ਦੁਨੀਆਂ ਦਾ ਸਭ ਤੋਂ ਵਿਵਾਦਤ ਨਾਵਲ ‘ਦਾ ਵਿੰਚੀ ਕੋਡ’ - ਤਨਵੀਰ ਕੰਗ
Posted on:- 21-04-2013
ਅਮਰੀਕਾ ਦਾ ਇੱਕ ਨਾਵਲਸਿਟ ਜੋ ਕਿ ਆਪਣੀਆਂ ਲਿਖਤਾਂ ਕਾਰਨ ਅਜੇ ਕੋਈ ਬਹੁਤ ਜ਼ਿਆਦਾ ਪ੍ਰਸਿੱਧ ਨਾਵਲਕਾਰ ਨਹੀਂ ਸੀ, ਸੰਨ ੨੦੦੩ ਵਿੱਚ ਆਪਣੇ ਇੱਕ ਮਿਸਟਰੀ ਨਾਵਲ ਨਾਲ ਸਾਰੇ ਯੂਰਪ ਵਿੱਚ ਅਤੇ ਖਾਸਕਰ ਪੂਰੇ ਈਸਾਈ ਜਗਤ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ, ਇੱਕ ਅਜਿਹਾ ਨਾਵਲ ਜਿਸ ਦੀ ਲੱਖਾਂ ਕਾਪੀ ਵਿਕੀ ਅਤੇ ਜੋ ਦੋ ਹੀ ਸਾਲ ਵਿੱਚ ਨਿਊਯਾਰਕ ਬੈਸਟ ਸੈਲਰ ਲਿਸਟ ਵਿੱਚ ਸ਼ਾਮਲ ਕੀਤਾ ਗਿਆ।ਇੱਕ ਹਿਸਾਬ ਦੇ ਟੀਚਰ ਦਾ ਅਜਿਹਾ ਪੁੱਤਰ ਜਿਸ ਦਾ ਬਚਪਨ ਕੋਡਸ ਅਤੇ ਪਜਲ ਖੇਡਾਂ ਖੇਡਦਿਆਂ ਬੀਤੀਆ ਸੀ।
੧੯੯੩ ਵਿੱਚ ਇੱਕ ਨਾਵਲ The doomsday conspiracy ਪੜ੍ਹਦਿਆਂ ਇਸ ਤੋਂ ਇੰਨਾਂ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਉਸ ਨੇ ਵੀ ਸਨਸਨੀ ਨਾਵਲਸਿਟ ਬਨਣ ਦੀ ਠਾਣ ਲਈ,ਜਲਦ ਹੀ ਉਸਦੀਆਂ ਕੁਝ ਲਿਖਤਾਂ ਛਪੀਆਂ ਵੀ ਪਰ ਕੋਈ ਖਾਸ ਸਫਲਤਾ ਨਾ ਮਿਲੀ। ਇਹ ਉਸ ਦਾ ੨੦੦੩ ਵਿੱਚ ਛਪਿਆ ਵਿਵਾਦਤ ਨਾਵਲ ਸੀ, ਜਿਸ ਨੇ ਉਸ ਨੂੰ ਚਰਚਾ ਵਿਚ ਲਿਆਂਦਾ ਅਤੇ ਜਿਸ ਨੇ ਇੱਕ ਐਸੀ ਬਹਿਸ ਨੂੰ ਜਨਮ ਦਿੱਤਾ ਜਿਸ ਬਾਰੇ ਸੈਕੜੇ ਲ਼ੇਖ ਲਿਖੇ ਗਏ, ਜਿਸ ਨੂੰ ਕੈਥੋਲਿਕ ਚਰਚ ਦੀ ਵਿਰੋਧਤਾ ਵੀ ਝੱਲਣੀ ਪਈ ਅਤੇ ਨੋਬਤ ਇੱਥੋਂ ਤੱਕ ਕਿ ਇਸ ਨੂੰ ਬੈਨ ਕਰਨ ਦੀ ਵੀ ਗੱਲ ਹੋਣ ਲੱਗ ਪਈ। ੨੦੦੬ ਵਿਚ ਇੰਡੀਆ ਦੇ ਕੁਝ ਰਾਜਾਂ ਵਿਚ ਇਸ ਨਾਵਲ ਦੇ ਅਧਾਰਤ ਬਣੀ ਫਿਲਮ ਨੂੰ ਬੈਨ ਵੀ ਕਰ ਦਿੱਤਾ ਗਿਆ।
ਡਾਨ ਬਰਾਊਨ ਦੇ ੨੦੦੩ ਵਿੱਚ ਪ੍ਰਕਾਸ਼ਤ ਹੋਏ ਇਸ ਫਿਕਸ਼ਨ ਨਾਵਲ "ਦਾ ਵਿੰਚੀ ਕੋਡ" ਦੀ ਕਹਾਣੀ ਕੁਝ ਇਸ ਤਰ੍ਹਾਂ ਹੈ - ਇਸ ਦਾ ਮੁੱਖ ਪਾਤਰ ਰਾਬਟ ਲੈਗਿਡਨ ਹੈ ਜੋ ਕਿ ਇੱਕ ਇਤਿਹਾਸ ਦਾ ਪ੍ਰੋਫੈਸਰ ਹੈ ਅਤੇ ਜਿਸ ਨੂੰ ਸਿੰਬਲਸ ਅਤੇ ਕੋਡਸ ਨੂੰ ਸਮਝਣ ਦੀ ਕਾਫੀ ਮਹਾਰਤ ਹੈ,ਉਹ ਇੱਕ ਕਤਲ ਦੇ ਕੇਸ ਵਿੱਚ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਆ ਜਾਂਦਾ ਹੈ। ਇਸੇ ਦੌਰਾਨ ਉਸ ਦੀ ਮੁਲਾਕਾਤ ਕਤਲ ਹੋਣ ਵਾਲੇ ਵਿਆਕਤੀ ਦੀ ਪੋਤਰੀ ਸੋਫੀਆਂ ਨਾਲ ਹੁੰਦੀ ਹੈ। ਜਿਸ ਤੋਂ ਉਸ ਨੂੰ ਪਤਾ ਚਲਦਾ ਹੈ ਕਿ ਉਸ ਦੇ ਦਾਦੇ ਨੇ ਮਰਦੇ ਸਮੇ ਕੁਝ ਕੋਡਸ ਵਿੱਚ ਲਿਖਿਆ ਸੀ ਅਤੇ ਆਖਰੀ ਲਾਇਨ ਜੋ ਇੱਕ ਪੁਲਿਸ ਅਫਸਰ ਵੱਲੋ ਮਿਟਾ ਦਿੱਤੀ ਗਈ ਹੈ, ਵਿੱਚ ਉਸ {ਸੋਫੀਆਂ} ਨੂੰ ਲਿਖਿਆ ਸੀ ਕਿ ਉਹ ਰਾਬਟ ਲੈਗਿਡਨ ਨੂੰ ਲੱਭੇ।
ਇਸੇ ਲਾਇਨ ਕਾਰਨ ਹੀ ਰਾਬਟ ਪੁਲਿਸ ਦੇ ਸ਼ੱਕ ਦੇ ਘੇਰੇ ਵਿੱਚ ਹੇ।ਰਾਬਟ ਕਤਲ ਹੋਣ ਵਾਲੇ ਵਿਆਕਤੀ ਦੇ ਕੋਡਸ ਨੂੰ ਤੋੜ ਲੈਂਦਾ ਹੈ ਅਤੇ ਕੜੀ ਦਰ ਕੜੀ ਘਟਨਾਵਾਂ ਵਿੱਚੋਂ ਗੁਜ਼ਰ ਕੇ ਉਸ ਨੰ ਪਤਾ ਚਲਦਾ ਹੇ ਕਿ ਸੋਫੀ ਦਾ ਦਾਦਾ ਇੱਕ ਇੱਕ ਮਿੱਥ ਮੰਨੀ ਜਾਂਦੀ ਖੁਫੀਆ ਸੰਸਥਾਂ ਪ੍ਰਿਆਰੀ ਆਫ਼ ਸਾਇਨ ਦਾ ਮੁੱਖੀ ਸੀ.ਜਿਸ ਵਿੱਚ ਇੱਕ ਮਿੱਥ ਅਨੁਸਾਰ ਮਹਾਨ ਚਿੱਤਰਕਾਰ ਵਿਨਚੀ ਅਤੇ ਵਿਗਿਆਨਿਕ ਨਿਊਟਨ ਵੀ ਸ਼ਮਾਲ ਹਨ ।
ਨਾਵਲ ਦੀ ਕਹਾਣੀ ਵਿਚ ਅੱਗੇ ਚੱਲ ਕੇ ਲੈਗਿਡਨ ਨੂੰ ਪਤਾ ਚਲਦਾ ਹੈ ਕਿ ਪ੍ਰਿਆਰੀ ਆਫ਼ ਸਾਇਨ ਈਸਾਈਅਤ ਦੇ ਇੱਕ ਰਾਜ ਦੀ ਰੱਖਿਆ ਕਰ ਰਹੀ ਹੈ, ਜਿਸ ਦੇ ਸਾਮਹਣੇ ਆਉਣ ਨਾਲ ਈਸਾਈਅਤ ਦੀਆਂ ਜੜ੍ਹਾਂ ਹੀ ਹਿਲ ਜਾਣਗੀਆਂ। ਅਜਿਹਾ ਰਾਜ ਜੋ ਨਾਵਲ ਦੀ ਬੇਤੁੱਕੀ ਕਹਾਣੀ ਅਨੁਸਾਰ ਚਰਚ ਨੇ ਪਿਛਲੇ ੨੦੦੦ ਸਾਲ ਤੋ ਲੁਕਾ ਕੇ ਰੱਖਿਆ ਹੈ। ਡਾਨ ਬਰਾਊਨ ਦੇ ਨਾਵਲ ਦੀ ਕਲਪਨਾ ਅਨੁਸਾਰ ਚਰਚ ਦੀ ਸ਼ਕਤੀ ਦੀ ਅਸਲ ਵਾਰਿਸ ਮੈਰੀ ਮੈਡਗਿਲਨ ਅਤੇ ਉਸ ਦੇ ਵਾਰਸ ਨੇ ਹੋਣਾ ਸੀ, ਡਾਨ ਬ੍ਰਾਉਨ ਦੀ ਹੱਦ ਦਰਜੇ ਦੀ ਥੋਥੀ ਦਲੀਲ ਸੀ ਕੀ ਮੈਰੀ ਮੈਡਗਿਲਨ ਦਾ ਹਜ਼ਰਤ ਈਸਾ ਨਾਲ ਗੁਪਤ ਵਿਆਹ ਹੋਇਆ ਸੀ, ਇਹ ਇੱਕ ਧਰਮ ਦੀ ਬੁਨਿਆਦ ਤੇ ਬਿਨਾ ਕਿਸੇ ਤੱਥ ਜਾਂ ਇਤਹਾਸਿਕ ਹਵਾਲੇ ਦੇ ਕੀਤੀ ਗਈ ਬੇਹੱਦ ਬੇਵਕੂਫੀ ਭਰੀ ਟਿੱਪਣੀ ਸੀ। ਡਾਨ ਬ੍ਰਾਉਨ ਵੱਲੋ ਘੜੀ ਗਈ ਇਹੀ ਫਿਕਸ਼ਨ ਸਾਰੇ ਵਿਵਾਦ ਦੀ ਜੜ੍ਹ ਸੀ,ਜਿਸ ਨੇ ਇਸ ਬਹਿਸ ਨੂੰ ਤਿੱਖੀ ਕਰ ਦਿੱਤਾ, ਚਾਹੇ ਕਿ ਇਹ ਗੱਲ ਉਸ ਦੀ ਕਾਲਪਨਿਕ ਨਾਵਲ ਦੀ ਕਹਾਣੀ ਤੋਂ ਬਿਨ੍ਹਾਂ ਕਿਸੇ ਵੀ ਹੋਰ ਤੱਥ ਨਾਲ ਬਿਲੁਕਲ ਵੀ ਸਾਬਤ ਨਹੀ ਸੀ ਕੀਤੀ ਜਾ ਸਕਦੀ ਸੀ,ਸਗੋ ਕੀ ਇਸ ਗੱਲ ਨੂੰ ਸਾਬਤ ਕਰਨ ਲਈ ਨਾਵਲ ਦੀ ਫਿਕਸ਼ਨ ਲਈ ਵੀ ਜੋ ਦਲੀਲਾਂ ਘੜ੍ਹੀਆਂ ਗਈਆ ਸਨ, ਉਹ ਬੇਹੱਦ ਕਮਜੋਰ ਅਤੇ ਤੱਥਹੀਣ ਸਨ।
ਪੂਰਾ ਨਾਵਲ ਹੀ ਇੱਕ ਅਜਿਹੀ ਸਿਮਟਰੀ ਹੈ ਜੋ ਨਾਵਲ ਦੇ ਆਖਰੀ ਪੇਜ ਤੱਕ ਆਪਣਾ ਭੇਦ ਬਰਕਰਾਰ ਰੱਖਦੀ ਹੈ। ਇੱਕ ਵਿਵਾਦ ਜੋ ਹੋਰ ਇਸ ਨਾਲ ਜੁੜਿਆ ਉਹ ਸੀ ਕਾਪੀ ਰਾਈਟ ਸੰਬਧੀ Lewis Perdue ਨਾਮੀ ਨਾਵਲਕਾਰ ਨੇ ਦਾਵਾ ਕੀਤਾ ਕਿ ਇਹ ਨਾਵਲ ਉਸ ਦੇ ਦੋ ਨਾਵਲਾਂ The Da vinci legacy,Daugther of God ਨਾਲ ਮਿਲਦੀ-ਜੁਲਦੀ ਲ਼ਿਖਤ ਸੀ,ਪਰ ਅਦਾਲਤ ਨੇ ਉਸ ਦੇ ਦਾਵੇ ਨੂੰ ਖਾਰਜ ਕਰ ਦਿੱਤਾ। Baigent & Leigh ਨਾਮੀ ਲੇਖਕਾਂ ਨੇ ਵੀ ਦਾਅਵਾ ਕੀਤਾ ਕਿ ਇਸ ਨਾਵਲ ਦਾ ਮੁੱਖ ਹਿੱਸਾ ਉਨ੍ਹਾ ਦੀ ਇੱਕ ਨੋਨ- ਫਿਕਸ਼ਨ ਕਿਤਾਬ Holly Blood,Holly Grail.ਵਿੱਚੋ ਲਿਆ ਗਿਆਂ ਸੀ ਜੋ ਕਾਪੀਰਾਈਟਡ ਸੀ । ਪਰ ਜੋ ਵੀ ਸੀ ਇਸ ਨਾਵਲ ਨੇ ਡਾਨ ਬਰਾਊਨ ਨੂੰ ਚਰਚਿਤ ਨਾਵਲਕਾਰਾਂ ਦੀ ਲਾਈਨ ਵਿੱਚ ਲਿਆ ਖੜਾ ਕੀਤਾ ਸੀ, ਵਿਵਾਦਾਂ ਤੋਂ ਬਿਨਾਂ ਇਸ ਨਾਵਲ ਵਿੱਚ ਜੇ ਕੁਝ ਚੰਗਾ ਸੀ, ਉਹ ਇਸ ਦੇ ਸਿਮਟਰੀ ਭਰੇ ਕੋਡਸ ਅਤੇ ਉਨ੍ਹਾਂ ਦੀ ਰੋਚਕਤਾ ਸੀ ।
ਸਾਹਿਤਕਾਰ ਤੌਰ ’ਤੇ ਵੇਖਿਆਂ ਜਾਵੇ ਤਾਂ ਨਾਵਲ ਦਾ ਪਲਾਟ ਬੇਹੱਦ ਤਰਕਹੀਣ ਅਤੇ ਤੱਥ-ਰਹਿਤ ਸੀ। ਇਸ ਨਾਵਲ ਰਾਹੀ ਡਾਨ ਨੇ ਇਹ ਵੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾਪਦੀ ਹੈ ਕਿ ਔਰਤ ਮਰਦ ਤੋਂ ਜ਼ਿਆਦਾ ਦਲੇਰ ਅਤੇ ਮਜ਼ਬੂਤ ਹੈ, ਉਸ ਦੀ ਲ਼ਿਖਤ ਵਿੱਚ ਨਾਰੀਤਵ ਪ੍ਰਤੀ ਉਸ ਦੀ ਇਹ ਸੋਚ ਅਕਸਰ ਉਭਰ ਕੇ ਸਾਮਹਣੇ ਆਉਂਦੀ ਹੈ, ਨਾਵਲ ਦਾ ਮੁੱਖ ਪਾਤਰ ਰਾਬਟ ਵੀ ਮਜ਼ਬੂਤ ਨਾਰੀਤਵ ਦੀ ਥਿਊਰੀ ਦੁਨੀਆਂ ਸਮਾਹਣੇ ਲਿਆਉਣਾ ਲਈ ਜੀ ਤੋੜ ਕੋਸ਼ਿਸ਼ ਕਰਦਾ ਹੈ, ਪਰ ਇੱਥੇ ਇੱਕ ਗੱਲ ਇਹ ਵੀ ਰੜਕਦੀ ਹੈ ਕਿ ਉਸ ਦੀ ਮਜਬੂਤ ਨਾਰੀਤਵ ਦੀ ਪ੍ਰਤੀਕ ਰਾਜ ਦੀ ਰੱਖਿਆ ਆਖਰ ਮਰਦ ਕਿਉਂ ਕਰ ਰਹੇ ਹਨ? ਜੋ ਪ੍ਰਿਆਰੀ ਆਫ਼ ਸਾਇਨਨਾਰੀਤਵ ਦੀ ਸ਼ਕਤੀ ਦੀ ਰੱਖਿਆ ਕਰ ਰਹੀ ਹੈ ਵਿੱਚ ਸਭ ਮਰਦ ਹੀ ਕਿਉਂ ਹਨ? ਇਸ ਦੀ ਮੁੱਖੀ ਜਾਂ ਗ੍ਰੈਡ ਮਾਸਟਰ ਕੋਈ ਔਰਤ ਕਿਉਂ ਨਹੀਂ ਸੀ।
ਇਸ ਤੋਂ ਇਲਾਵਾ ਡਾਨ ਨੇ ਇੱਕ ਹੋਰ ਮਸ਼ਹੂਰ ਨਾਵਲ Angels & Demons ਵੀ ਲਿਖਿਆਂ ਇਸ ਦਾ ਮੁੱਖ ਪਾਤਰ ਵੀ ਰਾਬਟ ਲੈਗਿਡਨ ਹੀ ਸੀ ਅਤੇ ਇਹ ਇੱਕ ਹੋਰ ਖੁਫੀਆ ਜਮਾਤ Illuminati ਬਾਰੇ ਸੀ,ਇਸੇ ਨਾਵਲ ਦੇ ਪਾਤਰ ਰਾਬਟ ਲੈਗਿਡਨ ਨੂੰ ਉਸ ਨੇ ਦਾ ਵਿੰਚੀ ਕੋਡ ਲਈ ਵਰਤਿਆ ਸੀ ਅਤੇ ੨੦੦੯ ਵਿੱਚ ਛਪੇ ਨਾਵਲ The Last Symbol ਦਾ ਮੁੱਖ ਪਾਤਰ ਵੀ ਰਾਬਟ ਲੈਗਿਡਨ ਹੀ ਹੈ । ਸ਼ਇਦ ਇਹ ਰਾਬਟ ਲੈਗਿਡਨ ਉਹੀ ਕਲਪਨਾ ਹੈ ਜਿਸ ਨੂੰ ਅਸਲੀਅਤ ਵਿੱਚ ਡਾਨ ਆਪਣੇ ਬਚਪਨ ਵਿੱਚ ਖੁਦ ਦੇ ਕਿਰਦਾਰ ਦੇ ਸੁਪਨੇ ਵਿੱਚ ਰੂਪਮਾਨ ਹੰਦੀ ਦੇਖਦਾ ਰਿਹਾ ਹੋਵੇ। ਇਸ ਨਾਵਲ ਦਾ ੪੪ ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਹੋਇਆ ਆਪਣੇ ਵਿਵਾਦਤ ਵਿਸ਼ੇ ਕਾਰਣ ਕਾਫੀ ਦੇਸ਼ਾਂ ਵਿਚ ਇਸ ਉਪਰ ਬੈਨ ਵੀ ਲਗਾ ਦਿੱਤਾ ਗਿਆ ।