ਪੰਜਾਬ ਸਟੂਡੈਂਟਸ ਯੂਨੀਅਨ ਦੇ ਅੰਗ ਸੰਗ
Posted on:- 22-03-2020
ਲੇਖਕ : ਸੁਖਦੇਵ ਪਾਂਧੀ
ਇਨਕਲਾਬੀ ਵਿਦਿਆਰਥੀ ਲਹਿਰ ਦਾ ਲਹਿਰ ਇੱਕ ਅਹਿਮ ਦਸਤਾਵੇਜ਼* ਇਹ ਕਿਤਾਬ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਆਗੂ ਰਹੇ ਅਤੇ ਬਾਅਦ ਵਿੱਚ ਡੀ. ਟੀ.ਐਫ ਦੇ ਜ਼ਿਲਾ ਪ੍ਰਧਾਨ ਰਹੇ ਸਾਥੀ ਸੁਖਦੇਵ ਪਾਂਧੀ ਦਾ ਵਿਦਿਆਰਥੀ ਲਹਿਰ ਦੇ ਲੜੇ ਗਏ ਸੰਘਰਸ਼ਾਂ ਦਾ ਪੜਚੋਲੀਆ ਤੇ ਅਹਿਮ ਦਸਤਾਵੇਜ਼ ਹੈ ਪਾਂਧੀ ਦੇ ਵਿਦਿਆਰਥੀ ਜੀਵਨ ਵਿੱਚ ਮੁੱਖ ਅਗਵਾਂਨੂੰ ਸਾਥੀ ਰਹੇ ਬਲਵਿੰਦਰ ਸਿੰਘ ਚਾਹਲ,ਪ੍ਰਚੰਡ ਪੇਪਰ ਦੇ ਸੰਪਾਦਕ ਰਹੇ ਸਾਥੀ ਜਗਦੇਵ "ਜੱਗਾ"ਬੰਗੀ ਅਤੇ ਵਿਦਿਆਰਥੀ ਜੀਵਨ ਤੋਂ ਲੈ ਕੇ ਅੱਜ ਤੱਕ ਆਪਣੀ ਸਾਰੀ ਜਿੰਦਗੀ ਇਨਕਲਾਬੀ ਲਹਿਰ ਦੇ ਲੇਖੇ ਲਾਉਣ ਵਾਲੇ ਪੇਸ਼ੇਵਰ ਇਨਕਲਾਬੀ ਕਾਮਰੇਡ ਨਾਜ਼ਰ ਸਿੰਘ ਬੋਪਾਰਾਏ ਜੋ ਅੱਜ ਕੱਲ "ਸੁਰਖ ਰੇਖਾ" ਪੇਪਰ ਦੇ ਮਾਲਕ ਸੰਪਾਦਕ ਤੇ ਪਬਲਿਸ਼ਰ ਹਨ ਇਹਨਾਂ ਨੇ ਸਾਥੀ ਪਾਂਧੀ ਨਾਲ ਬਿਤਾਏ ਸੰਘਰਸ਼ਾਂ ਦੇ ਅਹਿਮ ਪਲ਼ ਸਾਂਝੇ ਕੀਤੇ ਹਨ ਉਹ ਅੱਜ ਵੀ ਸੰਘਰਸ ਦੇ ਮੈਦਾਨ ਵਿੱਚ ਹਨ। ਕਿਤਾਬ ਵਿੱਚ ਜਿੰਨਾ ਅਹਿਮ ਘਾਟਾਂ ਕਮਜ਼ੋਰੀਆਂ ਤੇ ਸਾਥੀ ਪਾਂਧੀ ਨੇ ਉਂਗਲ ਧਰੀ ਹੈ ਉਹ ਅੱਜ ਵੀ ਇਨਕਲਾਬੀ ਜਮਹੂਰੀ ਲਹਿਰ ਸਾਹਮਣੇ ਮੂੰਹ ਅੱਡੀ ਖੜੀਆਂ ਹਨ ਤੇ ਲਹਿਰ ਉਹਨਾਂ ਤੋਂ ਸਿੱਖਣ ਦੀ ਬਜਾਏ ਉਸੇ ਲਾਈਨ ਤੇ ਚੱਲ ਕੇ"ਮੈਂ ਨਾ ਮਾਨੂੰ" ਦੀ ਜਿੱਦ ਤੇ ਅੜ੍ਹੇ ਹੋਏ ਹਨ ਮਸਲਨ ਜੋ ਅਹਿਮ ਨੁਕਤਾ ਲੇਖਕ ਨੇ ਉਠਾਇਆ ਹੈ ਕੀ ਜਨਤਕ ਜਥੇਬੰਦੀਆਂ ਸਿਆਸੀ ਪਾਰਟੀਆਂ/ਧਿਰਾਂ ਦੀਆਂ ਜੇਬੀ ਜਥੇਬੰਦੀਆਂ ਹੋਣੀਆਂ ਚਾਹੀਦੀਆਂ ਹਨ ਜਾਂ ਉਹਨਾਂ ਨੂੰ ਆਜ਼ਾਦ ਤੌਰ ਤੇ ਵਿਚਰਨਾ ਤੇ ਆਪਣੀਆਂ ਮੰਗਾਂ ਮਸਲਿਆਂ ਤੇ ਲੜਨਾ ਚਾਹੀਦਾ ਹੈ ? ਇਹ ਅਹਿਮ ਸਵਾਲ ਹੈ ਜਾਂ ਜਨਤਕ ਜਥੇਬੰਦੀਆਂ ਦਾ ਇਨਕਲਾਬੀ ਜਮਹੂਰੀ ਲਹਿਰ ਨਾਲ ਕਿਹੋ ਜਿਹਾ ਰਿਸ਼ਤਾ ਹੋਣਾ ਚਾਹੀਦਾ ਹੈ ਭਾਵ ਉਹਨਾਂ ਨੂੰ ਸਿਆਸੀ ਧਿਰਾਂ ਨਾਲ ਵਿਚਰਨਾ ਚਾਹੀਦਾ ਹੈ ਜੇ ਹਾਂ ਤਾਂ ਇਹ ਕਿਸ ਪੱਧਰ ਤੇ ਹੋਣਾ ਚਾਹੀਦਾ ਹੈ?
ਇਸ ਸਬੰਧੀ ਲੇਖਕ ਦਾ ਮੱਤ ਹੈ""ਜਦੋ ਕੋਈ ਸਿਆਸੀ ਧਿਰ ਕਿਸੇ ਸਥਾਪਤ ਪੀ ਐਸ ਯੂ ਵਰਗੀ ਜਥੇਬੰਦੀ ਨੂੰ ਸਿੱਧੇ ਅਸਿੱਧੇ ਆਪਣੇ ਸਿਆਸੀ ਵਿੰਗ ਬਣਾਉਣ ਦੇ ਅਮਲ ਵਿੱਚ ਪੈਂਦੀ ਹੈ ਤਾਂ ਪਹਿਲ ਪ੍ਰਿਥਮੇ ਉਸ ਤਬਕੇ ਨੂੰ ਢਾਹ ਲਾਉਣ ਦੇ ਨਾਲ ਨਾਲ ਅਣਚਾਹੀ ਫੁੱਟ ਥੋਪ ਦਿੰਦੀ ਹੈ ਅਤੇ ਅਜਿਹਾ ਅਮਲ ਸਾਂਝੀ ਜਥੇਬੰਦੀ ਅੰਦਰ ਚੱਲ ਰਹੇ ਦੋਸਤਾਨਾ ਵਿਰੋਧਾਂ ਨੂੰ ਦੁਸਮਣਾਨਾ ਵਿਰੋਧਾਂ ਵਿੱਚ ਤਬਦੀਲ ਕਰ ਦਿੰਦਾ ਹੈ ਅਜਿਹਾ ਅਮਲ ਮਾਰੂ ਹੋਣ ਦੇ ਨਾਲ ਨਾਲ ਇਨਕਲਾਬੀ ਜਮਹੂਰੀ ਲਹਿਰ ਵਿੱਚ ਬਣਦਾ ਯੋਗਦਾਨ ਪਾਉਣ ਦੀ ਬਜਾਏ ਬੇਲੋੜੀ ਸਰੀਕੇਬਾਜ਼ੀ ਵਿੱਚ ਉਲਝ ਕੇ ਸੰਘਰਸ ਦੀ ਧਾਰ ਨੂੰ ਖੁੰਡਾ ਕਰਦਾ ਹੈ""(ਪੰਨਾ 205) ਪਰ ਨਕਸਲਵਾੜੀ ਲਹਿਰ ਦੇ ਉਭਾਰ ਚੋ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਭਾਵਤ ਹੋਣ ਕਾਰਨ ਅਤੇ ਪੂਰੇ ਦੇਸ਼ ਵਿੱਚ ਸਮੇਤ ਪੰਜਾਬ ਸਰਕਾਰੀ ਜ਼ਬਰ ਝੂਠੇ ਪੁਲਿਸ ਮੁਕਾਬਲ਼ਿਆਂ ਵਿੱਚ ਨਕਸਲੀ ਕਾਰਕੁਨਾਂ ਦੇ ਸ਼ਹੀਦ ਹੋਣ ਨਾਲ ਹਾਸ਼ੀਏ ਤੇ ਚਲੇ ਜਾਣ ਤੋਂ ਬਾਅਦ ਪੀ ਐਸ ਯੂ ਦੇ ਆਗੂਆਂ ਨੇ ਖ਼ਾਸਕਰ ਸੋਹੀ ਤੇ ਸਤਿਆ ਨਰੈਣ ਗੁੱਟ ਵਲੋ ਫੁੱਟ ਦੀ ਬਕਾਇਦਾ ਸ਼ੁਰੂਆਤ ਕਰ ਦਿੱਤੀ ਗਈ। ਲੇਖਕ ਦੇ ਆਪਣੇ ਤਜਰਬੇ ਦੇ ਅਧਾਰ ਤੇ ਹੀ ਅਸੀਂ ਕਹਿ ਸਕਦੇ ਹਾਂ ਇਹਨਾਂ ਸਿਆਸੀ ਧਿਰਾਂ ਦੇ ਆਗੂ ਪੀ ਐਸ ਯੂ ਦੇ ਲੱਗਭਗ ਹਰ ਇਜਲਾਸ ਦੌਰਾਨ ਇੰਝ ਦਖਲਅੰਦਾਜੀ ਕਰਦੇ ਹੋਏ ਵਿਚਰਦੇ ਜਿਵੇਂ ਉਹ ਪੀ ਐਸ ਯੂ ਦੇ ਹੀ ਆਗੂ ਹੋਣ।
ਪਰ ਸਾਥੀ ਪਾਂਧੀ ਨੇ ਜਿਸ ਤਰਾਂ ਕਿਤਾਬ ਵਿੱਚ ਲੜੇ ਜਬਤਬੱਧ ਘੋਲ਼ਾਂ ਦਾ ਜਿਕਰ ਕੀਤਾ ਹੈ ਹਰ ਘੋਲ਼ ਵਿੱਚ "ਵਿਰੋਧੀਆਂ" ਦੀਆਂ ਚਾਲਾਂ ਨੂੰ ਪਛਾੜਦੇ ਹੋਏ ਠਰੰਮੇ ਤੋਂ ਕੰਮ ਲਿਆ ਉਹ ਕਾਬਲੇ-ਤਾਰੀਫ ਹੈ।ਪਰ ਇੱਕ ਗੱਲ ਕਮਾਲ ਦੀ ਹੈ ਕਿ ਸੋਧਵਾਦੀ ਧਿਰਾਂ ਤੋਂ ਲੈ ਕੇ ਇਨਕਲਾਬੀਆਂ ਤੱਕ ਕਿਸੇ ਨੇ ਇਸਦਾ ਸਵੈਵਿਸਲੇਸਨ ਨਹੀਂ ਕੀਤਾ ਕਿ ਇਸ ਤਰਾਂ ਜਨਤਕ ਜਥੇਬੰਦੀਆਂ ਨੂੰ ਇੱਕ ਧਿਰ ਦਾ ਸਿਆਸੀ ਵਿੰਗ ਬਣਾ ਲੈਣ ਦਾ ਜੋ ਨੁਕਸਾਨ ਭਵਿੱਖ ਵਿੱਚ ਹੋ ਚੁੱਕਿਆ ਹੈ ਉਸਤੋਂ ਬਾਅਦ ਕੋਈ ਸਬਕ ਲਿਆ ਜਾਂਦਾ। ਇੱਕ ਧਿਰ ਤਾਂ ਪੰਜਾਬ ਵਿੱਚ ਅਜਿਹੀ ਵੀ ਹੈ ਉਸਨੇ ਕਿਸੇ ਜਨਤਕ ਜਥੇਬੰਦੀ ਤੇ ਟਰੇਡ ਯੂਨੀਅਨ ਚ ਫੁੱਟ ਨਾ ਪਾਈ ਹੋਵੇ।ਫੁੱਟ ਪਾਉਣ ਲਈ(ਜਮਾਂਦਰੂ ਮਾਹਰ)ਇਹਨਾਂ ਲੋਕਾਂ ਨੇ ਸਟੇਟ ਦੀ ਸਭ ਤੋਂ ਵੱਧ ਸੇਵਾ ਕੀਤੀ ਹੈ ਤੇ ਕਰ ਰਹੇ ਹਨ ? ਪਰ ਜਿਸ ਤਰਾਂ ਸਾਥੀ ਲੇਖਕ ਪਾਂਧੀ ਨੇ ਪਿਛਲੇ 40 ਸਾਲਾਂ ਵਿੱਚ ਹੋਇਆ ਜਿਸ ਤਰਾਂ ਉਸਂ ਨੇ ਇਸ ਸਾਰੇ ਵਰਤਾਰੇ ਦਾ ਬੇਬਾਕੀ ਨਾਲ ਵਿਸ਼ਲੇਸ਼ਣ ਕੀਤਾ ਹੈ ਉਸਦੀ ਦਾਦ ਦੇਣੀ ਬਣਦੀ ਹੈ ਪਰ ਹੈਰਾਨਗੀ ਇਸ ਗੱਲ ਦੀ ਜੋ ਸਾਥੀਆਂ ਨੇ ਉਸ ਸਮੇਂ ਵਿਦਿਆਰਥੀ ਵਰਗ ਤੋਂ ਲੈ ਕੇ ਬੱਸ ਕਿਰਾਇਆ ਘੋਲ ਤੱਕ ਹਰ ਘੋਲ ਦੀ ਅਗਵਾਈ ਕੀਤੀ। ਉਹ ਅੱਜ ਲੋਕ ਘੋਲ਼ਾਂ ਚੋਂ ਨਦਾਰਦ ਹਨ। ਬਹੁਤ ਸਾਰੇ ਹਾਕਮ ਜਮਾਤਾਂ ਦਾ ਹਿੱਸਾ ਬਣ ਗਏ ਹਨ। ਉਹਨਾਂ ਦੇ ਨਾਲ ਨਾਲ ਆਪਣੀ ਵੀ ਖੂਬ ਸੇਵਾ ਕਰ ਰਹੇ ਹਨ ਇਹ ਕਿਤਾਬ ਇਨਕਲਾਬੀ ਵਿਦਿਆਰਥੀ ਲਹਿਰ ਬਾਰੇ ਜਾਨਣ ਤੇ ਰੁਚੀ ਰੱਖਣ ਵਾਲ਼ਿਆਂ ਲਈ ਜਾਣਕਾਰੀ ਭਰਪੂਰ ਪੜ੍ਹਨਯੋਗ ਕਿਤਾਬ ਹੈ ਜ਼ਿਸ ਲਈ ਸਾਥੀ ਸੁਖਦੇਵ ਸਿੰਘ ਪਾਂਧੀ ਵਧਾਈ ਦੇ ਪਾਤਰ ਹਨ।
-ਡਾ. ਗੁਰਤੇਜ ਸਿੰਘ ਖੀਵਾ
ਮੋਬਾਈਲ9501572910