(ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, 6-ਗੁਰੂ ਕੀ ਨਗਰੀ, ਬਠਿੰਡਾ)
ਕਰਨੈਲ ਸਿੰਘ ਪਾਰਸ (ਰਾਮੂਵਾਲੀਆ) ਪੰਜਾਬੀ ਕਵੀਸ਼ਰੀ ਅਤੇ ਕਿੱਸਾਕਾਰੀ `ਚ ਵੱਡਾ ਨਾਮ ਹੈ। ਬਚਪਨ ਵਿੱਚ ਅਸੀਂ ਉਸ ਦੇ ਕਵੀਸ਼ਰੀ ਜੱਥੇ ਦਾ ਰੀਕਾਰਡ ਸੁਣਦੇ ਹੁੰਦੇ ਸੀ, ਕਿਉਂ ਫੜੀ ਸਿਪਾਹੀਆਂ ਨੇ, ਭੈਣੋਂ ਇਹ ਹੰਸਾਂ ਦੀ ਜੋੜੀ। ਮੇਲਿਆਂ ਉੱਤੇ ਬਾਪੂ ਪਾਰਸ ਦੇ ਕਿੱਸੇ ਵੀ ਵਿਕਦੇ ਦੇਖੇ ਤੇ ਪੜ੍ਹੇ। ਹੁਣ ਪੁਸਤਕ ਰੂਪ ਵਿੱਚ ਮੈਨੂੰ ਪਹਿਲੀ ਵਾਰ ਉਸ ਦਾ ਕਿੱਸਾ ‘ਬਾਗ਼ੀ ਸੁਭਾਸ਼’, ਡਾਕਟਰ ਲਾਭ ਸਿੰਘ ਖੀਵਾ ਰਾਹੀਂ ਪ੍ਰਾਪਤ ਹੋਇਆ ਹੈ ਜਿਸ ਨੂੰ, ਇਕਬਾਲ ਰਾਮੂਵਾਲੀਆ ਦੇ ਮੁੱਖਬੰਧ ਮੁਤਾਬਿਕ, ਬਾਪੂ ਪਾਰਸ ਨੇ 1945 ਦੇ ਇਰਦ ਗਿਰਦ ਲਿਖਿਆ ਅਤੇ ਛਾਪਿਆ।
ਇਹ ਕਿੱਸਾ ਇਸ ਤੱਥ ਦੀ ਪੁਸ਼ਟੀ ਕਰਦਾ ਹੈ ਕਿ ਪਾਰਸ ਆਪਣੇ ਸਮਕਾਲ ਦੀ ਕਿੱਸਾਕਾਰੀ ਨਾਲੋਂ ਅਚੇਤ ਜਾਂ ਸੁਚੇਤ ਤੌਰ `ਤੇ ਵੱਖਰੀ ਪਛਾਣ ਬਣਾਉਣ ਵੱਲ ਰੁਚਿਤ ਸੀ। ਇਸ ਕਿੱਸੇ ਦੇ ਸੰਬੰਧ ਵਿੱਚ ਪਹਿਲੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਕ੍ਰਾਂਤੀਕਾਰੀ ਨਾਇਕ ਸੁਭਾਸ਼ ਬੋਸ ਦੀ ਜਿ਼ੰਦਗੀ ਨੂੰ ਕਵਿਤਾ ਵਿੱਚ ਚਿਤਰਦਾ ਇੱਕੋ ਇੱਕ ਕਿੱਸਾ ਸਿਰਫ਼ ਬਾਪੂ ਪਾਰਸ ਨੇ ਹੀ ਲਿਖਿਆ ਹੈ।
ਦੂਜੀ ਖ਼ਾਸ ਗੱਲ ਇਹ ਹੈ ਕਿ ਕਰਨੈਲ ਸਿੰਘ ਪਾਰਸ ਨੇ ਇਸ ਕਿੱਸੇ ਨੂੰ ਬੇਸ਼ੱਕ ਰਵਾਇਤੀ ਬੈਂਤ ਛੰਦ ਵਿੱਚ ਕਲਮਬੱਧ ਕੀਤਾ ਹੈ ਪ੍ਰੰਤੂ ਵਿਸ਼ੇ, ਤਖ਼ੱਈਅਲ ਦੀ ਪਰਵਾਜ਼, ਅਤੇ ਕਾਵਿਕ ਗੁਣਾਂ ਦੇ ਪੱਖੋ ਇਹ ਕਿੱਸਾ 60-65 ਸਾਲ ਪਹਿਲਾਂ ਲਿਖੇ ਜਾਣ ਦੇ ਬਾਵਜੂਦ ਅੱਜ ਵੀ ਨਵਾਂ ਹੀ ਜਾਪਦਾ ਹੈ ਅਤੇ ਬਾਪੂ ਪਾਰਸ ਦੀ ਕਾਵਿ ਸਮਰੱਥਾ ਦੀਆਂ ਅਨੇਕਾ ਪਰਤਾਂ ਖੋਲ੍ਹਦਾ ਹੈ। ਮਸਲਨ, ਜਿੱਥੇ ਆਮ ਕਿੱਸਾਕਾਰ ਰਚਨਾ ਦੇ ਸ਼ੁਰੂ ਵਿੱਚ ਪ੍ਰਭੂ ਦੀ ਉਸਤਤ ਵਜੋਂ ਮੰਗਲਾਚਰਨ ਉਚਾਰਦੇ ਸਨ, ਬਾਪੂ ਪਾਰਸ ਦਾ ਮੰਗਲਾਚਰਨ ਮੂਲ਼ੋਂ ਹੀ ਅਲਹਿਦਾ ਰੂਪ ਵਿੱਚ ਪੇਸ਼ ਹੁੰਦਾ ਹੈ:
ਵਾਹੇ-ਗੁਰੂ ਐ ਗਾਡ ਭਗਵਾਨ ਰੱਬਾ, ਜ਼ਰਾ ਮੁੱਖ ਦਿਖਾਅ ਖ਼ੁਦਾ ਸਾਨੂੰ;
ਬਾਂਗ ਸੰਖ ਘੜਿਆਲ `ਤੇ ਗਿਰਗਿਟਾ ਤੂੰ,ਆਪੋ-ਵਿੱਚ ਨਾ ਪਿਆ
ਲੜਾਅ ਸਾਨੂੰ!
...
ਰਹੇ ਸਾਧ ਫ਼ਕੀਰ ਤੇ ਬ੍ਰਹਮਚਾਰੀ, ਤੇਰੇ ਨਾਮ `ਤੇ ਲੁੱਟ ਕੇ ਖਾਅ ਸਾਨੂੰ,
ਚੋਰ ਠੱਗ ਲੁਟੇਰੇ ਦੀ ਕਰੇਂ ਮੱਦਦ, ਤੇਰਾ ਬਦਲਿਆ ਦਿਸੇ ਸੁਭਾਅ ਸਾਨੂੰ।
ਇੰਝ ਇਸ ਕਿੱਸੇ ਦੇ ਮੁੱਢ `ਚ ਹੀ ਕਾਲਪਨਿਕ ਰੱਬ ਦੀ ਹੋਂਦ ਉੱਪਰ ਤਰਕਮਈ ਅੰਦਾਜ਼ ਵਿੱਚ ਅਣਗਿਣਤ ਕਟਾਖ਼ਸ਼ ਕਰਦਿਆਂ ਉਹ ਅੱਜ ਦੇ ਯੁੱਗ ਦੀ ਤਰਕਸ਼ੀਲ ਲਹਿਰ ਦੇ ਬੀਜ ਸੱਠ ਪੈਂਹਠ ਸਾਲ ਪਹਿਲਾਂ ਹੀ ਬੀਜ ਦਿੰਦਾ ਹੈ। ਇਸ ਦੇ ਨਾਲ ਹੀ ਰੱਬ ਦੇ ਨਾਮ `ਤੇ ਫਿਰਕਾਪ੍ਰਸਤੀ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਪੁਜਾਰੀ ਵਰਗ ਦੀ ਛਿੱਲ ਉਤਾਰਦਿਆਂ ਬਾਪੂ ਪਾਰਸ, ਦੇਸ਼ ਅਜ਼ਾਦੀ ਦੇ ਸੰਘਰਸ਼ ਵਿੱਚ ਅੰਗਰੇਜ਼ ਦੀ ਪਾੜੋ-ਰਾਜ-ਕਰੋ ਦੀ ਨੀਤੀ ਵੱਲ, ਵਾਰ ਵਾਰ ਸਪਸ਼ਟ ਸੰਕੇਤ ਕਰਦਾ ਹੈ: ਇੱਕ ਪਾਸੇ ਉਹ ਝੂਠੇ ਸ੍ਰੇਸ਼ਟਾਚਾਰ ਦੇ ਪਰਦੇ ਹੇਠ ਵਿਭਚਾਰ ਕਰਨ ਵਾਲੇ ਅਖੌਤੀ ਧਾਰਮਿਕ ਪੁਰਖਾਂ ਦੇ ਦੂਹਰੇ ਕਿਰਦਾਰ ਨੂੰ ਬੇਪਰਦ ਕਰਨ ਲਈ ਹੇਠ ਲਿਖੀਆਂ ਸਤਰਾਂ ਵਰਗੀ ਤਰਕਸ਼ੀਲਤਾ ਉਜਾਗਰ ਕਰਦਾ ਹੈ:
ਨਾਲ਼ ਬਾਂਦਰੀ ਕੰਬਲ਼ ਨੂੰ ਕਰਨ ਨਿੱਘਾ ਲਾਉਂਦੇ ਹਿੱਕ ਦੇ ਨਾਲ ਕਤੂਰੀਆਂ ਨੂੰ,
ਦਿਨੇਂ ਭਜਨ, ਰਾਤੀਂ ਸੇਵਾ ਤਿਆਗਣਾਂ ਦੀ, ਕਰਨਾ ਪੈਂਦਾ ਮੁਸ਼ੱਕਤਾਂ ਦੂਹਰੀਆਂ ਨੂੰ।
ਤੇ ਦੂਸਰੇ ਪਾਸੇ ਸਾਮਰਾਜੀ ਗੋਰਿਆਂ ਵੱਲੋਂ ਕੀਤੀ ਜਾਂਦੀ ਭਾਰਤੀ ਲੋਕਾਂ ਦੀ ਲੁੱਟ ਨੂੰ ਪੇਂਡੂ ਮੁਹਾਵਰੇ `ਚ ਲਪੇਟ ਕੇ ਕਮਾਲ ਦੀ ਸ਼ਾਇਰੀ ਰਾਹੀਂ ਪੇਸ਼ ਕਰਦਾ ਹੈ:
ਸਾਡੀ ਭੋਲਿ਼ਆਂ ਕਾਲਿ਼ਆਂ ਵਛੜਿਆਂ ਦੀ, ਰੱਤ ਚੂਸਗੀ ਲੰਡਨੀਂ ਜੋਕ ਯਾਰੋ;
ਦਾਣੇ ਭੁੰਨਦੀ ਹਿੰਦੀਆਂ ਸਾਡਿਆਂ ਦੀ, ਭੱਠੀ ਢਾਹ ਗਿਆ ‘ਦੂਧੀਆ’ ਬੋਕ ਯਾਰੋ।
ਏਸ ਕਾਵਿ ਵਿੱਚ ਬਾਪੂ ਪਾਰਸ ਗਾਂਧੀ ਦੀ ਦੂਹਰੇ ਕਿਰਦਾਰ ਵਾਲ਼ੀ ਸ਼ਾਂਤਮਈ ਨੀਤੀ ਉੱਤੇ ਵਾਰ ਵਾਰ ਕਟਾਖ਼ਸ਼ ਕਰਦਿਆਂ, ਹਥਿਆਰਬੰਦ ਆਜ਼ਾਦੀ ਸੰਘਰਸ਼ ਦੇ ਹੱਕ ਵਿੱਚ ਭੁਗਤਦਾ ਹੈ:
ਗਾਂਧੀ ਟੋਪੀ ਸਿਰ `ਤੇ ਹੋਕਾ ਸ਼ਾਂਤੀ ਦਾ, ਮੈਂ-ਮੈਂ ਭੇਡ ਦੀ ਅੰਦਰ ਬਘਿਆੜ ਮਿੱਤਰੋ!
ਦੇਖੀ ਗਾਂਧੀ ਦੀ ਬੱਕਰੀ ਮਾਸ ਖਾਂਦੀ, ਕਹਿੰਦੀ ਸ਼ੇਰਾਂ ਨੂੰ ਚਰੋ ਸਲਵਾੜ੍ਹ ਮਿੱਤਰੋ।
ਤਰਕਸ਼ੀਲਾ: (ਰੱਬ ਦੀ ‘ਸਿਫ਼ਤ’ ਕਰਦਿਆਂ)
ਬਹੁਤੀ ਵਾਰ ਹੈਂ ਡੋਬਦਾ ਧਰਮੀਆਂ ਨੂੰ; ਬੇੜੇ ਪਾਪਾਂ ਦੇ ਧੱਕ ਕੇ ਪਾਰ ਕਰਦਾ,
ਹਾੜੀ ਪੱਕੀ ਕਿਰਸਾਨ ਦੀ ਦੇਖ ਹੱਸੇਂ; ਲੈ ਕੇ ਕਾਕੜੇ ਫ਼ਸਲ `ਤੇ ਵਾਰ ਕਰਦਾ।
ਕਹਿੰਦੇ ਓਸ ਦੀ ਨਜ਼ਰ ਮੇਂ ਏਕ ਦੁਨੀਆਂ, ਲੇਕਿਨ ਵਿਤਕਰਾ ਆਪ ‘ਆਪਾਰ’ ਕਰਦਾ।
ਕਾਮਯਾਬੀਆਂ ਬਖ਼ਸ਼ਦੈਂ ਗੋਰਿਆਂ ਨੂੰ, ਕੰਮ ਗਾਂਧੀਆਂ ਦੇ ਹੈਂ ਦੁਸ਼ਵਾਰ ਕਰਦਾ।
ਪ੍ਰਗਤੀਵਾਦ:
ਮਸਲ਼ ਦੇਵੇਂ ਮਜ਼ਦੂਰ ਹੜਤਾਲੀਆਂ ਨੂੰ ਟਾਟੇ ਬਿਰਲਿਆਂ ਦੀ ਜੈ ਜੈ ਕਾਰ ਕਰਦਾ।
***
ਫਿਰਕੂਸਦਭਾਵਨਾ:
ਹਿੰਦੂ ਮੁਸਲਿਮ ਫ਼ਸਾਦ `ਤੇ ਫਿ਼ਰੇਂ ਖਿੜਿਆ, ਵਾਹ ਵਾਹ ਖੁਦਾ ਅਲਬੇਲਿਆ ਉਏ।
ਜਿੰਨ੍ਹਾਂ ਗੁੰਡਿਆਂ ਪੱਟ ਕਰੀਰ ਸੁੱਟੇ, ਕੱਟ ਤੈਨੂੰ ਵੀ ਦੇਣਗੇ ਕੇਲਿਆ ਉਏ।
ਤੇਰੇ ਹੁੰਦਿਆਂ ਹਿੰਦ ਵਿੱਚ ਰਾਤ ਕਾਲ਼ੀ, ਬੱਲੇ ਬੱਲੇ ਸਵੇਰ ਦੇ ਵੇਲਿਆ ਉਏ।
ਹਿੰਦੂ, ਮੁਸਲਮਾਂ, ਖ਼ਾਲਸੇ ਵੇਖ ਕੱਠੇ, ਤੇਰੀ ਹਿੱਕ ਉੱਤੇ ਨਾਗ ਮੇਲ੍ਹਿਆ ਉਏ।
ਇੰਝ ਬਾਪੂ ਪਾਰਸ ਸੁਭਾਸ਼ ਬੋਸ ਦੇ ਬਚਪਨ ਤੋਂ ਲੈ ਕੇ ਕਾਲਜ `ਚ ਪੜ੍ਹਨ, ਅਧਿਆਤਮਵਾਦੀ ਹੋਣ, ਨਾਸਤਕਿਤਾ ਵੱਲ ਵਧਣ, ਇਨਕਲਾਬੀ ਬਣਨ ਅਤੇ ਇੰਡੀਅਨ ਨੈਸ਼ਨਲ ਆਰਮੀ ਦੀ ਸਥਾਪਨਾ ਕਰ ਕੇ ਬਦੇਸ਼ਾਂ ਵਿੱਚੋਂ ਹਿੰਦੀ ਫੌਜੀਆਂ ਰਾਹੀਂ ਦੇਸ਼ ਆਜ਼ਾਦ ਕਰਾਉਣ ਦੇ ਸੰਘਰਸ਼ ਦੀ ਦਿਲ-ਟੁੰਬਵੀਂ ਕਹਾਣੀ ਨੂੰ ਅਣਛੋਹ ਤਸ਼ਬੀਹਾਂ, ਸ਼ਬਦ-ਚਿਤਰਾਂ ਅਤੇ ਅਲੰਕਾਰਾਂ ਵਿੱਚ ਗੁੰਨ੍ਹ ਕੇ, ਪੇਸ਼ ਕਰਦਿਆਂ, ਕਿੱਸਾਕਾਰੀ ਦੇ ਰਵਾਇਤੀ ਅੰਦਾਜ਼ ਤੋਂ ਆਪਣੇ ਆਪ ਨੂੰ ਵੱਖਰਾ ਕਰਦਾ ਹੈ।
ਇਸ ਰੌਚਿਕ ਅਤੇ ਬੁਲੰਦ ਕਾਵਿਕ ਅੰਦਾਜ਼ ਵਿੱਚ ਲਿਖੀ ਜੀਵਨ ਕਥਾ ਵਿੱਚ ਬਾਪੂ ਪਾਰਸ ਇੱਕ ਤਰਕਸ਼ੀਲ ਅਤੇ ਸ਼ੰਕਾਵਾਦੀ ਦੇ ਤੌਰ `ਤੇ ਪੇਸ਼ ਹੋਣ ਦੇ ਨਾਲ਼ ਨਾਲ਼, ਫਿ਼ਰਕਾਪ੍ਰਸਤੀ ਅਤੇ ਧਾਰਮਿਕ ਮੂਲਵਾਦ ਨੂੰ ਵਾਰ ਵਾਰ ਨਾਕਾਰਦਾ ਅਤੇ ਮਜ਼ਹਬੀ ਵਖਰੇਵਿਆਂ ਅਤੇ ਝਗੜਿਆਂ ਉੱਪਰ ਥਾਂ ਥਾਂ ਬੇਚੈਨ ਹੁੰਦਾ ਦਿਸਦਾ ਹੈ:
ਮਜ਼ਹਬੀ ਰੌਲ਼ੇ `ਤੇ ਝਾਟ-ਮਾਚੀਟ ਹੋਏ, ਲੜਦੇ ਰਹੇ ਬਣ ਭੂਤ ਬੇਤਾਲ ਆਪਾਂ
ਪਾਟੀ ਬੋਰੀ ਦੀ ਰੱਖਿਆ ਕਰਨ ਖ਼ਾਤਰ, ਦਿੱਤੇ ਰੇਸ਼ਮੀ ਸਾੜ ਰੁਮਾਲ ਆਪਾਂ
‘ਰਾਮ-ਰਾਮ’ ‘ਸਲਾਮ’ ਨੂੰ ਏਕ ਕਰ ਕੇ, ਜੋੜੋ ਵਿੱਚ ਸਤਿ ਸ੍ਰੀ ਆਕਾਲ ਆਪਾਂ
ਇਸ ਕਿੱਸੇ `ਚ ਸੁਭਾਸ਼ ਦਾ ਰੂਪੋਸ਼ ਹੋਣਾ, ਜਰਮਨ ਜਾਪਾਨ ਤੋਂ ਮੱਦਦ ਲੈਣੀ, ਆਜ਼ਾਦ ਹਿੰਦ ਫ਼ੌਜ ਖੜ੍ਹੀ ਕਰਨੀ, ਭਾਰਤੀਆਂ ਵੱਲੋਂ ਧਰਮ ਜਾਤ ਤੇ ਇਲਾਕਾਈ ਵਖਰੇਵੇਂ ਭੁਲਾਅ ਕੇ ਤਨ ਮਨ ਧਨ ਨਾਲ ਸੁਭਾਸ਼ ਨਾਲ਼ ਜੁੜ ਜਾਣ ਦੇ ਸਾਰੇ ਦਿਲਚਸਪ ਅਤੇ ਦਿਲ-ਕੰਬਾਊ ਵੇਰਵੇ ਹਨ ਜੋ ਨਿਰਾ ਇਤਿਹਾਸ ਹੈ ਜਿਸ ਤੋਂ ਪਾਰਸ ਦੇ ਅਥਾਹ ਗਿਆਨ, ਧਰਮ-ਨਿਰਪੱਖ ਨਜ਼ਰੀਏ, ਅਤੇ ਮਾਨਵਵਾਦੀ ਪਹੁੰਚ ਦੀ ਸੂਹ ਮਿਲਦੀ ਹੈ। ਮਾਲਵੇ ਦੀ ਠੇਠ ਪੰਜਾਬੀ `ਚ ਲਿਖੇ ਇਸ ਕਿੱਸੇ ਨੂੰ ਪੜ੍ਹਦਿਆਂ ਕਿੱਸਾਕਾਰੀ ਦਾ ਸਵਾਦ ਪਾਠਕ ਦੇ ਦਿਲੋ ਦਿਮਾਗ ਉੱਪਰ ਮੁੱਢ ਤੋਂ ਅਖ਼ੀਰ ਤੀਕਰ ਛਾਇਆ ਰਹਿੰਦਾ ਹੈ।
ਮੁੱਖਬੰਧ ਵਿੱਚ ਇਕਬਾਲ ਰਾਮੂਵਾਲੀਆ ਲਿਖਦਾ ਹੈ, “ਮੈਂ ਹੈਰਾਨ ਹਾਂ ਕਿ ਦੁਸ਼ਵਾਰੀਆਂ ਦੇ ਸੰਘਣੇ ਪਹਿਰੇ ਹੇਠ ਵਿਚਰਦਾ ਪਾਰਸ, ਰਵਾਇਤੀ ਕਵੀਸ਼ਰੀ ਨੂੰ ਵਿਲੱਖਣ ਮੁਹਾਂਦਰਾ ਦੇਣ... ਤਰਕਸ਼ੀਲ ਹੋਣ, ਅਤੇ ਜਾਤ ਪਾਤ ਦੇ ਨਾਲ਼ ਨਾਲ਼ ਵਹਿਮਾਂ ਭਰਮਾਂ ਤੋਂ ਮੁਕਤ ਹੋਣ ਵਰਗੇ ਕਾਰਨਾਮੇ ਕਰਨ ਵਿੱਚ ਸਫ਼ਲ ਕਿੰਝ ਹੋ ਗਿਆ,... (ਪਰ) ਉਸ ਨੂੰ ਇਸ ਹਕੀਕਤ ਦੀ ਸਮਝ ਆ ਗਈ ਸੀ ਕਿ ਕਵੀਸ਼ਰੀ ਦੇ ਹਟਵੇਂ ਮੁਹਾਂਦਰੇ ਨਾਲ਼ ਹੀ ਵੱਖਰੀ ਪਹਿਚਾਣ ਬਣਾਈ ਜਾ ਸਕਦੀ ਹੈ।” ਇਸ ਕਾਵਿ ਨੂੰ ਪੜ੍ਹਦਿਆਂ ਇਕਬਾਲ ਦੇ ਇਹ ਵਿਚਾਰ ਠੀਕ ਜਾਪਦੇ ਹਨ।
ਇਸ ਵਿਲੱਖਣ ਕਿੱਸੇ ਦਾ ਗਦਰ ਪਾਰਟੀ ਦੀ ਸ਼ਤਾਬਦੀ ਵੇਲ਼ੇ ਛਪਣਾ ਸ਼ਲਾਘਾਯੋਗ ਕਦਮ ਹੈ ਕਿਉਂਕਿ ਸੁਭਾਸ਼ ਬੋਸ ਅੰਦਰ ਅਜ਼ਾਦੀ ਦੀ ਚਿਣਗ ਜਗਾਉਣ ਵਾਲ਼ੀ ਪ੍ਰੇਰਨਾ ਲਈ ਗਦਰ ਲਹਿਰ ਨੂੰ ਵੀ ਇੱਕ ਪ੍ਰਮੁੱਖ ਸ੍ਰੋਤ ਵਜੋਂ ਜਾਣਿਆਂ ਜਾਂਦਾ ਹੈ।
ਕਿੱਸਾ ਕਾਵਿ ਤੇ ਸ਼ੌਕੀਨਾਂ ਅਤੇ ਸਾਹਿਤਕ ਖੋਜ-ਪੱਤਰ (ਥੀਸਿਸ) ਲਿਖਣ ਵਾਲੇ ਵਿਦਿਆਰਥੀ ਇਸ ਕਿੱਸੇ ਵਿਚੋਂ ਅਣਗਿਣਤ ਸੰਭਾਨਾਵਾਂ ਹਾਸਲ ਕਰ ਸਕਦੇ ਹਨ।
ਕਹਾਣੀਕਾਰ ਅਤਰਜੀਤ ਦੇ ਸਹਿਯੋਗ ਨਾਲ਼, ਨਿੰਦਰ ਘੁਗਿਆਣਵੀ ਦੀ ਮਿਹਨਤ ਨਾਲ਼, ਪਾਰਸ ਦੇ ਸ਼ਾਗਿਰਦਾਂ ਚਮਕੌਰ ਸੇਖੋਂ, ਕਰਨੈਲ ਸ਼ੇਰਪੁਰੀ, ਅਤੇ ਰਾਜਾ ਸਿੱਧੂ ਕਾਉਂਕੇ, ਤੇ ਧੀਆਂ ਚਰਨਜੀਤ-ਕਰਮਜੀਤ ਦੀ ਮਾਇਕ ਸਹਾਇਤਾ ਨਾਲ਼ ਪੁਨਰ-ਪ੍ਰਕਾਸ਼ਤ ਹੋਏ, ਕਿੱਸਾਕਾਰੀ ਦੀ ਰਵਾਇਤ ਵਿੱਚ ਵਿੱਲਖਣ ਸਥਾਨ ਰਖਦੇ ਇਸ ਕਾਵਿ ਦੀ ਪੁਨਰ-ਪਰਕਾਸ਼ਨਾ ਦਾ ਸਵਾਗਤ!
Lety
Wham bam thank you, ma'am, my qunesiots are answered!