Mon, 11 November 2024
Your Visitor Number :-   7244631
SuhisaverSuhisaver Suhisaver

ਕਿਸਾਨੀ ਜੀਵਨ ਦੇ ਯਥਾਰਥ ਬੋਧ ਦਾ ਬਿਰਤਾਂਤ: ਖ਼ਾਲੀ ਖੂਹਾਂ ਦੀ ਕਥਾ - ਡਾ. ਮਿਨਾਕਸ਼ੀ ਰਾਠੌਰ

Posted on:- 15-09-2014

suhisaver

ਅਵਤਾਰ ਸਿੰਘ ਬਿਲਿੰਗ ਪੰਜਾਬੀ ਗਲਪ ਦਾ ਇਕ ਸਮਰੱਥ ਤੇ ਜਾਣਿਆ ਪਛਾਣਿਆ ਨਾਂ ਹੈ।ਉਹ ਆਪਣਾ ਸਾਹਿਤਕ ਸਫ਼ਰ ਕਹਾਣੀ ਦੀ ਵਿਧਾ ਤੋਂ ਆਰੰਭ ਕਰਦਾ ਹੈ।ਹੁਣ ਤੱਕ ਉਹ ਪੰਜ ਨਾਵਲ, ਚਾਰ ਕਹਾਣੀ ਸੰਗ੍ਰਹਿ ਤੇ ਤਿੰਨ ਕਿਤਾਬਾਂ ਬਾਲ ਸਾਹਿਤ ਦੀਆਂ ਪੰਜਾਬੀ ਸਾਹਿਤ ਦੀ ਨਜ਼ਰ ਕਰ ਚੁੱਕਾ ਹੈ। ‘ਖ਼ਾਲੀ ਖੂਹਾਂ ਦੀ ਕਥਾ’ 2013 ਵਿਚ ਨਵਪ੍ਰਕਾਸ਼ਿਤ ਨਾਵਲੀ ਵਰਤਾਰਾ ਹੈ।ਸਮੁੱਚੇ ਵਰਤਾਰੇ ਨੂੰ ਕੁਲ 40 ਚੈਪਟਰਾਂ ਵਿਚ ਵੱਖੋ ਵੱਖਰੇ ਸਿਰਲੇਖਾਂ ਅਧੀਨ ਵੰਡਿਆ ਗਿਆ ਹੈ।292 ਪੰਨਿਆਂ ਵਿਚ ਬਿਰਤਾਂਤਕਾਰ ਨੇ ਆਪਣੇ ਨਾਨਕੇ ਪਿੰਡ ਦੀ ਕਥਾ ਨੂੰ ਇਕ ਵੱਡੇ ਕੈਨਵਸ ਤੇ ਫ਼ੈਲਾਇਆ ਹੈ।ਇਹ ਇਕ ਕਿਸਮ ਦਾ ਕਥਾਤਮਕ ਸ਼ੈਲੀ ਵਿਚ ਲਿਖਿਆ ਸਵੈਜੀਵਨੀਪਰਕ ਨਾਵਲੀ ਬਿਰਤਾਂਤ ਹੈ।

ਇਸ ਦਾ ਵਿਕਾਸ ਕਿਉਂਕਿ ਇਕ ਕਥਾ ਵਾਂਗ ਹੁੰਦਾ ਹੈ, ਇਸ ਲਈ ਇਸ ਨੂੰ ਆਤਮਪਰਕ ਕਥਾਤਮਕ ਸ਼ੈਲੀ ਵਾਲਾ ਨਾਵਲ ਕਿਹਾ ਜਾ ਸਕਦਾ ਹੈ।ਅਵਤਾਰ ਸਿੰਘ ਬਿਲਿੰਗ ਇਸ ਵਿਧਾ ਦੇ ਰਾਹੀਂ ਆਪਣੇ ਨਾਨਕੇ ਘਰ ਦੇ ਕਿਸਾਨ ਪਰਿਵਾਰ ਦੇ ਸਮੁੱਚੇ ਬਿਰਤਾਂਤ ਨੂੰ ਗੱਲ ਕੱਥ ਦੀ ਵਿਧੀ ਰਾਹੀਂ ਉਸਾਰਦਾ ਹੈ।ਉਸ ਦੀਆਂ ਬਹੁਤੀਆਂ ਰਚਨਾਵਾਂ ਪੇਂਡੂ ਜੀਵਨ ਦੀ ਕਿਸਾਨੀ ਨਾਲ ਸੰਬੰਧਤ ਹਨ।ਜਿਥੋਂ ਤੱਕ ਹਥਲੇ ਨਾਵਲ ‘ਖਾਲੀ ਖੂਹਾਂ ਦੀ ਕਥਾ’ ਦਾ ਸੰਬੰਧ ਹੈ, ਉਸ ਦਾ ਬਿਰਤਾਂਤਕੀ ਪਾਠ ਵੀ ਇਕ ਕਿਸਾਨੀ ਪਰਿਵਾਰ ਦੀ ਹੀ ਬਾਤ ਪਾਉਂਦਾ ਹੈ।ਕਈ ਦਹਾਕਿਆਂ ਤੋਂ ਜਿਸ ਪਰਿਵਾਰ ਦੀ ਇਲਾਕੇ ਵਿਚ ਬੱਲੇ ਬੱਲੇ ਸੀ, ਉਹ ਪਰਿਵਾਰ ਪੂੰਜੀਵਾਦੀ ਅਰਥਚਾਰੇ ਦੀਆਂ ਬਦਲਦੀਆਂ ਪ੍ਰਸਥਿਤੀਆਂ ਵਿਚ ਕਿਰਤ ਦੇ ਮਹੱਤਵ ਨੂੰ ਨਾ ਗਰਦਾਨਦਾ ਕਈ ਤਰ੍ਹਾਂ ਦੀਆਂ ਗ਼ਲਤ ਨਿਆਮਤਾਂ, ਵਿਗਾੜਾਂ ਤੇ ਵਿਸੰਗਤੀਆਂ ਦਾ ਸ਼ਿਕਾਰ ਹੋ ਢਹਿ ਢੇਰੀ ਹੋਣ ਲੱਗਦਾ ਹੈ।ਜਿਸ ਦਾ ਹਵਾਲਾ ਬਿਰਤਾਂਤਕਾਰ ਪਾਠ ਦੇ ਆਰੰਭ ਵਿਚ ਨਾਨੇ ਦੇ ਪਾਤਰ ਰਾਹੀਂ ਵੀ ਕਰਵਾਉਂਦਾ ਹੈ।

“ ...ਮਾਇਆ ਦੇ ਖੂਹ ਖ਼ਾਲੀ ਹੋ ਜਾਂਦੇ ਨੇ ਦੋਹਤਿਆ!ਜੇ ਬੰਦਾ ਕਮਾਊ ਨਾ ਹੋਵੇ,ਘਰ ਜੋੜੂ ਨਾ ਹੋਵੇ।...ਇਕ ਕੜਕਦੀ ਦੁਪਹਿਰ ਨੂੰ ਆਪਣੇ ਖੁੰਡੇ ਉੱਪਰ ਝੁਕਿਆ ਖੜੋਤਾ ਨਾਨਾ ਡੂੰਘੀ ਚੁੱਪ ਵਿਚੋਂ ਬੋਲਿਆ”।

ਨਾਨੇ ਚਰਨੇ ਤੇ ਨਾਨੇ ਬਚਨੇ ਨੂੰ ਆਪਣਾ ਬਚਪਨ ਵੱਢਾਂ ਵਾਹਣਾ ਵਿਚ ਪਸ਼ੂ ਚਰਾਉਂਦਿਆਂ, ਰੋਂਦਿਆਂ ਕੁਰਲਾਉਂਦਿਆਂ ਤੇ ਆਪਣੀ ਤਕਦੀਰ ਨੂੰ ਕੋਸਦਿਆਂ ਆਪਣੇ ਨਾਨਕੇ ਪਿੰਡ ਕਟਾਣੀ ਬਿਤਾਉਣਾ ਪਿਆ ਸੀ। ਸਾਰਾ ਟੱਬਰ ਪਲੇਗ ਦੀ ਭੇਂਟ ਚੜ੍ਹ ਚੁੱਕਾ ਸੀ ਤੇ ਮਾਂ ਵੀ ਮਗਰੋਂ ਮਾਂ ਨਾ ਬਣ ਸਕੀ।ਉਹ ਆਪਣੇ ਦੋਨਾਂ ਪੁੱਤਰਾਂ ਚਰਨੇ ਤੇ ਬਚਨੇ ਨੂੰ ਛੱਡ ਕਿਸੇ ਹੋਰ ਨਾਲ ਤੁਰਦੀ ਬਣਦੀ ਹੈ।ਵੱਸਦਾ ਰਸਦਾ ਘਰ ਖੋਲੇ ਵਿਚ ਤਬਦੀਲ ਹੋ ਜਾਂਦਾ ਹੈ ਤੇ ਮਾਮਾ ਚਰਨ ਸਿੰਘ ਚਰਨੇ ਤੇ ਬਚਨੇ ਨੂੰ ਮੋਢਿਆਂ ਤੇ ਬਿਠਾ ਪਿੰਡ ਕਟਾਣੀ ਆਪਣੇ ਕੋਲ ਲੈ ਜਾਂਦਾ ਹੈ।ਪਰ ਉਹਨਾਂ ਦੋਹਾਂ ਯੋਧਿਆਂ ਨੇ ਪਲੇਗ ਪਿਛੋਂ ਲੁੱਟਿਆ, ਪੁੱਟਿਆ ਤੇ ਟੁੱਟਿਆ ਘਰ ਦੁਬਾਰਾ ਕਿਵੇਂ ਬੰਨ੍ਹਿਆ ਤੇ ਉਸ ਤੋਂ ਬਾਅਦ ਅਗਲੀਆਂ ਪੀੜ੍ਹੀਆਂ ਉਸ ਨੂੰ ਕਿਵੇਂ ਖੇਰੂੰ ਖੇਰੂੰ ਕਰ ਦਿੰਦੀਆਂ ਹਨ,ਉਸ ਦੇ ਸਮੁੱਚੇ ਬਿਰਤਾਂਤਕੀ ਪਾਠ ਵਿਚ ਗੱਲ ਕੱਥ ਦਾ ਵਿਸ਼ਾ ਬਣਦੇ ਹਨ। ਚਰਨੇ ਤੇ ਬਚਨੇ ਦੀ ਮਿਹਨਤ ਮੁਸ਼ਕੱਤ ਉਹਨਾਂ ਨੂੰ ਮੁਰੱਬਿਆਂ ਦਾ ਮਾਲਕ ਬਣਾ ਵੱਡੇ ਜ਼ਮੀਂਦਾਰ ਬਣਾ ਦੇਂਦੀ ਹੈ।ਆਲੇ ਦੁਆਲੇ ਦੇ ਇਲਾਕੇ ਵਿਚ ਉਹਨਾਂ ਦਾ ਚੰਗਾ ਅਸਰ ਰਸੂਖ ਬਣ ਜਾਂਦਾ ਹੈ। ਲੋਕ ਰਾਏਪੁਰੀਏ ਸਿੱਖਾਂ ਦਾ ਪੂਰਾ ਮਾਣ ਤਾਣ ਕਰਨ ਲੱਗਦੇ ਹਨ।ਦੋਨਾਂ ਦੀਆਂ ਪਤਨੀਆਂ ਪ੍ਰੀਤਮ ਕੌਰ, ਜਿਸ ਨੂੰ ਬਿਰਤਾਂਤਕਾਰ ਵੱਡੀ ਨਾਨੀ ਤੇ ਅਮਰ ਕੌਰ ਜਿਸ ਨੂੰ ਉਹ ਮਿੱਠੀ ਨਾਨੀ ਕਹਿੰਦਾ ਹੈ, ਸਕੀਆਂ ਭੈਣਾਂ ਹਨ।ਚਰਨਾ ਹਿੰਦੂ ਧਰਮ ਵਿਚ ਵਿਸਵਾਸ਼ ਰੱਖਦਾ ਹੈ ਤੇ ਬਚਨਾ ਨਿਹੰਗ ਦਾ ਬਾਣਾ ਪਾ ਸਿੱਖੀ ਵਿਚ।

ਪਾਠ ਵਿਚ ਦੂਸਰਾ ਬਿਰਤਾਂਤ ਬਚਨੇ ਦੀ ਇਕੋ ਇਕ ਧੀ ਗਿਆਨੋ ਤੇ ਉਸ ਦੇ ਸਹੁਰਿਆਂ ਦਾ ਉੱਭਰਦਾ ਹੈ।ਗਿਆਨੋ ਮੁਰੱਬਿਆਂ ਦੀ ਮਾਲਕ ਹੈ, ਜਿਸ ਦਾ ਵਿਆਹ ਕੈਲੋ ਤੇ ਜੈਲੋ ਦੇ ਮੁਕਾਬਲੇ ਪੂਰੀ ਠਾਠ ਨਾਲ ਠੀਕਰੀਵਾਲੀਆਂ ਦੇ ਖ਼ਾਨਦਾਨੀ ਪਰਿਵਾਰ ਵਿਚ ਹੁੰਦਾ ਹੈ। ਜਿਨ੍ਹਾਂ ਦੇ ਦਾਦੇ ਪੜਦਾਦੇ ਮਹਾਰਾਜਾ ਪਟਿਆਲਾ ਦੇ ਰਸਾਲਦਾਰ ਰਹੇ ਸਨ।ਪਰ ਆਪਣੇ ਮਾਪਿਆਂ ਦੀ ਕੱਲੀ ਕਾਰੀ ਔਲਾਦ ਹੋਣ ਕਰਕੇ ਗਿਆਨੋ ਦੇ ਸਹੁਰਿਆਂ ਦੀ ਅੱਖ ਵੀ ਜ਼ਮੀਨ ਜਾਇਦਾਦ ਤੇ ਰਹਿੰਦੀ ਹੈ।
“ ਮੁੰਡਾ ਹੁੰਦਾ ਤਾਂ ਸਹੀ ।ਫੇਰ ਕੁੜੀ ਦੇ ਸਹੁਰਿਆਂ ਨੂੰ ਐਧਰਲੀ ਝਾਕ ਨਾ ਰਹਿੰਦੀ।ਸੱਚ ਏਹ ਹੈਗਾ ਬਈ ਆਪਣੇ ਪੁੱਤਰ ਜੰਮਿਆ ਮਹੀਂ। ਠੀਕਰੀਵਾਲੀਏ ਕਹਿੰਦੇ ਬਈ, ਅਸੀਂ ਤਾਂ ਰਿਸ਼ਤਾ ਹੀ ਪੱਚੀ ਕਿੱਲੇ ਦੇਖ ਕੇ ਲਿਆ ਸੀ।ਨਹੀਂ, ਸਾਡੇ ਮੁੰਡੇ ਨੂੰ ਤਾਂ ਮਾਸਟਰਨੀ ਮਿਲਦੀ ਤੀ”।

ਪਰ ਬਚਨ ਸਿੰਘ ਆਪਣੇ ਵਚਨ ਦਾ ਪੱਕਾ ਸਾਰੀ ਜ਼ਮੀਨ ਜਾਇਦਾਦ ਆਪਣੇ ਭਾਈ ਭਤੀਜਿਆਂ ਦੇ ਨਾਂ ਕਰਵਾ ਦੇਂਦਾ ਹੈ।ਜਿਸ ਦਾ ਭੁਗਤਾਨ ਉਸ ਨੂੰ ਸਾਰੀ ਉਮਰ ਆਪਣੀ ਧੀ ਗਿਆਨੋ ਤੇ ਜਵਾਈ ਕੇਵਲ ਸਿੰਘ ਦੇ ਤਾਹਨਿਆਂ ਮਿਹਣਿਆਂ ਤੇ ਮਿੱਠੀ ਨਾਨੀ ਦੇ ਕਲਹ ਕਲੇਸ਼ ਰਾਹੀਂ ਕਰਨਾ ਪੈਂਦਾ ਹੈ।

ਇਸ ਦੇ ਨਾਲ ਹੀ ਅਗਲਾ ਬਿਰਤਾਂਤ ਚਰਨ ਸਿੰਘ ਤੇ ਉਸ ਦੇ ਪਰਿਵਾਰ ਦਾ ਹੈ।ਚਰਨ ਸਿੰਘ ਨੂੰ ਦੂਜਾ ਝੋਰਾ ਆਪਣੇ ਪੁੱਤਰ ਬਚਿੱਤਰ ਸਿੰਘ ਦਾ ਲੱਗਿਆ ਰਹਿੰਦਾ, ਜਿਸ ਨੂੰ ਆਪਣੀ ਪਤਨੀ ਦਲਬੀਰ ਕੌਰ ਦਾ ਕਣਕਵੰਨਾ ਰੰਗ ਹਮੇਸ਼ਾਂ ਅੱਖਰਦਾ ਰਿਹਾ ਤੇ ਉਹ ਉਸ ਨਾਲ ਤਾਹਨੇ ਮਿਹਣੀਂ ਹੁੰਦਾ ਔਝੜੇ ਰਾਹੀਂ ਪੈ ਰਜਵਾੜਿਆਂ ਤੇ ਜਗੀਰਦਾਰਾਂ ਦੀ ਰੀਸ ਕਰਦਾ ਵਿਆਹ ਬਾਹਰੀ ਸੰਬੰਧ ਬਣਾ ਲੈਂਦਾ ਹੈ।ਉਹ ਘਰੋਂ ਬਾਹਰ ਗੁੱਜਰੀਆਂ ਨਾਲ ਹੀ ਪਰਚਿਆ ਰਹਿੰਦਾ। ਰੇਸ਼ਮਾ, ਸੀਤੋ, ਪਾਲੋ, ਜ਼ੂਲੈਖਾਂ ਵਰਗੀਆਂ ਕਿੰਨੀਆਂ ਔਰਤਾਂ ਨਾਲ ਉਸ ਦੇ ਨਾਜਾਇਜ਼ ਸੰਬੰਧ ਹਨ।ਪਿਉ ਦੀ ਮਾੜੀ ਸੁਹਬਤ ਅੱਗੇ ਚਰਨੇ ਦੇ ਪੋਤੇ ਅਨੂਪੇ ਤੇ ਵੀ ਅਸਰ ਪਾਉਂਦੀ ਹੈ।ਪਿਉ ਪੁੱਤ ਦੋਵੇਂ ਖੇਤੀ ਵੱਲੋਂ ਪਾਸਾ ਵੱਟ ਡੱਕਾ ਦੂਹਰਾ ਨਹੀਂ ਕਰਦੇ।ਜਿਸ ਦੀ ਚਿਤਾਵਨੀ ਬਿਰਤਾਂਤਕੀ ਪਾਠ ਵਿਚ ਚਰਨ ਸਿੰਘ ਕੁਝ ਇਸ ਤਰ੍ਹਾਂ ਕਰਦਾ ਹੈ:

“ ਥੋਂਤੋਂ ਬੜੇ ਸਰਦਾਰਾਂ ਤੋਂ ਆਪਣੇ ਮੂੰਹਾਂ ਨੂੰ ਤਾਂ ਭਲਾ ਛੁੱਕਲੀ ਨੀ ਦਿੱਤੀ ਜਾਂਦੀ ਪਰ ‘ਗਾਹਾਂ ਮੇਰੀ ਮੂੰਹੀ ਨੂੰ ਕਿਉਂ ਵਿਗਾੜਦੇ ਓਂ ? ਹੁਣ ਤੋਂ ਹਾਡੀ ਬਣੇ, ਉਹ ਕਦੋਂ ਪੜ੍ਹਨਗੇ? ਅਰ ਪੜ੍ਹਾਈ ਬਿਨਾ ਸੋਝੀ ਕਿਵੇਂ ਆਊ? ਦੋਹਾਂ ਤਿੰਨਾਂ ਜਵਾਕਾਂ ਨੂੰ ਕਿਉਂ ਗੰਦ ‘ਚ ਲੇਬੜਦੇ ਓਂ? ਬੇੜਾ ਜਮਾਂ ਹੀ ਗਰਕ ਹੋਜੂ ਥੋਡਾ।ਹੱਥਾਂ ਨਾਲ ਸਹਿਜੇ ਦਿੱਤੀਆਂ ਗੱਠਾਂ , ਫੇਰ ਦੰਦਾਂ ਨਾਲ ਵੀ ਨਹੀਂ ਖੁੱਲ੍ਹਣੀਆਂ।”

ਪਾਠ ਵਿਚ ਆਏ ਵਿਚਾਰ ਔਰਤ ਦੀ ਦੁਰਦਸ਼ਾ ਤੇ ਸਮਾਜਿਕ ਸਥਿਤੀ ਦਾ ਪ੍ਰਗਟਾਵਾ ਵੀ ਕਰਦੇ ਹਨ।ਬਿਰਤਾਂਤਕਾਰ ਨੇ ਜਗੀਰੂ ਸੋਚ ਤੇ ਮਰਦ ਪਰਧਾਨ ਚਿਹਨਕੀ ਪ੍ਰਬੰਧ ਵਿਚ ਔਰਤ ਦੀ ਤ੍ਰਾਸਦੀ ਤੇ ਸੰਤਾਪ ਨੂੰ ਛੋਟੀ ਨਾਨੀ ਤੋਂ ਲੈ ਕੇ ਗਿਆਨੋ, ਮੁਖਤਿਆਰ ਦੀ ਧੀ ਸੀਤੋ, ਦਲਬੀਰ ਕੌਰ ਤੇ ਕਿਰਨਬੀਰ ਤੱਕ ਫ਼ੈਲਾਇਆ ਹੈ।ਜਿਸ ਵਿਚ ਔਰਤ ਦੇ ਮੂਲ ਸੰਕਟ ਦਾ ਕਾਰਨ ‘ਹੋਣੀ ਦੇ ਫ਼ਲ’ ਨੂੰ ਸਵੀਕਾਰ ਕੀਤਾ ਗਿਆ ਹੈ।ਜੋ ਪਰੰਗਰਾਗਤ ਔਰਤ ਵਾਂਗ ਆਪਣੇ ਨਾਲ ਹੋਣ ਵਾਲੇ ਹਰ ਇਕ ਤਸ਼ਦੱਦ ਨੂੰ ਕਿਸਮਤਵਾਦੀ ਹੋ ਸਵੀਕ੍ਰਿਤ ਕਰ ਵੇਦਨਾ ਹੰਢਾਉਂਦੀ ਹੈ।ਸਮੁੱਚਾ ਜੀਵਨ ਮਰਦ ਨਾਲ ਅਨੁਕੂਲਣ ਸਥਾਪਤ ਕਰਨ ਵਿਚ ਹੀ ਗੁਜ਼ਰ ਜਾਂਦਾ ਹੈ।ਇਹ ਸਾਰੇ ਨਾਰੀ ਪਾਤਰ ਪਿਤਾ ਪੁਰਖੀ ਚਿਹਨ ਪ੍ਰਬੰਧ ਦੇ ਅਧੀਨ ਹੀ ਪ੍ਰਭੂਸੱਤਾ ਹਾਸਲ ਕਰਨ ਦੇ ਪ੍ਰਯਤਨ ਵਿਚ ਹਨ।ਜੇਕਰ ਥੋੜ੍ਹਾ ਬਹੁਤ ਸੰਘਰਸ਼ ਕਰਦੀਆਂ ਵੀ ਹਨ ਤਾਂ ਉਹ ਵੀ ਸਮਾਜ ਸਭਿਆਚਰਕ ਪ੍ਰਤੀਕ-ਪ੍ਰਬੰਧ ਦੇ ਵਿਵੇਕ ਵਿਚ ਹੀ ਰੁਪਾਂਤਰਿਤ ਹੁੰਦੀਆਂ ਹਨ।ਇਸ ਪ੍ਰਕ੍ਰਿਆ ਵਿਚ ਉਹਨਾਂ ਦਾ ਅਸਫ਼ਲ ਹੋਣਾ ਲਾਜ਼ਮੀ ਹੈ।ਜਿਸ ਕਰਕੇ ਉਹ ਆਪਣੇ ਸੰਤਾਪ ਦਾ ਵਿਦਰੋਹ ਕਰਨ ਦੀ ਥਾਂ ਆਪਣੇ ਸਵੈ ਨੂੰ ਪੀੜਾਗ੍ਰਸਤ ਕਰਕੇ ਆਪਣੇ ਦੁਖਾਂਤ ਭੋਗਣ ਦੇ ਆਦਰਸ਼ ਨੂੰ ਪ੍ਰਗਟਾਉਂਦੀਆਂ ਹਨ।ਪਰ ਪਾਠ ਦੇ ਅੰਤ ਵਿਚ ਮਿੱਠੀ ਨਾਨੀ ਦਾ ਵਾਰਤਾਲਾਪੀ ਸੰਵਾਦ ਪੂੰਜੀਵਾਦੀ ਅਰਥਚਾਰੇ ਵਿਚ ਬਦਲਦੀਆਂ ਪ੍ਰਸਥਿਤੀਆਂ ਅਧੀਨ ਆ ਰਹੀ ਚੇਤਨਾ ਦਾ ਪ੍ਰਗਟਾਵਾ ਕਰਦਾ ਹੈ।ਜਿਸ ਵਿਚ ਆਉਣ ਵਾਲੀ ਪੀੜ੍ਹੀ ਕਿਸੇ ਤਰ੍ਹਾਂ ਵੀ ਗ਼ੁਲਾਮੀ ਦਾ ਜੁੱਲਾ ਹੰਢਾਉਣ ਲਈ ਤਿਆਰ ਨਹੀਂ ਹੋਵੇਗੀ:
“ ਮਖਿਆ, ਨਵੀਂ ਪੀੜ੍ਹੀ ਨੇ ਇਹ ਹਲੀਮੀ ਨਹੀਂ ਦਿਖਾਉਣੀ।ਵਿਆਹ ਵਾਲੀ ਪੰਜਾਲੀ ਲਾਹ ਕੇ ਔਹ ਮਾਰਿਆ ਕਰਨਗੀਆਂ।ਤੂੰ ਦੇਖ ਲੀਂ , ਬੇਸ਼ੱਕ ਦੀ”

ਪਾਠ ਵਿਚ ਵਿਚਰਦਿਆਂ ਇਕ ਪੱਖ ਨੌਜਵਾਨ ਪੀੜ੍ਹੀ ਦਾ ਨਸ਼ਿਆਂ ਦਾ ਸ਼ਿਕਾਰ ਹੋਣਾ ਹੈ।ਮਸ਼ੀਨੀਕਰਣ ਹੋਣ ਦੇ ਨਾਲ ਕਿਸਾਨੀ ਨੂੰ ਮਿਲੀ ਵਿਹਲ ਕਿਸੇ ਕਾਰਗਾਰ ਪਾਸੇ ਨਾ ਲੱਗਣ ਕਾਰਨ ਨਸ਼ਿਆਂ ਦੇ ਰਾਹ ਪੈਂਦੀ ਹੈ। ਖੇਤਾਂ ਵਿਚ ਕੰਮ ਭਈਏ ਕਰ ਰਹੇ ਹਨ ਤੇ ਘਰ ਦੇ ਮਰਦ ਐਸ਼ੋ ਇਸ਼ਰਤ ਦੇ ਰਾਹ ਪੈ ਤਰ੍ਹਾਂ ਤਰ੍ਹ੍ਹਾਂ ਦੇ ਨਸ਼ੇ ਕਰਦੇ ਹਨ।ਵਧੇਰੇ ਕਮਾਈ ਦਾ ਖ਼ਾਸਾ ਆਮ ਮਨੁੱਖ ਨੂੰ ਉਪਭੋਗਤਾਵਾਦ ਅਤੇ ਅੱਯਾਸ਼ੀ ਵਿਚ ਉਲਝਾ ਕੇ ਨਸ਼ਿਆਂ ਦੇ ਰਾਹ ਤੋਰਦਾ ਹੈ।ਜਿਸ ਵਿਚ ਮੋਹ,ਮਮਤਾ, ਮੁਹੱਬਤ ਦਾ ਵੀ ਵਸਤੂਕਰਣ ਹੋਇਆ ਹੈ।ਬਿਰਤਾਂਤਕੀ ਪਾਠ ਵਿਚ ਜਿਸ ਦੀ ਇਕ ਝਲਕ ਦਿਲਪ੍ਰੀਤ ਦੇ ਰੂਪ ਵਿਚ ਵੇਖਣ ਨੂੰ ਮਿਲਦੀ ਹੈ।

“ ਪਰ ਦੇਸੀ ਬਦੇਸ਼ੀ ਨਸ਼ੇ ਖਾਂਦਾ , ਸੂਟੇ ਖਿੱਚਦਾ, ਦਿਲਪ੍ਰੀਤ ਉਟਾਲ ਭਲਾ ਕਿੱਥੇ ਮੰਨਦਾ ਹੈ।ਗੰਨਾਂ-ਦੁਨਾਲੀਆਂ ਲਹਿਰਾਉਂਦਾ, ਨੰਗੇ ਡੌਲਿਆਂ ਉੱਪਰ ਵਾਹੇ ਟੈਟੂ ਲਿਸ਼ਕਾਉਂਦਾ , ਉਹ ਸਭ ਨੂੰ ਖੂੰਜੇ ਲਾ ਜਾਂਦਾ ਹੈ।ਛੋਟੇ ਮਾਮੇ ਦੇ ਦੱਸਣ ਅਨੁਸਾਰ ਕੈਨੇਡਾ ਵਿਚੋਂ ਉਸ ਨੂੰ ਅਜਿਹੇ ਚਾਲਿਆਂ ਕਾਰਨ ਹੀ ਕੱਢਿਆ ਹੈ।ਜਲਦੀ ਅਮੀਰ ਬਣਨ ਦੇ ਚੱਕਰ ਵਿਚ ਉਹ ਗੈਰ ਕਾਨੂੰਨੀ ਨਸ਼ੇ ਵੇਚਣ ਅਤੇ ਮਾਰਧਾੜ ਕਰਨ ਵਾਲਿਆਂ ਵਿਚ ਜਾ ਰਲਿਆ ਸੀ”।

ਅਵਤਾਰ ਸਿੰਘ ਬਿਲਿੰਗ ਵਰਤਮਾਨ ਸਮੇਂ ਦੀ ਨਬਜ਼ ਬਾਖ਼ੂਬੀ ਪਛਾਣਦਾ ਹੈ।ਉਹ ਪੂੰਜੀਵਾਦੀ ਅਰਥਚਾਰੇ ਦੇ ਸਭਿਆਚਾਰਕ ਤਰਕ ਦਾ ਵੀ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰਦਾ ਹੈ।ਵਿਸ਼ਵ ਸਰਮਾਏ ਦੇ ਪ੍ਰਭਾਵ ਅਧੀਨ ਤਬਦੀਲ ਹੋ ਰਹੇ ਪੰਜਾਬੀ ਸਭਿਆਚਾਰ / ਮੁੱਲ ਪ੍ਰਬੰਧ ਦਾ ਬਿਰਤਾਂਤ ਵੀ ਸਿਰਜਦਾ ਹੈ।ਜਿਸ ਵਿਚ ਖਾਣ ਪੀਣ, ਰਹਿਣ ਸਹਿਣ ਤੇ ਬੋਲਚਾਲ ਦਾ ਤੌਰ ਤਰੀਕਾ ਹੀ ਨਹੀਂ ਨਾਰੀ ਦੇਹ ਵੀ ਖ਼ਪਤ ਦੀ ਵਸਤੂ ਬਣੀ ਹੈ।ਇਸੇ ਲਈ ਹੁਸਨਪ੍ਰੀਤ ਵਰਗੀਆਂ ਔਰਤਾਂ ਨੂੰ ਵਿਆਹ ਬਾਹਰੀ ਸੰਬੰਧ ਸਥਾਪਿਤ ਕਰਨ ਵਿਚ ਕੋਈ ਹੀਲ ਹੁੱਜਤ ਮਹਿਸੂਸ ਨਹੀਂ ਹੁੰਦੀ।
ਪਾਠ ਵਿਚ ਗਿਆਨ ,ਤਾਲੀਮ, ਧਰਮ, ਡੇਰਾਵਾਦ ਆਦਿ ਦੇ ਚਿਹਨਕੀ ਜੁੱਟ ਜੀਵਨ ਦੇ ਹਰ ਵਰਤਾਰੇ ਦੇ ਇੰਡਸਟਰੀ ਵਿਚ ਤਬਦੀਲ ਹੋਣ ਦੀ ਨਿਸ਼ਾਨਦੇਹੀ ਕਰਦੇ ਹਨ।ਜੀਵਨ ਦਾ ਕੋਈ ਵੀ ਪੱਖ ਅਜਿਹਾ ਨਹੀਂ ਜਿਸ ਨੂੰ ਵਸਤੂਕਰਨ ਦੀ ਸਥਿਤੀ ਨੇ ਪ੍ਰਭਾਵਿਤ ਨਾ ਕੀਤਾ ਹੋਵੇ।ਇਸੇ ਲਈ ਮਾਮੇ ਬਚਿੱਤਰ ਨੂੰ ਵਿੱਦਿਆ ਦਾ ਧਨ ਸਭ ਤੋਂ ਉੱਤਮ ਲੱਗਦਾ ਹੈ। ਇਸ ਵਿਦਿਆ ਧਨ ਕਾਰਨ ਹੀ ਬੇਜ਼ਮੀਨੇ ਮਾਲਦਾਰ ਹੋ ਤਰੱਕੀ ਦੇ ਰਾਹੇ ਪੈ ਗਏ ਸਨ।

“ ਥੋਡੇ ਵਾਂਗੂ ਹੀ ਸਿੱਧੀ ਨੀਤ ਨਾਲ ਪੜ੍ਹਿਆ ਹੈ, ਜੈ ਸਿਹੁੰ ਸਿੱਖ ਦਾ ਅਭੈ ਸਿੰਘ, ਜਿਹੜਾ ਡਾਕਟਰ ਲੱਗਿਐ।ਜੀਹਨੇ ਬੇਜ਼ਮੀਨੇ ਸਿੱਖ ਨੂੰ ਮੁੜ ਮਾਲਾ ਮਾਲ ਕਰ ਦਿੱਤਾ।ਜਾਂ ਪੜ੍ਹਿਆ ਹੈਗਾ ਟਹਿਲੇ ਦਾ ਸਵਰਨਾ।ਐਸ.ਡੀ.ਓ ਲੱਗਿਆ।ਸਾਡੇ ਤਾਂ ਪੜ੍ਹਨ ਨਾਲੋਂ ਹੜ੍ਹੇ ਜ਼ਿਆਦਾ ਨੇ।ਸਭਨਾਂ ਦਾ ਖ਼ੂਨ ਚਿੱਟਾ ਹੋ ਗਿਐ।ਸਾਡੇ ਬਾਪੂ ਤੇ ਚਾਚੇ ਵਾਲਾ ਮਿੱਠ ਪਿਆਰ ਪਤਾ ਨਹੀਂ ਕਿਧਰ ਉੱਡ ਪੁੱਡ ਗਿਆ”।

ਹਰੇ ਇਨਕਲਾਬ ਦੀ ਆਮਦ ਨੇ ਨਵੀਆਂ ਤਕਨੀਕਾਂ ਦੀ ਸਹਾਇਤਾ ਨਾਲ ਜਿੱਥੇ ਖੇਤੀ ਦੀ ਉਪਜ ਵਿਚ ਵਾਧਾ ਕੀਤਾ,ਉਸ ਦੇ ਨਾਲ ਇਸ ਵਰਤਾਰੇ ਨੇ ਕਿਸਾਨੀ ਵਿਚ ਪੈਸੇ ਦੀ ਦੌੜ ਨੂੰ ਵੀ ਉਤਪੰਨ ਕੀਤਾ।ਪੈਸੇ ਦੀ ਅੰਨ੍ਹੀ ਦੌੜ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ।ਜੋ ਰਾਤੋ ਰਾਤ ਅਮੀਰ ਹੋਣ ਦੇ ਸੁਪਨੇ ਦੇਖਦੇ ਕਈ ਤਰ੍ਹਾਂ ਦੀਆਂ ਬੁਰਾਈਆਂ ਦਾ ਸ਼ਿਕਾਰ ਹੋ ਜਾਂਦੇ ਹਨ।ਇਹ ਸੰਕਟ ਇੰਨਾ ਗਹਿਰਾ ਹੈ ਕਿ ਇਸ ਵਿਚ ਹੱਥੀਂ ਕਿਰਤ ਕਰਨ ਤੇ ਇਮਾਨਦਾਰੀ ਦਾ ਸੰਕਲਪ ਢਹਿਢੇਰੀ ਹੁੰਦਾ ਨਜ਼ਰ ਆਉਂਦਾ ਹੈ।ਜ਼ੋਰ ਜ਼ਬਰਦਸਤੀ, ਗੁੰਡਾਗਰਦੀ ਤੇ ਦਰਿੰਦਗੀ ਦੇ ਚਿਹਨ ਭਾਰੂ ਹੋ ਆਦਰਸ਼ਕ ਜੀਵਨ ਮੁੱਲਾਂ ਦਾ ਘਾਣ ਕਰਦੇ ਨਜ਼ਰ ਆਉਂਦੇ ਹਨ।ਵਿਸ਼ਵੀਕਰਨ ਦੇ ਪੂੰਜੀਵਾਦ ਦਾ ਇਹ ਅਤਿ ਘਿਨੌਣਾ ਰੂਪ ਹੈ, ਜਿਸ ਨੂੰ ਮਾਮਾ ਬਚਿੱਤਰ ਸਿੰਘ ‘ਅਸਮਾਨੋਂ ਉੱਤਰੀਆਂ ਗਿਰਝਾਂ’ ਦੱਸਦਾ ਹੈ। ਉਸ ਨੂੰ ਉਹ ‘ਹਰਲ ਹਰਲ ਕਰਦੇ ਹੱਡਾ ਰੋੜੀ ਦੇ ਕੁੱਤੇ’ ਜਾਪਦੇ ਹਨ ਜੋ ਪੇਂਡੂ ਅਰਥਚਾਰੇ ਨੂੰ ਖ਼ਤਮ ਕਰ ਆਪਣਾ ਪਸਾਰਾ ਕਰਦੇ ਹਨ।ਆਰਥਿਕਤਾ ਦੇ ਇਸ ਬਦਲ ਰਹੇ ਪ੍ਰਸੰਗ ਵਿਚ ਸਾਡੇ ਸਮਾਜ ਦੀ ਪਰੰਪਰਕ ਜਾਤੀ ਸੰਸਥਾ ਦੇ ਅੰਦਰੂਨੀ ਸਾਰ ਵਿਚ ਵੀ ਫੇਰਬਦਲ ਹੋਇਆ ਹੈ।ਜਿਸ ਵਿਚ ਉੱਚ ਜਾਤੀਆਂ ਦਾ ਨੀਵੀਆਂ ਜਾਤੀਆਂ ਲਈ ਰਵੱਈਆ ਬਦਲਿਆ ਹੈ।ਨੀਵੀਆਂ ਜਾਤੀਆਂ ਵਿਚ ਜਿਹੜੇ ਆਰਥਿਕ ਤੌਰ ਤੇ ਮਜ਼ਬੂਤ ਹੋਏ ਹਨ, ਉਹਨਾਂ ਦੇ ਉੱਚ ਜਾਤੀਆਂ ਨਾਲ ਸਮਾਜਕ ਸਰੋਕਾਰ ਬਦਲੇ ਹਨ।ਪੰਜਾਬ ਵਿਚ ਆਏ ਭਈਏ ਸਿੱਖ ਧਰਮ ਧਾਰਨ ਕਰ ਗਿਆਨੀ ਧਿਆਨੀ ਬਣ ਨਿੱਤਨੇਮ ਕਰਦੇ ਪੰਜਾਬ ਵਿਚ ਹੀ ਖੇਤਾਂ ਦਾ ਕੰਮ ਛੱਡ ਹੋਰ ਧੰਦੇ ਅਪਣਾ ਲੈਂਦੇ ਹਨ।ਬਿਰਤਾਂਤਕੀ ਪਾਠ ਵਿਚ ਓੂੜੇ ਨਾਲ ਏਕਾ ਲਾਉਣ ਦਾ ਸੰਕਲਪ ਸਮੁੱਚੀ ਕਾਇਨਾਤ ਨੂੰ ਇੱਕ ਮੰਨ ਧਰਮ, ਜਾਤ, ਜਮਾਤ, ਨਸਲ , ਭਾਸ਼ਾ ਤੋਂ ਉੱਪਰ ਉੱਠ ਏਕਤਾ ਵਿਚ ਪਰੋਣ ਦੀ ਗੱਲ ਕਰਦਾ ਹੈ।ਇਥੇ ਏਕਾ ਵਿਚਾਰਕ ਕ੍ਰਾਂਤੀ ਦਾ ਪ੍ਰਤੀਕ ਵੀ ਬਣਦਾ ਹੈ।ਇਸੇ ਲਈ ਬਿਰਤਾਂਤਕੀ ਪਾਠ ਵਿਚ ਮਾਮਾ ਦੁਰਲੱਭ ਆਪਣੇ ਪੁੱਤਰ ਸਰੂਪੇ ਨੂੰ ਵੀਰਜ ਬੈਂਕ ਤੋਂ ਬਿਗਾਨਾ ਸੀਮਨ ਲੈ ਵੰਸ਼ ਅੱਗੇ ਤੋਰਨ ਦੀ ਗੱਲ ਕਰਦਾ ਹੈ।

ਪਾਠ ਵਿਚ ਵਿਚਰਦਿਆਂ ਬਿਰਤਾਂਤਕਾਰ ਦਾ ਪ੍ਰਕ੍ਰਿਤੀ ਪ੍ਰਤੀ ਵੀ ਸੰਸਾ ਪ੍ਰਗਟ ਹੁੰਦਾ ਹੈ।ਜਿਸ ਵਿਚ ਮਨੁੱਖ ਦੀ ਪ੍ਰਕ੍ਰਿਤੀ ਨਾਲ ਖ਼ਿਲਵਾੜ, ਊਰਜਾ ਤੇ ਪਾਣੀ ਦੇ ਖ਼ਤਮ ਹੋਣ ਨਾਲ ਜੀਵਨ ਦੇ ਖ਼ਤਮ ਹੋਣ ਦਾ ਬਿਰਤਾਂਤਕੀ ਪਰਿਪੇਖ ਭਵਿੱਖਮੁਖੀ ਹੋ ਪ੍ਰਕ੍ਰਿਤੀ ਦੇ ਕੁਦਰਤੀ ਸੋਮਿਆਂ ਨੂੰ ਸਾਂਭਣ ਦੀ ਨਿਸ਼ਾਨਦੇਹੀ ਕਰਦਾ ਹੈ।

“ ਵੇ ਕਿਉਂ ਸੁੱਕ ਗਿਐ, ਆਪਣਾ ਖੁਆਜਾ? ਕਿਹੜੀ ਕਰੋਪੀ ਹੋਗੀ, ਕਾਕਾ?...ਨਾਨੀ ਸੁਣ ਕੇ ਸੁੰਨ ਹੋ ਗਈ ਸੀ।
‘....ਕੀ ਸਰਾਪ ਪੈ ਗਿਐ, ਦੁਨੀਆਂ ਨੂੰ? ਸਰ ਤਾਂ ਸੁੱਕਦੇ ਦੇਖੇ ਸੀ, ਖੂਹ ਖ਼ਾਲੀ ਹੁੰਦੇ ਕਦੇ ਨਹੀਂ ਸੀ ਸੁਣੇ।...’ ਮਿੱਠੀ ਦੀ ਤਾਰ ਉਥੇ ਹੀ ਖੜਕਦੀ।

ਬਿਰਤਾਂਤਕੀ ਪਾਠ ਵਿਚ ‘ਖ਼ਾਲੀ ਖੂਹਾਂ ਦੀ ਕਥਾ’ ਦਾ ਬਿਰਤਾਂਤ ਦੋ ਸੰਦਰਭਾਂ ਵਿਚ ਉੱਭਰਦਾ ਹੈ।ਪਹਿਲਾ ਵਿਸ਼ਵੀਕਰਣ ਤੇ ਪੂੰਜੀਵਾਦ ਦੇ ਵਰਤਾਰੇ ਨਾਲ ਇਕ ਤਾਂ ਕਿਰਤ ਦਾ ਟੁੱਟਣਾ ਤੇ ਦੂਸਰਾ ਪ੍ਰਕ੍ਰਿਤਕ ਸੋਮਿਆਂ ਦੇ ਸੁੱਕਣ ਨਾਲ ਹੈ।ਮਸ਼ਨੀਕਰਣ ਨਾਲ ਦਿਨੋ ਦਿਨ ਵੱਧ ਰਿਹਾ ਪ੍ਰਦੂਸ਼ਣ ਵੀ ਕੁਦਰਤ ਨਾਲ ਖ਼ਿਲਵਾੜ ਕਰ ਰਿਹਾ ਹੈ।ਮੰਡੀ ਦੀਆਂ ਲੋੜਾਂ ਲਈ ਕੁਦਰਤ ਨਾਲ ਛੇੜਛਾੜ ਵਿਨਾਸ਼ ਦਾ ਰਾਹ ਖੋਲ੍ਹਦੀ ਹੈ।

ਪਾਠ ਵਿਚ ਵਿਚਰਦਿਆਂ ਨਾਵਲੀ ਵਰਤਾਰੇ ਦਾ ਕਲਾ ਪੱਖ ਵੀ ਉੱਭਰ ਕੇ ਸਾਹਮਣੇ ਆਉਂਦਾ ਹੈ।ਬਿਰਤਾਂਤਕਾਰ ਨੇ ਕਮਾਲ ਦਾ ਬਿਰਤਾਂਤ ਸਿਰਜਣ ਕੀਤਾ ਹੈ।ਉਹ ਆਪਣੇ ਕਥਾ ਪਾਠ ਵਿਚ ਬੜੇ ਰੋਚਕ ਢੰਗ ਨਾਲ ਬਿਰਤਾਂਤ ਦੀਆਂ ਅਜਿਹੀਆਂ ਮਹੀਨ ਪਰਤਾਂ ਖੋਲ੍ਹਦਾ ਹੈ ਕਿ ਕਥਾ ਦੇ ਮੁੱਖ ਪਾਠ ਵਿਚੋਂ ਅੱਗੇ ਹੋਰ ਕਈ ਪਾਠ ਖੁੱਲ੍ਹਦੇ ਹਨ।ਜਿਸ ਵਿਚ ਆਰੰਭ ਤੋਂ ਲੈ ਕੇ ਅੰਤ ਤੱਕ ਪਾਠਕ ਦੀ ਉਤਸੁਕਤਾ ਬਣੀ ਰਹਿੰਦੀ ਹੈ ਤੇ ਉਹ ਬੇਰੋਕ ਪਾਤਰਾਂ ਦੇ ਨਾਲ ਵਿਚਰਦੇ ਪ੍ਰਤੀਤ ਕਰਦਾ ਹੈ।ਮਿੱਥ ਕਥਾਵਾਂ, ਦੰਤ ਕਥਾਵਾਂ, ਲੋਕ ਕਹਾਣੀਆਂ ਦੇ ਨਾਲ ਮੁਹਾਵਰੇਦਾਰ ਭਾਸ਼ਾਈ ਬਿਆਨ ਪਾਠਕੀ ਮਨ ਨੂੰ ਟੁੰਭਦਾ ਹੈ।ਇਸ ਤਰ੍ਹਾਂ ਅਵਤਾਰ ਸਿੰਘ ਬਿਲਿੰਗ ਆਪਣੇ ਕਥਾ ਪਾਠ ਰਾਹੀਂ ਮਾਨਵੀ ਅਸਤਿਤੱਵ ਨਾਲ ਜੁੜੇ ਮੂਲ ਸਰੋਕਾਰਾਂ, ਮਾਨਸਿਕ ਉਲਝਣਾਂ, ਅੰਤਰ ਵਿਰੋਧਾਂ, ਨੈਤਿਕ ਕਦਰਾਂ ਕੀਮਤਾਂ ਵਿਚ ਆ ਰਹੀ ਗਿਰਾਵਟ ਨੂੰ ਤਰਕਮਈ ਸੂਝ ਰਾਹੀਂ ਪੇਸ਼ ਕਰਕੇ ਪੰਜਾਬੀ ਨਾਵਲ ਦੇ ਖੇਤਰ ਵਿਚ ਨਵੇਂ ਦਿਸਹੱਦਿਆਂ ਨੂੰ ਅੰਜ਼ਾਮ ਦੇਣ ਵਾਲਾ ਸਫ਼ਲ ਕਥਾਕਾਰ ਹੈ।

Comments

Avtar singh Billing

very impressive article,evaluating the novel from every corner.

Sucha Singh Nar

ਖਾਲੀ ਖੂਹਾਂ ਦੀ ਕਥਾ ਅਵਤਾਰ ਸਿੰਘ ਜੀ ਦੀ ਰਚਨਾ ਅੱਜ ਦੀਆਂ ਪ੍ਰਸਥਿਤੀਆਂ 'ਤੇ ਪੂਰਾ ਚਾਨਣਾ ਪਾਉਂਦੀ ਹੈ। ਇਸ ਨੂੰ ਕਾਫੀ ਵੱਡਾ ਇਨਾਮ ਵੀ ਹੁਣੇ ਹੀ ਮਿਲਿਆ ਹੈ। ਡਾਕਟਰ ਮੀਨਾਕਸ਼ੀ ਰਠੌਰ ਜੀ ਹੋਰਾਂ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਇਸ ਕਥਾ ਵਿਰਤਾਂਤ ਦਾ ਵਿਸ਼ਲੇਸ਼ਣ ਕੀਤਾ ਹੈ।

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ