ਧੀਆਂ ਨਾਲ ਹਰ ਪੜਾਅ ਤੇ ਹੁੰਦੀਆਂ ਜਿਆਦਤੀਆਂ ਕਵਿਤਰੀ ਦਾ ਮਨ ਵਲੂੰਧਰ ਸਟਦੀਆਂ ਹਨ।ਇਸੇ ਕਰਕੇ ਉਹ ਉਹਨਾਂ ਅੰਦਰ ਇਕ ਨਵੀਂ ਰੂਹ ਭਰਦੀ ਹੈ ਤਾਂ ਕੇ ਉਹ ਹਿੰਮਤੀ ਅਤੇ ਦਲੇਰੀ ਨਾਲ ਸਮਾਜ ਨਾਲ ਟੱਕਰ ਲੈ ਸਕਣ।ਗਰੀਬੀ ਕਾਰਨ ਗੁਆਚ ਰਹੇ ਬਚਪਨ ਦਾ ਵੀ ਉਸਨੂੰ ਝੋਰਾ ਹੈ।ਨਾਰੀ ਦੇ ਲੁੱਟ ਹੋ ਰਹੇ ਹੱਕਾਂ ਤੇ ਮਗਰਮੱਛ ਦੇ ਹੰਝੂ ਵਹਾਉਣ ਵਾਲਿਆਂ ਨੂੰ ਵੀ ਉਹ ਕਟਹਿਰੇ ਵਿਚ ਖੜਾ ਕਰਦੀ ਹੈ।ਮਰਦ ਨੂੰ ਸਭ ਹੱਕ ਦੇਣ ਵਾਲਾ ਕੋਣ ਹੈ? ਜਦਕਿ ਪ੍ਰਮਾਤਮਾ ਨੇ ਔਰਤ ਅਤੇ ਮਰਦ ਨੂੰ ਬਰਾਬਰੀ ਬਖਸ਼ੀ ਹੈ।ਇਹ ਸਮਾਜ ਹੀ ਆਪਣੇ ਸੌੜੇ ਹਿੱਤਾਂ ਦੀ ਪੂਰਤੀ ਲਈ ਅਜ ਇੱਕੀਵੀਂ ਸਦੀ ਵਿਚ ਵੀ ਔਰਤ ਨੂੰ ਇਕ ਵਸਤੂ ਹੀ ਸਮਝਦਾ ਆ ਰਿਹਾ ਹੈ।ਮਾਂ ਦੇ ਉੱਚੇ ਰੁਤਬੇ ਦਾ ਸਤਿਕਾਰ, ਬਜ਼ੁਰਗਾਂ ਦਾ ਆਦਰ ਮਾਣ ਕਰਨ ਵਾਲੇ ਹਮੇਸ਼ਾਂ ਖੁਸ਼ੀ ਹਾਸਿਲ ਕਰਦੇ ਹਨ।ਪੁਸਤਕ ਵਿਚ ਸ਼ਾਮਿਲ ਪੰਜਾਹ ਕਵਿਤਾਵਾਂ ਤੇ ਇਕ ਗਜ਼ਲ ਸਮਾਜਕ ਰਹੁ ਰੀਤਾਂ ਅਤੇ ਬਦਲਦੇ ਸਮਾਜ ਦੀਆਂ ਝਲਕਾਂ ਪੇਸ਼ ਕਰਦੀਆਂ ਹਨ।ਕਵਿਤਰੀ ਲੜਕੀ ਨੂੰ ਸਭ ਹੱਕ ਦਿੰਦੀ ਹੋਈ ਅਜ਼ਾਦੀ ਦਾ ਸਹੀ ਇਸਤੇਮਾਲ ਕਰਨ ਦੀ ਸਲਾਹ ਵੀ ਦਿੰਦੀ ਹੈ।ਉਹ ਉਸਨੂੰ ਸ਼ਰਮ ਹਯਾ ਦਾ ਲੜ ਫੜਕੇ ਉਚੇਰੀਆਂ ਕਦਰਾਂ ਕੀਮਤਾਂ ਦੀ ਧਾਰਨੀ ਬਨਾਉਣ ਦਾ ਉਪਰਾਲਾ ਵੀ ਕਰਦੀ ਹੈ।ਇੰਜ ਇਹ ਕਵਿਤਾਵਾਂ ਸਮੁੱਚੀ ਨਾਰੀ ਜਾਤੀ ਲਈ ਕਲਿਆਣਕਾਰੀ ਹਨ। ਕੁਰਬਾਨੀ ਨਾਮੀ ਕਵਿਤਾ ਵਿਚ ਉਹ ਔਰਤ ਦੀ ਕੁਰਬਾਨੀ ਤੇ ਸਵਾਲ ਉਠਾਉਂਦੀ ਹੋਈ ਲਿਖਦੀ ਹੈ:
ਹੁਣ ਮੈਂ ਸਮਾਂ ਬਦਲਾਂਗੀ
ਰਸਮਾਂ ਬਦਲਾਂਗੀ
ਤੇ ਹਮੇਸ਼ਾ ਦੀ ਤਰ੍ਹਾਂ ਸੂਲੀ ਨਹੀਂ ਚੜ੍ਹਾਂਗੀ।
ਮੈਂ ਹੀ ਹਰ ਵਾਰੀ ਕੁਰਬਾਨੀ ਕਿਉਂ ਦੇਵਾਂ?
ਪ੍ਰਸ਼ਨ ਕਰਾਂਗੀ?
ਇਸ ਤਰ੍ਹਾਂ ਪ੍ਰੋ ਜੀਤ ਦੇਵਿੰਦਰ ਕੌਰ ਦੀ ਇਹ ਪੁਸਤਕ ਵਿਰਾਸਤੀ ਗੱਲਾਂ ਨਾਲ ਜੋੜਦੀ ਹੋਈ ਨਾਰੀ ਨੂੰ ਬਰਾਬਰੀ ਦਾ ਜੀਵਨ ਜਿਉਣ ਲਈ ਤਿਆਰ ਕਰਦੀ ਹੈ।ਇਸ ਸੰਤਾਪ ਲਈ ਜਿੰਮੇਵਾਰ ਲੋਕਾਂ ਨੂੰ ਹਲੂਣਾ ਮਾਰਦੀ ਹੋਈ ਸਹੀ ਰਾਹੇ ਪੈਣ ਦੀ ਹਦਾਇਤ ਕਰਦੀ ਹੈ।ਉਹ ਨਾਰੀ ਨੂੰ ਵਿਚਾਰੀ ਨਹੀਂ ਸਗੋਂ ਆਪਣੇ ਹੱਕਾਂ ਖਾਤਰ ਲੜਨ ਵਾਲੀ ਬਹਾਦਰ ਸ਼ੀਹਣੀ ਬਣਾਉਂਦੀ ਹੈ।ਉਹ ਨਾਰੀ ਦੁਆਰਾ ਨਵੇਂ ਸਮਾਜ ਦੀ ਸਿਰਜੇ ਜਾਣ ਦੀ ਉਮੀਦ ਵੀ ਲਾਉਂਦੀ ਹੈ।।ਇਸ ਪੁਸਤਕ ਵਿਚ ਮਾਂ ਦੀ ਲੋਰੀ ਵਰਗੀ ਮਹਿਕ ਅਤੇ ਪਿਤਾ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਵਰਗਾ ਨਿੱਘ ਹੈ।ਇਹ ਅਜੋਕੇ ਸਮੇਂ ਦੀਆਂ ਇਸਤਰੀ ਸਬੰਧੀ ਨਿਵੇਕਲੀਆਂ ਕਵਿਤਾਵਾਂ ਦਾ ਕੀਮਤੀ ਤੇ ਮਹਿਕਦਾ ਗੁਲਦਸਤਾ ਹੈ।ਰੀਵਿਊਕਾਰ: ਬਲਜਿੰਦਰ ਮਾਨ
ਸੰਪਰਕ: +91 98150 189047