Wed, 30 October 2024
Your Visitor Number :-   7238303
SuhisaverSuhisaver Suhisaver

ਜੁਗਨੀ: ਬਲਰਾਜ ਸਿੱਧੂ ਦੀ ਵੱਖਰੀ ਪ੍ਰਤਿਭਾ ਦੀ ਪੇਸ਼ਕਾਰੀ

Posted on:- 05-07-2015

suhisaver

- ਗੁਰਚਰਨ ਸਿੰਘ ਪੱਖੋਕਲਾਂ
                          
ਇੰਗਲੈਂਡ ਵੱਸਦੇ ਪੰਜਾਬੀ ਲੇਖਕ ਬਲਰਾਜ ਸਿੱਧੂ ਦੀ ਨਵੀਂ ਕਿਤਾਬ ਜੁਗਨੀ ਪੜ੍ਹਦਿਆਂ ਲੇਖਕ ਦੀ ਵਿਲੱਖਣ ਪ੍ਰਤਿਭਾ ਦੇ ਦਰਸ਼ਨ ਹੁੰਦੇ ਹਨ। ਇਸ ਕਿਤਾਬ ਦੇ ਲੇਖਾਂ ਨੂੰ ਪੜਦਿਆਂ ਪੰਜਾਬੀ ਸੱਭਿਆਚਾਰ ਵਿਚਲੇ ਹੀਰੋ ਪਾਤਰ੍ਹਾਂ ਦੇ ਵਿਸਲੇਸ਼ਣ ਕਰਦਿਆਂ ਲੇਖਕ ਪੁਰਾਤਨ ਰਵਾਇਤਾਂ ਦੀ ਤੀਜੀ ਅੱਖ ਦਾ ਪਰਯੋਗ ਕਰਦਿਆਂ ਵਰਤਮਾਨ ਸਮੇਂ ਦੀ ਮੰਗ ਅਨੁਸਾਰ ਹਕੀਕਤਾਂ ਨੂੰ ਪਾਠਕ ਸਾਹਮਣੇ ਪੇਸ਼ ਕਰਨ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ । ਜੁਗਨੀ ਵਰਗੇ ਲੋਕ ਗੀਤਾਂ ਦੇ ਸ਼ਿੰਗਾਰ ਸ਼ਬਦ ਦੀ ਅਸਲੀਅਤ ਕੀ ਹੈ ਬਾਰੇ ਪਹਿਲੇ ਹੀ ਜੁਗਨੀ ਲੇਖ ਵਿੱਚ ਹਕੀਕੀ ਜਾਣਕਾਰੀ ਦਿੱਤੀ ਗਈ ਹੈ, ਜੋ ਪਾਠਕ ਅਤੇ ਲੇਖਕਾਂ  ਨੂੰ ਨਵੀਂ ਸੇਧ ਅਤੇ ਸਮਝ ਦੇਣ ਵਿੱਚ ਪੂਰੀ ਤਰ੍ਹਾਂ ਸਫਲ ਹੈ। ਜੁਗਨੀ ਮਹਿਜ ਇੱਕ ਸ਼ਬਦ ਨਹੀਂ ਅਤੇ ਨਾ ਹੀ ਕਿਸੇ ਇਸਤਰੀ ਦੀ ਕਥਾ ਹੈ, ਸਗੋਂ ਇਹ ਇਤਿਹਾਸ ਦੇ ਵਰਤਾਰਿਆਂ ਵਿੱਚੋਂ ਉਪਜਿਆਂ ਸੱਚ ਹੈ, ਜੋ ਪੂਰਾ ਲੇਖ ਪੜਨ ਤੋਂ ਬਾਅਦ ਹੀ ਸਮਝ ਆਉਂਦਾ ਹੈ।

ਅੱਖਾ ਤੇ ਐਨਕ ਲੇਖ ਵਿੱਚ ਐਨਕਾਂ ਅਤੇ ਕੱਚ ਦੇ ਇਤਿਹਾਸ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹੈ । ਇਸ ਲੇਖ ਨੂੰ ਪੜਦਿਆਂ ਹੋਇਆਂ ਲੇਖਕ ਦੀ ਵਿਸਾਲ ਜਾਣਕਾਰੀ ਬਾਰੇ ਇਲਮ ਹੁੰਦਾ ਹੈ। ਪੰਜਵੇਂ ਅਤੇ ਛੇਵੇਂ ਲੇਖ ਜੋ ਮਿਰਜਾ ਸਾਹਿਬਾਂ ਅਤੇ ਹੀਰ ਰਾਂਝੇ ਬਾਰੇ ਹਨ ਲੇਖਕ ਨਿਰਪੱਖ ਪੜਚੋਲ ਕਰਦਿਆਂ ਇਹਨਾਂ ਇਤਿਹਾਸਕ ਪਾਤਰ੍ਹਾਂ ਬਾਰੇ ਬਿਬੇਕ ਪੂਰਣ ਵਿਸਲੇਸ਼ਣ ਕੀਤਾ ਹੈ, ਜਿਸ ਨਾਲ ਪਾਠਕ ਵੀ ਸਹਿਮਤ ਹੋਣ ਲਈ ਮਜਬੂਰ ਹੋ ਜਾਂਦਾ ਹੈ। ਇਹ ਮਹਿਜ ਇਸ਼ਕ ਦੀਆਂ ਕਹਾਣੀਆਂ ਨਹੀਂ ਬਲਕਿ ਉਸ ਸਮੇਂ ਦੇ ਸਮਾਜ ਦੀ ਨਿਰਪੱਖ ਪੜਚੋਲ ਦੀ ਪੇਸ਼ਕਾਰੀ ਹੈ।  

ਇਸ ਕਿਤਾਬ ਦੇ ਦਸਵੇਂ ਲੇਖ ਵਿੱਚ ਬਾਬਾ ਸ਼ੇਖ ਫਰੀਦ ਜੀ ਬਾਰੇ ਤਾਂ ਲੇਖਕ ਨੇ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ, ਜਿਸ ਨਾਲ ਫਰੀਦ ਜੀ ਦੀ ਮਹਾਨਤਾ ਤਾਂ ਪਰਗਟ ਹੁੰਦੀ ਹੈ ਅਤੇ ਲੇਖਕ ਦੀ ਬਹੁਪੱਖੀ ਸੋਚ ਅਤੇ ਸਮਝ ਦੇ ਵੀ ਦਰਸ਼ਨ ਹੁੰਦੇ ਹਨ । ਧਾਰਮਿਕ ਮਹਾਂਪੁਰਸ਼ਾਂ ਬਾਰੇ ਆਮ ਤੌਰ ਤੇ ਬਜੁਰਗ ਜਾਂ ਧਾਰਮਿਕ ਖੇਤਰ ਦੇ ਲੋਕਾਂ ਦਾ ਏਕਾਧਿਕਾਰ ਹੀ ਸਥਾਪਤ ਹੈ ਪਰ ਨੌਜਵਾਨ ਲੇਖਕ ਏਨੀ ਨੌਜਵਾਨ ਅਵੱਸਥਾ ਵਿੱਚ ਹੋਣ ਦੇ ਬਾਵਜੂਦ ਵੀ ਬਹੁਤ ਹੀ ਪਰਪੱਕ ਵਿਅਕਤੀਆਂ ਵਾਂਗ ਉੱਚਕੋਟੀ ਦੀ ਨਵੀਂ ਜਾਣਕਾਰੀ ਪੇਸ਼ ਕਰਦਾ ਹੈ। ਇਸ ਲੇਖ ਨੂੰ ਪੜਦਿਆਂ ਮਹਿਸੂਸ ਹੁੰਦਾ ਹੈ ਲਿਖਣਾ ਵੀ ਉਹਨਾਂ ਨੂੰ ਹੀ ਨਸੀਬ ਹੁੰਦਾ ਹੈ, ਜਿਸ ਵਿੱਚ ਅਨੰਤ ਕੁਦਰਤ ਵੱਲੋਂ ਕੋਈ ਵਿਸ਼ੇਸ਼ ਗੁਣ ਧਰਿਆ ਹੁੰਦਾ ਹੈ।
             
ਬਾਕੀ ਦੇ ਹੋਰ ਲੇਖਾਂ ਵਿੱਚ ਵੀ ਬਹੁਤ ਹੀ ਇਤਿਹਾਸਕ ਜਾਣਕਾਰੀਆਂ ਦੇਕੇ ਲੇਖਕ ਪਾਠਕ ਦੀ ਝੋਲੀ ਵਿੱਚ ਵੱਡਮੁੱਲੀ ਜਾਣਕਾਰੀ ਪਾਉਂਦਾ ਹੈ। ਜਿਸ ਤਰ੍ਹਾਂ ਬਰਮਿੰਘਮ ਦੀ ਸੋਹੋ ਰੋਡ ਦਾ ਵਰਣਨ ਕਰਦਿਆਂ ਉੱਥੋਂ ਦੇ ਸਭਿਆਚਾਰ, ਕਾਰੋਬਾਰ, ਸਮਾਜਕ ਵਿਵਹਾਰ ਆਦਿ ਅਨੇਕ ਪਹਿਲੂਆਂ ਨੂੰ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਚੌਥੇ ਲੇਖ ਸਾਹਿਤ ਸੰਗੀਤ ਅਤੇ ਕਲਾ ਵਿੱਚ ਅਸ਼ਲੀਲਤਾ ਵਿੱਚ ਲੇਖਕ ਆਪਣੀਆਂ ਜ਼ੋਰਦਾਰ ਦਲੀਲਾਂ ਦੇਕੇ ਆਪਣੀ ਗੱਲ ਕਹਿਣ ਵਿੱਚ ਸਫਲ ਰਿਹਾ ਹੈ, ਜਿਸ ਨਾਲ ਪਾਠਕ ਵੀ ਬਿਬੇਕੀ ਸੋਚ ਦੇ ਧਾਰਨੀ ਹੋਕੇ ਨਿਰਪੱਖ ਰਾਇ ਦੇਣ ਦੇ ਯੋਗ ਹੋ ਜਾਂਦਾ ਹੈ।

ਨੰਗੇ ਸਾਗਰਾਂ ਦੀ ਸੈਰ ਵਿੱਚ ਲੇਖਕ ਨੇ ਇੰਗਲੈਂਡ ਅਤੇ ਯੂਰਪ ਦੇ ਸਭਿਆਚਾਰ ਅਤੇ ਸੋਚ ਦੀ ਇੱਕ ਵੱਖਰੀ ਝਲਕ ਪੇਸ਼ ਕੀਤੀ ਹੈ, ਜਿਸ ਨਾਲ ਪਾਠਕ ਜਿੱਥੇ ਰਾਜਸੱਤਾ ਦੀ ਸੋਚ ਦੀ ਜਾਣਕਾਰੀ ਹਾਸਲ ਕਰਦਾ ਹੈ ਅਤੇ ਉੱਥੇ ਹੀ ਆਮ ਲੋਕ ਕਿਸ ਤਰ੍ਹਾਂ ਰਾਜਸੱਤਾ ਦੀ ਪੈੜ ਵਿੱਚ ਤੁਰਦਿਆਂ ਕਿੱਥੇ ਤੋਂ ਕਿੱਥੇ ਪਹੁੰਚ ਜਾਂਦੇ ਹਨ ਬਾਰੇ ਵੀ ਸੋਚਦਾ ਹੈ। ਇਸ ਕਿਤਾਬ ਦੇ ਬਹੁਤੇ ਲੇਖਾਂ ਵਿੱਚ ਬਲਰਾਜ ਸਿੱਧੂ ਦੀ ਗੰਭੀਰ ਸੁਲਝੀ ਹੋਈ ਸੋਚ ਦੇ ਦਰਸਨ ਹੁੰਦੇ ਹਨ। ਇਸ ਕਿਤਾਬ ਵਿੱਚਲੇ ਲੇਖ ਲੇਖਕ ਦੀ ਸਮਾਜਕ ਧਾਰਮਿਕ ਵਿਸ਼ਿਆਂ ਤੇ ਵਰਤਮਾਨ ਸਮੇਂ ਦੇ ਹਾਣੀ ਹੋਕੇ ਲਿਖਣ ਦੀ ਕਲਾ ਦੇ ਦਰਸ਼ਨ ਕਰਵਾਉਂਦੇ ਹਨ । ਇਤਿਹਾਸ ਉੱਪਰ ਲੇਖਕ ਦੀ ਪਕੜ ਦੂਸਰੀਆਂ ਕਿਤਾਬਾਂ ਵਾਂਗ ਇਸ ਕਿਤਾਬ ਵਿੱਚ ਵੀ ਦਿਖਾਈ ਦਿੰਦੀ ਹੈ।

ਦਰਜਨ ਦੇ ਕਰੀਬ ਕਿਤਾਬਾਂ ਲਿਖਣ ਵਾਲੇ ਬਲਰਾਜ ਸਿੱਧੂ ਨੇ ਆਪਣੇ ਹੀ ਢੰਗ ਅਤੇ ਸੋਚ ਦੇ ਨਾਲ ਤੁਰਦਿਆਂ ਹੋਇਆਂ ਆਪਣੀ ਨਿੱਜੀ ਕਮਾਈ ਦਾ ਦਸਵੰਧ ਖਰਚ ਕੇ ਪੰਜਾਬੀ ਪਾਠਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਕੇ ਉਹਨਾਂ ਨੂੰ ਪੜਨ ਲਈ ਮਜਬੂਰ ਕੀਤਾ ਹੈ, ਇਹ ਵੀ ਉਸਦੀ ਇੱਕ ਪਰਾਪਤੀ ਹੈ  । ਆਉਣ ਵਾਲੇ ਸਮੇਂ ਵਿੱਚ ਸਥਾਪਤ ਹੋ ਚੁੱਕੇ ਇਸ ਬਹੁਚਰਚਿੱਤ ਲੇਖਕ ਤੋਂ ਗੰਭੀਰ ਅਤੇ ਸਮਾਜਕ ਵਿਸ਼ਿਆਂ ’ਤੇ ਹੋਰ ਵੀ ਵਧੀਆ ਲਿਖਿਆ ਪੜਨ ਨੂੰ ਮਿਲੇਗਾ ਦੀ ਭਰਭੂਰ ਆਸ ਕੀਤੀ ਜਾ ਸਕਦੀ ਹੈ।

ਸੰਪਰਕ: +91 94177 27245  

Comments

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ