ਕਰਮਯੋਗੀ ਪ੍ਰਿੰ. ਹਰਭਜਨ ਸਿੰਘ ਤੇ ਮੇਰਾ ਪਿੰਡ ਮਾਹਿਲਪੁਰ
Posted on:- 04-01-2016
ਰੀਵਿਊਕਾਰ: ਬਲਜਿੰਦਰ ਮਾਨ
ਲੇਖਕ:ਗਿਆਨੀ ਹਰਕੇਵਲ ਸਿੰਘ, ਸੰਪਾਦਕ:ਰਾਓ ਕੈਂਡੋਵਾਲ
ਪ੍ਰਕਾਸ਼ਕ:ਬਲਦੇਵ ਸਿੰਘ ਖੋਜੀ, ਚੰਡੀਗੜ੍ਹ , ਪੰਨੇ:344, ਮੁੱਲ:ਪੜ੍ਹੋ ਤੇ ਪੜ੍ਹਾਓ
ਸਵਰਗਵਾਸੀ ਗਿਆਨੀ ਹਰਕੇਵਲ ਸਿੰਘ ਸੈਲਾਨੀ ਨੇ ਆਪਣੇ ਜੀਵਨ ਵਿਚ ਦੋ ਦਰਜਨ ਖੋਜ ਭਰਪੂਰ ਪੁਸਤਕਾਂ ਦੀ ਸਿਰਜਣਾ ਕਰਕੇ ਪਾਠਕਾਂ ਨੂੰ ਮੁਫਤ ਵੰਡੀਆਂ।ਖੋਜੀ ਤੇ ਪਰਉਪਕਾਰੀ ਬਿਰਤੀ ਦੇ ਮਾਲਕ ਸੈਲਾਨੀ ਜੀ ਨੇ ਚਾਲੀ ਸਾਲ ਪਹਿਲਾਂ ‘ਪਿ੍ਰੰਸੀਪਲ ਹਰਭਜਨ ਸਿੰਘ ਤੇ ਮੇਰਾ ਪਿੰਡ ਮਾਹਿਲਪੁਰ’ ਬਾਰੇ ਦੋ ਭਾਗਾਂ ਵਿਚ ਪੁਸਤਕ ਤਿਆਰੀ ਕੀਤੀ ਸੀ।ਜਿਸ ਬਾਰੇ ਅਜੀਤ ਅਖਬਾਰ ਦੇ ਸੰਪਾਦਕ ਸਾਧੂ ਸਿੰਘ ਹਮਦਰਦ ਨੇ ਕਿਹਾ ਸੀ, “ਅਜਿਹੀ ਖੋਜ ਦਾ ਕੰਮ, ਭਾਰਤ ਖਾਸ ਕਰ ਪੰਜਾਬੀ ਕੌਮ ਲਈ ਜ਼ਰੂਰੀ ਹੈ”।ਸੋ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ੳਹਨਾਂ ਦਿਨ ਰਾਤ ਮਿਹਨਤ ਕਰਕੇ ਪਿੰਡ ਦੇ ਉਹਨਾਂ ਅਹਿਮ ਪਹਿਲੂਆਂ ਨੂੰ ਪੇਸ਼ ਕੀਤਾ ਜਿਨ੍ਹਾਂ ਬਾਰੇ ਕਦੀ ਕਿਸੇ ਨੇ ਕੋਈ ਖਿਆਲ ਨਹੀਂ ਸੀ ਕੀਤਾ।ਇਸ ਖੋਜ ਕਾਰਨ ਮਾਹਿਲਪੁਰ ਨੂੰ ਵਿਕਾਸ ਦੀ ਲੀਹੇ ਪਾਉਣ ਵਾਲੇ ਹਿੰਮਤੀ ਅਤੇ ਦੇਸ਼ ਦੀ ਖਾਤਰ ਕੁਰਬਾਨੀ ਦੇਣ ਵਾਲੇ ਬਾਬਾ ਹਰਜਾਪ ਸਿੰਘ ਸਮੇਤ ਸੈਂਕੜੇ ਉੱਦਮੀਆਂ ਦੀ ਗੱਲ ਤੁਰੀ।ਪੂਰੀ ਦੁਨੀਆਂ ਵਿਚ ਸਤਿਕਾਰੀ ਜਾਣ ਵਾਲੀ ਹਸਤੀ ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਦੇਣ ਨੂੰ ਨਵੀਂ ਪੀੜੀ ਹਵਾਲੇ ਕੀਤਾ।ਹੱਥਲੀ ਪੁਸਤਕ ਦੇ ਪ੍ਰਕਾਸ਼ਨ ਵਿਚ ਬੀਬੀ ਗੁਰਮੀਤ ਕੌਰ ਬੈਂਸ, ਅਰਜਨ ਅਵਾਰਡੀ ਮਾਧੁਰੀ ਏ ਸਿੰਘ ਅਤੇ ਇੰਟਰਨੈਸ਼ਨਲ ਅਥਲੀਟ ਅਮਨਦੀਪ ਸਿੰਘ ਬੈਂਸ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
ਹੱਥਲੀ ਪੁਸਤਕ ਵਿਚ ਸੰਪਾਦਕ ਰਾਓ ਕੈਂਡੋਵਾਲ ਨੇ ਆਪਣੀ ਕਲਾਤਮਿਕਤਾ ਨਾਲ ਦੋ ਪੁਸਤਕਾਂ ਨੂੰ
ਇਕ ਜਿਲਦ ਵਿਚ ਬਾਖੂਬੀ ਸਮੇਟ ਦਿੱਤਾ ਹੈ।ਪੁਸਤਕ ਵਿਚੋਂ ਜਿਥੇ ਮਾਹਿਲਪੁਰ ਦੇ ਇਤਿਹਾਸ
ਮਿਥਿਆਸ ਦੀ ਜਾਣਕਾਰੀ ਮਿਲਦੀ ਹੈ ਉਥੇ ਇਸ ਪਿੰਡ ਦੀਆਂ ਪੂਰੀ ਦੁਨੀਆਂ ਵਿਚ ਝੰਡੇ ਗੱਡਣ
ਵਾਲੀਆਂ ਸ਼ਖਸੀਅਤਾਂ ਦਾ ਜ਼ਿਕਰ ਵੀ ਕੀਤਾ ਗਿਆ ਹੈ।ਪਿੰਡ ਦੇ ਰਕਬੇ, ਖੁਹਾਂ, ਧਾਰਮਿਕ
ਅਸਥਾਨਾਂ, ਰਹੂ ਰੀਤਾ, ਬਾਗਾਂ, ਬੈਂਕਾਂ, ਸਕੂਲ਼ਾਂ, ਪੱਤੀਆਂ ਗੱਲ ਕੀ ਹਰ ਪੱਖ ਬਾਰੇ ਇਸ
ਪੁਸਤਕ ਵਿਚੋਂ ਭਰਪੂਰ ਜਾਣਕਾਰੀ ਮਿਲ ਜਾਂਦੀ ਹੈ।
ਪ੍ਰਿੰਸੀਪਲ ਹਰਭਜਨ ਸਿੰਘ ਜੀ ਨਾਲ ਸਬੰਧਤ ਸੰਸਥਾਵਾਂ, ਕਲੱਬਾਂ, ਐਵਰਡਾਂ ਅਤੇ ਸਮਾਗਮਾਂ ਦੇ ਵੇਰਵੇ ਵੀ ਲੜੀਵਾਰ ਦਰਜ ਕੀਤੇ ਗਏ ਹਨ।ਅਜਿਹੀ ਖੋਜ ਭਰਪੂਰ ਪੁਸਤਕ ਨੂੰ ਚਾਲੀ ਸਾਲ ਦੇ ਅੱਰਸੇ ਬਾਅਦ ਮੁੜ ਪਾਠਕਾਂ ਦੇ ਸਨਮੁੱਖ ਕਰਨਾ ਕਿਸੇ ਪਹਾੜ ਦੀ ਚੋਟੀ ਤੋਂ ਚੜ੍ਹਨ ਤੋਂ ਘੱਟ ਨਹੀਂ।ਇਸ ਹਿੰਮਤ ਲਈ ਸੰਪਾਦਕ ਨੂੰ ਦਾਦ ਦੇਣੀ ਬਣਦੀ ਹੈ ਜਿਸਨੇ ਆਪਣੀ ਬੌਧਿਕ ਸਮਰੱਥਾ ਅਨੁਸਾਰ ਇਸ ਪੁਸਤਕ ਨੂੰ 2014 ਤਕ ਕਵਰ ਕਰਨ ਦਾ ਯਤਨ ਕੀਤਾ ਹੈ।ਜਿਸ ਰੰਗ ਢੰਗ ਦਾ ਇਹ ਪਿੰਡ ਚਾਲੀ ਸਾਲ ਪਹਿਲਾਂ ਸੀ।ਉਹ ਰੂਪ ਤਾਂ ਹੁਣ ਲੱਭਿਆਂ ਵੀ ਨਹੀਂ ਲੱਭਦਾ। ਫਿਰ ਵੀ ਪਾਠਕ ਨੂੰ ਇਸ ਵਿਚੋਂ ਇਤਿਹਾਸਕ ਅਤੇ ਆਧੁਨਿਕ ਦ੍ਰਿਸ਼ਟੀ ਤੋਂ ਬਹੁਤ ਕੁੱਝ ਗਿਆਨਵਰਧਕ ਮਿਲ ਜਾਂਦਾ ਹੈ।ਵੱਡ ਅਕਾਰੀ ਪੁਸਤਕ ਪੜ੍ਹਨ ਬੈਠ ਦੇ ਹਾਂ ਤਾਂ ਨਵੀਂ ਪਨੀਰੀ ਲਈ ਇਹ ਗੱਲਾ ਬੀਤੇ ਦੀਆਂ ਬਾਤਾਂ ਲਗਦੀਆਂ ਹਨ।
ਅਸਲ ਵਿਚ ਇਹ ਵੇਰਵੇ ਆਧੁਨਿਕ ਸਮਾਜ ਅਤੇ ਮਾਹਿਲਪੁਰ ਦੀ ਉਸਾਰੀ ਦੀ ਕਹਾਣੀ ਬਿਆਨਦੇ ਹਨ।ਜਿਵੇਂ ਗਦਰੀ ਬਾਬਾ ਹਰਜਾਪ ਸਿੰਘ, ਜਸਟਿਸ ਅਜੀਤ ਸਿੰਘ ਬੈਂਸ, ਮੀਡੀਆ ਸਲਾਹਕਾਰ ਹਰਚਰਨ ਬੈਂਸ ਅਤੇ ਨਗਰ ਕੌਂਸਿਲ ਦੀ ਪਹਿਲੀ ਇਸਤਰੀ ਪ੍ਰਧਾਨ ਬਣਨ ਵਾਲੀ ਬੀਬੀ ਗੁਰਮੀਤ ਕੌਰ ਬੈਂਸ ਦੁਨੀਆਂ ਦੇ ਵੱਖ ਵੱਖ ਦੇਸ਼ਾਂ ਵਿਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਅਕਤੀਆਂ ਦਾ ਜ਼ਿਕਰ ਇਸ ਪੁਸਤਕ ਦੀ ਮਹਾਨਤਾ ਨੂੰ ਉਜਾਗਰ ਕਰਦਾ ਹੈ।
ਪੁਸਤਕ ਵਿਚ ਇਹ ਵੀ ਦਰਜ ਹੈ ਕਿ “ਮਾਹਿਲਪੁਰ ਨਾਂ ਦਾ ਪਿੰਡ ਪੂਰੀ ਦੁਨੀਆ ਵਿਚ ਇਕ ਹੀ ਹੈ।ਚੀਨੀ ਯਾਤਰੀ ਹਿਊਨਸਾਂਗ 643 ਈਸਵੀ ਵਿਚ ਥਾਨੇਸਰ ਵਿਖੇ ਮਹਾਰਾਜਾ ਹਰਸ਼ਵਰਧਨ ਦੇ ਮਹਿਮਾਨ ਠਹਿਰਿਆ।ਉਹ ਵਾਪਸੀ ਸਮੇਂ ਇਥੇ ਵੀ ਆਇਆ।ਇਹ ਨਗਰ ਸਮਰਾਟ ਹਰਸ਼ਵਰਧਨ ਦੇ ਬਜੁਰਗਾਂ ਦੀ ਪੈਦਾਇਸ਼ਗਾਰ ਹੈ।ਲਗਭਗ 400 ਈਸਵੀ ਵਿਚ ਮਾਹਿਲਪੁਰ ਤੋਂ ਹੀ ਮਹਾਰਾਜਾ ਹਰਸ਼ਵਰਧਨ ਦੇ ਵੱਡੇ ਵਡੇਰੇ ਬੈਂਸ ਬੰਸੀ ਪੁਸ਼ਪਭੂਤੀ ਨੇ ਆਪਣੇ ਵੰਸ਼ ਦੇ ਬਹੁਤ ਸਾਰੇ ਬੰਦਿਆਂ ਦੀ ਸਹਾਇਤਾ ਨਾਲ ਕੁਰਕਸ਼ੇਤਰ ਦੀ ਪਾਕ ਜ਼ਮੀਨ ਤੇ ਸ਼੍ਰੀਕੰਠ ਉਰਫ ਥਨੇਸਰ ਨੂੰ ਵਸਾਇਆ ਸੀ।ਇਸ ਤਰ੍ਹਾਂ ਉਹ ਆਪ ਥਾਨੇਸਰ ਦਾ ਪਹਿਲਾ ਰਾਜਾ ਬਣਿਆ”।
ਪੁਸਤਕ ਨੂੰ ਹੋਰ ਗਹਿਰਾਈ ਨਾਲ ਪੜ੍ਹੀਏ ਤਾਂ ਇਥੋਂ ਦੀ ਸੱਭਿਆਚਾਰਕ, ਰਾਜਸੀ, ਖੇਡ, ਸਾਹਿਤਕ, ਧਾਰਮਿਕ ਅਤੇ ਸਮਾਜਕ ਪ੍ਰਾਪਤੀਆਂ ਦਾ ਵੀ ਗਿਆਨ ਹੋ ਜਾਂਦਾ ਹੈ।ਫੁਟਬਾਲ ਦੀ ਧਰਤੀ ਹੋਣ ਕਰਕੇ ਫੁਟਬਾਲ ਦੀ ਵੀ ਭਰਪੂਰ ਚਰਚਾ ਕੀਤੀ ਗਈ ਹੈ।ਪੁਸਤਕ ਨੂੰ ਆਧੁਨਿਕ ਸਮਾਜ ਦਾ ਹਾਣੀ ਬਨਾਉਣ ਲਈ ਅਜੇ ਹੋਰ ਉਪਰਾਲਿਆ ਦੀ ਲੋੜ ਹੈ।ਜਿਸ ਪੱਧਰ ਦਾ ਕਾਰਜ ਗਿਆਨੀ ਜੀ ਨੇ ਕੀਤਾ ਸੀ ਉਸ ਤਕ ਪੁੱਜਣ ਲਈ ਅਜੇ ਕਈ ਹੋਰ ਪਹਿਲੂ ਅਣਛੂਹੇ ਪਏ ਨੇ।ਕੁਝ ਥਾਵਾਂ ਤੇ ਤੱਥਾਂ ਦਾ ਟਪਲਾ ਵੀ ਲੱਗ ਗਿਆ ਹੈ।ਜਿਵੇਂ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੀ ਸ਼ੁਰੂਆਤ ਨਵੰਬਰ 1995 ਵਿਚ ਹੋਈ ਸੀ ਜਦਕਿ ਪੁਸਤਕ ਵਿਚ ਸਾਲ 1996 ਛਪ ਗਿਆ ਹੈ।ਐਡੇ ਵੱਡੇ ਕਾਰਜ ਵਿਚ ਕਮੀਆ ਰਹਿਣੀਆਂ ਸੁਭਾਵਿਕ ਹਨ।ਫਿਰ ਵੀ ਗਿਆਨੀ ਹਰਕੇਵਲ ਸਿੰਘ ਸੈਲਾਨੀ ਦੀ ਇਸ ਖੋਜ ਅੱਗੇ ਸਿਰ ਝੁਕਦਾ ਹੈ।ਸੰਪਾਦਕ ਰਾਓ ਕੈਂਡੋਵਾਲ ਦੀ ਮਿਹਨਤ ਤੇ ਲਗਨ ਦੀ ਦਾਦ ਦਿੱਤੇ ਬਗੈਰ ਨਹੀਂ ਰਿਹਾ ਜਾ ਸਕਦਾ।ਵਿਸ਼ਵ ਵਿਚ ਵਸਦੇ ਮਾਹਿਲਪੁਰ ਨਾਲ ਸਬੰਧਤ ਪਾਠਕਾਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ।ਇਸ ਰਾਹੀਂ ਉਹ ਆਪਣੀ ਮਿੱਟੀ ਨਾਲ ਜੁੜਨਗੇ ਅਤੇ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹੋਣਗੇ।
ਸੰਪਰਕ: +91 98150 18947
Stepbeivy
Cialis De Lilly <a href=https://buyciallisonline.com/#>Buy Cialis</a> Cheap Cialis Online Legit India <a href=https://buyciallisonline.com/#>Cialis</a> Priligy And Cialis Together