ਇਹਨਾਂ ਕਵਿਤਾਵਾਂ ਵਿਚੋਂ ਉਸਦੇ ਜੀਵਨ ਦੇ ਤਜ਼ਰਬੇ ਬੋਲਦੇ ਹਨ।ਦੁਨੀਆਂ ਦੇ 50 ਦੇਸ਼ਾਂ ਦੀ ਯਾਤਰਾ ਕਰਨ ਵਾਲਾ ਇਹ ਸ਼ਾਇਰ ਆਪਣੀ ਸ਼ਾਇਰੀ ਦੇ ਸਿਖਰ ਵੱਲ ਨੂੰ ਵਧਦਾ ਪ੍ਰਤੀਤ ਹੁੰਦਾ ਹੈ।ਇਹਨਾਂ ਕਾਵਿ ਵੰਨਗੀਆਂ ਰਾਹੀਂ ਉਹ ਸਮਾਜ ਦੀ ਦੁਖਦੀ ਰਗ ਨੂੰ ਫੜਨ ਵਿਚ ਸਫਲ ਹੋਇਆ ਹੈ।ਸਮਾਜ ਸਿੱਖਿਆ ਧਰਮ ਰਾਜਨੀਤੀ ਰੁਮਾਂਸ ਜੁਆਨੀ ਨਸ਼ੇ ਛੜੇ ਜਗਤ ਤਮਾਸ਼ਾਂ ਮਾਡਰਨ ਮਾਹੀਆ ਗਿੱਧਾ ਗੱਲ ਕੀ ਜੀਵਨ ਦੇ ਹਰ ਪਹਿਲੂ ਬਾਰੇ ਵਿਅੰਗ ਬਾਣ ਛੱਡਿਆ ਹੈ।ਉਸਦੀ ਕਵਿਤਾ ਦੀ ਹਰ ਤੁਕ ਵਿਚ ਇਕ ਨਰੋਆ ਸੰਦੇਸ਼ ਹੈ।ਸੰਦੇਸ਼ ਵੀ ਇਸ ਤਰੀਕੇ ਨਾਲ ਦਿੱਤਾ ਗਿਆ ਹੈ ਕਿ ਇਸ਼ਾਰਿਆ ਨਾਲ ਹੀ ਸਭ ਗਲ ਸਮਝਾ ਦਿੱਤੀ ਗਈ ਹੈ।ਅਜੋਕੇ ਸਮੇਂ ਵਿਚ ਆ ਰਹੀਆਂ ਤਬਦੀਲੀਆਂ ਦੇ ਦੁੱਖ ਦਰਦ ਵੀ ਬਿਆਨੇ ਗਏ ਹਨ।ਰਿੱਸ਼ਤਿਆਂ ਦੀ ਬੇਕਦਰੀ ਬਾਰੇ ਤਾਂ ਬਾ-ਕਮਾਲ ਕਵਿਤਾਵਾਂ ਲਿਖੀਆਂ ਗਈਆਂ ਹਨ।ਰਾਜਸੀ ਮਸਲਿਆਂ ਦਾ ਵਿਸ਼ਲੇਸ਼ਣ ਵੀ ਆਪਣੇ ਕਲਾਤਮਿਕ ਨਜ਼ਰੀਏ ਨਾਲ ਕੀਤਾ ਹੈ।ਇੰਜ ਇਸ ਪੁਸਤਕ ਰਾਹੀਂ ਸ਼ਾਇਰ ਆਪਣੀ ਕਲਮ ਦੀ ਨੋਕ ਨੂੰ ਹੋਰ ਤਿੱਖ ਕਰਦਾ ਹੋਇਆ ਸ਼ੁਹਰਤ ਦੀ ਟੀਸੀ ਵੱਲ ਵਧਿਆ ਹੈ।ਉਸ ਕੋਲ ਹਰ ਔਖੀ ਤੇ ਪੇਚੀਦਾ ਗੱਲ ਨੂੰ ਸਧਾਰਣ ਸ਼ਬਦਾਂ ਰਾਹੀਂ ਕਹਿਣ ਦੀ ਕਲਾ ਹੈ।ਉਸਦੀ ਗੱਲ ਭਾਵੇਂ ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ ਪਰ ਸਭ ਵਡਿਆਈ ਕਰਦੇ ਹਨ।ਇਕ ਕਵਿਤਾ ਦਾ ਜਗਤ ਤਮਾਸ਼ਾ ਦੀਆਂ ਕੁੱਝ ਸਤ੍ਹਰਾਂ ਵੇਖਦੇ ਹਾਂ:ਸ਼ਰਮ ਹਿਆ ਦਾ ਗੁੱਲ ਹੋ ਗਿਆ ਬੜੇ ਚਿਰਾਂ ਦਾ ਦੀਵਾ
ਪਿੰਡ ਦੇ ਹੁਣ ਪਿੰਡ ਵਿਚ ਆਉਣ ਨੂੰ ਫਿਰਦੇ ਨੇ ਮੁਕਲਾਵੇ।
ਬਾਪ ਦੀਆਂ ਅੱਖਾਂ ਵਿਚ ਧੀ ਦਾ ਜੋਬਨ ਛਲਕਣ ਲੱਗਾ
ਰੱਖੜੀ ਵਾਲੇ ਦਿਨ ਭੈਣ ਦੇ ਫੋਕੇ ਹੋਏ ਦਿਖਾਵੇ।
‘ਤੂੰ ਮੇਰਾ ਤੇ ਮੈਂ ਤੇਰੀ’ ਹੋ ਗਈ ਲੀਰਾਂ ਪ੍ਰੀਤ ਕਹਾਣੀ
ਬੀਵੀ ਹੋਰ ਤੇ ਪਤੀ ਹੋਰ ਦੇ ਮੂੰਹ ਵਿਚ ਬੁਰਕੀਆਂ ਪਾਵੇ।
ਵੱਢ ਵੱਢ ਖਾਂਦੇ ਨਰਮ ਗਧੇਲੇ ਚੇਤੇ ਆਵੇ ਮੰਜਾ
ਮੂੜ੍ਹੇ ਉਤੇ ਬਹਿ ਕੇ ਕਦ ਕੋਈ ਰੰਗਲਾ ਚਰਖਾ ਡਾਹਵੇ।