Wed, 30 October 2024
Your Visitor Number :-   7238304
SuhisaverSuhisaver Suhisaver

ਬਰਫ਼ ਵਿੱਚ ਉੱਗੀ ਨਿੱਘੀ ਕਲਮ: ਇਕਬਾਲ

Posted on:- 11-03-2016

suhisaver

-ਸੁਰਿੰਦਰ ਧੰਜਲ (ਡਾ.)
ਕੈਮਲੂਪਸ, ਕੈਨੇਡਾ


ਚਾਰ ਦਹਾਕਿਆਂ ਤੋਂ ਕੈਨੇਡਾ ਵਿੱਚ ਨਿਵਾਸ ਕਰ ਰਿਹਾ ਇਕਬਾਲ ਰਾਮੂਵਾਲੀਆ ਬਹੁਪੱਖੀ ਅਤੇ ਵਿਲੱਖਣ ਸਾਹਿਤਕਾਰ ਹੋਣ ਦੇ ਨਾਲ਼-ਨਾਲ਼ ਸਰਗਰਮ ਮੀਡੀਆ-ਚਿੰਤਕ ਵੀ ਹੈ। ਬਹੁਪੱਖੀ ਸਾਹਿਤਕਾਰ ਇਸ ਲਈ ਕਿ ਉਸ ਨੇ ਕਵਿਤਾ, ਕਹਾਣੀ, ਅੰਗਰੇਜ਼ੀ ਨਾਵਲ, ਪੰਜਾਬੀ ਨਾਵਲ, ਕਾਵਿ-ਨਾਟ, ਅਤੇ ਸਿਰਜਣਾਤਮਕ ਗੱਦ ਵਰਗੀਆਂ ਭਿੰਨ-ਭਿੰਨ ਵਿਧਾਵਾਂ ਵਿੱਚ ਪੁਸਤਕ-ਰਚਨਾ ਕੀਤੀ ਹੈ। ਵਿਲੱਖਣ ਸਾਹਿਤਕਾਰ ਇਸ ਲਈ, ਕਿ ਉਸ ਦੀ ਇੱਕ ਵਿਧਾ ਵਿੱਚ ਕੀਤੀ ਗਈ ਰਚਨਾ, ਉਸ ਦੁਆਰਾ ਕਿਸੇ ਹੋਰ ਵਿਧਾ ਵਿੱਚ ਕੀਤੀ ਗਈ ਕਿਸੇ ਰਚਨਾ ਦਾ ਅਨੁਵਾਦ, ਵਿਸਥਾਰ, ਜਾਂ ਪਰਛਾਵਾਂ ਨਹੀਂ ਹੈ।

ਇਕਬਾਲ ਨੇ ਠੀਕ ਚਾਰ ਦਹਾਕੇ ਪਹਿਲਾਂ ਆਪਣੇ ਪਹਿਲੇ ਕਾਵਿ-ਸੰਗ੍ਰਹਿ ਸੁਲ਼ਘਦੇ ਅਹਿਸਾਸ (1974) ਨਾਲ਼ ਸਾਹਿਤ-ਜਗਤ ਵਿੱਚ ਪਰਵੇਸ਼ ਕਰ ਕੇ, ਪੰਜਾਬੀ ਕ੍ਰਾਂਤੀਕਾਰੀ ਕਵਿਤਾ ਵਿੱਚ, ਇਸ ਕਵਿਤਾ ਦੇ ਕੁਝ ਮੋਢੀ ਕਵੀਆਂ - ਪਾਸ਼, ਉਦਾਸੀ, ਅਤੇ ਲਾਲ ਸਿੰਘ ਦਿਲ - ਵਰਗਾ ਸਤਿਕਾਰਯੋਗ ਸਥਾਨ ਹਾਸਲ ਕੀਤਾ ਸੀ। ਸੁਲ਼ਘਦੇ ਅਹਿਸਾਸ ਤੋਂ ਬਾਅਦ, ਕੁਝ ਵੀ ਨਹੀਂ, ਤਿੰਨ ਕੋਣ (ਦੋ ਹੋਰ ਕਨੇਡੀਅਨ ਕਵੀਆਂ ਨਾਲ ਸਾਂਝਾ ਕਾਵਿ-ਸੰਗ੍ਰਹਿ), ਪਾਣੀ ਦਾ ਪਰਛਾਵਾਂ, ਅਤੇ ਕਵਿਤਾ ਮੈਨੂੰ ਲਿਖਦੀ ਹੈ ਤੋਂ ਇਲਾਵਾ ਇਕਬਾਲ, ਇਕ ਚਰਚਿਤ ਕਾਵਿ-ਨਾਟਕ ਪਲ਼ੰਘ ਪੰਘੂੜਾ ਦੀ ਰਚਨਾ ਵੀ ਕਰ ਚੁੱਕਿਆ ਹੈ।

ਆਪਣੇ ਇਸ ਕਾਵਿਕ ਸਫ਼ਰ ਦੌਰਾਨ, ਇਕਬਾਲ ਹੌਲ਼ੀ ਹੌਲ਼ੀ ਆਪਣੇ ਮੁਢਲੇ ਦੌਰ ਦੀ ਕ੍ਰਾਂਤੀਕਾਰੀ ਕਵਿਤਾ ਤੋਂ ਇੱਕ ਸੁਚੇਤ ਵਿੱਥ ਸਥਾਪਿਤ ਕਰਦਾ ਹੋਇਆ, ਕਦੇ ਸੰਘਣੇ ਅਲੰਕਾਰਾਂ ਵਾਲੀ ਕਵਿਤਾ, ਕਦੇ ਪ੍ਰਗੀਤਕ ਕਵਿਤਾ, ਕਦੇ ਆਧੁਨਿਕ ਸੰਵੇਦਨਾ ਵਾਲੀ ਕਵਿਤਾ, ਕਦੇ ਸ਼ੰਕਾਵਾਦੀ ਕਵਿਤਾ, ਕਦੇ ਦੇਹਵਾਦੀ ਕਵਿਤਾ, ਅਤੇ ਕਦੇ ਪਰਵਾਸੀ ਚੇਤਨਾ ਵਾਲੀ ਕਵਿਤਾ ਵਰਗੇ ਅਨੇਕਾਂ ਰੰਗਾਂ ਵਿੱਚ ਵਿਚਰਦਾ ਹੈ।

ਪਿਛਲੇ ਵੀਹਾਂ ਕੁ ਸਾਲਾਂ ਦੌਰਾਨ, ਉਸ ਨੇ ਇਕ ਪੰਜਾਬੀ ਨਾਵਲ ਮੌਤ ਇੱਕ ਪਾਸਪੋਰਟ ਦੀ, ਅਤੇ ਦੋ ਅੰਗਰੇਜ਼ੀ ਨਾਵਲਾਂ (
The Death of a Passport, The Midair Frown) ਤੋਂ ਇਲਾਵਾ ਸਿਰਜਣਾਤਮਕ ਗੱਦ ਦੇ ਇਕ ਅਨੂਪਮ ਨਮੂਨੇ ਵਜੋਂ, ਆਪਣੀ ਸ੍ਵੈ-ਜੀਵਨੀ ਦਾ ਪਹਿਲਾ ਭਾਗ ਸੜਦੇ ਸਾਜ਼ ਦੀ ਸਰਗਮ (2012) ਨਾਮ ਹੇਠ ਕਲਮਬੰਦ ਕੀਤਾ ਹੈ। ਉਸਦਾ ਪਹਿਲਾ ਕਹਾਣੀ-ਸੰਗ੍ਰਹਿ ਨਿੱਕੀਆਂ-ਵੱਡੀਆਂ ਧਰਤੀਆਂ ਪਿਛਲੇ ਵਰ੍ਹੇ ਹੀ ਪ੍ਰਕਾਸ਼ਿਤ ਹੋਇਆ ਸੀ। ਆਪਣੇ ਪਹਿਲੇ ਹੀ ਕਹਾਣੀ-ਸੰਗ੍ਰਹਿ ਵਿੱਚ, ਇਕਬਾਲ ਦਾ ਅਨੂਠੀ ਕਲਾ ਕੌਸ਼ਲਤਾ ਦੀ ਪਰਦਰਸ਼ਨੀ ਕਰਨਾ, ਪੰਜਾਬੀ ਸਾਹਿਤ ਦੀ ਸਮੁੱਚੀ ਪਰੰਪਰਾ ਵਿੱਚ ਵਿਰਲਾ-ਟਾਵਾਂ ਅਤੇ ਸੁਆਗਤਯੋਗ ਵਰਤਾਰਾ ਹੈ। ਉਸ ਦੀ ਕਹਾਣੀ-ਕਲਾ ਦਾ ਆਰੰਭ ਹੀ ਉਸ ਪਕਰੌੜ ਬਿੰਦੂ ਤੋਂ ਹੁੰਦਾ ਹੈ ਜਿਹੜਾ ਬਹੁਤ ਸਾਰੇ ਕਹਾਣੀਕਾਰਾਂ ਨੂੰ ਆਪਣੇ ਮੱਧ ਜਾਂ ਅੰਤ ਵਿਚ ਵੀ ਮਸਾਂ ਨਸੀਬ ਹੁੰਦਾ ਹੈ। ਕਾਮੁਕ ਉਲਾਰਤਾ ਤੋਂ ਪਰਹੇਜ਼, ਵਿਸ਼ਿਆ ਦੀ ਵੰਨ-ਸੁਵੰਨਤਾ, ਪੀਡੀ ਬਣਤਰ ਤੇ ਬੁਣਤਰ, ਅਤੇ ਨਵੇਂ ਨਵੇਂ ਸ਼ਬਦ-ਚਿਤਰ, ਇਕਬਾਲ ਦੀ ਕਹਾਣੀ ਕਲਾ ਦੇ ਸਰਵੋਤਮ ਗੁਣ ਹਨ। ਅਜਿਹੇ ਉੱਚ-ਮਿਆਰੀ ਲੱਛਣਾਂ ਕਰਕੇ, ਇਕਬਾਲ ਦੀਆਂ ਕਈ ਕਹਾਣੀਆਂ ਵਰਿਆਮ ਸਿੰਘ ਸੰਧੂ, ਪ੍ਰੇਮ ਪ੍ਰਕਾਸ਼, ਗੁਰਬਚਨ ਸਿੰਘ ਭੁੱਲਰ, ਗੁਰਦੇਵ ਸਿੰਘ ਰੁਪਾਣਾ, ਗੁਰਦਿਆਲ ਸਿੰਘ ਨਾਵਲਿਸਟ, ਬਲਦੇਵ ਸਿੰਘ ਸੜਕਨਾਮਾ, ਡਾਕਟਰ ਸਾਧੂ ਸਿੰਘ, ਅਤੇ ਡਾਕਟਰ ਜਸਵਿੰਦਰ ਸਿੰਘ ਵਰਗੇ ਸਾਡੇ ਸ੍ਰੇਸ਼ਠ ਕਹਾਣੀਕਾਰਾਂ ਦੀਆਂ ਰਚਨਾਵਾਂ ਨਾਲ਼ ਪੱਲਾ ਮੇਚਦੀਆਂ ਨਜ਼ਰ ਆਉਂਦੀਆਂ ਹਨ। ਮਨੁੱਖੀ ਰਿਸ਼ਤਿਆ ਦਾ ਗਹਿਰ ਗੰਭੀਰ ਵਿਸ਼ਲੇਸ਼ਣ ਕਰਦੀ ਹੋਈ ਉਸ ਦੀ ਕਹਾਣੀ ‘ਮੱਛੀ’ ਦਾ ਟੈਲੀ ਆਰਟ ਫਿ਼ਲਮ ਦੇ ਰੂਪ ਵਿੱਚ ਪ੍ਰਸਤੁਤ ਹੋਣਾ, ਇਕਬਾਲ ਦੇ ਨਾਲ਼ ਨਾਲ਼, ਸਮੁੱਚੀ ਪੰਜਾਬੀ ਕਹਾਣੀ ਦਾ ਮਾਨ-ਸਨਮਾਨ ਹੈ।

ਉਸ ਦੀਆਂ ਗਿਆਰਾਂ ਹੀ ਪੁਸਤਕਾਂ ਵਿੱਚ ਵਿਸ਼ਵ ਦੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹਮਦਰਦੀ ਭਰਿਆ ਚਿਤਰਣ ਉਸ ਦੀਆਂ ਰੰਗ-ਬਰੰਗੀਆ ਕਿਰਤਾਂ ਦੇ ਕੇਂਦਰ ਵਿੱਚ ਇਉਂ ਬਰਾਜਮਾਨ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਸਤਰੰਗੀ ਪੀਂਘ ਵਿਚ ਵਟ ਕੇ ਅਸਮਾਨ ਵਿੱਚ ਆਪਣਾ ਜਲੌਅ ਉਜਾਗਰ ਕਰ ਰਹੀਆਂ ਹੋਣ। ਉਚ-ਪੱਧਰੀਆਂ ਗਿਆਰਾਂ ਪੁਸਤਕਾਂ ਦੀ ਰਚਨਾ ਨੇ ਉਸ ਨੂੰ ਕੈਨੇਡਾ ਦੇ ਇੱਕ-ਹੱਥ ਦੀਆਂ ਉਂਗਲੀਆਂ `ਤੇ ਗਿਣੇ ਜਾਣ ਵਾਲੇ ਸੰਜੀਦਾ ਕਨੇਡੀਅਨ ਪੰਜਾਬੀ ਸਾਹਿਤਕਾਰਾਂ ਦੀ ਸੂਚੀ ਵਿੱਚ ਲਿਆ ਖੜ੍ਹਾ ਕੀਤਾ ਹੈ।

ਕਵੀਸ਼ਰੀ ਅਤੇ ਸੰਗੀਤ ਵਿੱਚ ਰਸਿਆ ਹੋਣ ਦੇ ਨਾਲ਼ ਨਾਲ਼, ਉਹ ਕੈਨੇਡਾ ਦੀ ਮੀਡੀਆਕਾਰੀ ਵਿੱਚ ਵੀ ਸਰਗਰਮ ਰਹਿੰਦਾ ਹੈ: ਟਰਾਂਟੋ ਦੇ ਕਈ ਰੇਡੀਓ ਅਤੇ ਟੀ. ਵੀ. ਪ੍ਰੋਗਰਾਮਾਂ ਵਿੱਚ, ਭਖਦੇ ਮਸਲਿਆਂ ਉੱਤੇ ਉਸ ਦੀਆਂ ਚਿੰਤਨ-ਭਰਪੂਰ ਟਿੱਪਣੀਆਂ ਦੀ ਸਰਲ, ਸਪਸ਼ਟ ਅਤੇ ਤਰਕਮਈ ਭਾਸ਼ਾ ਨੂੰ ਕੈਨੇਡਾ ਦੇ ਹਰ ਸ਼ਹਿਰ ਦੇ ਪੰਜਾਬੀ ਦਰਸ਼ਕ ਮੋਹ-ਭਰੀ ਅਪਣੱਤ ਨਾਲ ਉਡੀਕਦੇ ਰਹਿੰਦੇ ਹਨ। ਬਹੁ-ਪੱਖੀ ਸਾਹਿਤਕਾਰ, ਵਿਲੱਖਣ ਸਿਰਜਕ, ਅਤੇ ਬੇਬਾਕ ਮੀਡੀਆ-ਚਿੰਤਕ ਦੀ ਪ੍ਰਸਿੱਧੀ ਹਾਸਲ ਕਰ ਕੇ, ਹੁਣ ਉਹ ਸ੍ਵੈ-ਜੀਵਨੀ ਦਾ ਦੂਜਾ ਭਾਗ, ਬਰਫ਼ ਵਿੱਚ ਉਗਦਿਆਂ, ਲੈ ਕੇ ਸਾਡੇ ਰੂਬਰੂ ਹੋਇਆ ਹੈ।

ਇਸ ਪੁਸਤਕ ਵਿੱਚ ਸ਼ਾਮਲ ‘ਖੁਲ੍ਹ ਗਿਆ!’, ‘ਸ਼ੀਸ਼ੇ `ਚ ਟਿਮਕਦੇ ਜੁਗਨੂੰ’, ‘ਲੋਹੇ ਦੀਆਂ ਕਿਸ਼ਤਾਂ’, ‘ਅੰਗਰੇਜ਼ੀ ਨਾਲ਼ ਵਾਟਰਲੂਦੀ ਲੜਾਈ’, ‘ਮਕਰੇਅ ਦੀ ਬਾਈਬਲ’, ‘ਫ਼ਾਦਰ ਟਰੀਸਾ’ ਆਦਿਕ ਰਚਨਾਵਾਂ ਦੇ ਪਹਿਲੇ ਪਾਠ, ਅਸਲੋਂ ਹੀ ਵਿਸਮਾਦੀ ਅਨੁਭਵ ਹਨ। ਇਕਬਾਲ ਦਿਸਦੇ ਸੰਸਾਰ ਪਿੱਛੇ ਅਕਸਰ ਉਸ ਅਣਦਿਸਦੇ ਨੂੰ ਨਵੇਂ ਅੰਦਾਜ਼ ਨਾਲ਼ ਬਿਆਨਣ ਦਾ ਮਾਹਰ ਹੈ, ਜਿਸ ਸੰਸਾਰ ਨੂੰ ਅਸੀਂ ਅਕਸਰ ਅਣਗੌਲਿਆ ਕਰਦੇ ਰਹਿੰਦੇ ਹਾਂ। ਇਕਬਾਲ ਵੱਲੋਂ ਕੀਤੀ ਗਈ, ਇਸ ਅਦਿਸਦੇ ਸੰਸਾਰ ਦੀ ਸੁਸ਼ਕਤ ਗੱਦਕਾਰੀ ਦੇ ਰੂਬਰੂ ਹੁੰਦਿਆਂ ਹੀ ਸਾਡੀਆ ਅੱਖਾਂ ਚੁੰਧਿਆ ਜਾਂਦੀਆਂ ਹਨ: ‘ਆਹ ਸਭ ਕੁਝ ਅਸੀਂ ਪਹਿਲਾਂ ਕਿਉਂ ਨਹੀਂ ਦੇਖ ਸਕੇ?’

ਵਿਰਸੇ ਵਿੱਚ ਹਾਸਲ ਹੋਈ ਕਵੀਸ਼ਰੀ, ਸੰਗੀਤ ਅਤੇ ਤਰਕਸ਼ੀਲਤਾ; ਹਰ ਸਥਿਤੀ ਦੀਆਂ ਦਿਸਦੀਆਂ ਅਤੇ ਅਣਦਿਸਦੀਆਂ ਪਰਤਾਂ ਨੂੰ ਪਰਖ-ਪੜਚੋਲ ਸਕਣ ਵਾਲ਼ੀ ਮਹੀਨ ਖ਼ੁਰਦਬੀਨੀ ਦ੍ਰਿਸ਼ਟੀ; ਪੇਂਡੂ ਪਿਛੋਕੜ ਵਿੱਚ ਰਸੇ ਹੋਣਾ; ਅਤੇ ਲਾਸਾਨੀ ਸ਼ਬਦ-ਚਿਤਰਾਂ ਦੀ ਸਿਰਜਣਾ ਕੁਝ ਅਜਿਹੇ ਮਹੱਤਵਪੂਰਨ ਪਹਿਲੂ ਹਨ ਜਿਹੜੇ ਇਕਬਾਲ ਦੀ ਰਚਨਾ ਨੂੰ ਉਸ ਦੇ ਸਮਕਾਲੀਆਂ ਤੋਂ ਵੱਖਰਿਆਉਂਦੇ ਹਨ।

ਇਕਬਾਲ ਲਾਸਾਨੀ ਸ਼ਬਦ-ਚਿਤਰ ਸਿਰਜਣ ਦਾ ਉਸਤਾਦ ਹੈ। ਸ਼ਬਦ-ਚਿਤਰਾਂ ਨੂੰ ਇਕਬਾਲ ਇਸ ਤਰ੍ਹਾਂ ਬੀੜਦਾ ਅਤੇ ਲਾਡ ਲਡਾਉਂਦਾ ਹੈ ਕਿ ਸ਼ਬਦਾਂ ਦੇ ਗੁੱਝੇ ਅਰਥਾਂ ਦੇ ਨਾਲ਼ ਨਾਲ਼, ਸਾਡੀ ਦਿਮਾਗੀ ਧੁੰਦ ਨੂੰ ਚੀਰਦੇ ਹੋਏ ਨਵੇਂ-ਨਕੋਰ ਅਰਥ ਵੀ ਲਿਸ਼ਕਾਰੇ ਮਾਰਨ ਲਗਦੇ ਹਨ। ਹੇਠ ਲਿਖੇ ਵਿਲੱਖਣ ਸ਼ਬਦ-ਚਿਤਰ ਪੰਜਾਬੀ ਸਾਹਿਤ ਵਿਚ ਇਕਬਾਲ ਰਾਹੀਂ ਪਹਿਲੀ ਵਾਰ ਪਰਵੇਸ਼ ਕਰਦੇ ਹਨ: ਪਾਣੀ ਵਾਲ਼ੀ ਟੂਟੀ ਹੇਠ ਹੋਣ ਲਈ ਤਾਂਘਦੇ ਰੁਮਾਲ; ਵਿਹੜੇ `ਚ ਪੂਛ-ਸੁੱਟੀ ਖਲੋਤੇ ਨਲ਼ਕੇ ਦੀ ਡੰਡੀ; ਘੰਟਿਆਂ ਨੂੰ ਕੁਤਰ-ਕੁਤਰ ਕੇ ਬੱਸ `ਚੋਂ ਬਾਹਰ ਸੁੱਟਣਾ; ਕਿਸਾਨਾਂ ਦੀਆਂ ਪੈਲ਼ੀਆਂ ਵੱਲ ਸੇਧਤ ਬਾਣੀਆਂ ਦੇ ਵਹੀ-ਖਾਤਿਆਂ ਦਾ ਟੀਰ; ਗਿਰਵੀਨਾਮਿਆਂ `ਚ ਲਿਪਟ-ਗਈਆਂ ਜ਼ਮੀਨਾਂ ਦੇ ਛਿਲਕਿਆਂ ਨੂੰ ਖੀਸਿਆਂ `ਚ ਤਹਿ ਕਰਨਾ; ਬਿਰਛਾਂ ਦੀਆਂ ਗੰਜੀਆਂ ਟਾਹਣੀਆਂ ਨੂੰ ਝੰਜੋੜਦਾ ਭੂਸਰਿਆ ਹੋਇਆ ਠੱਕਾ!

ਅਜੇਹੇ ਦਰਜਨਾਂ ਮੌਲਿਕ ਅਤੇ ਅਦਭੁੱਤ ਸ਼ਬਦ-ਚਿਤਰ ਇਕਬਾਲ ਦੀ ਹਰ ਰਚਨਾ ਵਿੱਚ ਥਾਂ-ਪੁਰ-ਥਾਂ ਨਗੀਨਿਆਂ ਵਾਂਗ ਜੜੇ ਹੋਏ ਦ੍ਰਿਸ਼ਟੀਗੋਚਰ ਹੁੰਦੇ ਹਨ।
ਉਸਦੀ ਲੇਖਣੀ `ਚ ਸਾਡੇ ਬਹੁਤੇ ਵਾਰਤਕਕਾਰਾਂ ਵਾਂਗ ਕੋਈ ਸ਼ਰਾਰਤ ਨਹੀਂ, ਸਗੋਂ ਇੱਕ ਵਿਸ਼ੇਸ਼ ਕਿਸਮ ਦੀ ਮਾਸੂਮੀਅਤ ਝਲਕਾਰੇ ਮਾਰਦੀ ਹੈ। ਉਸਦੀ ਰਚਨਾ ਵਿੱਚ ਬਲਵੰਤ ਗਾਰਗੀ, ਡਾ. ਹਰਿਭਜਨ ਸਿੰਘ, ਭੂਸ਼ਨ ਧਿਆਨਪੁਰੀ, ਡਾ. ਗੁਰਬਚਨ, ਅਤੇ ਅਮਰਜੀਤ ਚੰਦਨ ਵਰਗੀ ਸ਼ਕਤੀ, ਰਵਾਨੀ, ਅਤੇ ਸੱਜਰਾਪਣ ਹੈ, ਪਰ ਉਹ ਇਨ੍ਹਾਂ ਵਿੱਚੋਂ ‘ਕਿਸੇ ਵਰਗਾ’ ਹੋਣ ਦੇ ਦੋਸ਼ ਤੋਂ ਪੂਰਨ ਤੌਰ `ਤੇ ਮੁਕਤ ਹੈ। ਇਕਬਾਲ ਦੀ ਵਾਰਤਕ ਵਿੱਚ ਪਿੱਤਲ ਦੇ ਗਲਾਸਾਂ `ਚੋਂ ਭਾਫ਼ਾਂ ਛੱਡਦੀ ਚਾਹ ਦੀਆਂ ਚੁਸਕੀਆਂ ਦਾ ਸਵਾਦ ਹੈ; ਮੱਕੀ ਦੀਆਂ ਛੱਲੀਆਂ, ਗੰਨਿਆਂ, ਅਤੇ ਹੋਲ਼ਾਂ ਦੀ ਮਿੱਠਾਸ ਹੈ, ਜੇਠ ਹਾੜ ਦੀਆਂ ਧੁੱਪਾਂ ਦੀ ਤਪਸ਼ ਹੈ; ਸਿਆਲ਼ਾਂ ਦੀਆਂ ਰਜ਼ਾਈਆਂ ਵਰਗਾ ਨਿੱਘ ਹੈ; ਅਤੇ ਮੇਲਿਆਂ ਤੇ ਵਿਆਹ-ਸ਼ਾਦੀਆਂ ਵਰਗੀਆਂ ਰੌਣਕਾਂ ਹਨ।

ਕਵੀ, ਨਾਵਲਕਾਰ, ਕਹਾਣੀਕਾਰ, ਗੱਦਕਾਰ, ਮੀਡੀਆ-ਚਿੰਤਕ, ਬਹੁਪੱਖੀ ਸ਼ਖ਼ਸੀਅਤ ਦੇ ਸੁਆਮੀ ਇਕਬਾਲ ਦੀ ਸ੍ਵੈ-ਜੀਵਨੀ ਦਾ ਦੂਜਾ ਭਾਗ, ਬਰਫ਼ ਵਿੱਚ ਉਗਦਿਆਂ, ਆਪਣੀ ਸੁਸ਼ਕਤ ਕਲਾ ਪਰਦਰਸ਼ਨੀ ਕਰ ਕੇ, ਹਾਰਦਿਕ ਸੁਆਗਤ ਦਾ ਅਧਿਕਾਰੀ ਹੈ।

(ਇਸ ਪੁਸਤਕ ਦੀ ਦੂਸਰੀ ਛਾਪ ਹੁਣੇ ਹੁਣੇ ਛਪੀ ਹੈ ਤੇ ਪੀਪਲਜ਼ ਫ਼ੋਰਮ ਬਰਗਾੜੀ ਤੋਂ 9872998313 ਤੇ ਫੋਨ ਕਰ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਲੁਧਿਆਣੇ ਪੰਜਾਬੀ ਭਵਨ ਵਿੱਚ ਹਰੀਸ਼ ਮੋਦਗਿਲ ਦੇ ਬੁੱਕ ਸੈਂਟਰ ਤੋਂ ਵੀ ਮਿਲ ਸਕਦੀ ਹੈ।)


Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ