ਅਨੁਵਾਦ ਵਿੱਚੋਂ ਗੁਜ਼ਰਦਿਆਂ -ਡਾ. ਵਿਨੋਦ ਕੁਮਾਰ
Posted on:- 15-11-2018
(ਅਨੁਵਾਦਕ ਵੱਲੋਂ ਸਵੈ ਕਥਨ)
ਪੁਸਤਕ ਦੀ ਮਹੱਤਤਾਹਥਲੀ ਪੁਸਤਕ ਦਾ ਇਕ ਇਕ ਵਾਕ ਮਨੁੱਖੀ ਜੀਵਨ ਦੀ ਪ੍ਰਕਿਰਿਆ ਨੂੰ ਸਮਝਣ ਦੀ ਕੋਸ਼ਿਸ਼ ਅਤੇ ਮਨੁੱਖੀ ਸੰਭਾਵਨਾਵਾਂ ਉਪਰ ਕੇਂਦਰਿਤ ਹੈ। ਕਿਤਾਬ ਦੀ ਸ਼ੁਰੂਆਤ ਮਨੁੱਖ ਦੀ ਇਸ ਸ੍ਰਿਸ਼ਟੀ ਵਿੱਚ ਸਥਿਤੀ ਨੂੰ ਮਾਪਣ ਨਾਲ ਸ਼ੁਰੂ ਹੁੰਦੀ ਹੈ। ਥਾਮਸਨ ਤਿੰਨ ਪ੍ਰਸ਼ਨਾਂ ਨੂੰ ਸੰਬੋਧਿਤ ਹੁੰਦਾ ਹੈ। ਮਨੁੱਖੀ ਜੀਵਨ ਦੀ ਇਸ ਸ੍ਰਿਸ਼ਟੀ ਵਿਚ ਸਿਰਜਣਾ ਕਿਵੇਂ ਹੁੰਦੀ ਹੈ? ਇਸਦਾ ਕੁਦਰਤ ਨਾਲ ਕੀ ਰਿਸ਼ਤਾ ਹੈ? ਅਤੇ ਜੀਵਨ ਤੇ ਚੇਤਨਾ ਕਿਵੇਂ ਪ੍ਰਸਪਰ ਚਲਦੇ ਹਨ? ਅਧਿਐਨ ਦੱਸਦਾ ਹੈ ਕਿ ਪਦਾਰਥ ਸਾਡੀ ਚੇਤਨਾ ਦਾ ਆਧਾਰ ਬਣਦਾ ਹੈ। ਸਾਰਾ ਪਦਾਰਥਕ ਜਗਤ ਲਗਾਤਾਰ ਗਤੀ ਅਤੇ ਬਦਲਾਅ ਅਧੀਨ ਹੈ। ਮਨੁੱਖ ਆਪਣੀ ਜ਼ਿੰਦਗੀ ਨੂੰ ਬਿਹਤਰ ਬਨਾਉਣ ਲਈ ਉਤਪਾਦਨ ਤੇ ਵਾਧੂ ਉਤਪਾਦਨ ਕਰਦਾ ਹੈ। ਇਸ ਵਾਧੂ ਉਤਪਾਦਨ ਨਾਲ ਨਾ-ਬਰਾਬਰ ਵਿਤਰਣ ਅਤੇ ਨਿੱਜੀ ਜਾਇਦਾਦ ਵਾਲੇ ਮਸਲੇ ਖੜ੍ਹੇ ਹੁੰਦੇ ਹਨ। ਇਸੇ ਤਹਿਤ, ਥਾਮਸਨ ਅਨੁਸਾਰ, ਸਾਇੰਸ ਅਤੇ ਕਲਾ ਦੇ ਵਿਕਾਸ ਲਈ ਉਤਪਾਦਨ ਦਾ ਵਿਕਾਸ, ਦਿਮਾਗੀ ਤੇ ਸਰੀਰਕ ਕਿਰਤ ਵਿੱਚ ਵਿਰੋਧ ਅਤੇ ਜਮਾਤੀ ਵੰਡ ਜ਼ਰੂਰੀ ਸ਼ਰਤਾਂ ਬਣ ਜਾਂਦੇ ਹਨ। ਦਵੰਦਵਾਦ ਨੂੰ ਸਮਝਦਿਆਂ ਪਤਾ ਚਲਦਾ ਹੈ ਕਿ ਇਹ ਕੁਦਰਤ, ਮਨੁੱਖੀ ਸਮਾਜ ਤੇ ਸੋਚ ਦੀ ਗਤੀਸ਼ੀਲਤਾ ਅਤੇ ਵਿਕਾਸ ਦੇ ਕੰਮਾਂ ਦਾ ਵਿਖਿਆਨ ਹੈ। ਮਨੁੱਖ ਕਰਤਾ ਹੈ ਤੇ ਕੁਦਰਤ ਕਰਮ। 'ਉਤਪਾਦਨ' ਮਨੁੱਖ ਦੇ ਕੁਦਰਤ ਉਪਰ ਚੇਤੰਨ ਕਾਰਜ ਦੇ ਨਤੀਜੇ ਵਜੋਂ ਸਾਹਮਣੇ ਆਉਂਦਾ ਹੈ।
ਥਾਮਸਨ ਅਨੁਸਾਰ ਮਨੁੱਖ ਦੇ ਬਾਂਦਰ ਤੋਂ ਇਨਸਾਨ ਵਿਚ ਵਟ ਜਾਣ ਤੋਂ ਵੱਡੀ ਕੋਈ ਵੀ ਕ੍ਰਾਂਤੀਕਾਰੀ ਘਟਨਾ ਮਨੁੱਖੀ ਇਤਿਹਾਸ ਵਿਚ ਨਹੀਂ ਵਾਪਰੀ। ਮੁੱਢਲੀਆਂ ਪ੍ਰਜਾਤੀਆਂ ਦੇ ਅਧਿਐਨ ਵਿਚ ਉਹ ਦੱਸਦਾ ਹੈ ਕਿ ਬਹੁਤ ਸਾਰੀਆਂ ਪ੍ਰਜਾਤੀਆਂ ਜੋ ਵਾਤਾਵਰਣ ਦੇ ਅਨੁਕੂਲ ਹੋ ਗਈਆਂ, ਉਹ ਸਮੇਂ ਨਾਲ ਅਲੋਪ ਹੋ ਗਈਆਂ। ਪ੍ਰੰਤੂ ਜੋ ਪ੍ਰਜਾਤੀਆਂ ਘੱਟ ਅਨੁਕੂਲ ਹੋਈਆਂ ਉਹਨਾਂ ਦਾ ਜੀਵਨ ਬਣਿਆ ਰਿਹਾ ਤੇ ਉਹਨਾਂ ਵਿਚ ਗੁਣਾਤਮਕ ਤੇ ਗਿਣਾਤਮਕ ਵਾਧਾ ਹੋਇਆ। ਜਿਨ੍ਹਾਂ ਵਿਚੋਂ ਮਨੁੱਖ ਪ੍ਰਮੁੱਖ ਹੈ। ਸਮੇਂ ਨਾਲ ਥਣਧਾਰੀ ਜੀਵ ਮੈਦਾਨੀ ਇਲਾਕਿਆਂ ਵਿਚ ਰਹਿਣ ਲੱਗੇ। ਹੌਲੀ ਹੌਲੀ ਸਰੀਰਕ ਬਣਤਰ ਸਿੱਧੀ ਹੋਈ ਅਤੇ ਹੋਰ ਗਿਆਨ-ਇੰਦਰੀਆਂ ਦਾ ਵਿਕਾਸ ਹੁੰਦਾ ਹੈ। ਚੀਰਫਾੜ ਦਾ ਕੰਮ ਜਦੋਂ ਮਨੁੱਖੀ ਹੱਥਾਂ ਨੇ ਸਾਂਭ ਲਿਆ ਤਾਂ ਜਬਾੜਿਆਂ ਦੇ ਸਥਿਰ ਰਹਿਣ ਨਾਲ ਮਨੁੱਖੀ ਦਿਮਾਗ ਨੂੰ ਵਧਣ ਫੁੱਲਣ ਲਈ ਹੋਰ ਥਾਂ ਮਿਲੀ। ਇਸ ਤੋਂ ਬਾਅਦ ਹੌਲੀ-ਹੌਲੀ ਔਜਾਰਾਂ ਦਾ ਇਸਤੇਮਾਲ, ਬੋਲੀ ਵਿਕਾਸ ਤੇ ਸਹਿਯੋਗ ਦੀ ਭਾਵਨਾ ਵਿਕਸਿਤ ਹੁੰਦੀ ਹੈ। ਗੱਲਬਾਤ ਦਾ ਢੰਗ ਜੋ ਬਾਹਰੀ ਦੁਨੀਆ ਦਾ ਹੀ ਪ੍ਰਤੀਬਿੰਬ ਸੀ ਬੋਲੀ ਦੀ ਉਤਪਤੀ ਦਾ ਕਿਰਤ ਸਿਧਾਂਤ ਬਣਦਾ ਹੈ।
ਬੋਲੀ ਤੇ ਗੀਤ ਬਾਰੇ ਗੱਲ ਕਰਦਿਆਂ ਥਾਮਸਨ ਦੱਸਦਾ ਹੈ ਕਿ ਸੰਗੀਤ ਅਤੇ ਬੋਲੀ ਦੇ ਜੋ ਸੰਰਚਨਾਤਮਕ ਅਧਾਰ ਹਨ ਉਹਨਾਂ ਦੀ ਕਿਰਤ-ਪ੍ਰਕਿਰਿਆ ਵਿਚ ਇਕੋ ਤਰ੍ਹਾਂ ਦੀ ਸਾਂਝੀ ਉਤਪਤੀ ਹੁੰਦੀ ਹੈ। ਬੋਲੀ ਕਿਰਤੀਆਂ ਵਿਚਕਾਰ ਇਕ ਮਾਧਿਅਮ ਹੁੰਦੀ ਹੈ। ਵਾਕ ਬਾਹਰਮੁਖੀ, ਬੋਧ ਪੱਖੀ ਤੇ ਗਠਿਤ ਹੁੰਦਾ ਹੈ ਅਤੇ ਸੰਗੀਤ ਅੰਤਰਮੁਖੀ, ਭਾਵਨਾਤਮਕ ਤੇ ਲੈਅਬੱਧ ਹੁੰਦਾ ਹੈ।
ਗਿਆਨ ਬਾਰੇ ਗੱਲ ਕਰਦਿਆਂ ਥਾਮਸਨ ਲਿਖਦਾ ਹੈ ਕਿ ਮਨੁੱਖੀ ਗਿਆਨ ਇੰਦਰੀ-ਬੋਧ ਤੋਂ ਸੋਚ ਦੇ ਵੱਖੋ-ਵੱਖ ਪੜਾਵਾਂ ਰਾਹੀਂ ਗੁਜ਼ਰਦਾ ਹੋਇਆ ਤਰਕ ਗਿਆਨ ਵਲ ਵਧਦਾ ਹੈ। ਇਸ ਵਰਤਾਰੇ ਨੂੰ ਸਮਝਦਿਆਂ ਉਹ ਇਨਸਾਨੀ ਮਾਨਸਿਕਤਾ, ਵਿਆਕਰਨਕ ਜਮਾਤਾਂ, ਗਣ-ਚਿੰਨ੍ਹਵਾਦ, ਰਸਮ ਤੇ ਮਿੱਥ ਵਰਗੇ ਅਨੇਕਾਂ ਤੱਥਾਂ ਦਾ ਅਧਿਐਨ ਕਰਦਾ ਹੈ।
ਕੁਦਰਤੀ ਫ਼ਲਸਫ਼ੇ ਦੀ ਗੱਲ ਕਰਦਿਆਂ ਕਿਤਾਬ ਵੱਖੋ-ਵੱਖ ਦਵੰਦਾਤਮਕ ਪ੍ਰਕ੍ਰਿਆਵਾਂ ਦਾ ਖੁਲਾਸਾ ਕਰਦੀ ਹੈ। ਮਾਰਕਸਵਾਦ ਤੇ ਲੈਨਿਨਵਾਦ ਨਜ਼ਰੀਏ ਦਾ ਹਵਾਲਾ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਗਿਆਨ ਦਾ ਜੋ ਵਿਕਾਸ ਹੁੰਦਾ ਹੈ ਇਹ ਪ੍ਰਕਿਰਿਆ ਤਿੰਨ ਪੜ੍ਹਾਵਾਂ ਵਿਚੋਂ ਗੁਜ਼ਰਦੀ ਹੈ: 1. ਇੰਦਰੀ-ਬੋਧ, 2. ਤਾਰਕਿਕ ਗਿਆਨ ਤੇ 3. ਸਿਧਾਂਤ ਤੋਂ ਵਿਵਹਾਰ। ਪਹਿਲੇ ਪੜਾਅ ਵਿਚ ਮਨੁੱਖ ਬਾਹਰੀ ਦੁਨੀਆ ਦੀਆਂ ਵਸਤਾਂ ਨਾਲ ਸੰਪਰਕ ਵਿਚ ਆਉਂਦਾ ਹੈ ਅਤੇ ਗਿਆਨ ਅਭਿਆਸ ਤੋਂ ਸ਼ੁਰੂ ਹੁੰਦਾ ਹੈ। ਦੂਸਰੇ ਪੜਾਅ ਵਿਚ ਮਨੁੱਖ ਆਪਣੇ ਅਨੁਭਵ ਦੇ ਅੰਕੜਿਆਂ ਨੂੰ ਤਰਤੀਬਬੱਧ ਅਤੇ ਪੁਨਰ-ਸੁਰਜੀਤ ਕਰਕੇ ਉਹਨਾਂ ਦਾ ਸੁਮੇਲ ਕਰਦਾ ਹੈ। ਇਹ ਅਨੁਭਵ, ਵਿਵੇਕ ਅਤੇ ਅਨੁਮਾਨ ਦਾ ਪੜਾਅ ਹੈ। ਤੀਸਰੇ ਪੜਾਅ ਵਿਚ ਮਨੁੱਖ ਨੇ ਸਿਧਾਂਤ ਤੋਂ ਵਿਵਹਾਰ ਵੱਲ ਮੁੜਨਾ ਹੁੰਦਾ ਹੈ। ਸਿਧਾਂਤਕ ਗਿਆਨ ਅਭਿਆਸ ਰਾਹੀਂ ਮਿਲਦਾ ਹੈ, ਇਸ ਲਈ ਇਸਨੂੰ ਵਿਵਹਾਰ ਵਲ ਮੁੜਨਾ ਹੁੰਦਾ ਹੈ। ਇਸ ਤੋਂ ਇਲਾਵਾ ਇਸ ਸੈਕਸ਼ਨ ਵਿੱਚ ਥਾਮਸਨ ਦਿਮਾਗੀ ਤੇ ਸਰੀਰਕ ਕਿਰਤ, ਉਪਰਾਮਤਾ, ਪਦਾਰਥਵਾਦ ਤੇ ਦਵੰਦਵਾਦ, ਅਤੇ ਆਦਰਸ਼ਵਾਦ ਤੇ ਅਧਿਆਤਮਵਾਦ ਨੂੰ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ।
ਮਨੁੱਖੀ ਜੀਵਨ ਵਿੱਚ ਮਿਥਿਹਾਸ ਦੀ ਬਹੁਤ ਅਹਿਮੀਅਤ ਰਹੀ ਹੈ। ਥਾਮਸਨ ਦਾ ਅਧਿਐਨ ਦੱਸਦਾ ਹੈ ਕਿ ਮਿੱਥ ਤੇ ਕਲਾ ਦਾ ਇਕ ਦੂਸਰੇ ਨਾਲ ਗੂੜ੍ਹਾ ਰਿਸਤਾ ਰਿਹਾ ਹੈ। ਉਹ ਮਿੱਥ ਤੇ ਜਾਦੂ ਦੇ ਇਤਿਹਾਸ ਦਾ ਵਿਸ਼ਲੇਸ਼ਣ ਕਰਦਾ ਹੋਇਆ ਦੱਸਦਾ ਹੈ ਕਿ ਇਹ ਕਿਸ ਤਰ੍ਹਾਂ ਲੋਕ ਜੀਵਨ ਨਾਲ ਜੁੜੇ ਹੁੰਦੇ ਹਨ। ਕਲਾ ਤੇ ਚੇਤੰਨ ਕਲਾ ਵਿਚ ਕੀ ਫਰਕ ਹੁੰਦਾ ਹੈ ਤੇ ਚੇਤੰਨ ਕਲਾ ਕਿਸ ਤਰ੍ਹਾਂ ਕ੍ਰਾਂਤੀਕਾਰੀ ਹੋ ਨਿਬੜਦੀ ਹੈ।
ਥਾਮਸਨ ਅਨੁਸਾਰ ਮਨੁੱਖ ਦੀ ਸ਼ਕਤੀ ਉਸਦੇ ਸੰਸਾਰ ਦੇ ਪਦਾਰਥਕ ਗਿਆਨ ਉਪਰ ਨਿਰਭਰ ਹੈ। ਉਹ ਸੰਸਾਰ ਨੂੰ ਉਨ੍ਹਾਂ ਕੁ ਹੀ ਨਿਯਮਿਤ ਕਰ ਸਕਦਾ ਹੈ ਜਿਨ੍ਹਾਂ ਕੁ ਇਸਨੂੰ ਤੇ ਇਸਦੇ ਨੇਮਾਂ ਨੂੰ ਸਮਝਦਾ ਹੈ। ਉਹ ਆਧੁਨਿਕ ਵਿਗਿਆਨ ਤੇ ਫ਼ਲਸਫ਼ੇ ਨੂੰ ਸਮਝਦਿਆਂ ਇਸਦੇ ਵਿਕਾਸ ਦੇ ਪੜਾਵਾਂ ਨੂੰ ਚਿਤਰਨ ਦਾ ਯਤਨ ਕਰਦਾ ਹੈ। ਇਸ ਵਿੱਚ ਆਧੁਨਿਕ ਵਿਗਿਆਨ, ਨਵਾਂ ਅਧਿਆਤਮਵਾਦ ਤੇ ਨਵਾਂ ਦਵੰਦਵਾਦ ਸ਼ਾਮਿਲ ਹਨ। ਉਸ ਅਨੁਸਾਰ ਵਿਗਿਆਨ ਅਧਿਆਤਮਵਾਦ ਦੇ ਵਿਰੋਧ ਵਿੱਚ ਉਭਰਦਾ ਹੈ ਤੇ ਮਾਰਕਸ ਹੀਗਲ ਦੇ ਦਵੰਦਵਾਦ ਨੂੰ ਆਦਰਸਵਾਦ ਦੀ ਝੋਲੀ ਵਿਚੋਂ ਕੱਢਣ ਵਾਲਾ ਵੱਡਾ ਕਾਰਜ ਕਰਦਾ ਹੈ। ਉਹ ਜ਼ੋਰ ਦਿੰਦਾ ਹੈ ਕਿ ਮਨੁੱਖ ਨੂੰ ਇੰਦਰੀ-ਬੋਧ ਤੋਂ ਸਰਗਰਮ ਤਾਰਕਿਕ ਗਿਆਨ ਵਲ ਵਧਦੇ ਹੋਏ ਸਰਗਰਮੀ ਨਾਲ ਕ੍ਰਾਂਤੀਕਾਰੀ ਅਭਿਆਸ ਦੀ ਅਗਵਾਈ ਕਰਦਿਆਂ ਅੰਤਰਮੁਖੀ ਤੇ ਬਾਹਰਮੁਖੀ ਸੰਸਾਰ ਨੂੰ ਬਿਹਤਰ ਬਣਾਉਣਾ ਚਾਹੀਦਾ ਹੈ।
ਸਾਹਿਤ ਤੇ ਕਲਾ ਦੇ ਰੂਪ ਤੇ ਸਮੱਗਰੀ ਬਾਰੇ ਗੱਲ ਕਰਦਿਆਂ ਥਾਮਸਨ ਸਪੱਸ਼ਟ ਦੱਸਦਾ ਹੈ ਕਿ ਇਹ ਸਮੇਂ ਦੀ ਸਮਾਜਿਕ ਲਹਿਰ ਦਾ ਪ੍ਰਗਟਾਵਾ ਹੁੰਦੇ ਹਨ। ਉਹ ਇਸ ਤੱਥ ਨੂੰ ਇਸਕੇਲੀਅਨ ਦੁਖਾਂਤ ਤੇ ਸੁਰ-ਸੰਗੀਤ ਦੇ ਵਿਸ਼ਲੇਸ਼ਣ ਨਾਲ ਸਪੱਸ਼ਟ ਕਰਦਾ ਹੈ।
ਥਾਮਸਨ ਮੰਨਦਾ ਹੈ ਕਿ ਆਮ ਤੌਰ ਤੇ ਸਮਾਜ ਦਾ ਬੌਧਿਕ ਪੱਖ ਸ਼ਾਸਕ ਜਮਾਤ ਦੀ ਵਿਚਾਰਧਾਰਾ ਦੇ ਪ੍ਰਭਾਵ ਹੇਠ ਹੁੰਦਾ ਹੈ। ਸਰਮਾਏਦਾਰੀ ਵਿਚ ਵਿਗਿਆਨ ਕਿਰਤ ਤੋਂ ਵੱਖਰੀ ਹੁੰਦੀ ਹੋਈ ਸਰਮਾਏਦਾਰੀ ਦੀ ਸੇਵਾ ਵਿਚ ਚਲੀ ਜਾਂਦੀ ਹੈ। ਇਕ ਵਪਾਰਕ ਵਸਤੂ ਬਣ ਜਾਂਦੀ ਹੈ। ਇਥੇ ਵਿਚਾਰਧਾਰਕ ਪੁਨਰ-ਗਠਨ ਬਹੁਤ ਹੀ ਲਾਜ਼ਮੀ ਬਣ ਜਾਂਦਾ ਹੈ ਕਿ ਕੰਮਕਾਜੀ ਜਮਾਤ ਸਾਰੇ ਸਮਾਜ ਨੂੰ ਜਮਾਤੀ ਸੰਘਰਸ਼ ਅਤੇ ਕੁਦਰਤ ਨੂੰ ਜਿੱਤਣ ਲਈ ਝੋਕ ਦੇਵੇ ਤੇ ਨਾਲੋ ਨਾਲ ਆਪਣਾ ਵੀ ਪੁਨਰ-ਗਠਨ ਕਰੇ। ਇਸ ਤਰ੍ਹਾਂ ਪ੍ਰੋਲਤਾਰੀ ਕ੍ਰਾਂਤੀ ਉਸਾਰੂ ਨਤੀਜਿਆਂ ਵਲ ਵਧੇਗੀ। ਸਮਾਜ ਵਿਚਲੀ ਜਮਾਤੀ ਵੰਡ, ਜਿਸ ਵਿਚ ਸਰੀਰਕ ਤੇ ਮਾਨਸਿਕ ਕਿਰਤ ਅਤੇ ਮਨੁੱਖੀ ਚੇਤਨਾ ਵਿਚਲੀ ਵੰਡ ਵੀ ਸ਼ਾਮਿਲ ਹੈ, ਇਕ ਨਵੇਂ ਏਕੇ ਵਿਚ ਬਦਲ ਜਾਵੇਗੀ। ਬੋਧ ਮਨੁੱਖੀ ਸੋਚ ਦੇ ਪ੍ਰਭਾਵੀ ਪੱਖਾਂ ਨਾਲ ਤੇ ਦੋਵੇਂ ਵਿਵਹਾਰ ਨਾਲ ਇਕਮਿਕ ਹੋ ਜਾਣਗੇ।
ਕੁਝ ਅਨੁਭਵ, ਕੁਝ ਮਸਲੇ
ਮੇਰੇ ਅਨੁਭਵ ਵਿੱਚ ਅਨੁਵਾਦ ਇਕ ਅਭਿਆਸ ਹੈ। ਅਨੁਵਾਦ ਕਰਨਾ ਦੋ ਭਾਸ਼ਾਵਾਂ ਨੂੰ ਹੰਢਾਉਣਾ ਤੇ ਜਿਉਣਾ ਹੈ। ਇਕ ਭਾਸ਼ਾ ਵਿਚ ਪਏ ਤੱਤਾਂ ਨੂੰ ਖੰਘਾਲਣਾ ਤੇ ਦੂਸਰੀ ਭਾਸ਼ਾ ਵਿੱਚ ਉਹਨਾਂ ਤੱਤਾਂ ਨੂੰ ਪੁਨਰ-ਸੁਰਜੀਤ ਕਰਨਾ ਹੁੰਦਾ ਹੈ। ਦੂਨੀਆਂ ਦੀਆਂ ਬਹੁਤ ਸਾਰੀਆਂ ਮਹਾਨ ਪੁਸਤਕਾਂ ਹਨ ਜੋ ਸਾਡੇ ਕੋਲ ਅਨੁਵਾਦ ਰਾਹੀਂ ਹੀ ਪਹੁੰਚਦੀਆਂ ਹਨ। ਅਨੁਵਾਦ ਸਾਡੇ ਕੋਲ ਪਹੁੰਚਣਾ ਵੱਖਰੀ ਗੱਲ ਹੈ ਪਰ ਕਿਤਾਬ ਦਾ ਮੂਲ ਪਹੁੰਚਣਾ ਬਹੁਤ ਜ਼ਰੂਰੀ ਹੈ। ਚੰਗਾ ਅਨੁਵਾਦ ਕਿਤਾਬ ਦੇ ਮੂਲ ਨੂੰ ਕਾਇਮ ਰੱਖਦਾ ਹੈ ਤੇ ਮਾੜਾ ਅਰਥਾਂ ਦਾ ਅਨਰਥ ਕਰ ਦਿੰਦਾ ਹੈ।
ਮੈਂ ਕੋਈ ਪ੍ਰੋਫੈਸ਼ਨਲ ਅਨੁਵਾਦਕ ਨਹੀਂ, ਆਪਣਾ ਸ਼ੌਕ ਪੁਗਾਉਣ ਲਈ ਜਾਂ ਵਧੀਆ ਲਿਖਤ ਨੂੰ ਦੂਸਰੀ ਭਾਸ਼ਾ ਦੇ ਪਾਠਕਾਂ ਵਿੱਚ ਜਾਣੂ ਕਰਵਾਉਣ ਲਈ ਅਨੁਵਾਦ ਕਰ ਲੈਂਦਾ ਹਾਂ। ਹਥਲੀ ਪੁਸਤਕ ਵੀ ਇੱਕ ਵਧੀਆ ਲਿਖਤ ਨੂੰ ਪੰਜਾਬੀ ਪਾਠਕ ਤੱਕ ਪਹੁੰਚਾਉਣ ਦਾ ਇੱਕ ਯਤਨ ਹੈ ਕਿ ਅਸੀਂ ਵੀ ਜ਼ਿੰਦਗੀ ਨੂੰ ਹੋਰ ਨੇੜੇ ਹੋ ਕੇ ਸਮਝ ਸਕੀਏ।
ਅਨੁਵਾਦ ਕਰਦਿਆਂ ਅਨੁਭਵ ਹੋਇਆ ਕਿ ਬਹੁਤ ਸਾਰੀਆਂ ਗੱਲਾਂ ਦਾ ਉਲੱਥਾ ਸੰਭਵ ਹੀ ਨਹੀਂ ਕਿਉਂਕਿ ਜਾਂ ਤਾਂ ਪੰਜਾਬੀ ਵਿੱਚ ਸਾਡੇ ਕੋਲ ਅੰਗਰੇਜ਼ੀ ਦੇ ਕਈ ਸ਼ਬਦਾਂ ਲਈ ਇੰਨ-ਬਿੰਨ ਅਰਥਾਂ ਵਾਲੇ ਸ਼ਬਦ ਹੀ ਨਹੀਂ ਹਨ ਜਾਂ ਉਹ ਸਮਾਜਿਕ, ਸਭਿਆਚਾਰਕ ਤੇ ਆਰਥਿਕ ਅਨੁਭਵ ਹੀ ਨਹੀਂ ਹੈ ਜਿਸ ਅਨੁਭਵ ਨਾਲ ਉਹ ਗੱਲ ਲਿਖੀ ਗਈ ਹੈ। ਸ਼ਬਦਾਂ ਦੀ ਗੱਲ ਕਰੀਏ ਤਾਂ ਜ਼ਿਹਨ ਵਿੱਚ ਆਉਂਦਾ ਹੈ ਕਿ ਕਈ ਸ਼ਬਦਾਂ/ਅਨੁਭਵਾਂ ਨੂੰ ਅਨੁਵਾਦ ਕਰਨ ਲੱਗਿਆਂ ਮੈਨੂੰ ਬੜੀ ਵਾਰ ਦੋ ਚਾਰ ਹੋਣਾ ਪਿਆ ਜਿਵੇਂ ਕਿ ਪੁਸਤਕ ਵਿੱਚ ਇੱਕ ਸ਼ਬਦ 'Ape' ਵਾਰ ਵਾਰ ਆਉਂਦਾ ਹੈ ਪ੍ਰੰਤੂ ਇਸਦੇ ਸਹੀ ਸੰਦਰਭ ਵਿੱਚ ਪੰਜਾਬੀ ਦਾ ਨਾ ਤਾਂ 'ਲੰਗੂਰ' ਸ਼ਬਦ ਸਹੀ ਬੈਠਦਾ ਹੈ ਅਤੇ ਨਾ ਹੀ ਪੂਰਨ ਰੂਪ ਵਿੱਚ 'ਬਾਂਦਰ' (ਭਾਵੇਂ ਕੰਮ ਚਲਾਉਣ ਲਈ ਮੈਂ ਬਹੁਤੀ ਥਾਂ 'ਬਾਂਦਰ' ਸ਼ਬਦ ਦਾ ਹੀ ਪ੍ਰਯੋਗ ਕੀਤਾ ਹੈ)। ਕੁਝ ਹੋਰ ਸ਼ਬਦ ਹਨ ਜਿਵੇਂ ਕਿ 'Perception' ਤੇ 'Perceptual' ਇਹਨਾਂ ਸ਼ਬਦਾਂ ਨੂੰ ਪੁਸਤਕ ਵਿੱਚ ਵੱਖੋ-ਵੱਖ ਸੰਦਰਭਾਂ ਵਿੱਚ ਵਰਤਿਆ ਗਿਆ ਹੈ। ਉਹਨਾਂ ਅਰਥਾਂ ਨੂੰ ਇੰਨ-ਬਿੰਨ ਪ੍ਰਗਟਾਉਣ ਲਈ ਢੁਕਵੇਂ ਪੰਜਾਬੀ ਸ਼ਬਦਾਂ ਦੀ ਕਮੀ ਰੜਕਦੀ ਰਹੀ ਹੈ। ਇਹਨਾਂ ਨੂੰ ਅਨੁਵਾਦ ਕਰਦਿਆਂ ਮੈਂ ਲੋੜ ਅਨੁਸਾਰ 'ਪ੍ਰਤੱਖਣ', 'ਅਨੁਭਵ' ਜਾਂ 'ਇੰਦਰੀ-ਬੋਧ' ਸ਼ਬਦਾਂ ਦਾ ਇਸਤੇਮਾਲ ਕੀਤਾ ਹੈ। 'Symphony' ਸ਼ਬਦ ਨੂੰ ਢੁਕਵਾਂ ਪੰਜਾਬੀ ਰੂਪ ਦੇਣ ਲਈ ਵੀ ਕੋਈ ਠੋਸ ਪੰਜਾਬੀ ਸ਼ਬਦ ਨਹੀਂ ਲੱਭਿਆ। ਇਸ ਲਈ ਮੋਟੇ ਤੌਰ ਤੇ 'ਸੁਰ-ਸੰਗੀਤ' ਸ਼ਬਦ ਜੋੜ ਨੂੰ ਹੀ ਵਰਤਿਆ ਗਿਆ ਹੈ। ਸ਼ਬਦ 'Totemism' ਨੂੰ ਅਨੁਵਾਦ ਕਰਨ ਲੱਗਿਆਂ ਮੈਨੂੰ ਖੁਦ ਇਹ ਸਪੱਸ਼ਟ ਨਹੀਂ ਕਿ ਕੀ ਇਸ ਲਈ ਸ਼ਬਦ ਜੋੜ 'ਗਣ-ਚਿੰਨ੍ਹਵਾਦ' ਢੁੱਕਵਾਂ ਹੈ ਜਾਂ ਨਹੀਂ। ਇਸ ਤਰ੍ਹਾਂ ਪੰਜਾਬੀ ਸ਼ਬਦਾਵਲੀ ਵਿੱਚ ਬਹੁਤ ਸਾਰੇ ਸ਼ਬਦਾਂ ਦੀ ਘਾਟ ਮਹਿਸੂਸ ਹੋਈ। ਅਜਿਹੇ ਅਭਿਆਸਾਂ ਵਿਚੋਂ ਗੁਜ਼ਰਦਿਆਂ ਇਸ ਗੱਲ ਦੀ ਡੂੰਘੀ ਲੋੜ ਮਹਿਸੂਸ ਹੋਈ ਕਿ ਸਾਡੇ ਕੋਸ਼ਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਚੁਣੌਤੀਆਂ ਨਾਲ ਨਜਿੱਠਣ ਲਈ ਉਹ ਸਾਨੂੰ ਨਵੇਂ ਸ਼ਬਦ ਉਪਲਬੱਧ ਕਰਵਾਉਣ।
ਜਿਵੇਂ ਕਿ ਮੈਂ ਪਹਿਲਾਂ ਲਿਖ ਹੀ ਚੁੱਕਾ ਹਾਂ ਕਿ ਮੈਂ ਕੋਈ ਪ੍ਰੋਫ਼ੈਸ਼ਨਲ ਅਨੁਵਾਦਕ ਨਹੀਂ ਪ੍ਰੰਤੂ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਲਿਖਤ ਦਾ ਮੂਲ ਕਾਇਮ ਰਹਿਣਾ ਚਾਹੀਦਾ ਹੈ। ਉਸ ਮੂਲ ਨੂੰ ਕਾਇਮ ਰੱਖਣ ਲੱਗਿਆਂ ਕੋਸ਼ਿਸ਼ ਕਰਦਾ ਹਾਂ ਕਿ ਜੇ ਢੁੱਕਵੇਂ ਸ਼ਬਦ ਨਹੀਂ ਮਿਲ ਰਹੇ ਤਾਂ ਆਪਣੀ ਭਾਸ਼ਾ ਵਿੱਚ ਹੋਰ ਸ਼ਬਦਾਂ ਦੇ ਇਸਤੇਮਾਲ ਰਾਹੀਂ ਉਸਨੂੰ ਕਾਇਮ ਰੱਖ ਸਕਾਂ। ਮੈਂ ਇੱਕ ਅਨੁਵਾਦਕ ਨਾਲੋਂ ਪਹਿਲਾਂ ਇੱਕ ਉਸਾਰੂ ਲੇਖਕ ਹਾਂ। ਬਹੁਤ ਸਾਰੀਆਂ ਕੱਚੀਆਂ ਪੱਕੀਆਂ ਉਸਾਰੂ ਲਿਖਤਾਂ ਲਿਖ ਚੁੱਕਾ ਹਾਂ। ਸ਼ਾਇਦ ਇਸੇ ਕਰਕੇ ਮੇਰੇ ਅਨੁਵਾਦ ਵਿਚ ਤੁਹਾਨੂੰ ਇੱਕ ਹੋਰ ਲੱਛਣ ਨੋਟ ਕਰਨ ਨੂੰ ਮਿਲੇਗਾ ਕਿ ਬਹੁਤ ਵਾਰ ਮੇਰਾ ਅਨੁਵਾਦ ਇੰਨ-ਬਿੰਨ ਨਾ ਹੋ ਕੇ ਅਸਲ ਲਿਖਤ ਦਾ ਵਿਸ਼ਲੇਸ਼ਣ ਤੇ ਮੇਰੇ ਸ਼ਬਦਾਂ ਵਿੱਚ ਉਸਦੀ ਪੁਨਰ-ਉਸਾਰੀ ਹੁੰਦਾ ਹੈ। ਮੈਂ ਇਸ ਤਰ੍ਹਾਂ ਦੀ ਆਦਤ ਨੂੰ ਆਪਣੀ ਕਮਜ਼ੋਰੀ ਸਮਝਦਾ ਰਿਹਾ ਹਾਂ। ਪ੍ਰੰਤੂ ਮੈਂ ਇਸ ਕਿਤਾਬ ਦਾ ਖਰੜਾ ਜਦੋਂ ਡਾ. ਰਾਜੇਸ਼ ਕੁਮਾਰ ਸ਼ਰਮਾ ਹੋਰਾਂ ਨੂੰ ਪੜ੍ਹਨ ਲਈ ਦੇਣ ਗਿਆ ਤਾਂ ਉਹਨਾਂ ਨੇ ਗੱਲਾਂ ਗੱਲਾਂ ਵਿੱਚ ਇਹ ਸਮਝਾ ਦਿੱਤਾ ਕਿ ਕਿਸੇ ਵਾਕ ਨਾਲ ਇੰਨ-ਬਿੰਨ ਬੱਝ ਕੇ ਅਨੁਵਾਦ ਨਹੀਂ ਕੀਤਾ ਜਾ ਸਕਦਾ। 'ਅਨੁਵਾਦ' ਸ਼ਬਦ ਦੀ ਵਿਆਖਿਆ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਸਦਾ ਮਤਲਬ ਹੁੰਦਾ ਹੈ 'ਬਾਅਦ ਵਾਲੇ ਬੋਲ' (speech that follows)। ਅਨੁਵਾਦ ਜਿਸ ਇਤਿਹਾਸ ਦੀ ਘੜੀ ਦੇ ਮੌਕੇ ਤੇ ਆਉਂਦਾ ਹੈ ਉਹ ਉਸ ਸਮੇਂ ਵਿੱਚ ਹੀ ਸੰਭਵ ਹੁੰਦਾ ਹੈ। ਇਕ ਖਾਸ ਵਕਤ ਵਿੱਚ ਆਖੀ ਗਈ ਗੱਲ ਜਾਂ ਲਿਖੀ ਗਈ ਕਿਤਾਬ ਨੂੰ ਜਦੋਂ ਇਤਿਹਾਸ ਦੀ ਕਿਸੇ ਹੋਰ ਘੜੀ ਜਾਂ ਪ੍ਰਸੰਗ ਵਿਚ ਪੜ੍ਹਿਆ ਜਾਂਦਾ ਹੈ ਤਾਂ ਉਹ ਪੜ੍ਹਨਾ ਹੀ ਆਪਣੇ ਆਪ ਵਿੱਚ ਇੱਕ ਅਨੁਵਾਦ ਨੂੰ ਪੜ੍ਹਨਾ ਹੈ ਭਾਵੇਂ ਉਸਨੂੰ ਮੂਲ ਭਾਸ਼ਾ ਵਿੱਚ ਹੀ ਕਿਉਂ ਨਾ ਪੜ੍ਹਿਆ ਜਾਵੇ। ਇਸ ਤਰ੍ਹਾਂ ਅਨੁਵਾਦ ਬਦਲਦੇ ਹੋਏ ਇਤਿਹਾਸ ਦੇ ਪ੍ਰਸੰਗਾਂ ਵਿੱਚ ਉਸ ਕਿਤਾਬ (ਕਿਤਾਬ ਵਿੱਚ ਦਰਜ ਅਧਿਐਨ/ਵਿਚਾਰਾਂ) ਦੀ ਪ੍ਰਸੰਗਿਕਤਾ ਦੀ ਪ੍ਰੌੜਤਾ ਹੈ। ਦੂਸਰਾ ਮੇਲ ਖਾਂਦੇ ਸ਼ਬਦਾਂ ਨੂੰ ਸ਼ਬਦਾਂ ਨਾਲ ਵਟਾ ਕੇ ਅਨੁਵਾਦ ਸੰਭਵ ਨਹੀਂ ਹੋ ਸਕਦਾ। ਤੁਹਾਨੂੰ ਲਿਖਤ ਦੀ ਸੰਜੀਦਗੀ ਸਮਝਦੇ ਹੋਏ ਬਹੁਤ ਕੁਝ ਪੁਨਰ-ਉਸਾਰਨਾ ਹੁੰਦਾ ਹੈ। ਇਸ ਤਰ੍ਹਾਂ ਅਨੁਵਾਦ ਅਨੁਵਾਦ ਨਾ ਹੋ ਕੇ ਇਕ ਨਵੀਂ ਵਿਧਾ ਵਜੋਂ ਉਭਰਦਾ ਹੈ। ਇਸ ਲਈ ਕਹਿ ਸਕਦੇ ਹਾਂ ਕਿ ਅਨੁਵਾਦ ਕੀਤਾ ਨਹੀਂ, ਲਿਖਿਆ ਜਾਂਦਾ ਹੈ। ਉਨ੍ਹਾਂ ਦੀਆਂ ਇਹਨਾਂ ਗੱਲਾਂ ਨੇ ਤਸੱਲੀ ਦਿੱਤੀ ਤੇ ਨਾਲੋ ਨਾਲ ਖੁੱਲ੍ਹ ਕੇ ਅਨੁਵਾਦ ਕਰਨ ਲਈ ਵੀ ਪ੍ਰੇਰਿਆ। ਇਸ ਤਰ੍ਹਾਂ ਅਨੁਵਾਦ ਬਾਰੇ ਮੇਰੀ ਸਮਝ ਹੋਰ ਸਪੱਸ਼ਟ ਤੇ ਉਸਾਰੂ ਹੋ ਗਈ।
ਇਸ ਤਰ੍ਹਾਂ ਅਨੁਵਾਦ ਪਹਿਲੀ ਭਾਸ਼ਾ ਵਿੱਚ ਲਿਖੀ ਗਈ ਪੁਸਤਕ ਨੂੰ ਜਿਉਣਾ ਹੁੰਦਾ ਹੈ ਫੇਰ ਉਸੇ ਜ਼ਿੰਦਗੀ ਨੂੰ ਦੂਸਰੀ ਭਾਸ਼ਾ ਵਿਚ ਪੁਨਰ-ਸੁਰਜੀਤ ਕਰਨਾ ਹੁੰਦਾ ਹੈ। ਇਹ ਆਪਣੇ ਆਪ ਨੂੰ ਢਾਲਣ ਤੇ ਮੁੜ ਉਸਾਰਨ ਵਾਂਗ ਬੜਾ ਮਿਹਨਤੀ ਤੇ ਸੰਜਮੀ ਕੰਮ ਹੈ।
Jagdev singh
sstr