Wed, 04 December 2024
Your Visitor Number :-   7275452
SuhisaverSuhisaver Suhisaver

ਵੱਖਰੇ ਖ਼ਿਆਲ ਤੇ ਵੱਖਰੀ ਸੋਚ ਦਾ ਨਾਵਲ ‘ਚੰਦਰਯਾਨ-ਤਿਸ਼ਕਿਨ’ - ਬਲਜਿੰਦਰ ਸੰਘਾ

Posted on:- 01-08-2013

suhisaver

ਪੁਸਤਕ ਦਾ ਨਾਮ- ਚੰਦਰਯਾਨ-ਤਿਸ਼ਕਿਨ
ਲੇਖਿਕਾ ਫ਼ ਗੁਰਚਰਨ ਕੌਰ ਥਿੰਦ
ਪ੍ਰਕਾਸ਼ਕ- ਚੇਤਨਾ ਪ੍ਰਕਾਸ਼ਨ
               
ਗੁਰਚਰਨ ਕੌਰ ਥਿੰਦ ਇਸ ਨਾਵਲ ਤੋਂ ਪਹਿਲਾ ਤਿੰਨ ਕਹਾਣੀ ਸੰਗ੍ਰਹਿ, ਇੱਕ ਨਿਬੰਧ ਸੰਗ੍ਰਹਿ ਅਤੇ ਇੱਕ ਨਾਵਲ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੀ ਹੈ। ਉਹਨਾਂ ਦਾ ਪਹਿਲਾ ਨਾਵਲ ‘‘ਅੰਮ੍ਰਿਤ” ਅਤੇ ਬਹੁਤੀਆਂ ਕਹਾਣੀਆਂ ਔਰਤ ਦਾ ਸਮਾਜ ਵਿਚ ਸਥਾਨ ਪੱਕਾ ਕਰਨ ਲਈ ਹਮੇਸ਼ਾਂ ਉਹਨਾਂ ਦੀ ਮਨੋਦਸ਼ਾ ਦਰਸਾ ਕੇ ਅਤੇ ਔਰਤਾਂ ਦੇ ਔਰਤਾਂ ਨਾਲ ਜੁੜੇ ਸਮਾਜਿਕ ਰਿਸ਼ਤੇ, ਅਜਨਬੀ ਰਿਸ਼ਤੇ ਅਤੇ ਉਹਨਾਂ ਦੀ ਆਪਸ ਵਿਚ ਹੁੰਦੀ ਸੂਖ਼ਮ ਕਹੀ-ਅਣਕਹੀ ਕਹਾਣੀ ਨੂੰ ਚਿੱਤਰਣ ਦਾ ਬਹੁਤ ਸੂਖ਼ਮ ਕਾਰਜ ਹੈ।



ਗੁਰਚਰਨ ਕੌਰ ਥਿੰਦ ਕੋਲ ਇਕ ਜਗਿਆਸੂ, ਚੇਤਨ ਅਤੇ ਚਿੰਤਤ ਲੇਖਿਕਾ ਹੋਣ ਕਰਕੇ ਸਮਾਜ ਦੇ ਬਹੁਤ ਸਾਰੇ ਸਰੋਕਰਾਂ ਅਤੇ ਖਾਸ ਕਰਕੇ ਔਰਤ ਨਾਲ ਜੁੜੇ ਸਰੋਕਰਾਂ ਦਾ ਅਣਮੁੱਲਾ ਅਨੁਭਵ ਹੈ। ਉਹ ਜਨਮ ਅਤੇ ਮੌਤ ਨੂੰ ਜੀਵਨ ਦੇ ਦੋ ਠੋਸ ਪਹਿਲੂ ਮੰਨਦੀ ਹੈ, ਜੋ ਅਸਲ ਵਿਚ ਹਨ ਵੀ, ਕਿਉਂਕਿ ਹਮੇਸ਼ਾਂ ਜੀਵਨ ਦਾ ਅੰਤ ਮੌਤ ਹੀ ਹੈ ਅਤੇ ਕਿਸੇ ਦੀ ਸਰੀਰਕ ਮੌਤ ਉਸਦੇ ਨਾਲ ਸਮਾਜਿਕ ਤੌਰ ਤੇ ਜੁੜੇ ਜਾਂ ਮਾਨਸਿਕ ਤੌਰ ਤੇ ਜੁੜੇ ਦੂਸਰੇ ਮਨੁੱਖ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ ਇਸ ਵਿਚੋਂ ਜੋ ਮਾਨਸਿਕ ਹਲਚਲ ਪੈਦਾ ਹੁੰਦੀ ਹੈ ਇਸਨੂੰ ਚਿੱਤਰਣ ਦਾ ਉਹਨਾਂ ਕੋਲ ਵਿਸ਼ਾਲ ਅਨੁਭਵ ਹੈ, ਬਹੁਤੀ ਵਾਰ ਉਹ ਔਰਤ ਦੇ ਹੱਕ ਵਿਚ ਖੜ੍ਹਦੀ ਸਮਾਜ ਵਿਚ ਉਸਦੇ ਲਈ ਨਵੇਂ ਜੀਣ ਦੇ ਰੰਗ-ਢੰਗ ਸਥਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ।

ਉਹਨਾਂ ਦਾ ਇਹ ਦੂਸਰਾ ਨਾਵਲ ‘‘ਚੰਦਰਯਾਨ-ਤਿਸ਼ਕਿਨ” ਇੱਕ ਵਿਗਿਆਨਿਕ ਵਿਸ਼ੇ ਨਾਲ ਸਬੰਧਤ ਨਾਵਲ ਹੈ। ਪਰ ਉਹਨਾਂ ਦਾ ਸਿਰਜਣ ਢੰਗ ਸਾਇੰਸ, ਦਿਮਾਗ ਅਤੇ ਦਿਲ ਤਿੰਨਾ ਦਾ ਸੁਮੇਲ ਵੀ ਕਰਦਾ ਹੈ ਅਤੇ ਵਿਸ਼ੇ ਨਾਲ ਨਿਆਂ ਕਰਦਾ ਹੋਇਆ ਵਖਰੇਵਾਂ ਵੀ ਰੱਖਦਾ ਹੈ। ਬਹੁਤੇ ਚੌੜੇ ਵਿਖਿਆਨ ਦੀ ਥਾਂ ਸਿੱਧੇ ਅਤੇ ਸਾਦੇ ਸ਼ਬਦਾਂ ਵਿਚ ਮਨੁੱਖ ਸ਼ਰੂਆਤੀ ਦੌਰ ਵਿਚ ਅਚੰਭੇ ਭਰਿਆ ਜੀਵਨ ਜਿਉਂਦਾ ਸੀ ਤੇ ਜਿਵੇਂ-ਜਿਵੇਂ ਉਸਨੇ ਹਰ ਪੱਖ ਤੋਂ ਤਰੱਕੀ ਕੀਤੀ ਤਾਂ ਉਹ ਕੁਦਰਤ ਦੇ ਰਹੱਸਾਂ ਨੂੰ ਵੱਧ ਤੋਂ ਵੱਧ ਜਾਨਣ ਲਈ ਤੱਤਪਰ ਰਿਹਾ ਹੈ।

ਹਰ ਦੇਸ਼ ਦੇ ਆਪਣੇ ਪੁਲਾੜ ਕੇਂਦਰ ਹਨ ਤੇ ਉਹ ਆਪਣੇ-ਆਪਣੇ ਢੰਗ ਨਾਲ ਵੱਧ ਤੋਂ ਵੱਧ ਕੁਦਰਤ ਨੂੰ ਜਾਨਣ ਵਿਚ ਲੱਗੇ ਹੋਏ ਹਨ। ਇਹਨਾਂ ਕੁਦਰਤ ਦੇ ਰਹੱਸਾਂ ਬਾਰੇ ਜਾਨਣਾ ਸਾਇੰਸ ਦਾ ਮਹਿਜ਼ ਇੱਕ ਸੌਕ ਹੀ ਨਹੀਂ ਹੈ ਬਲਕਿ ਇਸ ਵਿਚ ਮਨੁੱਖੀ ਭਲਾਈ ਸ਼ਾਮਿਲ ਹੈ। ਹਰ ਇਕ ਦੇਸ਼ ਵੱਧ ਤੋਂ ਵੱਧ ਕੁਦਰਤੀ ਆਫਤਾਂ ਬਾਰੇ ਅਤੇ ਸੰਸਾਰ ਦੇ ਹੋਰ ਦੇਸ਼ਾਂ ਬਾਰੇ ਵੱਧ ਤੋਂ ਵੱਧ ਜਾਨਣ ਦੀ ਕੋਸ਼ਿਸ਼ ਵਿਚ ਰਿਹਾ ਹੈ। ਹੁਣ ਚਾਹੇ ਦੁਨੀਆਂ ਦੇ ਹੋਰ ਦੇਸ਼ਾਂ ਬਾਰੇ ਜਾਨਣਾ ਬਹੁਤਾ ਔਖਾ ਕੰਮ ਨਹੀਂ ਪਰ ਕੁਦਰਤ ਦੇ ਰਹੱਸਾ ਬਾਰੇ ਜਾਨਣਾ ਹੁਣ ਵੀ ਪੂਰਾ ਗਤੀਸ਼ੀਲ ਅਤੇ ਯਤਨਸ਼ੀਲ ਹੈ।

ਇਸ ਨਾਵਲ ਦੀ ਕਹਾਣੀ ਵੀ ਪੁਲਾੜ ਵਿਚ ਗਏ ਇੰਡੀਆਂ ਦੇ ਉਪਗ੍ਰਹਿ ‘‘ਚੰਦਰਯਾਨ-ਤਿਸ਼ਕਿਨ” ਅਤੇ ਉਸਤੋਂ ਲੱਗਭੱਗ 20 ਸਾਲ ਪਹਿਲਾਂ ਚੰਦ ਦੀ ਸਤ੍ਹਾ ਤੇ ਉੱਤਰੇ ਉੱਪਗ੍ਰਹਿ ‘‘ਚੰਦਰਯਾਨ-5”  ਦੇ ਵਿਚਕਾਰਲੇ ਸਮੇਂ ਵਿਚ ਘੁੰਮਦੀ ਹੈ। ਕਹਾਣੀ ਇਸ ਤੱਥ ਤੋਂ ਅੱਗੇ ਵਧਦੀ ਹੈ ਜਦੋਂ ‘‘ਚੰਦਰਯਾਨ-5”  ਵਿਚ ਪੁਲਾੜ ਤੋਂ ਪਰਤੇ ਦੋ ਪੁਲਾੜ ਵਿਗਿਆਨੀਆਂ ਤਰੁਣ ਘੋਸ਼ ਅਤੇ ਕਨਿਕਾ ਨਾਇਡੋ ਚਾਹੇ ਉੱਪਰੋਂ ਚੰਦ ਦੀ ਸਤ੍ਹਾ ਤੇ ਪਾਣੀ ਅਤੇ ਹੋਰ ਬਹੁਤ ਸਾਰੇ ਰਹੱਸ ਰਿਕਾਰਡ ਕਰ ਲੈਂਦੇ ਹਨ ਤੇ ਕੁਝ ਤਸਵੀਰਾ ਅਤੇ ਜਾਣਕਾਰੀ ਪੁਲਾੜ ਸ਼ਟੇਸ਼ਨ ਤੇ ਪਹੁੰਚਾ ਵੀ ਦਿੰਦੇ ਹਨ, ਪਰ ਉਹ ਜਾਣਕਾਰੀ ਜੋ ਉਹ ਆਪਣੇ ਦਿਮਾਗਾਂ ਵਿਚ ਅਤੇ ਪਰੈਕਟੀਕਲ ਤੌਰ ਤੇ ਲੈਕੇ ਵਾਪਸ ਧਰਤੀ ਤੇ ਪਹੁੰਚਦੇ ਹਨ ਤਾਂ ਦੋਵੇ ਬੇਹੋਸ਼ੀ ਦੀ ਹਾਲਤ ਵਿਚ ਹੁੰਦੇ ਹਨ।

ਉਹਨਾਂ ਨੂੰ ਹਸਪਾਤਲ ਪਹੁੰਚਾਇਆ ਜਾਂਦਾ ਹੈ, ਪਰ ਦੋਵੇ ਕੌਮਾਂ ਦੀ ਹਾਲਤ ਵਿਚ ਹੋਣ ਕਰਕੇ ਕੋਈ ਜਾਣਕਾਰੀ ਦੇਣ ਦੇ ਕਾਬਲ ਨਹੀਂ ਹੁੰਦੇ ਤੇ ਇਸਦੇ ਕੋਈ ਚਾਨਸ ਵੀ ਨਜ਼ਰ ਨਹੀਂ ਆਉਂਦੇ। ਇੱਥੋਂ ਸ਼ੁਰੂ ਹੁੰਦੀ ਹੈ ਪਾਤਰ ਪੀ.ਚੈਟਰਜੀ ਦੀ ਅਜਿਹੇ ਮਨੁੱਖੀ ਕਲੋਨ ਬਣਾਉਣ ਦੀ ਖੋਜ ਜੋ ਉਹਨਾਂ ਦੋਹਾਂ ਕੋਮਾਂ ਵਿਚ ਪਏ ਪੁਲਾੜ ਵਿਗਿਆਨੀਆਂ ਤੋਂ ਬਣਾਏ ਜਾਣੇ ਹਨ ਤਾਂ ਕਿ ਉਹ ਵੱਡੇ ਹੋਏ ਉਹ ਸਾਰੀ ਜਾਣਕਾਰੀ ਦੇ ਸਕਣ ਜੋ ਉਹਨਾਂ ਵਿਗਿਆਨੀਆਂ ਦੇ ਦਿਮਾਗਾਂ ਵਿਚ ਬੰਦ ਪਈ ਹੈ। ਇੱਥੋਂ ਸ਼ੁਰੂ ਹੁੰਦਾ ਹੈ ਇਹ ਨਾਵਲ ਜੋ ਨਾਵਲ ਦੇ ਪਾਤਰ ਪੀ. ਚੈਟਰਜ਼ੀ ਜੋ ਇੰਡੀਆ ਦੇ ਪੁਲਾੜ ਖੋਜ ਕੇਂਦਰ ਦਾ ਸਹਾਇਕ ਡਾਇਰੈਕਟਰ ਹੈ, ਤੇ ਨਾਲ-ਨਾਲ ਚਲਦੀ ਹੈ ਨਾਵਲ ਦੇ ਇੱਕ ਪਾਤਰ ਪਾਤਰ ਮਹੀਪਾਲ ਸਿੰਘ ਦੀ ਕਹਾਣੀ ਜੋ ਇਕ ਸਧਾਰਨ ਪਰਿਵਾਰ ਅਤੇ ਪਿੰਡ ਦਾ ਜੰਮਪਲ ਹੈ ਤੇ ਪ੍ਰੋ.ਐਮ.ਪੀ. ਸਿੰਘ ਜੈਨੇਟਿਕ ਇੰਜਨੀਅਰਿੰਗ ਦੀ ਪੀ.ਐਚ.ਡੀ. ਹੈ। ਜਿਸਨੂੰ ਪਿੰਡ ਦੇ ਸਕੂਲ ਦਾਖਲ ਕਰਾਉਣ ਵੇਲੇ ਉਸਦਾ ਦਾਦਾ ਇਹ ਕਹਿੰਦਾ ਹੈ,  ਆਹੋ ਮਾਸਟਰ ਜੀ ਇਹ ਮੇਰਾ ਮਹੀਆਂ ਚਾਰਨ ਵਾਲਾ ਮਾਹੀ ਮੁੰਡਾ ਹੈ! ਮੱਝਾਂ ਨੂੰ ਬੜੇ ਵਧੀਆਂ ਮੋੜੇ ਲਾਉਂਦਾ ਜੇ, ਇਹ ਨਿੱਕੀ ਜਿਹੀ ਗੱਲ ਅੱਜ ਦੇ ਸਮੇਂ ਵਿਚ ਬੜੀ ਮਹੱਤਤਾ ਰੱਖਦੀ ਹੈ ਜਦੋਂ ਹਰ ਕੋਈ ਕਾਨਵੈਂਟ ਸਕੂਲਾਂ ਵੱਲ ਭੱਜ ਰਿਹਾ ਹੈ ਤੇ ਸਰਕਾਰੀ ਸਕੂਲ ਸਮਾਜ ਦੇ ਬਹੁਤ ਪਿਛੜੇ ਲੋਕਾਂ ਦੇ ਸਿੱਖਿਆ ਸਾਧਨ ਬਣ ਰਹੇ ਹਨ।

ਇਹ ਇਸ ਹਿਸਾਬ ਨਾਲ ਉਹਨਾਂ ਵਾਸਤੇ ਪਾਜਿਟਿਟਵ ਸੰਕੇਤ ਵੀ ਹੈ। ਬਾਕੀ ਇਸ ਨਾਵਲ ਵਿਚ ਕੋਈ ਵੀ ਠੇਠ ਖੇਤਰੀ ਬੋਲੀ ਦੇ ਅੰਸ਼ ਮੈਨੂੰ ਨਜ਼ਰ ਨਹੀਂ ਆਏ ਤੇ ਇਹ ਪੰਜਾਬ ਦੇ ਸਾਰੇ ਮਾਝੇ, ਮਾਲਵੇ ਅਤੇ ਦੁਆਬੇ ਦੇ ਲੋਕਾਂ ਦੀ ਭਾਸਾਦੀ ਕਥਾ ਹੈ। ਇਸ ਬਾਰੇ ਬਹੁਤਾ ਤਾਂ ਲੇਖਿਕਾ ਹੀ ਜਾਣਦੀ ਹੈ। ਕੀ ਮਨੁੱਖੀ ਕਲੋਨ ਬਣਾਉਣ ਦੀ ਕੋਸ਼ਿਸ਼ ਸਫਲ ਹੁੰਦੀ ਹੈ ਤੇ ਪੁਲਾੜ ਵਿਚ ਜਾਂਦੇ ਹਨ ਜਾਂ ਨਹੀ ਇਸ ਬਾਰੇ ਦੱਸਕੇ ਮੈਂ ਨਾਵਲ ਦੀ ਮੋਲਕਿਤਾ ਖਰਾਬ ਨਹੀਂ ਕਰਨੀ ਅਤੇ ਇਸਦੇ ਬਾਰੇ ਆਪ ਸਭ ਇਸ ਨਾਵਲ ਨੂੰ ਪੜ੍ਹ ਸਕਦੇ ਹੋ। ਸਮੁੱਚੇ ਰੂਪ ਵਿਚ ਇਹ ਨਾਵਲ ਪੰਜਾਬੀਆਂ ਨੂੰ ਸਾਇੰਸ ਖੇਤਰ ਵਿਚ ਮੱਲਾ ਮਾਰਨ ਦੀ ਪ੍ਰੇਰਨਾ ਵੀ ਦਿੰਦਾ ਹੈ। ਲੇਖਿਕਾ ਗੁਰਚਰਨ ਕੌਰ ਥਿੰਦ ਇਸ ਵੱਖਰੇ ਵਿਸ਼ੇ ਦੇ ਨਾਵਲ ਲਈ ਵਧਾਈ ਦੀ ਪਾਤਰ ਹੈ।  
                                                                 
                                                        ਸੰਪਰਕ  001403-680-3212    

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ