ਪ੍ਰਕਾਸ਼ਨ: ਤਰਕਭਾਰਤੀ ਪ੍ਰਕਾਸ਼ਨ
ਕੀਮਤ: 170/- ਰੁਪਏ
ਉਹ ਲੋਕ ਹੀ ਇਹ ਆਖਦੇ ਹਨ ਕਿ ਵਰਤਮਾਨ ਸਮਿਆਂ ਵਿਚ ਸਾਹਿਤ ਦੀ ਕੋਈ ਸਮਾਜਕ/ਰਾਜਨੀਤਕ ਪ੍ਰਾਸੰਗਿਕਤਾ ਨਹੀਂ ਰਹੀ, ਜਿਹਨਾਂ ਨੇ ਅਜਮੇਰ ਸਿੱਧੂ ਦੀਆਂ ਕਹਾਣੀਆਂ ਨਹੀਂ ਪੜ੍ਹੀਆਂ। ਅਜਮੇਰ ਸਿੱਧੂ ਵਰਤਮਾਨ ਸਮਿਆਂ ਦੀ ਕੇਵਲ ਨਬਜ਼ ਹੀ ਨਹੀਂ ਪਛਾਣਦਾ, ਉਹਨਾਂ ਦੇ ਵਹਿਣ ਨੂੰ ਮੋੜਨ ਦੀ ਜ਼ੁੱਰਅਤ ਵੀ ਰੱਖਦਾ ਹੈ।
ਅਜੇਹਾ ਉਹ ਤਕਨੀਕ ਦੀ ਪੱਧਰ ਤੇ ਕਰਦਾ ਹੈ। ਉਸ ਦੀ ਇਕੋ ਕਹਾਣੀ ਵਿਚ ਦੋ ਕਹਾਣੀਆਂ ਹੁੰਦੀਆਂ ਹਨ। ਪਹਿਲੀ ਕਹਾਣੀ ਵਿਚ ਉਹ ਵਿਵਸਥਾ ਨੂੰ ਬਿਆਨ ਕਰਦਾ ਹੈ ਅਤੇ ਦੂਸਰੀ ਰਾਹੀਂ ਉਸੇ ਵਿਵਸਥਾ ਨੂੰ ਵਿਸਥਾਪਿਤ ਕਰਦਾ ਚਲਿਆ ਜਾਂਦਾ ਹੈ। ‘ਸ਼ਾਇਦ ਰੰਮੀ ਮੰਨ ਜਾਏ’ ਦੀ ਅਗਰਭੂਮੀ ਤੇ ਪਈ ਕਹਾਣੀ ਵਿਚ ਘਰ ਦੀਆਂ ਤੰਗੀਆਂ ਦੀ ਸਤਾਈ ਤਾਰੋ ਆਪਣੀ ਧੀ ਰੰਮੀ ਨੂੰ ਦੇਹ ਦੇ ਧੰਦੇ ਲਈ ਮਨਾਉਣ ਦੀ ਕੋਸ਼ਿਸ ਕਰਦੀ ਹੈ। ਕਹਾਣੀਕਾਰ ਦੀ ਉਸਤਾਦੀ ਇਸ ਕਹਾਣੀ ਦੀ ਪੇਸ਼ਕਾਰੀ ਵਿਚ ਨਹੀਂ। ਉਸ ਵਿਧਾ ਵਿਚ ਹੈ, ਜਿਸ ਰਾਹੀਂ ਉਹ ਇਸ ਪੇਸ਼ਕਾਰੀ ਦੀਆਂ ਤ੍ਰੇੜਾਂ ਅੰਦਰ ਗੁਪਤ ਰੂਪ ਵਿਚ ਹੀ ਦੂਜੀ ਕਹਾਣੀ ਐਨਕੋਡ ਕਰ ਦਿੰਦਾ ਹੈ ਜਿਸ ਰਾਹੀਂ ਉਹ ਉਸ ਵਿਵਸਥਾ ਦੇ ਨਿਰਮਾਣ ਪਿੱਛੇ ਕੰਮ ਕਰ ਰਹੀ ਰਾਜਨੀਤੀ ਨੂੰ ਨੰਗਿਆਂ ਕਰਦਾ ਹੈ, ਜਿਹੜੀ ਵਿਵਸਥਾ ਤਾਰੋ ਨੂੰ ਆਪਣੀ ਧੀ ਤੋਂ ਧੰਦਾ ਕਰਵਾਉਣ ਲਈ ਮਜ਼ਬੂਰ ਕਰ ਰਹੀ ਸੀ।
ਦ੍ਰਿਸ਼ਟੀਗੋਚਰ ਕਹਾਣੀ ਵਿਚ, ਪੰਜਾਬ ਦੀ ਸਮਕਾਲੀ ਵਿਵਸਥਾ ਵਿਚ ਆ ਰਹੀਆਂ ਸਮਾਜ-ਸਭਿਆਚਾਰਕ ਤਬਦੀਲੀਆਂ, ਕ੍ਰਾਂਤੀਕਾਰੀ ਵਿਚਾਰਾਂ ਵਾਲੇ ਸੱਤੇ ਦੀ ਭੈਣ ਤਾਰੋ ਦਾ ਉਲਟ ਦਿਸ਼ਾ ਵਿਚ ਪੁਨਰਲੇਖਣ ਕਰ ਰਹੀਆਂ ਹਨ, ਪਰ ਲੇਖਕ ਦੁਆਰਾ ਪਹਿਲੀ ਕਹਾਣੀ ਵਿਚ ਐਨਕੋਡ ਕੀਤੀ ਗਈ ਦੂਜੀ ਕਹਾਣੀ, ਜੋ ਪਾਠਕਾਂ ਦੇ ਮਨਾਂ ਅੰਦਰ ਹੀ ਰੂਪ ਅਖਤਿਆਰ ਕਰਦੀ ਹੈ, ਵਿਚ ਤਾਰੋ ਇਹਨਾਂ ਤਬਦੀਲੀਆਂ ਪਿੱਛੇ ਕੰਮ ਕਰ ਰਹੀਆਂ ਆਰਥਕ-ਰਾਜਨੀਤਕ ਸ਼ਕਤੀਆਂ ਨੂੰ ਨੰਗਿਆਂ ਕਰਕੇ ਵਿਸਥਾਪਿਤ ਕਰ ਦਿੰਦੀ ਹੈ। ਜਿਹੜਾ ਸਮਾਜ ਤਾਰੋ ਨੂੰ ਕੰਸਟਰਕਟ ਕਰ ਰਿਹਾ ਸੀ, ਤਾਰੋ ਉਸੇ ਨੂੰ ਡੀਕੰਸਟਰਕਟ ਕਰਦੀ ਹੈ।
ਘਟਨਾਵਾਂ ਤਾਂ ਉਹੀ ਹਨ। ਪਰ ਉਹ ਇੱਕੋ ਕਹਾਣੀ ਅੰਦਰ ਮੌਜੂਦ ਦੋਨੋਂ ਕਹਾਣੀਆਂ ਵਿਚ ਤਰਕ ਵੱਖੋ ਵੱਖਰੇ ਉਸਾਰਦੀਆਂ ਹਨ। ਹਰ ਘਟਨਾ ਦੋ ਵਿਰੋਧੀ ਅਰਥ-ਪ੍ਰਬੰਧ ਨਹੀਂ, ਦੋ ਵਿਰੋਧੀ ਤਰਕ-ਪ੍ਰਬੰਧ ਉਸਾਰਦੀ ਹੈ। ਦੋ ਵਿਰੋਧੀ ਤਰਕ ਪ੍ਰਬੰਧਾਂ ਨੂੰ ਇਕੋ ਬਿਰਤਾਂਤ ਵਿਚ ਗੁਨ੍ਹਣ ਦੀ ਇਸ ਜੁਗਤ ਕਾਰਨ ਹੀ ਉਸਦੀ ਕਹਾਣੀ ਕਲਾ ਸਮਾਜਕ ਪ੍ਰਾਸੰਗਿਕਤਾ ਹਾਸਲ ਕਰਦੀ ਹੈ; ਪਾਠਕਾਂ ਅੰਦਰ ਵਿਵਸਥਾ ਨਾਲ ਟਕਰਾਉਣ ਦੀ ਜੁਰਅਤ ਪੈਦਾ ਕਰਦੀ ਹੈ। ਉਸਦੀਆਂ ਕਹਾਣੀਆਂ ਰਾਜਨੀਤੀ ਸਿਖਾਉਂਦੀਆਂ ਨਹੀਂ, ਰਾਜਨੀਤੀ ਕਰਦੀਆਂ ਹਨ।