ਸਾਹਿਤ ਦੀ ਕੈਨਵੈਸ ’ਚ ਉੱਭਰੀਆਂ ਬਹੁ ਪਰਤਾਂ ਦੀ ਪੇਸ਼ਕਾਰੀ:ਮੇਰੇ ਹਿੱਸੇ ਦਾ ਅਦਬੀ ਸੱਚ
Posted on:- 13-11-2015
-ਅਰਵਿੰਦਰ ਕੌਰ ਕਾਕੜਾ (ਡਾ.)
‘ਮੇਰੇ ਹਿੱਸੇ ਦਾ ਅਦਬੀ ਸੱਚ‘ ਲੇਖਕ ਤੇ ਆਲੋਚਕ ਨਿਰੰਜਣ ਬੋਹਾ ਦੇ ਲੇਖਾਂ ਦਾ ਅਜਿਹਾ ਸੰਗ੍ਰਹਿ ਹੈ, ਜਿਸ ਦੇ ਜ਼ਰੀਏ ਉਸ ਲੇਖਕਾਂ ਪਾਠਕਾ, ਤੇ ਚਿੰਤਕਾ ਨਾਲ ਉਦੇਸ਼ਪੂਰਵਕ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਕੋਲ ਸਮਾਜਿਕ ਵਰਤਾਰੇ ਨੂੰ ਵੇਖਣ ਦੀ ਤਿੱਖਣ ਸੂਝ ਹੈ, ਦੂਜੇ ਪਾਸੇ ਇਸਦੀ ਪੇਸ਼ਕਾਰੀ ਲਈ ਖੂਬਸੂਰਤ ਸ਼ੈਲੀ ਵੀ ਨਾਲੋਂ ਨਾਲ ਸਫ਼ਰ ਕਰਦੀ ਹੈ। ਬੋਹਾ ਨੇ ਜੋ ਸਾਹਿਤਕ ਸਫ਼ਰ ਵਿਚੋਂ ਅਨੁਭਵ ਕੀਤਾ ਹੈ ਉਸਦੀ ਪੇਸ਼ਕਾਰੀ ਵੱਖਰੇ ਵੱਖਰੇ ਸਿਰਲੇਖ ਹੇਠ ਲਿਖੇ ਲੇਖਾਂ ਦੇ ਤਹਿਤ ਪਾਠਕਾਂ ਸਾਹਮਣੇ ਰੂ-ਬਰੂ ਕੀਤੀ ਹੈ। ਉਸ ਨੇ ਪਾਠਕਾਂ ਖਾਸ ਤੌਰ ਤੇ ਨਵੇਂ ਲੇਖਕਾਂ ਨੂੰ ਉਸਾਰੂ ਸੇਧ ਦੇਣ ਲਈ ਇਹਨਾਂ ਲੇਖਾ ਵਿਚ ਜਿੱਥੇ ਅਣਚਾਹੀ ਵਡਿਆਈ ਤੇ ਬਨਾਵਟੀ ਮੁਲੰਮਾ ਗਿਰੀ ਤੋਂ ਮੁਕਤ ਹੋਣ ਦੀ ਗੱਲ ਕੀਤੀ ਹੈ ਉੱਥੇ ਲੇਖਕ ਸਭਾਵਾਂ ਦੇ ਸਾਰਥਿਕ ਪੱਖਾਂ ਨੂੰ ਵੀ ਸਾਹਮਣੇ ਰੱਖਿਆ ਹੈ। ਇਸ ਪੁਸਤਕ ਵਿਚ ਕੁਲ 28 ਲੇਖ ਹਨ। ਪੁਸਤਕ ਦਾ ਕੈਨਵਸ ਸਾਹਿਤ ਦੀ ਸਥਿਤੀ, ਸੀਮਾ ਤੇ ਸੰਭਾਵਨਾਵਾਂ ਨੂੰ ਆਪਣੇ ਕਲਾਵੇ ਵਿਚ ਸਮੇਂਟਦਾ ਹੋਇਆ ਤਿੰਨੇ ਪੱਖਾਂ ਨੂੰ ਤਿਕੋਣਮਈ ਤਰੀਕੇ ਨਾਲ ਪੇਸ਼ ਕਰਦਾ ਹੈ , ਜਿਸ ਵਿਚ ਸਾਹਿਤ ਸਭਾਵਾਂ ਦੀ ਦਸ਼ਾ ਤੇ ਦਿਸ਼ਾ , ਲੇਖਕ ਦੀ ਦ੍ਰਿਸ਼ਟੀ ਤੇ ਵਿਵਹਾਰਕਤਾ ਅਤੇ ਨਿਰੰਜਣ ਬੋਹਾ ਦੇ ਆਪਣੇ ਸਾਹਿਤਕ ਸਫ਼ਰ ਦੀਆਂ ਕਈ ਪਰਤਾਂ ਸਾਹਮਣੇ ਆਉਂਦੀਆਂ ਹਨ।
ਇਸ ਪੁਸਤਕ ਦੇ ਪਾਠ ਵਿਚੋਂ ਗੁਜਰਦਿਆਂ ਇੱਕ ਨਵੀਂ ਗੱਲ ਤਾਂ ਇਹ ਸਪੱਸ਼ਟ ਹੁੰਦੀ ਹੈ ਕਿ ਲੇਖਕ ਲਈ ਸਾਹਿਤਕ ਖੇਤਰ ਵਿਚ ਵੀ ਹਾਵੀ ਹੋ ਰਹੀ ਨਿੱਜ ਦੀ ਪ੍ਰਵਿਰਤੀ ਤੇ ਉਪਭੋਗਤਾਵਾਦੀ ਪ੍ਰਵਿਰਰਤੀਆਂ ਚਿੰਤਾ ਦਾ ਵਿਸ਼ਾ ਹਨ। ਇਸ ਗੱਲ ਦਾ ਉਸ ਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਕਿ ਸਮਾਜ ਪ੍ਰਤੀ ਲੇਖਕ ਦੀ ਜ਼ਿੰਮੇਵਾਰੀ ਆਮ ਲੋਕਾਂ ਨਾਲੋਂ ਵੱਧ ਹੈ। ਉਹ ਆਪਣੀ ਪੁਸਤਕ ਦੇ ਮੁੱਢਲੇ ਸ਼ਬਦਾਂ ਵਿਚ ਸਪੱਸ਼ਟ ਕਰ ਜਾਂਦਾ ਹੈ , ਲੇਖਕ ਹੋਣ ਤੋਂ ਪਹਿਲਾਂ ਮੈ ਇਕ ਜ਼ਿੰਮੇਵਾਰੀ ਸਮਾਜਿਕ ਮਨੁੱਖ ਵੀ ਹਾਂ ਤੇ ਮੈਨੂੰ ਸਾਹਿਤ ਸਿਰਜਣਾ ਦਾ ਕਾਰਜ਼ ਕਰਦਿਆਂ ਆਪਣੇ ਘਰ ਪਰਿਵਾਰ ਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ। ਜੇ ਅਸੀਂ ਲੇਖਕ ਹਾਂ ਤਾਂ ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਦੀ ਹੈ।‘
ਇਸ ਪੁਸਤਕ ਦਾ ਪਹਿਲਾ ਲੇਖ ‘ਲੇਖਕ ਬਨਾਮ ਪਾਠਕ‘ ਹੈ। ਉਸਦੀ ਇਹ ਦਲੀਲ ਪੂਰੀ ਤਰ੍ਹਾਂ ਤਰਕਪੂਰਨ ਹੈ ਕਿ ਲੇਖਕਾਂ ਤੇ ਪਾਠਕਾਂ ਦਾ ਰਿਸ਼ਤਾ ਬੜਾ ਪਵਿੱਤਰ ਤੇ ਪਾਕ ਹੁੰਦਾ ਹੈ । ਪਾਠਕ ਦਾ ਲੇਖਕ ਨਾਲ ਨੇੜਲਾ ਸਬੰਧ ਉਸ ਦੀ ਰਚਨਾ ਰਾਹੀਂ ਹੁੰਦਾ ਤੈਅ ਹੁੰਦਾ ਹੈ । ਬੋਹਾ ਵੀ ਇਸ ਗੱਲ ਦੀ ਪੈਰਵਾਈ ਇਸ ਪੁਸਤਕ ਵਿੱਚ ਕਰਦਾ ਹੈ ਕਿ ਜਿਹੜੀ ਰਚਨਾ ਪਾਠਕੀ ਸੰਵੇਦਨਾ ਨੂੰ ਝੰਝੋੜਦੀ ਹੈ ਉਸੇ ਰਚਨਾ ਨੂੰ ਹੀ ਪਾਠਕ ਪਸੰਦ ਕਰਦੇ ਹਨ। ਕੋਈ ਵੀ ਸਾਹਿਤਕ ਰਚਨਾ ਆਪਣੀ ਸ਼ਾਬਦਿਕ ਊਰਜਾ ਨਾਲ ਜਿਉਂਦੀ ਹੈ। ਬੋਹਾ ਨੇ ਉਹਨਾਂ ਲੇਖਕਾ ਦਾ ਭਰਮ ਤੋੜਿਆ ਹੈ ਜੋ ਪ੍ਰਚਾਰ ਰਾਹੀਂ ਆਪਣੀ ਰਚਨਾਂ ਨੂੰ ਸਨਮਾਨ ਯੋਗ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ‘ਪੰਜਾਬੀ ਲੇਖਕਾਂ ਸੰਗ ਵਿਚਰਦਿਆਂ‘ ਲੇਖ ਵਿਚ ਨਿਰੰਜਣ ਬੋਹਾ ਨੇ ਜਿਥੇ ਕੁਝ ਲੇਖਕਾ ਦੀ ਕਥਨੀ ਤੇ ਕਰਨੀ ਵਿਚਲੇ ਫਰਕ ਨੂੰ ਮਾਪਿਆ ਹੈ ਉੱਥੇ ਉਹਨਾਂ ਲੇਖਕਾ ਦੀ ਨਿੰਦਾ ਵੀ ਕੀਤੀ ਹੈ ਜੋ ਆਪਣੇ ਵਿਚਾਰਾਂ ਨੂੰ ਆਪ ਹੀ ਸੂਖਮ ਭਾਵੀ ਤੇ ਪ੍ਰਗਤੀਸ਼ੀਲ ਹੋਣ ਦਾ ਐਲਾਣ ਕਰਕੇ ਦੂਸਰਿਆਂ ਦੇ ਵਿਚਾਰਾਂ ਨੂੰ ਬੌਧਿਕਤਾ ਰਹਿਤ, ਸਥੂਲ, ਕਠੋਰ ਤੇ ਪਿਛਾਂਹ ਖਿੱਚੂ ਦੱਸਦੇ ਹਨ। ਵਧੇਰੇ ਆਤਮ -ਕੇਂਦਰਿਤ ਸੋਚ ਦੇ ਲੇਖਕਾਂ ਨੂੰ ਬੋਹਾ ਦੂਰੋ ਸਲਾਮ ਕਰਦਾ ਹੋਇਆ ਸਾਹਿਤ ਵਿਚ ਫੈਲਾਈ ਗਈ ਅਖੌਤੀ ਉੱਤਰ ਆਧੁਨਿਕ ਵਿਚਾਰਧਾਰਾ ਦੇ ਭਰਮ ਦਾ ਵੀ ਖੰਡਨ ਕਰਦਾ ਹੈ।
ਲੇਖਕ ਆਪਣੇ ਅਨੁਭਵ ਦਾ ਇਕ ਕੌੜਾ ਸੱਚ ਇਹ ਵੀ ਬਿਆਨ ਕਰਦਾ ਹੈ ਕਿ ਬਹੁਤ ਸਾਰੇ ਸਥਾਪਿਤ ਲੇਖਕਾਂ ਅੰਦਰਲੀ ਸਵਾਰਥੀ ਪ੍ਰਵਿਰਤੀ ਨਵੀਆਂ ਕਲਮਾਂ ਨੂੰ ਪਨਪਣ ਨਹੀਂ ਦੇਂਦੀ ਇਸ ਦਾ ਅਸਲ ਪ੍ਰਗਟਾਵਾ ਸਾਹਿਤਕ ਗੋਸ਼ਟੀਆ ਵੇਲੇ ਭਲੀ ਭਾਂਤ ਉਘੜਦਾ ਹੈ। ‘ਸਾਹਿਤਕ ਗੋਸ਼ਟੀਆ ਦੇ ਵਹਿਣ‘ ਲੇਖ ਇਸੇ ਦਸ਼ਾ ਵਿਚ ਤੁਰਦਾ ਨਜ਼ਰ ਆਉਂਦਾ ਹੈ। ਲੇਖਕ ਦਾ ਇਹ ਅਨੁਭਵ ਹੈ ਕਿ ਕਈ ਵਾਰ ਸਾਹਿਤਕ ਗੋਸ਼ਟੀਆ ਦਾ ਅਤਿ ਕੁਰਾਹੇ ਪਿਆ ਵਹਿਣ ਨਵੇਂ ਤੇ ਪ੍ਰਤਿਭਾਵਾਨ ਲੇਖਕਾਂ ਨੂੰ ਬੇਹੱਦ ਨਿਰਾਸ਼ਾ ਦੇ ਦੌਰ ਵਿਚ ਲੈ ਜਾਂਦਾ ਹੈ। ਇਹ ਵੀ ਸੱਚ ਹੈ ਕਿ ਕਈ ਵਾਰ ਅਜਿਹੀ ਸਥਿਤੀ ਵੀ ਗੋਸ਼ਟੀਆਂ ਵਿੱਚੋਂ ਉਪਜਦੀ ਹੈ ਕਿ ਦੋ ਪ੍ਰਮੁੱਖ ਬੁਲਾਰਿਆਂ ਦੀ ਵਿਚਾਰਧਾਰਕ ਭਿੰਨਤਾ ਗੋਸ਼ਟੀ ਨੂੰ ਨਿੱਜ਼ੀ ਚਿੱਕੜ ਉਛਾਲੀ ਦੇ ਪੱਧਰ ਤੱਕ ਲੈ ਜਾਂਦੀ ਤੇ ਗੋਸ਼ਟੀ ਦਾ ਅਸਲ ਵਿਸ਼ਾ ਬੁਲਾਰਿਆਂ ਦੀ ਰੰਜਿਸ਼ ਵਿਚ ਗੁਆਚ ਜਾਂਦਾ ਹੈ। ਕਈ ਸਾਹਿਤਕ ਗੋਸ਼ਟੀਆ ਏਨੀਆਂ ਪ੍ਰਭਾਵਸ਼ਾਲੀ ਹੁੰਦੀਆਂ ਹਨ ਕਿ ਉਹ ਲੇਖਕ ਪਾਠਕ ਦੋਹੇਂ ਧਿਰਾਂ ਦੀ ਸੁਹਜ ਸਤੁੰਸ਼ਟੀ ਹੋ ਜਾਂਦੀ ਹੈ। ਅਸਲ ਵਿੱਚ ਬੋਹਾ ਗੋਸ਼ਟੀਆਂ ਦੇ ਬਦਲ ਰਹੇ ਮੁਹਾਂਦਰੇ ਪ੍ਰਤੀ ਚਿੰਤਿਤ ਵਿਖਾਈ ਦੇਂਦਾ ਹੈ। ਉਸ ਨੇ ਇਹਨਾਂ ਗੋਸ਼ਟੀਆਂ ਅੰਦਰ ਖੁਦ ਵੜ ਕੇ ਚੰਗੀ ਤਰ੍ਹਾਂ ਵਾਚਿਆ ਹੈ ਕਿ ਜਿਆਦਾਤਰ ਗੋਸ਼ਟੀਆਂ ਸਤੁੰਲਿਤ ਹੋਣ ਦੀ ਬਜਾਇ ਇਕ ਪਾਸੜ ਬਣਦੀਆਂ ਜਾ ਰਹੀਆਂ ਹਨ। ਇਹ ਗੋਸ਼ਟੀਆ ਬਣੀ ਬਣਾਈ ਧਾਰਨਾਂ ਮੁਤਾਬਿਕ ਕਈ ਵਾਰ ਮਿਆਰੀ ਪੱਧਰ ਤੇ ਨਾ ਖੜ੍ਹਦੀ ਪੁਸਤਕ ਨੂੰ ਵੀ ਅਜਿਹੇ ਮਿਆਰ ਤੇ ਲਿਆ ਖੜ੍ਹਾ ਕਰਦੀਆਂ ਹਨ ਜਿਵੇਂ ਅਜਿਹੀ ਪੁਸਤਕ ਪਹਿਲਾਂ ਕੋਈ ਛਪੀ ਹੀ ਨਾ ਹੋਵੇ। ਕਈ ਵਾਰ ਤਾਂ ਚੰਗੀ ਪੁਸਤਕ ਨੂੰ ਵੀ ਇਸ ਤਰ੍ਹਾਂ ਗਿਰਾਇਆ ਜਾਂਦਾ ਹੈ ਜਿਵੇਂ ਲੇਖਕ ਨੇ ਕੁਝ ਚੰਗਾ ਲਿੱਖ ਕੇ ਕੋਈ ਗੁਨਾਹ ਕੀਤਾ ਹੋਵੇ।
ਇਸ ਗਹਿਰ ਗੰਭੀਰ ਵਿਸ਼ੇ ਨੂੰ ਲੈ ਕੇ ਲੇਖਕ ਨੇ ਆਪਣੇ ਲੇਖ ‘ਸਾਹਿਤਕ ਗੋਸ਼ਟੀਆਂ ਵਿਚੋਂ ਗਾਇਬ ਹੋ ਰਿਹਾ ਗੋਸ਼ਿਟ‘ ਵਿਚ ਆਪਣੇ ਤਜਰਬਿਆਂ ਤਹਿਤ ਇਸ ਸੱਚ ਨੂੰ ਪਾਠਕਾ ਦੇ ਰੂਬਰੂ ਕੀਤਾ ਹੈ ਕਿ ਗੋਸ਼ਟੀਆਂ ਵਿਚ ਗੱਲ ਕਰਨ ਵਾਲੇ ਵਿਦਵਾਨਾਂ ਨੇ ਖੁਦ ਪੁਸਤਕ ਪੜ੍ਹੀ ਨਹੀਂ ਹੁੰਦੀ ਪਰ ਗੋਸ਼ਟੀ ਵਿਚ ਪਹਿਲਾਂ ਬੋਲੇ ਬੁਲਾਰਿਆਂ ਤੋਂ ਉਧਾਰਾ ਗਿਆਨ ਪ੍ਰਾਪਤ ਕਰਕੇ ਅਧੂਰੀ ਗੱਲ ਕਰਦੇ ਹੋਏ ਚਰਚਾ ਵਿਚ ਹਿੱਸਾ ਜਰੂਰ ਲੈ ਲੈਂਦੇ ਹਨ। ਪਰ ਇੱਥੇ ਸਾਰੇ ਬੁਲਾਰੇ ਅਜਿਹੇ ਨਹੀਂ ਹੁੰਦੇ। ਦੂਜੇ ਪਾਸੇ ਉਹ ਬੁਲਾਰੇ ਵੀ ਹੁੰਦੇ ਹਨ ਜੋ ਸਬੰਧਤ ਵਿਸ਼ੇ ਉਪਰ ਆਪਣੀ ਸਮੁੱਚੀ ਰਾਇ ਵੀ ਪੇਸ਼ ਕਰਦੇ ਹਨ। ਇਹਨਾਂ ਦੋਹਾਂ ਪੱਖਾਂ ਦੀ ਪੇਸ਼ਕਾਰੀ ਬੋਹਾ ਨੇ ਆਪਣੇ ਲੇਖ ‘ਸਾਹਿਤਕ ਗੋਸ਼ਟੀਆਂ ਦੇ ਹਾਜਰੀ ਲੁਆਊ ਬੁਲਾਰੇ‘ ਵਿੱਚ ਵੀ ਬਾ-ਖੂਬੀ ਕੀਤੀ ਹੈ। ਇਹ ਠੀਕ ਹੈ ਕਿ ਜੇਕਰ ਗੋਸ਼ਟੀਆਂ ਵਿਚ ਸਾਰਥਿਕਤਾ ਕਾਇਮ ਕਰਨੀ ਹੈ ਤਾਂ ਬੁਲਾਰਿਆਂ ਨੂੰ ਆਪਣੀ ਰਾਇ ਬਿਨਾਂ ਕਿਸੇ ਲਿਹਾਜ ਤੋਂ ਰੱਖਣੀ ਚਾਹੀਦੀ ਹੈ। ਰਚਨਾ ਵਿਚਲੇ ਹਾਂ ਪੱਖੀ ਤੇ ਨਾਂਹ ਪੱਖੀ ਦੋਹੇਂ ਪੱਖ ਸਾਹਮਣੇ ਲਿਆਉਣੇ ਚਾਹੀਦੇ ਹਨ। ਤਾਂ ਕਿ ਇਹਨਾਂ ਤੋਂ ਸੇਧ ਲੈ ਕੇ ਰਚਨਾਕਾਰ ਆਪਣੀ ਲੇਖਣੀ ਵਿਚ ਹੋਰ ਪਰਪਕਤਾ ਲਿਆ ਸਕੇ।
‘ਪਹਾੜਾਂ ਤੇ ਹੁੰਦੀਆਂ ਸਾਹਿਤਕ ਗੋਸ਼ਟੀਆਂ‘ ਲੇਖ ਵਿਚ ਲੇਖਕ ਨੇ ਹਿੰਦੀ ਭਾਸ਼ੀ ਲੇਖਕ ਸੁਭਾਸ਼ ਨੀਰਵ , ਸੂਰਯਕਾਂਤ ਨਾਗਰ, ਪ੍ਰਤਯੂਸ ਗੁਲੇਰੀ, ਜੁਗਲ ਡੋਗਰਾ, ਸੁਰੇਸ ਸ਼ਰਮਾ ਅਸ਼ੋਕ ਭਾਟੀਆ,ਆਸ਼ਾ ਸ਼ੈਲੀ, ਰੂਪ ਦੇਵਗੁਣ ਤੇ ਸੁਦਰਸ਼ਨ ਸ਼ਰਮਾ ਨਾਲ ਬਿਤਾਏ ਪਲਾਂ ਨੂੰ ਸਾਹਿਤਕ ਪੂੰਜੀ ਬਣਾ ਕੇ ਪੇਸ਼ ਕੀਤਾ ਹੈ । ਇਹਨਾਂ ਲੇਖਕਾਂ ਨਾਲ ਮਿਲ ਬੈਠ ਕੇ ਅਤੇ ਸਾਹਿਤ ਦੀਆਂ ਮੁੱਖ ਪ੍ਰਵਿਰਤੀਆਂ ਬਾਰੇ ਚਰਚਾ ਕਰਕੇ ਲੇਖਕ ਨੂੰ ਬਹੁਤ ਕੁਝ ਨਵਾਂ ਪ੍ਰਾਪਤ ਹੁੰਦਾ ਹੈ। ਲੇਖਕ ਇੱਥੇ ਕਹਿਣਾ ਚਾਹੁੰਦਾ ਹੈ ਕਿ ਜਦੋਂ ਅਸੀ ਹੋਰ ਭਾਸ਼ਾਵਾਂ ਦੇ ਲੇਖਕਾਂ ਨਾਲ ਸਾਹਿਤ ਦੀਆ ਵਿਧਾਵਾਂ ਬਾਰੇ ਵਿਚਾਰ ਵਟਾਦਰਾਂ ਕਰਦੇ ਹਾਂ ਤਾਂ ਇਸ ਦਾ ਲੇਖਕ ਦੇ ਸਾਹਿਤਕ ਵਿਕਾਸ ਵਿਚ ਗਹਿਰਾ ਪ੍ਰਭਾਵ ਪੈਂਦਾ ਹੈ। ਅਜਿਹੇ ਹੀ ਸਾਰਥਿਕ ਸੁਝਾਅ ਬੋਹਾ ਆਪਣੇ ਲੇਖ ‘ਲੇਖਕਾਂ ਦੇ ਤੀਰਥ ਤੇ ਤਿਉਹਾਰ‘ ਰਾਹੀਂ ਵੀ ਦੇਂਦਾ ਹੈ। ਉਸਦਾ ਮੰਨਣਾ ਹੈ ਕਿ ਸਾਨੂੰ ਅੰਤਰਰਾਜੀ ਸਾਹਿਤਕ ਸਮਾਗਮਾਂ ਨੂੰ ਸ਼ੁਗਲ ਮੇਲੇ ਦੇ ਤੌਰ ਤੇ ਲੈਣ ਦੀ ਬਜਾਇ ਸਿਖਿਆਮਈ ਤੇ ਪ੍ਰੇਰਣਾਂ ਯੋਗ ਪੱਖਾਂ ਨੂੰ ਸਮਝ ਕੇ ਇਹਨਾਂ ਦਾ ਸਾਹਿਤਕੀਕਰਨ ਕਰਨਾ ਚਾਹੀਦਾ ਹੈ। ਉਹ ਸਾਹਿਤ ਸਭਾਵਾਂ ਦੀ ਮੌਜੂਦਾ ਸਥਿਤੀ ਬਿਆਨ ਕਰਦਾ ਹੋਇਆ ਆਪਣੇ ਲੇਖ ‘ਕਿਵੇਂ ਪਿੰਡ ਪਿੰਡ ਪੁੰਹਚੇ ਸਾਹਿਤਕ ਲਹਿਰ‘ ਰਾਹੀਂ ਲੇਖਕਾਂ ਨੂੰ ਸਾਹਿਤ ਦੇ ਸੰਚਾਰ ਬਾਰੇ ਗੰਭੀਰ ਸੁਝਾਅ ਦੇਂਦਾ ਹੈ। ਇਹ ਲੇਖ ਸਾਹਿਤ ਸਭਾਵਾਂ ਦੇ ਵਿਕਾਸ ਲਈ ਖਾਸ ਅਹਿਮੀਅਤ ਰੱਖਦਾ ਹੈ। ਕਿਉਂ ਕਿ ਅੱਜ ਉਪਭੋਗਤਾਵਾਦੀ ਯੁਗ ਵਿਚ ਜਿੱਥੇ ਮਨੁੱਖ ਪਦਾਰਥ ਇੱਕਠਾ ਕਰਨ ਵਿਚ ਲੀਨ ਹੈ ਉਥੇ ਪੈਸੇ ਦੀ ਦੌੜ ਵਿਚ ਭੱਜਾ ਫਿਰਦਾ ਹੋਇਆ ਉਹ ਨਿੱਜ਼ ‘ਤੇ ਸਿਮਟ ਕੇ ਰਹਿ ਗਿਆ ਹੈ। ਸਮਾਜਿਕ ਸਰੋਕਾਰਾਂ ਨਾਲ ਉਸਦਾ ਕੋਈ ਵਾਸਤਾ ਨਹੀਂ ।
ਇਸ ਸਥਿਤੀ ਵਿਚ ਜਦੋਂ ਲੱਚਰ ਸਭਿਆਚਾਰ ਆਪਣਾ ਰੰਗ ਵਿਖਾ ਰਿਹਾ ਹੈ ਤਾਂ ਅਜਿਹੇ ਸਮੇਂ ਲੇਖਕ ਵਾਸਤੇ ਲੋਕਾਂ ਨੂੰ ਸਾਹਿਤ ਨਾਲ ਜੋੜਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ, ਜਦੋਂ ਕਿ ਮਨੁੱਖ ਸਾਹਿਤ ਨਾਲੋਂ ਟੁੱਟ ਰਿਹਾ ਹੋਵੇ। ਲੇਖਕ ਪੁਸਤਕ ਸਭਿਆਚਾਰ ਉਸਾਰਣ ਲਈ ਆਪਣੀ ਸੁਹਿਰਦ ਸੋਚ ਦਾ ਪ੍ਰਗਟਾਵਾ ਕਰਦਾ ਹੋਇਆ ਦੋਹੇਂ ਕੇਂਦਰੀ ਸਭਾਵਾਂ ਨੁੰ ਸਾਹਿਤਕ ਲਹਿਰ ਪਿੰਡ ਪਿੰਡ ਪਹੁੰਚਾਉਣ ਲਈ ਕਦਮ ਚੁਕਣ ਵਾਸਤੇ ਆਖਦਾ ਹੈ। ਉਸਦਾ ਸੁਫਨਾ ਹੈ ਕਿ ਪਿੰਡ ਪਿੰਡ ਲਾਇਬਰੇਰੀ ਹੋਵੇ ਤੇ ਪੰਚਾਇਤ ਉਸ ਲਾਇਬਰੇਰੀ ਨੂੰ ਸੁਚਾਰੂ ਢੰਗ ਨਾਲ ਚਲਾਵੇ । ਸਾਹਿਤਕ ਚੇਤਨਾ ਦਾ ਹੋਰ ਪਸਾਰ ਕਰਨ ਲਈ ਉਸਦਾ ਸੁਝਾਅ ਹੈ ਕਿ ਸਾਹਿਤਕ ਸਮਾਗਮ ਪੰਚਾਇਤਾਂ ਦੇ ਸਹਿਯੋਗ ਨਾਲ ਕਰਵਾਏ ਜਾਣ ਤਾਂ ਕਿ ਲੋਕਾਂ ਅੰਦਰ ਸਾਹਿਤ ਪੜ੍ਹਣ ਪ੍ਰਤੀ ਜਗਿਆਸਾ ਪੈਦਾ ਹੋ ਸਕੇ ।
ਸਮਕਾਲੀ ਵਰਤਾਰਿਆਂ ਨਾਲ ਨਿਜਠਦਿਆਂ ਨਿਰੰਜਣ ਬੋਹਾ ਨੇ ਪੁਸਤਕ ਵਿਚ ਕਈ ਗੰਭੀਰ ਸਾਹਿਤਕ ਸਮਲਿਆ ਨੂੰ ਉਭਾਰਦੇ ਹੋਏ ਇਕ ਸੁਆਲ ਵੀ ਨਾਲੋਂ ਨਾਲ ਖੜ੍ਹਾ ਕੀਤਾ ਹੈ। ਉਸ ਇਸ ਮੰਡੀਕਰਨ ਦੇ ਦੌਰ ਵਿਚ ਸਥਾਪਤੀ ਦੇ ਪਿੱਛੇ ਭੱਜ ਰਹੇ ਉਹਨਾਂ ਲੇਖਕਾਂ ਜੋ ਸਰਕਾਰੀ ਇਨਾਮਾਂ ਦੀ ਦੌੜ ਵਿਚ ਜੁਗਾੜਬੰਦੀ ਵਿਚ ਫਸੇ ਕੁਝ ਵੀ ਕਰ ਸਕਦੇ ਹਨ ‘ਤੇ ਵੀ ਕਰਾਰੀ ਚੋਟ ਲਾਈ ਹੈ। ਲੇਖਕ ਵਰਗ ਦਾ ਬਹੁਤ ਵੱਡਾ ਹਿੱਸਾ ਆਧੁਨਿਕ ਜੀਵਨ ਸ਼ੈਲੀ ਵਿਚ ਅਜਿਹਾ ਫਸਿਆ ਹੈ ਕਿ ਉਹ ਆਪਣੇ ਅਸੂਲਾਂ ਨੂੰ ਵੀ ਅਣਗੌਲਿਆ ਕਰ ਰਿਹਾ ਹੈ। ਪਾਠਕਾ ਦਾ ਧਿਆਨ ਖਿੱਚਣ ਤੇ ਰਚਨਾ ਵਿਚ ਉਤਸੁਕਤਾ ਬਰਕਰਾਰ ਰੱਖਣ ਲਈ ਨਿਰੰਜਣ ਬੋਹਾ ਨੇ ਬਹੁਤ ਸਾਰੀਆਂ ਘਟਨਾਵਾਂ ਦਾ ਵੀ ਜਿੱਕਰ ਕੀਤਾ ਹੈ ਜੋ ਇਸ ਵਰਤਾਰੇ ਦੀ ਮੂੰਹ ਬੋਲਦੀ ਤਸਵੀਰ ਹਨ। ਇਹ ਸਭ ਕੁਝ ਉਸ ਨੇ ਲੇਖਕਾ ਸੰਗ ਵਿਚਰਦਿਆਂ ਵੇਖਿਆ ਹੈ। ਇਹ ਠੀਕ ਹੈ ਕਿ ਲੇਖਕ ਨੂੰ ਲੇਖਕ ਹੋਣ ਤੋਂ ਪਹਿਲਾਂ ਚੰਗਾ ਇਨਸਾਨ ਬਨਣਾ ਜ਼ਰੂਰੀ ਹੈ। ਇਸ ਪ੍ਰੀਕਿ੍ਰਆ ਨੂੰ ਸਮਝਦਾ ਹੋਇਆ ਉਹ ਇਸ ਪੁਸਤਕ ਵਿੱਚ ਆਖਦਾ ਹੈ, ਮੇਰੇ ਵਿਚਾਰ ਵਿਚ ਕੋਈ ਲੇਖਕ ਉਨਾਂ ਚਿਰ ਹੀ ਲੇਖਕ ਹੈ ਜਿਨਾਂ ਚਿਰ ਉਹ ਕਿਸੇ ਸਾਹਿਤਕ ਰਚਨਾ ਦੀ ਰਚਨ ਪ੍ਰਕਿਰਿਆ ਵਿਚ ਰੁੱਝਾ ਹੈ।ਕੁਝ ਵਿਸ਼ੇਸ਼ ਸਿਰਜਨਾਤਮਕ ਪਲ ਹੰਢਾਉਂਦਿਆ ਹੀ ਅਸੀ ਲੇਖਕ ਹੁੰਦੇ ਹਾਂ, ਬਾਕੀ ਸਾਰਾ ਸਮਾਂ ਅਸੀ ਸਮਾਜ ਦੇ ਆਮ ਨਾਗਰਿਕ ਹੁੰਦੇ ਹਾਂ।
ਸਾਡੇ ਸਾਹਿਤ ਦੇ ਖੇਤਰ ਵਿਚ ਇਹ ਪ੍ਰਵਿਰਤੀ ਵੀ ਭਾਰੂ ਹੋ ਰਹੀ ਹੈ ਕਿ ਕਈ ਮਖੌਟਾਧਾਰੀ ਲੇਖਕ ਕਿਸੇ ਦੀ ਰਚਨਾ ਚੋਰੀ ਕਰਕੇ ਆਪਣੀ ਰਚਨਾ ਹੋਣ ਦਾ ਪ੍ਰਭਾਵ ਪਾਉਣਾ ਚਾਹੁੰਦੇ ਹਨ। ਪਰ ਜਦੋਂ ਗੱਲ ਸਾਹਮਣੇ ਆਉਂਦੀ ਹੈ ਤਾਂ ਫਿਰ ਉਹੀ ਸੁਆਲ ਖੜ੍ਹਾ ਹੋ ਜਾਂਦਾ ਹੈ ਕਿ ਉਹਨਾ ਲੇਖਕਾਂ ਵਿਚ ਇਮਾਨਦਾਰੀ ਦਾ ਮਨਫੀ ਹੋਣਾ ਕਿਸ ਗੱਲ ਦਾ ਸੰਕੇਤ ਹੈ? ।ਲੇਖਕ ਦਾ ਅਜਿਹੇ ਸਾਹਿਤ ਚੋਰ ਲੇਖਕਾਂ ਨਾਲ ਵੀ ਵਾਹ ਵਾਸਤਾ ਪਿਆ ਹੈ । ਉਸਦੇ ਲੇਖ ‘ਸਾਹਿਤ ਚੋਰਾ ਨਾਲ ਨਿਜਠਦਿਆਂ‘ ਰਾਹੀ ਕਈ ਲੇਖਕ ਚੋਰਾਂ ਦੇ ਨਾਂ ਸਾਹਮਣੇ ਆਏ ਹਨ । ਬੋਹੇ ਅੰਦਰ ਇਕ ਪ੍ਰਸ਼ਨ ਲਗਾਤਾਰ ਸੁਲਘਦਾ ਰਿਹਾ ਕਿ ਚੋਰ ਲੇਖਕਾਂ ਦੀ ਅਜਿਹੀ ਸੋਚ ਕਿਉਂ ਬਣੀ। ਇਸ ਪਿਛਲੀ ਜੜ੍ਹ ਨੂੰ ਪਕੜਣ ਵਿਚ ਉਹ ਕਾਮਯਾਬ ਵੀ ਹੋਇਆ ਹੈ ਕਿ ਅਸਲ ਸੁਆਲ ਇੱਥੇ ਆਪਣੇ ਅਸਤਿਤਵ ਦੇ ਖੁਰ ਜਾਣ ਦਾ ਖੜ੍ਹਾ ਹੈ। ਕੁਝ ਆਖੌਤੀ ਲੇਖਕ ਆਪਣੀ ਹੋਂਦ ਨੂੰ ਬਰਕਰਾਰ ਰੱਖਣ ਲਈ ਵੱਖਰੇ ਵੱਖਰੇ ਤਰੀਕੇ ਅਪਣਾਉਂਦੇ ਖਪਤ ਸਭਿਆਚਾਰ ਦੀ ਗਿ੍ਰਫਤ ਵਿਚ ਆ ਰਹੇ ਹਨ । ਇਸ ਪਿਛਲੀ ਭਾਵਨਾ ਦਾ ਉਲੇਖ ਉਹ ਆਪਣੇ ਲੇਖ ‘ ਸਾਹਿਤ ਦੀ ਮੂਲ ਭਾਵਨਾ ਨਾਲੋਂ ਟੱਟਦਾ ਜਾ ਰਿਹਾ ਲੇਖਕ‘ ਵਿਚ ਵੀ ਕੀਤਾ ਹੈ। ਲੇਖਕ ਮੰਨਦਾ ਹੈ ਕਿ ਸਾਹਿਤਕ ਗੋਸ਼ਟੀਆ ਦਾ ਉਦੋਂ ਕੋਈ ਅਰਥ ਨਹੀਂ ਰਹਿ ਜਾਂਦਾ ਉਸਦਾ ਸਾਰਥਿਕ ਸਿੱਟੇ ਹੀ ਨਾ ਨਿਕਲਣ । ਇਹ ਗੱਲ ਲੇਖਕਾਂ ਤੇ ਪਾਠਕਾਂ ਦੋਹੇਂ ਪੱਖਾਂ ‘ਤੇ ਬਰਾਬਰ ਢੁੱਕਦੀ ਹੈ। ਇਸ ਬਾਰੇ ਲੇਖਕ ਲਿੱਖਦਾ ਹੈ‘ ਮੇਰਾ ਇਹ ਵੀ ਵਿਚਾਰ ਹੈ ਕਿ ਸਾਹਿਤ ਤੇ ਇਸ ਨਾਲ ਜੁੜੀਆਂ ਪ੍ਰੰਪਰਾਵਾਂ ਵੱਲ ਘੱਟ ਰਹੀ ਸੁਹਰਿਦਤਾ ਕਾਰਨ ਹੀ ਉਹ ਸਾਹਿਤ ਸਿਰਜਣਾ ਵਿਚੋਂ ਮਿਲਣ ਵਾਲੀ ਸਤੁੰਸ਼ਟੀ ਨੂੰ ਪਹਿਲਾਂ ਦੀ ਤਰ੍ਹਾਂ ਨਹੀਂ ਮਾਣ ਸਕਦੇ।
‘ਸਾਹਿਤ ਪ੍ਰਦੂਸਨ ਵਿਚ ਨਾਮਵਾਰ ਲੇਖਕਾ ਦੀ ਹਿੱਸੇਦਾਰੀ‘, ‘ ਵਾਦ ਤੋਂ ਉਪਜਿਆ ਵਿਵਾਦ -ਡਾ. ਤੇਜਵੰਤਮਾਨ ਵਾਦ‘ , ਅਣਖੀ ਰਾਹੀ ਤੇ ਉਦਾਸੀ ਅਜੇ ਵੀ ਕਰਦੇ ਹਨ ਸਾਹਿਤਕ ਗੋਸ਼ਟੀਆਂ ਦੀ ਪ੍ਰਧਾਨਗੀ‘, ਨਹੀਂ ਛਿਪੇ ਰਹਿਣ ਦੀ ਚਾਹ , ਪੰਜਾਬੀ ਲੇਖਕਾ ਦਾ ਅਖ਼ਬਾਰੀ ਪੱਤਰਕਾਰੀ ਵੱਲ ਵੱਧ ਰਿਹਾ ਰੁਝਾਣ ਤੇ ‘ਪੰਜਾਬੀ ਲੇਖਕਾਂ ਦੇ ਘਰ ਦਾ ਮਾਹੌਲ‘ ਆਦਿ ਲੇਖ ਜਿੱਥੇ ਲੇਖਕ , ਉਸ ਦੀ ਲੇਖਣੀ ਤੇ ਉਸ ਦੇ ਕਿਰਦਾਰ ਦੀਆਂ ਕਈ ਪਰਤਾਂ ਨੂੰ ਆਪਣੇ ਵਿਚ ਸਮੇਂਟ ਕੇ ਬੋਹਾ ਦੇ ਸਾਹਿਤਕ ਅਨੁਭਵ ਨੂੰ ਪਾਠਕਾਂ ਨਾਲ ਸਾਂਝਾ ਕਰਦੇ ਹਨ ਉੱਤੇ ਪਰਦੇ ਪਿੱਛੇ ਛੁਪੀਆਂ ਕੁਝ ਸਚਾਈਆਂ ਨੂੰ ਵੀ ਸਾਹਮਣੇ ਲਿਆਉਂਦੇ ਹਨ। ਇਸ ਪੁਸਤਕ ਦੀ ਇਹੀ ਕਾਮਯਾਬੀ ਹੈ ਕਿ ਇਹ ਸਾਹਿਤਕ ਸੱਚ ਦੇ ਪ੍ਰਤੱਖ ਰੂਪ ਨੂੰ ਪ੍ਰਗਟ ਕਰਕੇ ਪਾਠਕਾਂ ਦੇ ਕਈ ਤਰਾ ਦੇ ਭੁਲੇਖੇ ਦੂਰ ਕਰਦੀ ਹੈ।
ਇਸ ਪੁਸਤਕ ਦਾ ਤੀਸਰਾ ਪੱਖ ਨਿਰੰਜਣ ਬੋਹਾ ਦੇ ਸਾਹਿਤਕ ਸਫ਼ਰ ਨਾਲ ਸਬੰਧਤ ਹੈ। ‘ਮੈ ਲੇਖਕ ਕਿਵੇਂ ਬਣਿਆ‘ ਲੇਖ ਵਿਚ ਲੇਖਕ ਦੱਸਦਾ ਹੈ ਕਿ ਕੋਈ ਘਟਣਾ ਜਦੋਂ ਮਨੁੱਖ ਨੂੰ ਝੰਝੋੜਦੀ ਹੈ ਤੇ ਜੇਕਰ ਉਹ ਘਟਣਾ ਉਸ ਲਈ ਸਬਕ ਬਣ ਜਾਵੇ ਤਾ ਇਸਦੇ ਫਲ ਪੂਰਬਕ ਸਿੱਟੇ ਨਿਕਲਦੇ ਹਨ। ਗਿਆਨੀ ਅਮਰਜੀਤ ਸਿੰਘ ਦੇ ਥਾਪੜੇ ਨੇ ਉਸਨੂੰ ਲਿੱਖਣ ਦੇ ਰਾਹ ਤੋਰਿਆ । ਇਨ੍ਹਾਂ ਰਾਹਾਂ ਤੇ ਤੁਰਦਾ ਹੋਇਆ ਲੇਖਕ ਮਾਰਕਸਵਾਦੀ ਲੇਖਕਾਂ ਦੀ ਸੰਗਤ ਵਿਚ ਵਿਚ ਵਿਚਰਦਿਆਂ ਆਪਣੀ ਵਿਚਾਰਧਾਰਕ ਸੂਝ ਬਣਾਉਂਦਾ ਗਿਆ ।ਸਾਹਿਤ ਤੇ ਭਾਸ਼ਾ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਲੇਖਕ ਨੇ ਬਹੁਤ ਸਾਰੇ ਲੋਕਾਂ ਨੂੰ ਸਾਹਿਤ ਪੜ੍ਹਣ ਵੱਲ ਪ੍ਰੇਰਿਆ। ਇੱਥੇ ਹੀ ਬੱਸ ਨਹੀਂ ਉਸ ਉਸ ਨੇ ਹੋਰ ਭਾਸ਼ਾਈ ਵਿਅਕਤੀਆਂ ਨੂੰ ਵੀ ਪੰਜਾਬੀ ਭਾਸ਼ਾ ਪ੍ਰਤੀ ਮੋਹ ਦੀ ਚਿਣਗ ਲਗਾਈ। ਇਸ ਤਰ੍ਹਾਂ ਦੇ ਬਹੁਤ ਸਾਰੇ ਲੇਖ ਜਿਵੇਂ ‘ ‘ਮੈਂ ਲੇਖਕ ਕਿਵੇਂ ਬਣਿਆ , ਨਾਲ ਮਲੰਗਾਂ ਦੋਸਤੀ, ਸਾਹਿਤਕ ਨਾਂ ਦਾ ਚੱਕਰ ਤੇ ‘ਸ਼ਬਦਾਂ ਦੀ ਦਾਤ‘ ਉਸ ਦੀਆ ਸਾਹਿਤਕ ਕਿ੍ਰਤਾਂ ਅੰਦਰਲੀ ਧੁੰਨ ਨੂ ਛੇੜਦੇ ਹਨ। ਉਹ ਆਪਣੀ ਹਰ ਕਿਰਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਵਿਸ਼ਾ ਤੇ ਸੈਲੀ ਨੂੰ ਇਕਸੁਰ ਕਰਕੇ ਪੇਸ਼ ਕਰਦਾ ਹੈ । ਇਸ ਤਰ੍ਹਾਂ ਉਹ ਬੜੀ ਸੌਖ ਨਾਲ ਆਪਣੇ ਅਨੁਭਵ ਦੇ ਵੱਖੋ ਵੱਖਰੇ ਪਹਿਲੂਆ ਨੂੰ ਸਮਝਣ ਤੇ ਸਮਝਾਉਣ ਵਿਚ ਕਾਮਯਾਬ ਹੋ ਜਾਂਦਾ ਹੈ ।
ਇਸ ਪੁਸਤਕ ਦੀ ਕਾਮਯਾਬੀ ਇਸ ਗੱਲੋਂ ਵੀ ਹੈ ਕਿ ਲੇਖਕ ਨੇ ਸਮੇਂ ਦੇ ਸਾਹਿਤਕ ਸੱਚ ਨੂੰ ਗੰਭੀਰ ਪੇਚੀਦਾ ਤੇ ਗੁੰਝਲਦਾਰ ਘਟਨਾਵਾਂ ਵਿਚੋ ਵਾਚਦੇ ਹੋਏ ਬਹੁਤ ਹੀ ਸਰਲ ਤਰੀਕੇ ਨਾਲ ਪਾਠਕਾਂ ਸਾਹਮਣੇ ਰੱਖਿਆ ਹੈ। ਗੰਭੀਰ ਅਧਿਐਨ , ਤੀਖਣ ਸੂਝ ਤੇ ਸਖਤ ਮਿਹਨਤ ਨਾਲ ਪ੍ਰਵਾਨ ਚੜ੍ਹਿਆ ਇਹ ਸੰਗ੍ਰਹਿ ਲਿਖਤ ਦੀ ਧਰਾਤਲ ਨੂੰ ਬੜੀ ਸੂਖਮਤਾ ਨਾਲ ਪਕੜਦਾ ਹੈ। ਲੇਖਕ ਕੋਲ ਢੁੱਕਵੇਂ ਸ਼ਬਦ ਵੀ ਹਨ ਤੇ ਸਾਹਿਤਕ ਜਨੂੰਨ ਵੀ । ਉਹ ਸਾਹਿਤਕ ਪ੍ਰਦੂਸ਼ਨ ਤੋ ਪੂਰੀ ਤਰ੍ਹਾਂ ਫਿਕਰਮੰਦ ਹੈ। ਇਹ ਪੁਸਤਕ ਜਿੱਥੇ ਸਾਹਿਤ ਸਭਾਵਾਂ ਦੀਆਂ ਮਾਨਤਾਵਾਂ ਤੇ ਤੌਰ ਤਰੀਕਿਆ ਨੂੰ ਬਾ-ਖੂਬੀ ਚਿਤਰਦੀ ਹੈ ਉੱਥੇ ਘਟਣਾ ਅਧਾਰਿਤ ਵਿਸ਼ਲੇਸ਼ਣ ਕਰਕੇ ਕਈ ਅਜਿਹੇ ਪੱਖ ਵੀ ਸਾਹਮਣੇ ਲੈ ਕੇ ਆਉਂਦੀ ਹੈ ਜੋ ਲੇਖਕਾਂ ਤੇ ਲੇਖਕ ਸਭਾਵਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਂਦੇ ਹਨ। ਸਮਕਾਲ ਵਿਚ ਚਲ ਰਹੇ ਸਾਹਿਤ ਦੇ ਰੁਝਾਣਾਂ ਨੂੰ ਮਾਪਦੀ ਹੋਈ ਇਹ ਪੁਸਤਕ ਲੇਖਣੀ ਦੇ ਲੋਕ ਪੱਖੀ ਰਾਹਾ ਦੀ ਪੈਰਵਾਈ ਕਰਦੀ ਹੈ। ਲੇਖਕ ਪਾਠਕ ਤੇ ਸਾਹਿਤ ਸਭਾਵਾਂ ਇਸ ਤੋਂ ਸੇਧ ਲੈ ਕਿ ਚੰਗੀ ਦਿਸ਼ਾ ਨਿਰਧਾਰਤ ਕਰ ਸਕਦੀਆਂ ਹਨ।