ਨਿੱਕੀਆਂ ਕਰੂੰਬਲਾਂ-ਰੁੱਖ ਵਿਸ਼ੇਸ਼ ਅੰਕ
Posted on:- 27-07-2015
ਸੰਪਾਦਕ:ਬਲਜਿੰਦਰ ਮਾਨ, ਮਨਜੀਤ ਕੌਰ
ਪ੍ਰਕਾਸ਼ਕ:ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ (ਹੁਸ਼ਿਆਰਪੁਰ),
ਪੰਨੇ 48,ਮੁੱਲ 25 /-
ਰੁੱਖ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਹੈ।ਜੇਕਰ ਇਸ ਧਰਤੀ ਤੇ ਜੀਵਨ ਹੈ ਤਾਂ ਉਸ ਵਿਚ ਰੱਖਾਂ ਦਾ ਅਹਿਮ ਯੋਗਦਾਨ ਹੈ।ਇਸ ਵਿਸ਼ੇ ’ਤੇ ਨਿੱਕੀਆਂ ਕਰੂੰਬਲਾਂ ਦਾ ਇਕ ਖੋਜ ਭਰਪੂਰ ਅੰਕ ਤਿਆਰ ਕੀਤਾ ਗਿਆ ਹੈ ।ਜਿਸ ਵਿਚ ਬਾਲ ਲੇਖਕਾਂ ਤੋਂ ਲੈ ਕੇ ਸਾਹਿਤ ਅਕੈਡਮੀ ਪੁਰਸਕਾਰ ਜੇਤੂ ਬਾਲ ਸਾਹਿਤਕਾਰਾਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ।ਇਸ ਵਿਸ਼ੇਸ਼ ਅੰਕ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਵੰਨ ਸੁਵੰਨਤਾ ਬਹੁਤ ਹੈ ਜਿਸ ਕਰਕੇ ਬੱਚੇ ਤਾਂ ਇਸ ਅੰਕ ਨੂੰ ਪੜ੍ਹੇ ਬਗੈਰ ਛੱਡਦੇ ਹੀ ਨਹੀਂ।ਇਸ ਅੰਕ ਵਿਚ ਸੰਪਾਦਕ ਬਲਜਿੰਦਰ ਮਾਨ ਨੇ ਨਾਟਕ ,ਕਵਿਤਾ, ਕਹਾਣੀ ,ਆਮ ਜਾਣਕਾਰੀ,ਰੁੱਖਾਂ ਬਾਰੇ ਰੌਚਕ ਗੱਲਾਂ,ਖੋਜ ਭਰਪੂਰ ਲੇਖ ਸ਼ਾਮਲ ਕਰਕੇ ਬੱਚਿਆਂ ਦੇ ਦਿਲ ਦਿਮਾਗ ਦੇ ਕਵਾੜ ਖੋਲ ਦਿੱਤੇ ਹਨ।ਕੁਲਵਿੰਦਰ ਕੌਰ ਰੂਹਾਨੀ ਅਤੇ ਕਮਲਜੀਤ ਨੀਲੋਂ ਦੇ ਚਿੱਤਰਾਂ ਨਾਲ ਸ਼ਿਗਾਰਿਆ ਇਹ ਰਸਾਲਾ ਅੱਜ ਹਰ ਬਾਲ ਪਾਠਕ ਦੀ ਪਸੰਦ ਬਣ ਗਿਆ ਹੈ।ਬਾਲ ਸਾਹਿਤ ਦੇ ਖੇਤਰ ਵਿਚ ਨਿੱਜੀ ਖੇਤਰ ਦਾ ਪਿਛਲੇ ਵੀਹ ਸਾਲਾਂ ਤੋਂ ਨਿਰੰਤਰ ਛਪਣ ਵਾਲਾ ਇਹ ਇਕੋ ਇਕ ਰਸਾਲਾ ਹੈ, ਜਿਸਦੇ ਪਾਠਕ ਪੂਰੇ ਦੇਸ਼ ਵਿਦੇਸ਼ ਵਿਚ ਬੈਠੇ ਹਨ।ਇਹ ਬਲਜਿੰਦਰ ਮਾਨ ਦੀ ਘਾਲਣਾ ਦਾ ਸਿੱਟਾ ਹੈ, ਜਿਸਨੇ ਆਪਣਾ ਤੰਨ ਮਨ ਧੰਨ ਬਾਲ ਸਾਹਿਤ ਦੀ ਪ੍ਰਫੁਲਤਾ ਦੇ ਲੇਖੇ ਲਾਇਆ ਹੋਇਆ ਹੈ।ਉਸਦੀ ਕਹਾਣੀ ‘ਤਾਇਆ ਵੱਢੀਂ ਨਾ’ ਰਾਹੀਂ ਇਸ ਅੰਕ ਦਾ ਨਿਚੋੜ ਪੇਸ਼ ਹੁੰਦਾ ਹੈ।
ਕਰਮਜੀਤ ਗਰੇਵਾਲ ਦਾ ਨਾਟਕ ਰੁੱਖਾਂ ਦੀ ਦੁਨੀਆ ਤਾਂ ਸਕੂਲ਼ੀ ਬੱਚੇ ਤਿਆਰ ਵੀ ਕਰਨ ਲਗ ਪਏ ਨੇ।ਮਨਮੋਹਨ ਸਿੰਘ ਦਾਊਂ, ਡਾ.ਰਣਜੀਤ ਸਿੰਘ ਅਤੇ ਬਲਵਿੰਦਰ ਸਿੰਘ ਲੱਖੇਵਾਲੀ ਦੇ ਲੇਖ ਬੜੇ ਗਿਆਨਵਰਧਕ ਹਨ।ਕਾਵਿ ਵੰਨਗੀ ਵਿਚ ਮਹਿੰਦਰ ਸਿੰਘ ਮਾਨੁੰਪੁਰੀ,ਜਗਜੀਤ ਗੁਰਮ,ਕਮਲਜੀਤ ਨੀਲੋਂ ਅਮਰਜੀਤ ਕੌਰ ਅਮਰ ਦੀਆਂ ਕਵਿਤਾਵਾਂ ਬਾਲ ਮਨਾਂ ਦੀ ਤਰਜਮਮਾਨੀ ਕਰਦੀਆਂ ਹਨ।ਪੰਜਾਹ ਲੇਖਕਾਂ ਦੀਆਂ ਰੌਚਕ ਰਚਨਾਵਾਂ ਦਾ ਇਹ ਕੀਮਤੀ ਖਜ਼ਾਨਾ ਹੈ।ਇਸ ਅੰਕ ਰਾਹੀਂ ਬੱਚਿਆਂ ਨੂੰ ਜਿੱਥੇ ਆਪਣੇ ਚੁਗਿਰਦੇ ਬਾਰੇ ਗਿਆਨ ਮਿਲਦਾ ਹੈ ਉਥੇ ਇਸਦੀ ਸਾਂਭ ਸੰਭਾਲ ਕਰਨ ਦੇ ਤਰੀਕਿਆਂ ਬਾਰੇ ਵੀ ਪਤਾ ਲਗਦਾ ਹੈ।ਬਾਰ੍ਹਵੀਂ ਜਮਾਤ ਤਕ ਦੇ ਵਿਦਿਆਰਥੀ ਇਸ ਵਿਚੋਂ ਚੰਗੀਆਂ ਗਲਾਂ ਦਾ ਰੌਚਕ ਢੰਗ ਨਾਲ ਅਨੰਦ ਲੈ ਸਕਦੇ ਹਨ।