖਿਕਾ ਦੀ ਕਲਮ ਇੱਥੇ ਪਹੁੰਚ ਕੇ ਵੀ ਲੀਰੋ - ਲੀਰ ਹੋਈ ਹੈ ।ਉਹ ਲਿਖਦੀ ਹੈ

ਜ਼ਹਿਨ ਤਾਂ ਲੀਰੋ - ਲੀਰ ਕਰ ਛੱਡਿਆ
ਕੁੱਝ ਆਏ ਅੱਗੇ
ਮੇਰੀ ਜ਼ਾਤ ਦਾ ਦਰਦ ਨਿਵਾਰਣ ਲਈ
ਪਰ ਕੀ ਹੋਇਆ......?
ਬਾਤਣ ਹੀ ਅਸਮਾਨ ਗਿਰਾਵੁਹਿਆ
ਦਰਦ ਤਾਂ ਅਮਾਉ ਹੈ
ਕਸਕ ਤਾਂ ਸਾਹਵਾਂ 'ਚ ਅਜੇ ਵੀ ਹੈ
ਮੇਰੀ ਜ਼ਾਤ ਕਿੱਥੇ ਲੁਕੇ ?


ਇਸ ਸੁਆਲ ਦਾ ਉੱਤਰ ਅਜੇ ਵੀ ਕਿਸੇ ਪਾਸ ਨਹੀਂ ਹੈ , ਸੋਚ ਜਦੋਂ ਤੀਕ ਬਦਲੇਗੀ ਨਹੀਂ ਔਰਤ ਦੀ ਇਸੇ ਤਰ੍ਹਾਂ ਦੁਰਦਸ਼ਾ ਹੁੰਦੀ ਰਹੇਗੀ । ਸੋਚ ਬਦਲਣ ਲਈ ਕੁੱਝ ਚੰਗਾ ਲਿਖਣਾ ਪੈਂਦਾ ,ਚੰਗਾ ਪੜ੍ਹਣਾ ਪੈਂਦਾ ਸੋਚ ਬਦਲਣ ਨਾਲ ਜ਼ਮਾਨਾ ਬਦਲਿਆ ਬਦਲਿਆ ਲੱਗਦਾ ਹੈ , ਜੱਗੀ ਲਿਖਦੀ ਹੈ


ਯੁੱਗ ਤਾਂ ਤਾਹੀਓਂ ਬਦਲੂ
ਜੇ ਸੋਚ ਬਦਲੇਗੀ
ਤੇ ਸੋਚ ਬਦਲਣ ਲਈ ਤਾਂ
ਗਾਹਣੀ ਪੈਂਦੀ ਹੈ
ਮਨ ਦੇ ਅਸੂਲਾਂ ਦੀ ਪ੍ਰਕਰਮਾ
ਤੇ ਟਕਰਾਓ 'ਚ ਆਏ
ਗਲਤ ਉਦੇਸ਼ਾਂ ਤੇ ਥੋਪਨੀ ਪੈਂਦੀ
ਖਾਮੋਸ਼ੀ ।


ਹਾਦਸੇ ਹਰ ਇਨਸਾਨ ਨੂੰ ਵੱਖੋ - ਵੱਖਰੇ ਤਰੀਕੇ ਨਾਲ ਸਬਕ ਸਿਖਾਉਦੇ ਹਨ ਤੇ ਮੌਤ ਵਰਗਾ ਹਾਦਸਾ ਜਿੱਥੇ ਇਨਸਾਨ ਨੂੰ ਅੰਦਰੋ ਤੋੜਦਾ ਹੈ ਉਥੇ ਭਾਣਾ ਮੰਨਣ ਦਾ ਬਲ ਵੀ ਸਹਿਜੇ ਸਹਿਜੇ ਸਿਖਾ ਦਿੰਦਾ ਹੈ । ਸ਼ਾਨ , ਤੱਤੀ ਹਵਾ ਤੇ ਭਾਣਾ ਰਚਨਾਵਾਂ ਪੜ੍ਹ ਕੇ ਲੱਗਿਆ ਕਿ ਇੱਥੇ ਆ ਕੇ ਜਿੱਥੇ ਦਰਦ ਉੱਭਰਿਆ ਹੈ ਉਥੇ ਲੇਖਿਕਾ ਨੇ ਰਚਨਾ ਨੂੰ ਸਹਿਜ ਵਿੱਚ ਢਾਲ ਕੇ ਆਪਣੇ ਮਨ ਦਾ ਦਰਦ ਕਲਮ ਦੇ ਜ਼ਰੀਏ ਪਾਠਕਾਂ ਨਾਲ ਵੰਡ ਲਿਆ ਹੈ ।


ਨਸੀਬ ਦੇ ਉਸ ਬੇਬਸ ਮੋੜ ਤੇ ਹਵਾ ਤੱਤੀ ਜੇ ਨਾ ਵਗੀ ਹੁੰਦੀ
ਹੁਣ ਨੂੰ ਉਸ ਮੋਈ ਸੱਧਰ ਨੇ ਵੀ ਯਕੀਕਨ ਜੁਆਨ ਹੋਣਾ ਸੀ
ਜਿੱਥੇ ਵੀ ਗਿਆ ਸੋਚ ਮੇਰੀ ਤੈਨੂੰ ਸਾਥ ਸਾਥ ਲੈ ਕੇ ਹੀ ਵਿੱਚਰੀ
ਨਹੀਂ ਤਾਂ ਇਸ ਉਮਰੇ ਕੀ ਭਲਾ ਮੈਨੂੰ ਕਿਸੇ ਦਾ ਧਿਆਨ ਹੋਣਾ ਸੀ


ਅੰਤ ਵਿੱਚ ਮੈਂ ਜੱਗੀ ਬਰਾੜ ਸਮਾਲਸਰ ਨੂੰ ਮੁਬਾਰਕਬਾਦ ਕਹਿੰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਭਵਿੱਖ ਵਿੱਚ ਇਸੇ ਤਰ੍ਹਾਂ ਲਿਖਦੀ ਰਹੇ ।

                                                       ਸੰਪਰਕ: +1 905  458  4598

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ