ਪੁਸਤਕ: ਸ਼ਬਦਾਂ ਦਾ ਜਾਦੂਗਰ ਐੱਸ ਅਸ਼ੋਕ ਭੌਰਾ
Posted on:- 07-11-2015
ਰੀਵਿਊਕਾਰ: ਬਲਜਿੰਦਰ ਮਾਨ
ਸੰਪਾਦਕ: ਪ੍ਰਿੰ ਸਰਵਣ ਸਿੰਘ
ਪ੍ਰਕਾਸ਼ਕ: ਸੰਗਮ ਪਬਲੀਕੇਸ਼ਨਜ ਪਟਿਆਲਾ, ਪੰਨੇ:336, ਮੁੱਲ:495/-
ਐੱਸ ਅਸ਼ੋਕ ਭੌਰਾ ਸ਼ਬਦਾਂ ਦਾ ਸਾਗਰ ਹੈ।ਉਹ ਇਕ ਮਨੁੱਖ ਨਹੀਂ ਸਗੋਂ ਗਰਮੀ ਵਿਚ ਰੁਮਕਦੀ ਠੰਡੀ ਪੌਣ ਵਰਗ ਹੈ। ਉਸਦੇ ਕਦਮ ਕਦੀ ਨਹੀਂ ਰੁਕਦੇ ਤੇ ਨਾਹੀਂ ਉਸਨੇ ਕਦੀ ਅਰਾਮ ਕੀਤਾ।ਅੱਜ ਤਕ ਆਪਣੇ ਸਰੀਰ ਅਤੇ ਬੁੱਧੀ ਦਾ ਪੂਰਾ ਮੁੜ੍ਹਕਾ ਬਹਾਇਆ ਹੈ।ਜੀਵਨ ਦਾ ਹਰ ਰਸ ਰੰਗ ਮਾਣਿਆ।ਇਕ ਸਧਾਰਣ ਪਰਿਵਾਰ ਵਿਚੋਂ ਉੱਠ ਕੇ ਅਮਰੀਕਾ ਵਰਗੇ ਦੇਸ਼ ਤਕ ਆਪਣੀ ਕਲਾਤਮਿਕ ਸ਼ਖਸੀਅਤ ਦੇ ਝੰਡੇ ਗੱਡੇ ਹਨ।ਪੋਥੀਆਂ ਵਰਗੀਆਂ ਪੁਸਤਕਾਂ ਦੀ ਰਚਨਾ ਕੀਤੀ।ਪਾਠਕਾਂ ਦਾ ਸੰਸਾਰ ਪੂਰੀ ਦੁਨੀਆਂ ਵਿਚ ਸਿਰਜਿਆ ਹੈ।ਕਈਆਂ ਨੂੰ ਵਿਦੇਸ਼ੀ ਧਰਤੀਆਂ ਦੇ ਪੱਕੇ ਵਸਨੀਕ ਬਣਾਇਆ ਹੈ।ਅਜਿਹੀ ਸ਼ਖਸੀਅਤ ਬਾਰੇ ਬਾਰੇ ਵਿਸਥਾਰ ਨਾਲ ਜਾਣਨ ਦੀ ਇੱਛਾ ਹਰ ਇਕ ਦੀ ਹੁੰਦੀ ਹੈ।ਇਸ ਜਗਿਆਸਾ ਨੂੰ ਤ੍ਰਿਪਤ ਕਰਨ ਲਈ ਉਘੇ ਸਾਹਿਤਕਾਰ ਪ੍ਰਿੰ. ਸਰਵਣ ਸਿੰਘ ਨੇ ਹੱਥਲੀ ਪੁਸਤਕ ‘ਸ਼ਬਦਾਂ ਦਾ ਜਾਦੂਗਰ ਐਸ ਅਸ਼ੋਕ ਭੌਰਾ’ ਦਾ ਸੰਪਾਦਨ ਕਲਾਤਮਿਕ ਢੰਗ ਨਾਲ ਕੀਤਾ ਹੈ।
ਲਗਭਗ ਚਾਰ ਸੌ ਸਫਿਆਂ ਤੇ ਪਸਰੀ ਇਸ ਪੁਸਤਕ ਵਿਚ 61 ਲੇਖਕਾਂ ਨੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਭੌਰੇ ਦੀ ਸ਼ਖਸੀਅਤ ਅਤੇ ਰਚਨਾ ਸੰਸਾਰ ਦੀ ਪੜਚੋਲ ਕੀਤੀ ਹੈ।ਹਰਿੰਦਰ ਬੀਸਲਾ ਅਤੇ ਪ੍ਰਿੰਸੀਪਲ ਦੀ ਭੌਰੇ ਨਾਲ ਮੁਲਾਕਾਤ ਤੋਂ ਇਲਾਵਾ ਦੇਸ਼ ਵਿਦੇਸ਼ ਵਿਚ ਵਸਦੇ ਸੰਪਾਦਕਾਂ, ਗੀਤਕਾਰਾਂ, ਸਾਹਿਤਕਾਰਾਂ, ਪੱਤਕਾਰਾਂ, ਕਵੀਆਂ, ਪਾਠਕਾਂ, ਸੰਚਾਲਕਾਂ, ਨਿਰਮਾਤਾ-ਨਿਰਦੇਸ਼ਕਾਂ ਤੇ ਪੇਸ਼ਕਾਰਾਂ ਦੀਆਂ ਰਚਨਾਵਾਂ ਇਸ ਪੁਸਤਕ ਦਾ ਸ਼ਿੰਗਾਰ ਹਨ।ਇਸ ਸ਼ਖਸੀਅਤ ਦੀਆਂ ਮੁੱਖ ਪ੍ਰਾਪਤੀਆਂ ਵਿਚ ਉਸ ਦੀਆਂ ਸਭ ਤੋਂ ਵੱਧ ਵਿਦੇਸ਼ੀ ਯਾਤਰਾਵਾਂ ਹਨ।ਤੇ ਅਜਕਲ ਉਹ ਪਰਿਵਾਰ ਸਮੇਤ ਅਮਰੀਕਾ ਦਾ ਪੱਕਾ ਵਸਨੀਕ ਬਣ ਗਿਆ ਹੈ।ਉਸਨੇ ਆਪਣੀ ਮੁਲਾਕਾਤ ਵਿਚ ਕਿਸੇ ਵੀ ਗੱਲ ਨੂੰ ਲਕੋਇਆ ਨਹੀਂ।ਸਮੇਂ ਦੀ ਮਾਰ ਨੇ ਉਸਨੂੰ ਦਾਨੀ ਅਤੇ ਠਗ ਵੀ ਬਣਾਇਆ।ਇਸੇ ਕਰਕੇ ਇਸ ਪੁਸਤਕ ਵਿਚੋਂ ਉਸਦੇ ਜ਼ਿੰਦਗੀ ਦੇ ਕੱਚ ਤੇ ਸੱਚ ਦਾ ਗਿਆਨ ਹੋ ਜਾਂਦਾ ਹੈ।ਤੜਕੇ ਦੋ ਵਜੇ ਉਠ ਕੇ ਲਿਖਣ ਵਾਲਾ ਭੌਰਾ ਜ਼ਿੰਦਗੀ ਦੀ ਦੌੜ ਵਿਚ ਹਫ ਕੇ ਵੀ ਡਿਗਿਆ ਨਹੀਂ ਸਗੋਂ ਨਵੇਂ ਰਾਹਾਂ ਤਲਾਸ਼ ਕਰਦਾ ਇੰਗਲੈਂਡ ਵਰਗੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਘਰਾਂ ਤਕ ਪ੍ਰੈਸ ਕਾਨਫਰੰਸਾਂ ਕਰਨ ਪੁੱਜਦਾ ਰਿਹਾ।ਇਥੇ ਹੀ ਬਸ ਨਹੀਂ ਉਸਨੂੰ ਸਾਹਿਤ ਸਿਰਜਣਾ ਦੀ ਖੱਟੀ ਉਦੋਂ ਮਿਲ ਗਈ ਜਦੋਂ ਲੱਖਾਂ ਡਾਲਰਾਂ ਦਾ ਇਲਾਜ ਉਸਦੇ ਪ੍ਰਸੰਸਕ ਪਾਠਕ ਦੇ ਡਾਕਟਰ ਪੁੱਤਰ ਨੇ ਮੁਫਤ ਕਰਕੇ ਉਸਨੂੰ ਮੁੜ ਨੌਂ ਬਰ ਨੌ ਕਰ ਦਿੱਤਾ।ਉਸਦੇ ਮਿੱਤਰ ਮੰਡਲ ਵਿਚ ਗਾਇਕ ਢਾਡੀ ਕਵੀਸ਼ਰ ਗੀਤਕਾਰ ਖਿਡਾਰੀ ਆਈ ਏ ਐਸ ਅਤੇ ਪੀ ਸੀ ਐਸ ਅਫਸਰ ਵੀ ਸ਼ਾਮਿਲ ਹਨ।ਇਸ ਪੁਸਤਕ ਵਿਚ 28 ਪੰਨਿਆਂ ਤੇ ਛਪੀਆਂ ਰੰਗਦੀਰ ਤਸਵੀਰਾਂ ਉਸਨੇ ਜੀਵਨ ਸੰਘਰਸ਼ ਨੂੰ ਫਿਲਮ ਦੀ ਸਕਰੀਨ ਵਾਂਗ ਅੱਖਾਂ ਅੱਗੇ ਸਾਕਾਰ ਕਰ ਦਿੰਦੀਆਂ ਹਨ।ਉਸਦੀ ਪਰਿਵਾਰਕ ਜ਼ਿੰਦਗੀ ਤੋਂ ਇਲਾਵਾ ਸਮਾਜਿਕ ਰਾਜਸੀ ਸਾਹਿਤਕ ਸੰਗੀਤਕ ਸੱਭਿਆਚਾਰਕ ਸਰਗਰਮੀਆਂ ਦਾ ਮੁਲਾਂਕਣ ਵੀ ਇਸ ਪੁਸਤਕ ਵਿਚ ਦਰਜ ਕੀਤੇ ਲੇਖਾਂ ਤੋਂ ਮਿਲਦਾ ਹੈ।ਪੁਸਤਕ ਦੀ ਇਕ ਖਾਸੀਅਤ ਹੋਰ ਹੈ ਕਿ ਇਸ ਵਿਚ ਉਸਦੀਆਂ ਕੁਝ ਕੁ ਸਹਿਤਕ ਵੰਨਗੀਆਂ ਵੀ ਸ਼ਾਮਿਲ ਕੀਤੀਆਂ ਹਨ।ਜੋ ਉਸਦੇ ਰਚਨਾ ਸੰਸਾਰ ਦੇ ਦਰਸ਼ਨ ਕਰਵਾ ਦਿੰਦੀਆਂ ਹਨ।ਪਿ੍ਰੰਸੀਪਲ ਸਰਵਣ ਸਿੰਘ ਦੀ ਸੰਪਾਦਨ ਕਲਾ ਦਾ ਕਮਾਲ ਦੇਖੋ ਕੇ ਇਸ ਪੁਸਤਕ ਵਿਚ ਉਘੇ ਸਾਹਿਤਕਾਰਾਂ ਦੇ ਲੇਖ ਸ਼ਾਮਿਲ ਕਰਨ ਤੋਂ ਇਲਾਵਾ ਉੱਘੇ ਢਾਡੀਆਂ ਕਵੀਸ਼ਰਾਂ ਤੇ ਗੀਤਕਾਰਾਂ ਦੇ ਲੇਖ ਵੀ ਸ਼ਾਮਿਲ ਕੀਤੇ ਹਨ।ਸੁਰਜੀਤ ਪਾਤਰ, ਵਰਿਆਮ ਸੰਧੂ ,ਬਲਦੇਵ ਸਿੰਘ ਧਾਲੀਵਾਲ, ਕਮਲਜੀਤ ਨੀਲੋਂ, ਸਮਸ਼ੇਰ ਸੰਧੂ, ਗੁਰਭਜਨ ਗਿੱਲ, ਦੇਵ ਥਰੀਕਿਆਂ ਵਾਲਾ, ਤਰਲੋਚਨ ਸਿੰਘ ਦਪਾਲਪੁਰ, ਦੇਬੀ ਮਖਸੂਸਪੁਰੀ, ਪੰਮੀ ਬਾਈ, ਸੇਵਾ ਸਿੰਘ ਨੌਰਥ ਸਮੇਤ ਭੌਰੇ ਦੇ ਸ਼ੌਂਕੀ ਮੇਲੇ ਵਿਚ ਸਾਥੀ ਰਹੇ ਬਲਜਿੰਦਰ ਮਾਨ ਅਤੇ ਕਿਸ਼ਨਜੀਤ ਰਾਓ ਦੇ ਵੀ ਛਾਪੇ ਗਏ ਹਨ।ਹਰ ਲੇਖਕ ਨੇ ਉਸਦੀਆਂ ਚੰਗਿਆਈਆਂ ਨੂੰ ਸੱਚੋ ਸੱਚ ਬਿਆਨਣ ਦੀ ਸਫਲ ਕੋਸ਼ਿਸ਼ ਕੀਤੀ ਹੈ।ਇਸ ਪੁਸਤਕ ਨਾਲ ਨਵੀਂ ਪੀੜੀ ਨੁੰ ਜਿੱਥੇ ਪੰਜਾਬੀ ਗਾਇਕੀ ਅਤੇ ਸੱਭਿਆਚਾਰਕ ਵਿਕਾਸ ਦੇ ਪਿਛਲੇ ਤਿੰਨ ਦਹਾਇਆਂ ਦੇ ਪੜਾਵਾਂ ਦਾ ਗਿਆਨ ਹੋਵੇਗਾ ਉਥੇ ਉਹਨਾਂ ਨੂੰ ਉਚੀਆਂ ਮੰਜ਼ਿਲਾਂ ਦੇ ਰਾਹਾਂ ਤੇ ਤੁਰਨ ਦੀ ਪ੍ਰੇਰਨਾ ਵੀ ਮਿਲੇਗੀ।ਇਕ ਗਰੀਬ ਘਰ ਵਿਚ ਜੰਮਿਆ ਮੁੰਡਾ ਵਿਸ਼ਵ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਿਚ ਕਿਵੇਂ ਸਫਲ ਹੁੰਦਾ ਹੈ? ਅਸਲ ਵਿਚ ਇਹ ਪੁਸਤਕ ਉਸਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਹੈ।ਉਸ ਦੁਆਰਾ ਰਚੀਆਂ ਪੁਸਤਕਾਂ ਦਾ ਅਲੋਚਨਾਤਮਿਕ ਮੁਹਾਂਦਰਾ ਵੀ ਉਘੜਦਾ ਪ੍ਰਤੀਤ ਹੰਦਾ ਹੈ।ਇਹ ਪੁਸਤਕ ਐਸ ਅਸ਼ੋਕ ਭੌਰੇ ਦੇ ਅਜ ਤਕ ਦੇ ਜੀਵਨ ਸੰਘਰਸ਼ ਅਤੇ ਸਾਹਿਤ ਸਿਰਜਣ ਪ੍ਰਕ੍ਰਿਆ ਨੂੰ ਹਰ ਦ੍ਰਿਸ਼ਟੀਕੋਣ ਤੋਂ ਪੇਸ਼ ਕਰਨ ਵਿਚ ਸਫਲ ਹੁੰਦੀ ਹੈ।ਜਿਸ ਵਾਸਤੇ ਸੰਪਾਦਕ ਪ੍ਰਿੰ. ਸਰਵਣ ਸਿੰਘ ਦੁਆਰਾ ਵਰਤੀਆਂ ਕਲਾ ਜੁਗਤਾਂ ਕਾਰਗਰ ਸਿੱਧ ਹੋਈਆਂ ਹਨ।ਸੰਪਰਕ: +91 98150 18947