ਹਾਂਸ ਦੇ ਨਾਵਲ ਦੀ ਵਿਸ਼ੇਸ਼ਤਾ ਇਨ੍ਹਾਂ ਕਾਰਕਾਂ ਤੇ ਨਿਰਭਰ ਹੋਣ ਦੇ ਨਾਲ-ਨਾਲ ਇਕ ਸੰਗੀਤਮਈ ਲੈਅ ਅਤੇ ਲੋਰ ਦਾ ਅਹਿਸਾਸ ਕਰਵਾਉਣ ਅਤੇ, ਸਮਾਜਿਕ ਚੇਤਨਾ, ਮਾਨਵੀ ਸੰਵੇਦਨਾ ਅਤੇ ਇਨਸਾਨ ਦੀਆਂ ਜਟਿਲ ਪ੍ਰਵਿਰਤੀਆਂ ਦਾ ਸੰਜੀਵ ਦਸਤਾਵੇਜ ਹੋਣ ਵਿੱਚ ਵੀ ਹੈ, ਜੋ ਸਮੇਂ ਨਾਲ ਮੁੱਠਭੇੜ ਕਰਦੀਆਂ ਹੋਈਆਂ, ਨਾਵਲ ਦੇ ਪ੍ਰੰਪਰਾਗਤ ਢਾਂਚੇ ਅਤੇ ਯਥਾਰਥ ਨੂੰ ਰਚਣ ਅਤੇ ਮਹਿਸੂਸ ਕਰਨ ਦੀ ਜੜ੍ਹਤਾ ਨੂੰ ਤੋੜਦੀਆਂ ਹਨ। ਹਾਂਸ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਫਾਰਮੂਲਾ ਲਿਖਤ ਨਾ ਲਿਖ ਕੇ ਵੀ ਪਾਠਕ ਨੂੰ ਆਪਣੇ ਨਾਲ ਜੋੜਣ ਅਤੇ ਤੋਰਨ ਵਿੱਚ ਸਫ਼ਲ ਹੈ। ਇਹ ਲਿਖਤ ਰਸਕਿਨ ਬਾਂਡ ਦੇ ਸੁਪ੍ਰਸਿੱਧ ਕਥਨ "ਜਦੋਂ ਮੁਹੱਬਤ ਤੇ ਮੁਹਾਰਤ ਇਕੱਠੇ ਕੰਮ ਕਰਨ, ਤਾਂ ਕਿਸੇ ਸ਼ਾਹਕਾਰ ਦੀ ਉਮੀਦ ਕਰੋ" ਨੂੰ ਸੱਚ ਸਾਬਤ ਕਰਦੀ ਹੈ।ਨਿਰਸੰਦੇਹ, ਭਾਰਤ ਤੋਂ ਯੂਰਪ ਵੱਲ ਪ੍ਰਵਾਸ ਕਰਨ ਦੇ ਵਿਸ਼ੇ ਨੂੰ ਧਰਾਤਲੀ ਪੱਧਰ ਤੇ ਅਨੇਕ ਗਲਪਕਾਰਾਂ, ਖਾਸ ਕਰਕੇ ਪ੍ਰਵਾਸੀ ਪੰਜਾਬੀ ਲਿਖਾਰੀਆਂ, ਨੇ ਕਹਾਣੀ ਜਾਂ ਨਾਵਲ ਦੇ ਰੂਪ ਵਿੱਚ ਚਿਤਰਿਆ ਹੈ, ਪਰ ਜਿੱਥੇ ਹਾਂਸ ਨੇ ਇਸ ਪ੍ਰਵਾਸ-ਕੇਂਦਰਤ ਗਲਪ ਵਿੱਚ ਮਾਣਯੋਗ ਵਾਧਾ ਕੀਤਾ ਹੈ, ਉੱਥੇ ਉਸਨੇ ਆਪਣੀ ਵਿਲੱਖਣ ਸ਼ੈਲੀ ਵਿੱਚ ਵਿਸ਼ੇ ਨੂੰ ਢਾਲ ਕੇ ਸਾਬਤ ਕੀਤਾ ਹੈ, ਕਿ ਇਕ ਉਹ ਇਕ ਨੀਰਸ ਵਿਸ਼ੇ ਨੂੰ ਵੀ ਆਪਣੇ ਰੌਚਿਕ ਅੰਦਾਜ਼ ਵਿੱਚ ਪੇਸ਼ ਕਰਨ ਦੇ ਨਾਲ-ਨਾਲ, ਇਸ ਵਿਸ਼ੇ ਵਿੱਚ ਵੀ ਮਿਥਿਹਾਸਕ ਅਤੇ ਲੋਕ-ਹਵਾਲਿਆਂ ਦੀ ਵਰਤੋਂ ਕਰ ਸਕਦਾ ਹੈ। ਉਸਨੇ ਇਕ ਉਦਾਸ ਵਿਸ਼ੇ ਵਿੱਚ ਕਲਾਤਮਕ ਮਿਠਾਸ ਦੇ ਛੱਟੇ ਦੇ ਕੇ ਇਸ ਵਿਸ਼ੇ ਤੇ ਪ੍ਰਾਪਤ ਲਿਖਤਾਂ ਨੂੰ ਅਮੀਰੀ ਦਿੱਤੀ ਹੈ। ਇਸੇ ਕਰਕੇ ਉਸਦਾ ਨਾਵਲ ਹੱਥੋਂ-ਹੱਥ ਵਿਕ ਗਿਆ ਹੈ। ਪੰਜਾਬੀ ਦਾ ਇਹ ਅਨੂਠਾ ਨਾਵਲ ਹੈ, ਜੋ ਦੋ ਪ੍ਰਕਾਸ਼ਕਾਂ ਨੇ ਲਗਭਗ ਨਾਲੋ-ਨਾਲ ਛਾਪ ਕੇ ਮਹੀਨੇ ਵਿੱਚ ਵੇਚ ਦਿੱਤਾ ਹੈ।ਹਾਂਸ ਦੇ ਇਸ ਪਲੇਠੇ ਨਾਵਲ ਵਿੱਚ ਪੁਰਾਤਨ ਕਾਵਿ-ਸ਼ਾਸ਼ਤਰਾਂ ਵਿੱਚ ਦਿੱਤੇ ਸਾਰੇ ਦੇ ਸਾਰੇ ਰਸ ਭਰਪੂਰ ਰੂਪ ਵਿੱਚ ਦਿਖਾਈ ਤਾਂ ਦਿੰਦੇ ਹੀ ਹਨ, ਇਹ ਨਾਵਲ ਦੁਖਾਂਤ ਅਤੇ ਸੁਖਾਂਤ ਨੂੰ ਨਾਲੋ-ਨਾਲ ਪੇਸ਼ ਕਰਕੇ ਅੰਗਰੇਜ਼ੀ ਨਾਟਕਾਰ ਵਿਲੀਅਮ ਸ਼ੈਕਸਪੀਅਰ ਦੀ ਕਾਵਿ-ਵਿਧੀ ਦੇ ਕਾਫ਼ੀ ਨਜ਼ਦੀਕ ਪੁੱਜਦਾ ਹੈ, ਜਿਸ ਨੂੰ ਵਿਸ਼ਵ ਸਾਹਿਤ ਵਿੱਚ ਸਰਵੋਤਮ ਮੰਨਿਆ ਗਿਆ ਹੈ। ਹਾਂਸ ਦੀ ਕਲਾਤਮਿਕ ਪ੍ਰਾਪਤੀ ਪਾਠਕ ਨੂੰ ਬੰਨ੍ਹ ਕੇ ਬੈਠਾ ਲੈਣ ਵਿੱਚ ਤਾਂ ਹੈ ਹੀ, ਜੀਵਨ ਦੇ ਨਾਲ ਐਨ ਘਿਸ ਕੇ ਲੰਘਣ ਵਿੱਚ ਵੀ ਹੈ। ਉਸਦੇ ਨਾਵਲ ਦਾ ਅੰਤਰ-ਪਾਠ ਕਰਦਿਆਂ ਪਾਠਕ ਜੀਵਨ ਦੀ ਝਾਕੀ ਨੂੰ ਸਮੁੱਚੇ ਰੂਪ ਵਿੱਚ ਸਿਰਫ਼ ਦੇਖਦਾ ਨਹੀਂ, ਉਸਨੂੰ ਜਿਉਂਦਾ ਹੈ। ਇਕ ਚੰਗੇ ਸਾਹਿਤ ਦੀ ਇਹੀ ਨਿਸ਼ਾਨੀ ਹੁੰਦੀ ਹੈ - ਜੀਵਨ ਦੀ ਹਰ ਝਕਲ ਨੂੰ ਇੰਜ ਪੇਸ਼ ਕਰਨਾ ਕਿ ਪਾਠਕ ਇਸ ਨੂੰ ਆਪਣੇ ਨੰਗੇ ਪਿੰਡੇ ਤੇ ਹੰਢਾਉਦਾ ਮਹਿਸੂਸ ਕਰੇ। ਕਹਾਣੀ ਸਿੱਧੀ-ਸਾਦੀ ਹੈ, ਕੋਈ ਜਿ਼ਆਦਾ ਵਲ-ਵਲੇਵੇਂ ਨਹੀਂ। ਪਰ ਕਹਾਣੀ ਦੀ ਸਧਾਰਣ ਗੋਂਦ ਵਿੱਚ ਜ਼ਿੰਦਗੀ ਦੀ ਕਠੋਰ ਹਕੀਕਤ ਜਿਸ ਅੰਦਾਜ਼ ਵਿੱਚ, ਭਾਵੁਕ, ਕਾਵਿਕ ਅਤੇ ਰੌਚਿਕ ਛੋਹਾਂ ਦੇ ਕੇ ਪੇਸ਼ ਕੀਤੀ ਗਈ ਹੈ, ਉਸਤੋਂ ਇਸ ਨਾਵਲ ਦੇ ਇਕ ਸ਼ਾਹਕਾਰ ਹੋਣ ਦਾ ਸਬੂਤ ਮਿਲਦਾ ਹੈ। ਜਿੱਥੇ ਕਹਾਣੀ ਮੂਲ ਰੂਪ ਵਿੱਚ ਮੁੱਖ ਪਾਤਰ ਜਿੰਦ(ਰ) ਵਲੋਂ ਆਖੀ ਉੱਤਰ-ਪੁਰਖ ਰੂਪ ਵਿੱਚ ਪੇਸ਼ ਹੈ, ਉੱਥੇ ਇਸ ਵਿੱਚ ਕਈ ਗੰਢਾਂ ਹਨ, ਜੋ ਕਾਂਡ-ਦਰ-ਕਾਂਡ ਖੁੱਲ੍ਹਦੀਆਂ ਹਨ, ਕਈ ਲੜੀਆਂ ਹਨ, ਜਿਨ੍ਹਾਂ ਨੂੰ ਪੜ੍ਹ-ਫੜ ਕੇ ਪਾਠਕ ਜ਼ਿੰਦਗੀ ਦੇ ਕਿਸੇ ਦਿਸਹਿੱਦੇ ਪੁੱਜਦਾ ਹੈ, ਕਈ ਪਰਤਾਂ ਹਨ, ਜੋ ਆਪਣੇ-ਆਪ ਵਿੱਚ ਇਕ ਨਿਵੇਕਲੇ ਸੰਸਾਰ ਨੂੰ ਲੁਕੋਈ ਬੈਠੀਆਂ ਹਨ, ਕਈ ਭੇਤ ਹਨ, ਜੋ ਅੰਤ ਵੱਲ ਵਧਦਿਆਂ ਖੁੱਲ੍ਹਦੇ ਹਨ। ਪ੍ਰਵਾਸ ਜਾਣ ਲਈ ਯਤਨਸ਼ੀਲ ਪਾਤਰ ਜਿਨ੍ਹਾਂ ਕੌੜੀਆਂ ਸੱਚਾਈਆਂ ਦਾ ਸਾਹਮਣਾ ਕਰਦੇ ਹਨ, ਉਨ੍ਹਾਂ ਦੇ ਦੁਖਾਂਤਕ ਵਰਣਨ ਵਿੱਚ ਹਾਂਸ ਨੇ ਸੁੱਖੇ ਦਾ ਪਾਤਰ ਸਿਰਜਿਆ ਹੈ, ਜੋ ਅਤਿ-ਦੁਖਾਂਤਕ ਘੜੀਆਂ ਵਿੱਚ ਸੁਖਦ ਜਾਂ ਕਾਵਿਕ-ਸੁਖਦ ਟਿੱਪਣੀਆਂ ਕਰਦਾ ਦੁਖਦਾਈ ਮਾਹੌਲ ਨੂੰ ਸ਼ਾਂਤ ਕਰਦਾ ਹੈ। ਸ਼ੇਕਸ਼ਪੀਅਰ ਦੇ ਦੁਖਾਂਤਿਕ ਨਾਟਕਾਂ ਵਿੱਚ ਮਸਖ਼ਰੇ ਵੀ ਇਹੀ ਕੰਮ ਕਰਦੇ ਹੋਏ, ਨਾਟਮਈ ਸੰਤੁਲਨ ਕਾਇਮ ਰੱਖਦੇ ਹਨ। ਹਾਂਸ ਨੇ ਨਾਵਲ ਦੇ ਹਰ ਕਾਂਡ ਵਿੱਚ ਲੋਕਧਾਰਾਈ ਸੋਹਜ ਵੀ ਕਾਇਮ ਰੱਖਿਆ ਹੈ। ਨਾਵਲ ਆਪਣੇ-ਆਪ ਵਿੱਚ ਇਕ ਵਿਲੱਖਣ ਪ੍ਰਾਪਤੀ ਹੈ, ਹਾਂਸ ਦੀ, ਜਿਸ ਦਾ ਵਿਸ਼ਾ-ਮੂਲਕ ਨਿਚੋੜ, ਪਾਤਰ ਸੁੱਖੇ ਦੀ ਇਕ ਬੋਲੀ ਵਿੱਚ ਝਲਕਦਾ ਹੈ, "ਬਾਰ੍ਹੀਂ ਵਰਸੀਂ ਖਟਣ ਗਿਆ ਸੀ,
ਨੀ ਜੋ ਖਟਣ ਗਿਆ ਸੀ,
ਉਹ ਮੁੜ ਕੇ ਨੀ ਆਇਆ।"
ਭਾਵੇਂ ਨਾਵਲ ਦਾ ਮੁੱਖ ਪਾਤਰ ਵਿਦੇਸ਼ ਜਾ ਕੇ ਵਾਪਸ ਆ ਜਾਂਦਾ ਹੈ, ਤੇ ਪਥਰਾਈਆਂ, ਢਹੀਆਂ ਨਜ਼ਰਾਂ ਨਾਲ ਲੋਕਾਂ ਤੋਂ ਲੁਕ ਛਿਪ ਕੇ ਘਰ ਮੁੜਦਾ ਹੈ, ਅਤੇ ਆਪਣੀ ਜ਼ਿੰਦਗੀ ਨੂੰ ਮੁੜ ਪਟੜੀ ਤੇ ਕਰਨ ਦਾ ਯਤਨ ਕਰਦਾ ਹੈ, ਪਰ ਉਸ ਨਾਲ ਵਿਦੇਸ਼ ਜਾ ਕੇ ਰਹਿਣ ਲਈ ਗਏ ਕਈ ਦੋਸਤ (ਜਿਵੇਂ ਡਾਕਟਰ ਅਤੇ ਵਰਿਆਮ) ਉੱਥੇ ਹੀ ਮਾਰੇ ਜਾਂਦੇ ਹਨ, ਮੁੜ ਕੇ ਨਹੀਂ ਆਉਂਦੇ। ਮੁੱਖ ਕਹਾਣੀ ਭਾਵੇਂ ਜਿੰਦ(ਰ) ਦੇ ਪ੍ਰਦੇਸ਼ ਜਾਣ ਅਤੇ ਵਾਪਸ ਆਉਣ, ਦਲਾਲਾਂ ਢਹੇ ਚੜ੍ਹ ਕੇ ਉਧਰ ਜਾਣ ਵਾਲਿਆਂ ਦੀ ਨਰਕ-ਜਿਹੀ ਹੋਣੀ, ਦਲਾਲਾਂ ਦੇ ਸ਼ੋਸ਼ਣ ਅਤੇ ਇਸ ਸਮੁੱਚੇ ਵਰਤਾਰੇ ਦੇ ਸਮਾਜਿਕ ਅਤੇ ਆਰਥਿਕ ਕਾਰਣ ਨੂੰ ਫਰੋਲਣ ਦੇ ਨਾਲ-2, ਸਮਾਂਤਰ ਰੂਪ ਵਿੱਚ ਜਿੰਦਰ-ਮਨੀ ਦੀ ਪ੍ਰੇਮ ਕਹਾਣੀ ਵੀ ਪੇਸ਼ ਕਰਦੀ ਹੈ। ਜਤਿੰਦਰ ਹਾਂਸ ਦੇ ਇਸ ਨਾਵਲ ਵਿੱਚ ਕਲਾ ਪੱਖ ਤੋਂ ਢੇਰ ਸਾਰੇ ਔਜ਼ਾਰ ਪਏ ਹਨ, ਜੋ ਕਿ "ਪੰਜਾਬੀ ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਇੱਛਾ, ਪ੍ਰਕ੍ਰਿਆ, ਵਿਥਿਆ ਅਤੇ ਸਿੱਟਿਆਂ" ਨੂੰ ਵਧੇਰੇ ਚੰਗੀ ਤਰ੍ਹਾਂ ਅਤੇ ਵੱਧ ਸੂਖਮ ਰੂਪ ਵਿੱਚ ਪਕੜਣ, ਸਮਝਣ ਅਤੇ ਉਸਨੂੰ ਅਨੁਭਵ ਦੇ ਪੱਧਰ ਤੇ ਪੇਸ਼ ਕਰਨ ਵਿੱਚ ਸਹਾਇਕ ਸਿੱਧ ਹੁੰਦੇ ਹਨ। ਹਾਂਸ ਦੀ ਸ਼ੈੂਲੀ ਵਿੱਚ ਲੋਹੜੇ ਦਾ ਸੰਜਮ ਤਾਂ ਹੈ ਹੀ, ਉਹ "ਸੱਤਿਯਮ, ਸਿ਼ਵਮ ਅਤੇ ਸੁੰਦਰਮ" ਦੇ ਤ੍ਰਿਗੁੱਟੀ ਸਿਧਾਂਤ ਤੇ ਪੂਰੀ ਸੰਜੀਦਗੀ ਨਾਲ ਪਹਿਰਾ ਦਿੰਦਾ ਹੈ। ਨਾਵਲ ਵਿੱਚ ਇਕ ਵੀ ਅੱਖਰ ਵੱਧ ਜਾਂ ਘੱਟ ਮਹਿਸੂਸ ਨਹੀਂ ਹੁੰਦਾ। ਇਹ ਆਪਣੇ ਆਪ ਵਿੱਚ ਇਕ ਸੰਤੂਲਨ ਹੈ। ਜੀਵਨ ਦੀ ਕਠੋਰ ਸੱਚਾਈ (ਸੱਤਿਯਮ) ਨੂੰ ਪੂਰੀ ਸਿਆਣਪ (ਸਿ਼ਵਮ) ਨਾਲ ਪੇਸ਼ ਕਰਦਿਆਂ ਸੁੰਦਰ, ਅਸਰਦਾਰ ਅਤੇ ਰੌਚਿਕ (ਸੁੰਦਰਮ) ਸ਼ੈਲੀ ਦਾ ਪ੍ਰਯੋਗ ਕਰਦਾ ਹੈ ਹਾਂਸ।ਕਟਾਕਸ਼, ਸੰਤੁਲਨ, ਦਵੰਦ, ਚੁਸਤ ਵਾਰਤਾਲਾਪ ਅਤੇ ਲੋਕਧਾਰਾਈ ਵੇਰਵੇ ਅਜਿਹੇ ਕਾਰਗਰ ਹਥਿਆਰ ਹਨ, ਜੋ ਨਾਵਲ ਵਿੱਚ ਐਨੀ ਕਸ਼ੀਦਗੀ ਅਤੇ ਸਿੱ਼ਦਤ ਨਾਲ ਖਿਲਰੇ ਅਤੇ ਸਮੋਏ ਹਨ, ਕਿ ਪੜਦਿਆਂ ਪਾਠਕ ਇਨ੍ਹਾਂ ਦੀ ਟੁਣਕਾਰ ਵਾਰ-ਵਾਰ ਸਹਿਜ ਰੂਪ ਵਿੱਚ ਮਹਿਸੂਸ ਕਰਦਾ ਹੈ। ਮੈਨੂੰ ਹਾਂਸ ਦੀ ਲੇਖਣੀ ਦਾ ਸਭ ਤੋਂ ਵੱਡਾ ਕਮਾਲ ਇਹੀ ਜਾਪਦਾ ਹੈ ਕਿ ਕਿਤੇ ਵੀ ਕੁਝ ਵਧਾ-ਚੜ੍ਹਾ ਜਾਂ ਲਮਕਾ ਕੇ ਪੇਸ਼ ਕੀਤਾ ਨਹੀਂ ਲੱਗਦਾ। ਸਭ ਕੁਝ ਸੁਭਾਵਿਕ ਅਤੇ ਸਹਿਜ ਰੂਪ ਵਿੱਚ ਵਾਪਰਦਾ ਦਿਖਾਈ ਦਿੰਦਾ ਹੈ। ਪਿਆਰ, ਮੌਤ ਅਤੇ ਤਕਰਾਰ ਜਿਹੇ ਅਤਿ-ਭਾਵੁਕ ਅਤੇ ਸੰਵੇਦਨਸ਼ੀਲ ਮਸਲੇ ਵੀ ਹਾਂਸ ਦੀ ਲੇਖਣੀ ਵਿੱਚ ਪੂਰੀ ਲੈਅ ਵਿੱਚ ਨਜਿੱਠੇ ਜਾਂਦੇ ਹਨ। ਇਕ ਐਫਰਟ-ਲੈੱਸ ਲੇਖਣੀ ਇਹੀ ਹੁੰਦੀ ਹੈ।ਸਭ ਤੋਂ ਪਹਿਲਾਂ ਸੰਤੁਲਨ ਦੀ ਗੱਲ ਕਰੀਏ। ਇਹ ਸੰਤੁਲਨ ਵਿਸ਼ੇ, ਗੋਂਦ, ਸ਼ੈਲੀ, ਬੋਲੀ, ਵਾਰਤਾਲਾਪ ਅਤੇ ਦਾਰਸ਼ਨਿਕਤਾ ਵਿੱਚ ਰਮਿਆ ਹੋਇਆ ਹੈ। ਜਿੱਥੇ ਵਿਸ਼ਾ ਪੰਜਾਬੀ ਨੌਜਵਾਨ ਦੀ ਐਸ਼ ਕਰਨ ਦੀ ਰੁਚੀ ਅਤੇ ਜ਼ਿੰਦਗੀ ਨੂੰ ਭਰਪੂਰ ਜਿਉਣ ਦੀ ਅਭਿਲਾਸ਼ਾ ਦਾ ਅਹਿਸਾਸ ਕਰਵਾਉਂਦਾ ਹੈ, ਉਥੇ ਅਤਿ-ਨਿਰਾਸ਼ਾ ਦੇ ਦੌਰ ਵਿੱਚ ਖੁਦਕੁਸ਼ੀ ਦਾ ਅਨੁਭਵ ਵੀ। ਨਾਵਲ ਦੀ ਮੂਲ ਚੂਲ ਦੁਖਾਂਤਿਕ ਹੈ, ਪਰ ਨਰੇਟਿਵ ਅਤੇ ਵਾਰਤਾਲਾਪ ਵਿੱਚ ਅਤਿ ਸੂਖਮ ਰੂਪ ਵਿੱਚ ਵਾਰ-ਵਾਰ ਮਿਠਾਸ ਦਾ ਅਨੁਭਵ ਹੈ। ਮਤਲਬ ਜ਼ਿੰਦਗੀ ਦੇ ਕਰੂਰ ਯਥਾਰਥ ਦਾ ਸਾਹਮਣਾ ਕਰਦਾ ਮੁੱਖ ਪਾਤਰ ਅਤੇ ਸੁੱਖਾ ਪਾਤਰ ਅਪਣੇ ਅੰਦਰ ਦੇ ਮਜ਼ਾਕੀਆ ਸੁਭਾ ਨੂੰ ਮਰਨ ਨਹੀਂ ਦਿੰਦੇ। ਉਨ੍ਹਾਂ ਦੀ ਸੋਚ, ਲਹਿਜੇ ਅਤੇ ਬੋਲੀ ਵਿੱਚ ਇਹ ਤਨਜ਼ ਸੁਭਾਵਿਕ ਅਤੇ ਸਿੱਧੇ ਰੂਪ ਵਿੱਚ ਲੁਕੀ ਹੈ। ਗੋਂਦ ਪੱਧਰ ਤੇ ਸੰਤੁਲਨ ਕਾਇਮ ਰੱਖਣ ਲਈ ਲੇਖਕ ਕੋਈ ਉਚੇਚਾ ਯਤਨ ਨਹੀਂ ਕਰਦਾ ਜਾਪਦਾ। ਪਰ ਸਹਿਜ ਰੂਪ ਵਿੱਚ ਕਹਾਣੀ ਬਿਆਨ ਕਰਦਾ ਹੋਇਆ, ਇਸ ਵਿੱਚ ਭਰਪੂਰ ਸੰੁਤਲਨ ਕਾਇਮ ਰੱਖਦਾ ਹੈ। ਜਿੱਥੇ ਆਰਥਿਕ ਮਜਬੂਰੀਆਂ ਨੇ ਬਾਕੀ ਦੇ ਪਾਤਰਾਂ ਦੇ ਸਾਹ ਸੂਤੇ ਹੋਏ ਹਨ, ਅਤੇ ਉਹ ਆਪਣੇ ਟੱਬਰਾਂ ਲਈ ਕੁਝ ਕਰਨ ਲਈ ਵਿਦੇਸ਼ ਜਾ ਰਹੇ ਹਨ, ਉੱਥੇ ਮੁੱਖ ਪਾਤਰ ਦਾ ਪੂਰਾ ਧਿਆਨ ਆਪਣੀ ਮਾਸ਼ੂਕਾ ਮਨੀ ਵੱਲ ਹੈ। ਇਸ਼ਕ ਦਾ ਮਨੋਵਿਗਿਆਨ ਅਰਥ ਹੈ - ਜ਼ਿੰਦਗੀ ਜਿਉਣ ਦੀ ਭਰਪੂਰ ਇੱਛਾ। ਸਿਗਮੰਡ ਫਰਾਇਡ ਨੇ ਜੀਵਨ ਦੀਆਂ ਦੋ ਮੂਲ ਬਿਰਤੀਆਂ ਦੱਸੀਆਂ ਹਨ - ਸੈਕਸ ਬਿਰਤੀ ਅਤੇ ਮੌਤ ਬਿਰਤੀ। ਸੈਕਸ ਬਿਰਤੀ ਜੀਵਨ ਦੇ ਹਰ ਪਹਿਲੂ ਵਿੱਚ ਖੁਸ਼ੀ, ਅਨੰਦ, ਖੇੜਾ ਮਹਿਸੂਸ ਕਰਿਨ ਨਾਲ ਸੰਬੰਧਤ ਹੈ, ਅਤੇ ਸੈਕਸ ਸਮੇਂ ਮਾਨਵ ਪਰਮ-ਆਨੰਦ ਦੀ ਅਵਸਥਾ ਹਾਸਲ ਕਰਦਾਹੈ। ਇਹੀ ਸਿੱਕ ਜਾਂ ਬਿਰਤੀ ਮੁੱਖ ਪਾਤਰ ਜਿੰਦਰ ਦੇ ਸੁਭਾਅ ਨੂੰ ਰੂਪਮਾਨ ਜਾਂ ਰੇਖਾਕਿਤ ਕਰਦਦੀ ਹੈ। ਜਦ ਹਾਲਤ ਸੋਗਵਾਰ ਜਾਂ ਹੱਥੋਂ ਨਿਕਲਦੇ ਦਿਖਾਈ ਦੇਣ ਤਾਂ ਇਨਸਾਨ ਜ਼ਿੰਦਗੀ ਤੋਂ ਕਿਨਾਰਾ ਕਰਨ ਦੀ ਸੋਚਦਾ। ਉਹਦੇ ਅੰਦਰ ਦੋਵੇਂ ਬਿਰਤੀਆਂ ਨਾਲ-ਨਾਲ ਚਲਦੀਆਂ। ਜਿਸ ਸਮੇਂ ਜੋ ਭਾਰੀ ਹੋ ਗਈ, ਉਹ ਕਾਰਾ ਕਰ ਜਾਂਦੀ ਹੈ। ਖੁਦਕਸ਼ੀ ਇਹੀ ਵਕਤੀ ਉਬਾਲ ਦਾ ਨਤੀਜਾ ਹੁੰਦੀ ਹੈ। ਨਾਵਲ ਵਿੱਚ ਇਹ ਵਰਤਾਰਾ ਸਮੁੱਚੀ ਗੋਂਦ ਵਿੱਚ ਖਿਲਰਿਆ ਪਿਆ ਹੈ। ਉਹ ਇਕ "ਨਰਕਮਈ ਜੀਵਨ" ਛੱਡ ਕੇ "ਸਵਰਗ ਦੇ ਝੂਟੇ" ਲੈਣ ਆਏ ਹਨ, ਪਰ ਹੋਇਆ ਉਲਟ ਹੈ – ਜ਼ਿੰਦਗੀ ਨੂੰ ਜੀਵਨ ਆਇਆ ਸੀ, ਪਰ ਮੌਤ ਨੇ ਪਿੱਛਾ ਕੀਤਾ ਹੈ।
ਜਿਨ੍ਹਾਂ ਨੂੰ ਜਿਉਣਾ ਦੱਸਿਆ ਸੀ, ਅੱਜ ਲਹੂ ਉਨ੍ਹਾਂ ਨੇ ਪੀਤਾ ਹੈ।
ਕਮਾਲ ਦਾ ਦਵੰਦ ਸਿਰਜਿਆ ਹੈ, ਹਾਂਸ ਨੇ। ਇਸ ਪੇਸ਼ਕਾਰੀ ਵਿੱਚ ਕਈ ਰਚਨਾਤਮਕ ਅਤੇ ਕਲਾਤਮਕ ਔਜ਼ਾਰ ਪਏ ਹਨ। ਬਾਹਰ ਬੈਠੇ ਬਾਬੇ ਲਈ ਇਹ ਵਿਦੇਸ਼ ਮਿੱਠੀ ਜੇਲ੍ਹ ਹੈ। ਭਾਰਤੀ ਪੰਜਾਬੀ ਨੂੰ ਇਧਰਲੀ ਜ਼ਿੰਦਗੀ ਜੇਲ੍ਹ ਦੀ ਨਰਕਮਈ ਜ਼ਿੰਦਗੀ ਜਿਹੀ ਜਾਪਦੀ ਹੈ। ਦੋ "ਜਾਪਦੀਆਂ ਜੇਲ੍ਹਾਂ" ਦੇ ਮੈਟਾਫਰਾਂ ਵਿੱਚਕਾਰ ਫਸੇ ਹਨ, ਨਾਵਲ ਦੇ ਪਾਤਰ, ਜੋ ਕਿ ਅਸਲ ਜੇਲ੍ਹ ਵਿੱਚ ਬੈਠੇ ਹਨ - ਉਨ੍ਹਾਂ ਦੇ ਦੋਵੇਂ ਪਾਸੇ ਸੰਕਲਪੀ ਜੇਲ੍ਹ। ਪੂਰਾ ਸਮਤੋਲ ਅਤੇ ਕਮਾਲ ਦੀ ਦਵੰਦ-ਸਿਰਜਨਾ। ਸੈਕਸ ਬਿਰਤੀ ਤੇ ਮੌਤ ਬਿਰਤੀ ਦਾ ਵਿਚਾਰਧਾਰਕ ਸੁਮੇਲ। ਇਹੀ ਬਿਰਤੀਆਂ ਆਪਣੇ ਜਲੌ ਵਿੱਚ ਦੁਖਾਂਤ ਵੀ ਸਿਰਜਦੀਆਂ ਹਨ, ਪਰ ਚਰਮ-ਸੀਮਾ ਤੇ ਪੁੱਜਣ ਦੀ ਥਾਂ ਜੇਕਰ ਇਨ੍ਹਾਂ ਤੇ ਕਾਬੂ ਪੈ ਜਾਵੇ ਤਾਂ ਇਨਸਾਨ "ਸੰਭੋਗ ਤੋਂ ਸਮਾਧੀ ਵੱਲ" ਦੇ ਰਹੱਸਮਈ ਜੀਵਨ ਦਾ ਪਾਤਰ ਬਣਦਾ ਹੈ। (ਓਸ਼ੋ ਰਜਨੀਸ਼) ਉੱਪਰ ਪੈਰੇ ਦੇ ਆਰੰਭ ਵਿੱਚ ਮੈਂ "ਜਾਪਦਾ" ਸ਼ਬਦ ਦੀ ਵਰਤੋਂ ਕੀਤੀ ਹੈ। ਇਸ ਤੋਂ ਮੇਰਾ ਭਾਵ ਇਹ ਹੈ, ਕਿ ਹਾਂਸ ਦੀ ਲੇਖਣੀ ਪੜ੍ਹਣ ਤੋਂ ਇੰਜ ਲਗਦਾ ਹੈ, ਕਿ ਉਸਨੇ ਇਹ ਸੰਤੁਲਨ ਕਾਇਮ ਰੱਖਣ ਲਈ ਕੁਝ ਵਾਧੂ ਨਹੀਂ ਪਾਇਆ। ਬੱਸ ਸੁਭਾਵਿਕ ਰੂਪ ਵਿੱਚ ਪੇਸ਼ਕਾਰੀ ਸੰਤੁਲਤ ਹੈ। ਇਹੀ ਕਰਤਾਰੀ ਸੂਝ ਜਾਂ ਗੁਣ ਹੈ, ਸ਼ਾਇਦ। ਨਾਵਲ ਦੇ ਸਿਰਲੇਖ਼ ਬਿਨਾਂ ਸਭ ਕੁਝ ਸ਼ਲਾਘਾਯੋਗ ਹੈ। ਨਾਵਲ ਦਾ ਸਿਰਲੇਖ਼ "ਬੱਸ ਅਜੇ ਏਨਾ ਹੀ" ਦੀ ਥਾਂ "ਘਰ-ਵਾਪਸੀ" ਜਾਂ ਕੋਈ ਹੋਰ ਹੋ ਸਕਦਾ ਹੈ। ਏਸ ਨਾਵਲ ਦੀ ਆਮਦ ਨਾਲ, ਮੇਰੀਆਂ ਗਿਣਤੀ ਦੀਆਂ ਪਸੰਦੀਦਾ ਪੰਜਾਬੀ ਕਿਤਾਬਾਂ ਵਿੱਚ ਇਕ ਨਿੱਗਰ ਵਾਧਾ ਹੋਇਆ ਹੈ।ਸੰਪਰਕ: +91 98885 69669