Fri, 06 December 2024
Your Visitor Number :-   7277526
SuhisaverSuhisaver Suhisaver

ਪੁਸਤਕ: ਜ਼ਿੰਦਗੀ ਦੇ ਰਾਹਾਂ ’ਤੇ

Posted on:- 10-09-2015

-ਰਾਜਪਾਲ ਸਿੰਘ, ਕੋਟਕਪੂਰਾ

ਆਪਣੇ ਜਨਮ ਤੋਂ ਲੈ ਕੇ ਮੌਤ ਤੀਕਰ ਮਨੁੱਖ ਇਕ ਲੰਮਾ ਸਫ਼ਰ ਤੈਅ ਕਰਦਾ ਹੈ। ਇਸ ਸਫ਼ਰ ਵਿੱਚ ਉਸ ਨੂੰ ਹਜ਼ਾਰਾਂ ਵਿਅਕਤੀ ਟੱਕਰਦੇ ਹਨ ਜਿਨ੍ਹਾਂ ਵਿਚੋਂ ਅਨੇਕਾਂ ਉਸ ਦੇ ਸਫ਼ਰ ਨੂੰ ਸੁਹਾਵਣਾ ਬਣਾਉਂਦੇ ਹਨ ਜਦ ਕਿ ਕੁਝ ਹੋਰ ਉਸ ਦੇ ਰਾਹ ਵਿੱਚ ਕੰਡੇ ਵਿਛਾਉਂਦੇ ਹਨ। ਰਾਹ ਵਿੱਚ ਆਉਂਦੀਆਂ ਅਨੇਕਾਂ ਮੁਸ਼ਕਿਲਾਂ ਨਿਰਾਸ਼ਾ ਪੈਦਾ ਕਰਦੀਆਂ ਹਨ ਜਦ ਕਿ ਅਨੇਕਾਂ ਪ੍ਰਾਪਤੀਆਂ ਉਸ ਨੂੰ ਸੰਤੁਸ਼ਟਤਾ ਦਿੰਦੀਆਂ ਹਨ ਅਤੇ ਜ਼ਿੰਦਗੀ ਦੇ ਸਫ਼ਰ ਵਿੱਚ ਹੋਰ ਅੱਗੇ ਵਧਣ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ। ਇਹ ਹਰ ਵਿਅਕਤੀ ਦੇ ਜੀਵਨ ਸਫ਼ਰ ਵਿੱਚ ਆਮ ਵਾਪਰਦੇ ਵਰਤਾਰੇ ਹਨ ਪਰ ਜ਼ਿੰਦਗੀ ਦਾ ਇਹ ਸਫ਼ਰ ਤਹਿ ਕਰਨ ਲਈ ਉਹ ਕਿਹੜੇ ਰਾਹਾਂ ’ਤੇ ਤੁਰਦਾ ਹੈ, ਇਹ ਬਹੁਤ ਮਹੱਤਵਪੂਰਨ ਹੁੰਦਾ ਹੈ। ਰਾਹਾਂ ਦੀ ਇਹ ਚੋਣ ਜ਼ਿੰਦਗੀ ਦੇ ਹਰ ਮੋੜ ’ਤੇ ਕਰਨੀ ਪੈਂਦੀ ਹੈ। ਆਪਣੇ ਜਾਣੇ ਤਾਂ ਵਿਅਕਤੀ ਇਹ ਚੋਣ ਬਹੁਤ ਸੋਚ ਸਮਝ ਕੇ ਕਰਦਾ ਹੈ ਪਰ ਅਸਲ ਵਿੱਚ ਰਾਹ ਦੀ ਇਸ ਚੋਣ ਵਿੱਚ ਬੰਦੇ ਦੇ ਆਰਥਿਕ, ਸਮਾਜਿਕ ਅਤੇ ਸਭਿਆਚਾਰਕ ਮਾਹੌਲ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਜੋ ਉਸ ਨੂੰ ਜ਼ਿੰਦਗੀ ਦੇ ਨਵੇਂ ਨਵੇਂ ਰਾਹਾਂ ਵੱਲ ਧੱਕਦਾ ਰਹਿੰਦਾ ਹੈ।

ਇਨਕਲਾਬੀ ਸਿਆਸਤ ਵਿੱਚ ਸਰਗਰਮ ਰੋਲ ਕਰਨ ਦਾ ਰਾਹ ਚੁਣਨ ਵਾਲੇ ਰਣਜੀਤ ਲਹਿਰਾ ਨੇ ਆਪਣੀਆਂ ਯਾਦਾਂ ਦੀ ਪੁਸਤਕ ‘ਜ਼ਿੰਦਗੀ ਦੇ ਰਾਹਾਂ ’ਤੇ’ ਵਿੱਚ ਆਪਣੇ ਰਾਹ ਦੀ ਚੋਣ ਅਤੇ ਚੁਣੇ ਰਾਹ ਉੱਤੇ ਕੀਤੇ ਸਫ਼ਰ ਨੂੰ ਬੜੀ ਸਾਦਗੀ ਅਤੇ ਸਰਲਤਾ ਨਾਲ ਬਿਆਨ ਕੀਤਾ ਹੈ। ਉਸ ਮੁਤਾਬਿਕ ਉਸ ਦੀ ਜ਼ਿੰਦਗੀ ਨੂੰ ਇਨਕਲਾਬੀ ਰਾਹ ’ਤੇ ਤੋਰਨ ਵਾਲਾ ਕੂਹਣੀ ਮੋੜ ਜੂਨ 1979 ਵਿੱਚ ਆਈ.ਟੀ.ਆਈ. ਬੁਢਲਾਡਾ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਮੈਂਬਰਸ਼ਿੱਪ ਪਰਚੀ ਕੱਟੀ ਜਾਣ ਨਾਲ ਆਉਂਦਾ ਹੈ।

ਪਰ ਪੀ.ਐੱਸ.ਯੂ. ਦੀ ਇਹ ਪਰਚੀ ਤਾਂ ਹੋਰ ਵੀ ਅਨੇਕਾਂ ਵਿਦਿਆਰਥੀਆਂ ਦੀ ਕੱਟੀ ਗਈ ਹੋਵੇਗੀ ਜਿਨ੍ਹਾਂ ਵਿਚੋਂ ਬਹੁਤ ਥੋੜ੍ਹੇ ਹੀ ਰਣਜੀਤ ਵਾਲੀ ਤਨਦੇਹੀ ਨਾਲ ਇਸ ਰਾਹ ’ਤੇ ਤੁਰੇ ਹੋਣਗੇ। ਉਸ ਨੂੰ ਜ਼ਿੰਦਗੀ ਦਾ ਮੁਸ਼ਕਿਲਾਂ ਨਾਲ ਭਰਿਆ ਹੋਇਆ ਇਹ ਰਾਹ ਕਿਉਂ ਚੰਗਾ ਲੱਗਿਆ ਜਿਸ ’ਤੇ ਤੁਰਨ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ? ਇਸ ਦੀ ਕੁਝ ਸੂਹ ਪੁਸਤਕ ਦੇ ਪਹਿਲੇ ਦੋ ਚੈਪਟਰਾਂ ਵਿਚੋਂ ਮਿਲ ਜਾਂਦੀ ਹੈ। ਇੱਕ ਤਾਂ ਉਸਦੀ ਮਾਂ ਨੇ ਸਾਰੀ ਜ਼ਿੰਦਗੀ ਸਖਤ ਮਿਹਨਤ ਕੀਤੀ, ਅਨੁਸ਼ਾਸ਼ਨ ਵਿੱਚ ਬੱਝਾ ਜੀਵਨ ਜਿਉਂਇਆ ਅਤੇ ਆਪਣੇ ਬੱਚਿਆਂ ਨੂੰ ਵੀ ਇਹੀ ਕੁਝ ਸਿਖਾਇਆ। ਉਸ ਦੇ ਅਸਰ ਹੇਠ ਦੂਜਿਆਂ ਦੀ ਮਿਹਨਤ ’ਤੇ ਪਲ ਕੇ ਸੌਖਾ ਜੀਵਨ ਬਤੀਤ ਕਰਨ ਵਾਲੇ ਰਾਹ ਮਨ ਵਿਚੋਂ ਅਚੇਤ ਤੌਰ ’ਤੇ ਹੀ ਖਾਰਜ ਹੋ ਗਏ। ਦੂਸਰਾ ਘਰ ਤੋਂ ਬਾਹਰ ਲਹਿਰੇ ਗਾਗੇ ਦਾ ਮਾਹੌਲ ਸੀ ਜਿਸ ਵਿੱਚ ਗੁਰਸ਼ਰਨ ਭਾ ਜੀ ਦੇ ਨਾਟਕਾਂ ਦੇ ਬੋਲ ਅਤੇ ਹਰੀ ਸਿੰਘ ਤਰਕ ਅਤੇ ਘਣਸ਼ਾਮ ਜੋਸ਼ੀ ਵਰਗੇ ਸੁਹਿਰਦ ਇਨਸਾਨਾਂ ਦੀਆਂ ਸਰਗਰਮੀਆਂ ਦਾ ਅਸਰ ਛਾਇਆ ਰਹਿੰਦਾ ਸੀ। ਇਸ ਬਾਰੇ ਲੇਖਕ ਨੂੰ ਵੀ ਜਾਪਦਾ ਹੈ ਕਿ -ਗੁਰਸ਼ਰਨ ਸਿੰਘ ਹੋਰਾਂ ਵੱਲੋਂ ਪੇਸ਼ ਕੀਤੇ ਨਾਟਕ ‘ਧਮਕ ਨਗਾਰੇ ਦੀ’ ਵਿੱਚਲੇ ਦੁੱਲੇ ਦੇ ਬੋਲ ‘‘ਮੈਂ ਢਾਹਵਾਂ ਦਿੱਲੀ ਦੇ ਕਿੰਗਰੇ ਤੇ ਕਰਾਂ ਲਾਹੌਰ ਤਬਾਹ’’ ਮੇਰੇ ਬਾਲਮਨ ’ਤੇ ਉਕਰੇ ਗਏ। ਛੋਟੀ ਉਮਰੇ ਦੇਖੇ ਅਜਿਹੇ ਨਾਟਕਾਂ ਦਾ ਪ੍ਰਭਾਵ ਕਿਧਰੇ ਨਾ ਕਿਧਰੇ ਮੈਨੂੰ ਚੜ੍ਹਦੀ ਉਮਰੇ ‘ਦਿੱਲੀ ਦੇ ਕਿੰਗਰੇ ਢਾਹੁਣ’ ਵਾਲੇ ਰਾਹ ਤੋਰਨ ਵਿੱਚ ਜ਼ਰੂਰ ਸ਼ਾਮਲ ਰਿਹਾ ਹੈ।

ਸੋ ਲਹਿਰੇ ਗਾਗੇ ਦੇ ਰਾਜਨੀਤਕ-ਸਭਿਆਚਾਰਕ ਮਾਹੌਲ ਦੁਆਰਾ ਮਨ ਵਿੱਚ ਸੁਲਗਾਈ ਅਗਨੀ ਨੂੰ ਬੁਢਲਾਡੇ ਦੀ ਆਈ .ਟੀ. ਆਈ. ਵਿਚਲੀ ਪੰਜਾਬ ਸਟੂਡੈਂਟਸ ਯੂਨੀਅਨ ਦੀ ਇਕਾਈ ਨੇ ਇਨਕਲਾਬੀ ਲਾਟ ਵਿੱਚ ਤਬਦੀਲ ਕਰ ਦਿੱਤਾ। ਉਸ ਵਕਤ ਪੀ. ਐੱਸ. ਯੂ. ਦਾ ਅਜੇ ਪੂਰਾ ਦਬਦਬਾ ਸੀ ਜਿਸ ਵੱਲੋਂ ਗੁੰਡਾਗਰਦੀ ਅਤੇ ਫਿਰਕੂ ਦਹਿਸ਼ਤਗਰਦ ਸੋਚ ਨੂੰ ਤਕੜੀ ਟੱਕਰ ਦਿੱਤੀ ਜਾਂਦੀ ਸੀ। 1980 ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਹੋਰ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਵਧੇ ਬੱਸ ਕਿਰਾਇਆਂ ਖਿਲਾਫ਼ ਬਹੁਤ ਜੋਰਦਾਰ ਘੋਲ ਲੜਿਆ ਗਿਆ ਜਿਸ ਵਿੱਚ ਲੇਖਕ ਨੇ ਸਰਗਰਮ ਕਾਰਕੁੰਨ ਵਜੋਂ ਖਾੜਕੂ ਰੋਲ ਅਦਾ ਕੀਤਾ। ਇਸ ਘੋਲ ਦੌਰਾਨ ਕੁਝ ਵੱਡੀਆਂ ਘਟਨਾਵਾਂ ਵੀ ਵਾਪਰੀਆਂ ਜਿਵੇਂ ਪਿੰਡ ਰੱਲਾ ਵਿਖੇ ਲਾਏ ਜਾਮ ਦੌਰਾਨ ਲਾਭ ਸਿੰਘ ਨਾਂ ਦਾ ਨੌਜਵਾਨ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋ ਗਿਆ ਜਿਸ ਦਾ ਪੁਲੀਸ ਨੇ ਲੋਕਾਂ ਤੋਂ ਚੋਰੀ ਚੋਰੀ ਬੁਢਲਾਡਾ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੀ.ਐੱਸ.ਯੂ. ਦੇ ਸਥਾਨਕ ਆਗੂ ਨਾਜ਼ਰ ਬਾਗੀ ਹੋਰਾਂ ਨੂੰ ਇਸਦਾ ਪਤਾ ਲੱਗ ਗਿਆ ਜੋ ਅੱਧਸੜੀ ਲਾਸ਼ ਨੂੰ ਉਥੋਂ ਕੱਢ ਲਿਆਏ। ਫਿਰ ਕਿਵੇਂ ਹਜ਼ਾਰਾਂ ਨੌਜਵਾਨਾਂ ਦੇ ਰੋਹ ਭਰਪੂਰ ਕਾਫ਼ਲੇ ਨੇ ਸ਼ਹੀਦ ਦਾ ਸਸਕਾਰ ਕੀਤਾ ਅਤੇ ਆਗੂਆਂ ਨੂੰ ਫੜਨ ਲਈ ਹਰਲ ਹਰਲ ਕਰਦੀ ਫਿਰਦੀ ਪੁਲੀਸ ਨੂੰ ਨੇੜੇ ਨਾ ਢੁੱਕਣ ਦਿੱਤਾ ਗਿਆ। ਇਸ ਸਾਰੇ ਘਟਨਾਕ੍ਰਮ ਵਿੱਚ ਲੇਖਕ ਦਾ ਸਰਗਰਮ ਰੋਲ ਰਿਹਾ ਹੋਣ ਕਰਕੇ, ਇਸ ਦੇ ਵਿਸਥਾਰਪੂਰਵਕ ਵੇਰਵੇ ਪੁਸਤਕ ਵਿੱਚ ਦਰਜ ਹਨ। ਇਸ ਘੋਲ ਦੌਰਾਨ ਲੇਖਕ ਨੂੰ ਦੋ ਵਾਰ ਜੇਲ੍ਹ ਯਾਤਰਾ ਵੀ ਕਰਨੀ ਪਈ। ਇਸ ਤੋਂ ਇਲਾਵਾ ਇਨ੍ਹਾਂ ਯਾਦਾਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁੰਡਾ ਅਨਸਰਾਂ ਖਿਲਾਫ਼ ਲੜੀਆਂ ਲੜਾਈਆਂ ਦਾ ਜ਼ਿਕਰ ਹੈ ਜਿਨ੍ਹਾਂ ਵਿੱਚ ਲੇਖਕ ਕਮਜ਼ੋਰ ਸਰੀਰ ਦਾ ਹੋਣ ਦੇ ਬਾਵਜੂਦ ਗਹਿਗੱਡਵਾਂ ਭਾਗ ਲੈਂਦਾ ਰਿਹਾ ਅਤੇ ਜਥੇਬੰਦਕ ਤਾਕਤ ਦੇ ਜ਼ੋਰ ਨਾਲ ਅਜਿਹੇ ਅਨਸਰਾਂ ਨੂੰ ਨੱਥ ਪਾਉਂਦੇ ਰਹੇ।

ਇਨਕਲਾਬੀ ਜਥੇਬੰਦੀਆਂ ਵਿੱਚ ਕੰਮ ਕਰਦੇ ਰਹੇ ਕਾਰਕੁੰਨਾਂ ਨੂੰ ਪਤਾ ਹੈ ਕਿ ਸੰਘਰਸ਼ ਦੇ ਦੌਰਾਂ ਵਿੱਚ ਸਰਗਰਮ ਕਾਰਕੁੰਨਾਂ ਨੂੰ ਆਪਣੇ ਸਰੀਰਾਂ ’ਤੇ ਕਾਫੀ ਕੁਝ ਝੱਲਣਾ ਪੈਂਦਾ ਹੈ। ਵਿਦਿਆਰਥੀ ਅਤੇ ਨੌਜਵਾਨ ਜਥੇਬੰਦੀਆਂ ਦੇ ਵਰਕਰ ਜਵਾਨੀ ਦੇ ਜ਼ੋਰ ਵਿੱਚ ਇਨ੍ਹਾਂ ਤਕਲੀਫ਼ਾਂ ਨੂੰ ਗੌਲਦੇ ਨਹੀਂ ਪਰ ਰਣਜੀਤ ਲਹਿਰੇ ਦਾ ਕੇਸ ਕੁਝ ਵੱਖਰੀ ਤਰ੍ਹਾਂ ਦਾ ਸੀ। ਉਸ ਦੇ ਦਿਲ ਵਿੱਚ ਇੱਕ ਛੇਕ ਸੀ ਜਿਸ ਕਰਕੇ ਗੰਦਾ ਅਤੇ ਸਾਫ ਖ਼ੂਨ ਆਪਸ ਵਿੱਚ ਮਿਕਸ ਹੋ ਜਾਂਦੇ ਸਨ। ਇਸ ਕਾਰਨ ਲੇਖਕ ਦੀ ਸਿਹਤ ਜਮਾਂਦਰੂ ਤੌਰ ’ਤੇ ਕਮਜ਼ੋਰ ਸੀ ਅਤੇ ਉਸ ਵਿੱਚ ਸਾਹ ਚੜ੍ਹਨ ਅਤੇ ਸਰੀਰ ਨੀਲਾ ਹੋਣ ਵਰਗੀਆਂ ਅਲਾਮਤਾਂ ਅਕਸਰ ਪ੍ਰਗਟ ਹੁੰਦੀਆਂ ਰਹਿੰਦੀਆਂ ਸਨ। ਜਥੇਬੰਦਕ ਕੰਮਾਂ ਵਿੱਚ ਭੱਜ ਨੱਠ ਕਰਨ ਨਾਲ ਇਹ ਤਕਲੀਫ਼ਾਂ ਕਾਫੀ ਵਧ ਜਾਂਦੀਆਂ ਸਨ। ਬਹੁਤ ਚਿਰ ਤੱਕ ਇਸ ਤਕਲੀਫ਼ ਦਾ ਕਾਰਣ ਪਤਾ ਨਾ ਲੱਗਿਆ। ਲੇਖਕ ਬੜੇ ਰੌਚਿਕ ਢੰਗ ਨਾਲ ਦੱਸਦਾ ਹੈ ਕਿ ਕਿਵੇਂ ਉਸ ਦੇ ਸਾਥੀ ਉਸ ਨੂੰ ਚੰਗੀ ਖੁਰਾਕ ਖੁਆਉਣ ਜਾਂ ਕਸਰਤ ਆਦਿ ਕਰਵਾ ਕੇ ਉਸ ਦੀ ਸਿਹਤ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਸਨ। ਆਪਣੇ ਵੱਲੋਂ ਇਹ ਉਪਾਅ ਉਹ ਪੂਰੀ ਸੁਹਰਿਦਤਾ ਨਾਲ ਕਰਦੇ ਸਨ ਪਰ ਇਸ ਦਾ ਕੋਈ ਸਾਰਥਿਕ ਸਿੱਟਾ ਨਾ ਨਿਕਲਦਾ। ਆਖਰ 1983 ਵਿੱਚ ਡਾ. ਗੁਰਪ੍ਰੀਤ ਸਿੰਘ ਸਿੱਧੂ ਨੇ ਉਸ ਦੀ ਸਰੀਰਕ ਸਮੱੱਸਿਆ ਦੀ ਮੂਲ ਜੜ੍ਹ ਲੱਭੀ ਕਿ ਉਸ ਦੇ ਦਿਲ ਵਿੱਚ ਛੇਕ ਹੈ ਜਿਸ ਕਰਕੇ ਥੋੜ੍ਹੀ ਵੱਧ ਸਰੀਰਕ ਮਿਹਨਤ ਕਰਨ ਨਾਲ ਤਕਲੀਫ਼ ਸ਼ੁਰੂ ਹੋ ਜਾਂਦੀ ਹੈ। ਚਾਹੇ ਇਸ ਸਟੇਜ ’ਤੇ ਅਪ੍ਰੇਸ਼ਨ ਕਰਕੇ ਛੇਕ ਤਾਂ ਬੰਦ ਨਾ ਕੀਤਾ ਜਾ ਸਕਿਆ ਪਰ ਇਹ ਜਰੂਰ ਪਤਾ ਲੱਗ ਗਿਆ ਕਿ ਲੇਖਕ ਨੂੰ ਕਸਰਤ ਦੀ ਨਹੀਂ ਸਗੋਂ ਸਰੀਰਕ ਆਰਾਮ ਦੀ ਜਰੂਰਤ ਹੈ। ਵੈਸੇ ਪਾਠਕ ਇਸ ਵਰਣਨ ਤੋਂ ਇਹ ਸਬਕ ਜਰੂਰ ਲੈ ਸਕਦਾ ਹੈ ਕਿ ਜਿੰਨਾਂ ਚਿਰ ਕਿਸੇ ਮਸਲੇ ਦਾ ਮੂਲ ਕਾਰਨ ਨਹੀਂ ਲੱਭਿਆ ਜਾਂਦਾ ਉਨਾਂ ਚਿਰ ਸੁਹਰਿਦਤਾ ਨਾਲ ਕੀਤੀਆਂ ਸਰਗਰਮੀਆਂ ਹੀ ਵਿਅਰਥ ਨਹੀਂ ਜਾਂਦੀਆਂ ਹਨ ਸਗੋਂ ਕਈ ਵਾਰ ਉਲਟ ਸਿੱਟੇ ਵੀ ਕੱਢਦੀਆਂ ਹਨ, ਜਿਵੇਂ ਕਿ ਲੇਖਕ ਦੀ ਸਿਹਤ ਦੇ ਮਾਮਲੇ ਵਿੱਚ ਹੋਇਆ।

ਸਿਹਤ ਦੀ ਸਮੱਸਿਆ ਦਾ ਪਤਾ ਚੱਲ ਜਾਣ ’ਤੇ ਕੰਮ ਦਾ ਖੇਤਰ ਬਦਲ ਕੇ ਲਿਖਣ ਪੜ੍ਹਨ ਵਾਲੇ ਪਾਸੇ ਕਰ ਲਿਆ ਗਿਆ ਚਾਹੇ ਨਾਲ ਨਾਲ ਜਥੇਬੰਦਕ ਕਾਰਜ ਵੀ ਚਲਦੇ ਰਹੇ। ਇਨਕਲਾਬੀ ਸੋਚ ਅਤੇ ਸਾਹਿਤ ਨੇ ਲਾ-ਇਲਾਜ ਬਿਮਾਰੀ ਦਾ ਪਤਾ ਲੱਗਣ ਦੇ ਬਾਵਜੂਦ ਨਿਰਾਸ਼ਤਾ ਨਹੀਂ ਆਉਣ ਦਿੱਤੀ। ਦੋਵਾਂ ਅੱਖਾਂ ਦੀ ਜੋਤ ਗਵਾ ਲੈਣ ਅਤੇ ਜੋੜਾਂ ਦੀਆਂ ਲਗਾਤਾਰ ਪੀੜਾਂ ਮਹਿਸੂਸ ਕਰਦਾ ਮੰਜੀ ਨਾਲ ਜੁੜਿਆ ਸਰੀਰ ਹੋਣ ਦੇ ਬਾਵਜੂਦ ‘ਕਬਹੂੰ ਨਾ ਛਾਡੈ ਖੇਤ’ ਵਰਗੀ ਸ਼ਾਹਕਾਰ ਰਚਨਾ ਕਰਨ ਵਾਲਾ ਨਿਕੋਲਾਈ ਆਸਤ੍ਰੋਵਸਕੀ ਅਤੇ ਜੰਗ ਵਿੱਚ ਦੋਵੇਂ ਲੱਤਾਂ ਕੱਟੀਆਂ ਜਾਣ ਬਾਅਦ ਵੀ ਜੰਗੀ ਹਵਾਈ ਜਹਾਜ਼ ਚਲਾਉਣ ਵਾਲੇ ‘ਅਸਲੀ ਇਨਸਾਨ ਦੀ ਕਹਾਣੀ’ ਦਾ ਨਾਇਕ ਉਸ ਲਈ ਪ੍ਰੇਰਣਾ ਸ੍ਰੋਤ ਬਣੇ ਜਿਨ੍ਹਾਂ ਦੀਆਂ ਸਰੀਰਕ ਤਕਲੀਫ਼ਾਂ ਮੂਹਰੇ ਉਸ ਦੀ ਤਕਲੀਫ਼ ਤਾਂ ਬਹੁਤ ਛੋਟੀ ਸੀ। ਸੋ ਉਸ ਨੇ ਕਲਮ ਦਾ ਮੋਰਚਾ ਸੰਭਾਲ ਕੇ ‘ਕੌਮਾਂਤਰੀ ਰਾਜਨੀਤੀ’ ‘ਪਰਚੰਡ ਲਹਿਰ’ ਅਤੇ ‘ਲਾਲ ਪਰਚਮ’ ਦੇ ਸੰਪਾਦਕੀ ਮੰਡਲਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿਚੋਂ ਆਖਰੀ ਪਰਚੇ ਨਾਲ ਉਹ ਹੁਣ ਵੀ ਸਬੰਧਿਤ ਹੈ।

ਖ਼ਰਾਬ ਸਿਹਤ ਦੇ ਬਾਵਜੂਦ ਉਹ ਜਥੇਬੰਦਕ ਕਾਰਜਾਂ ਤੋਂ ਟੁੱਟ ਕੇ ਕੇਵਲ ਲਿਖਣ ਤੱਕ ਸੀਮਿਤ ਨਹੀਂ ਹੋਇਆ। ਅਸਲ ਵਿੱਚ ਖ਼ੁਦ ਅਮਲ ਵਿੱਚ ਪਏ ਤੋਂ ਬਿਨਾਂ ਇਨਕਲਾਬੀ ਸੋਚ ਨਾਲ ਸਬੰਧਿਤ ਲਿਖਤਾਂ ਲਿਖੀਆਂ ਹੀ ਨਹੀਂ ਜਾ ਸਕਦੀਆਂ। ਸੋ ਰਣਜੀਤ ਲਹਿਰਾ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਬਾਅਦ ਇਨਕਲਾਬੀ ਕੇਂਦਰ ਨਾਲ ਜੁੜ ਗਏ ਜਿਸ ਦੀ ਅਗਵਾਈ ਵਿੱਚ ਫਿਰਕੂ ਦਹਿਸ਼ਤਗਰਦੀ ਦੇ ਕਾਲੇ ਦੌਰ ਵਿੱਚ ਇਨਕਲਾਬੀ ਸੋਚ ਦੀਆਂ ਮਸ਼ਾਲਾਂ ਲੈ ਕੇ ਕਾਫ਼ਲੇ ਚਲਦੇ ਰਹੇ। 1990 ਬਾਅਦ ਤਾਂ ਉਸ ਨੇ ਇਨਕਲਾਬੀ ਕੇਂਦਰ ਦੇ ਕਨਵੀਨਰ ਦੀ ਜਿੰਮੇਵਾਰੀ ਵੀ ਨਿਭਾਈ।

ਆਮ ਕਰਕੇ ਸਵੈ-ਜੀਵਨੀਆਂ ਜਾਂ ਜੀਵਨ ਯਾਦਾਂ ਤਥਾਕਥਿਤ ਵੱਡੇ ਬੰਦਿਆਂ ਜਾਂ ਸਥਾਪਿਤ ਲੇਖਕਾਂ ਵੱਲੋਂ ਲਿਖੀਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਅਕਸਰ ਸਨਸਨੀਖੇਜ ਗੱਲਾਂ ਲਿਖੀਆਂ ਜਾਂਦੀਆਂ ਹਨ। ਇਸ ਪੁਸਤਕ ਵਿੱਚ ਅਜਿਹੀ ਖਚਰ-ਵਿੱਦਿਆ ਨਜ਼ਰ ਨਹੀਂ ਆਉਂਦੀ। ਇਹ ਪੁਸਤਕ ਉਸ ਦੇ ਆਪਣੇ ਜੀਵਨ ਉੱਤੇ ਇੱਕ ਝਾਤ ਹੈ, ਪਰ ਇਹ ਇੱਕ ਬਿਲਕੁਲ ਨਿਰਛੱਲ ਝਾਤ ਹੈ। ਇਹ ਨਿਰਛੱਲਤਾ ਹੀ ਇਸ ਨੂੰ ਹੋਰ ਸਵੈਜੀਵਨੀ ਨੁਮਾ ਲਿਖਤਾਂ ਤੋਂ ਵੱਖਰਿਆਉਂਦੀ ਹੈ। ਪੁਸਤਕ ਵਿੱਚ ਲਿਖੀਆਂ ਯਾਦਾਂ ਖੱਬੀ ਲਹਿਰ ਨਾਲ ਜੁੜੇ ਸਾਰੇ ਕਾਰਕੁੰਨਾਂ ਨੂੰ ਆਪਣੀਆਂ ਕਹਾਣੀਆਂ ਲੱਗ ਸਕਦੀਆਂ ਹਨ। ਇਸ ਤਰ੍ਹਾਂ ਰਣਜੀਤ ਲਹਿਰਾ ਨੇ ਕੇਵਲ ਆਪਣੇ ਜੀਵਨ ਨਾਲ ਜੁੜੀਆਂ ਕਹਾਣੀਆਂ ਨੂੰ ਹੀ ਸਾਂਝਾ ਨਹੀਂ ਕੀਤਾ ਸਗੋਂ ਜੀਵਨ ਦੇ ਇਨ੍ਹਾਂ ਰਾਹਾਂ ’ਤੇ ਚੱਲਣ ਵਾਲੇ ਹੋਰ ਹਮਸਫ਼ਰਾਂ ਦੇ ਜੀਵਨ ਤਜ਼ਰਬਿਆਂ ਨੂੰ ਵੀ ਆਪਣੀਆਂ ਯਾਦਾਂ ਦੇ ਬਹਾਨੇ ਪੇਸ਼ ਕੀਤਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ