Wed, 30 October 2024
Your Visitor Number :-   7238304
SuhisaverSuhisaver Suhisaver

ਲਾਲ ਝੰਡੇ ਹੇਠਲੇ ਦਲਿਤ ਸੰਘਰਸ਼ ਦੀ ਕਹਾਣੀ: ਦਾ ਜਿਪਸੀ ਗਾਡੈਸ

Posted on:- 02-07-2015

suhisaver

- ਅਮਨਦੀਪ ਕੌਰ

ਮੀਨਾ
ਕੰਦਾਸਾਮੀ ਮਦਰਾਸ, ਤਮਿਲਨਾਡੂ ਤੋਂ ਅੰਗਰੇਜ਼ੀ ਕਵੀ, ਲੇਖਕ, ਅਨੁਵਾਦਕਾਰ ਅਤੇ ਸਮਾਜਿਕ ਕਾਰਕੁਨ ਹੈ। ਮੀਨਾ ਦਾ ਕੰਮ ਨਾਰੀਵਾਦ ਅਤੇ ਜਾਤਪਾਤ ਵਿਰੋਧੀ ਸੰਘਰਸ਼ਾਂ ਨਾਲ ਸਾਂਝ ਭਿਆਲੀ ਰੱਖਦਾ ਹੋਇਆ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਰੂੜੀਵਾਦ, ਜਗੀਰੂ ਮਾਨਸਿਕਤਾ ਅਤੇ ਸੰਕੀਰਨਤਾ ਨੂੰ ਤਿੱਖੀ ਚੁਣੌਤੀ ਦਿੰਦਾ ਹੈ। ਉਸ ਦੇ ਦੋ ਕਾਵਿ-ਸੰਗ੍ਰਹਿ "ਛੋਹ" (Touch) ਅਤੇ "ਮਿਸ ਮਿਲੀਟੈਂਸੀ" (Ms Militancy) ਕ੍ਰਮਵਾਰ 2006 ਅਤੇ 2010 ਵਿਚ ਪ੍ਰਕਾਸ਼ਿਤ ਹੋਏ। 'ਦਾ ਜਿਪਸੀ ਗਾਡੈਸ' 2014 ਵਿਚ ਲਿਖਿਆ ਉਸਦਾ ਪਹਿਲਾ ਨਾਵਲ ਹੈ। ਦਾ ਜਿਪਸੀ ਗਾਡੈਸ 1968 ਵਿਚ ਤਮਿਲਨਾਡੂ ਦੇ ਤੰਜੌਰ ਜ਼ਿਲੇ ਦੇ ਇਕ ਪਿੰਡ ਕਿਲਵੇਨਮਣੀ ਵਿਚ ਹੋਏ ਦਲਿਤਾਂ ਦੇ ਕਤਲੇਆਮ ਨੂੰ ਨਾਵਲੀ ਰੂਪਾਂਤਰਣ ਵਿਚ ਪੇਸ਼ ਕਰਦਾ ਹੈ।ਇਹ ਉਹੀ ਸਮਾਂ ਸੀ ਜਦੋਂ ਹਰੇ ਇਨਕਲਾਬ ਨੇ ਝੋਨੇ ਅਤੇ ਹੋਰ ਫਸਲਾਂ ਦੇ ਉਤਪਾਦਨ ਵਿਚ ਤਬਦੀਲੀ ਕਰਦੇ ਹੋਏ ਖੇਤੀ ਨੂੰ ਬੜ੍ਹਾਵਾ ਦਿੱਤਾ ਸੀ ਪਰ ਇਸ ਦੇ ਨਾਲ ਹੀ ਮਾਰੂ ਅਮਰੀਕੀ ਕੀਟ-ਨਾਸ਼ਕਾਂ 'ਤੇ ਕਿਸਾਨਾਂ ਦੀ ਨਿਰਭਰਤਾ ਨੂੰ ਵੀ ਵਧਾ ਦਿੱਤਾ ਸੀ। ਇਸੇ ਖੇਤਰ ਵਿਚ ਕਮਿਊਨਿਸਟ ਪਾਰਟੀ ਨੇ ਕੁੱਲ ਉਤਪਾਦਨ ਵਿਚ ਜ਼ਿਆਦਾ ਹਿੱਸੇ ਦੀ ਮੰਗ ਨੂੰ ਲੈ ਕੇ ਖੇਤੀ ਮਜ਼ਦੂਰਾਂ, ਜਿਨ੍ਹਾਂ ਵਿਚ ਜ਼ਿਆਦਾਤਰ ਦਲਿਤ ਸਨ, ਨੂੰ ਜੱਥੇਬੰਦ ਕਰਨ ਦੀ ਕੋਸ਼ਿਸ਼ ਕੀਤੀ। ਕਈ ਪਿੰਡਾਂ ਵਿਚ ਲੰਮੀ ਹੜਤਾਲ ਤੋਂ ਬਾਅਦ ਜ਼ਿੰਮੀਦਾਰ ਵਿਦਰੋਹ ਦਬਾਉਣ ਵਿਚ ਸਫਲ ਹੋ ਗਏ ਪਰ ਲਾਲ ਝੰਡੇ ਹੇਠ ਇਕੱਠੇ ਹੋਏ ਕਿਲਵੇਨਮਣੀ ਪਿੰਡ ਨੇ ਗੋਡੇ ਟੇਕਣ ਦੀ ਬਜਾਏ ਸੰਘਰਸ਼ ਦਾ ਹੀ ਰਾਸਤਾ ਅਖਤਿਆਰ ਕੀਤਾ।ਨਤੀਜੇ ਵਜੋਂ ਸਥਾਨਕ ਬ੍ਰਾਹਮਣ ਅਤੇ ਉੱਚ ਜਾਤੀ ਜ਼ਿੰਮੀਂਦਾਰਾਂ ਨੇ ਪੁਲਿਸ ਤੇ ਤੰਤਰ ਦੇ ਜ਼ੋਰ ਨਾਲ 44 ਦਲਿਤਾਂ ਨੂੰ ਜਿਉਂਦੇ ਹੀ ਅੱਗ ਦੀ ਭੇਂਟ ਕਰ ਦਿੱਤਾ।


ਬਾਅਦ ਵਿਚ ਭ੍ਰਿਸ਼ਟ ਅਦਾਲਤ ਅਤੇ ਪੱਖ-ਪਾਤੀ ਜਾਂਚ ਦੇ ਸਹਾਰੇ ਸਭ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ।1968 ਦੀ ਘਟਨਾ 'ਤੇ ਅਧਾਰਿਤ ਇਸ ਨਾਵਲ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਕੋਈ ਕੇਂਦਰੀ ਪਾਤਰ ਨਹੀਂ, ਅਸਪਸ਼ਟ ਪਰ ਦਿਲਚਸਪ ਸਿਰਲੇਖ ਹੈ; ਤ੍ਰਾਸਦੀ ਦਾ ਸਾਰਾ ਵਰਣਨ ਬਿਨ੍ਹਾਂ ਕਿਸੇ ਵਿਸ਼ਰਾਮ ਚਿੰਨ੍ਹ, ਕੌਮੇ, ਅਤੇ ਬਿੰਦੀ ਦੇ ਸਹਾਰੇ ਇਕ ਲੰਬੇ ਵਾਕ 'ਚ ਕੀਤਾ ਗਿਆ ਹੈ; ਇਤਿਹਾਸਕ ਦਸਤਾਵੇਜ਼ਾਂ, ਸਮਾਚਾਰ ਪੱਤਰਾਂ ਦੀਆਂ ਰਿਪੋਰਟਾਂ ਦਾ ਪ੍ਰਯੋਗ ਕੀਤਾ ਗਿਆ ਹੈ ਅਤੇ ਤ੍ਰਾਸਦੀ ਦਾ ਸ਼ਿਕਾਰ ਹੋਏ ਪਾਤਰਾਂ ਦੀ ਨਿੱਜੀ ਜ਼ਿੰਦਗੀਆਂ ਦੇ ਵਰਣਨ ਦੀ ਥਾਂ ਵਿਆਪਕ ਸੰਦਰਭ ਵਿਚ ਮਸਲਿਆਂ ਨੂੰ ਸਮਝਣ ਦੀ ਕੋਸ਼ਿਸ਼ ਹੈ।    

ਜਗੀਰੂ ਮਾਨਸਿਕਤਾ 'ਤੇ ਜਾਤੀ ਵਿਵਸਥਾ ਦੇ ਤਾਣੇ-ਬਾਣੇ ਵਿਚ ਗੁੰਦੇ ਸਿਆਸੀ-ਸਮਾਜਿਕ ਨਿਜ਼ਾਮ ਅਤੇ ਇੰਤਜ਼ਾਮੀਆ ਗੱਠਜੋੜ ਦੀਆਂ ਪਰਤਾਂ ਖੋਲ੍ਹਦਾ ਦਾ ਜਿਪਸੀ ਗਾਡੈਸ ਰਵਾਇਤੀ ਨਾਵਲ ਲਿਖਤ ਦੀ ਸ਼ੈਲੀ ਨਹੀਂ ਅਪਣਾਉਂਦਾ ਸਗੋਂ ਗੈਬਰੀਅਲ ਗਾਰਸ਼ੀਆ ਮਾਰਕੈਜ ਦੇ ਨਾਵਲਿਟ "ਕ੍ਰੋਨੀਕਲਜ਼ ਆਫ ਦਾ ਡੈਥ ਫੋਰਟੋਲਡ" (Chronicles of the Death Foretold) ਵਾਂਗ ਇਸ ਨਾਵਲ ਦੀ ਕਹਾਣੀ ਵੀ ਪਾਠਕਾਂ ਦੇ ਜ਼ਿਹਨ ਵਿਚ ਪਹਿਲਾਂ ਤੋਂ ਹੀ ਅੰਕਿਤ ਹੈ ਪਰ ਇਸ ਦੇ ਬਾਵਜੂਦ ਪੂਰੇ ਨਾਵਲ ਵਿਚ ਇਕ ਅਸਹਿਜ ਉਤਸੁਕਤਾ ਤੇ ਰਹੱਸ ਹੈ ਅਤੇ ਇਸ ਘਟਨਾ ਨੂੰ ਸ਼ਬਦਾਂ 'ਚ ਬੁਣਨ ਦੀ ਜਟਿਲਤਾ ਨੂੰ ਸਵੀਕਾਰ ਕਰਦੇ ਹੋਏ – 23 ਬੱਚਿਆਂ, 16 ਬੀਬੀਆਂ ਤੇ 3 ਪੁਰਸ਼ਾਂ ਦਾ ਕਤਲੇਆਮ – ਕੰਦਾਸਾਮੀ ਪਾਠਕ ਨੂੰ ਪੂਰੇ ਘਟਨਾਕ੍ਰਮ ਦੀ ਵਚਿੱਤਰ ਪਿੱਠਭੂਮੀ ਤੋਂ ਪਹਿਲੇ ਪਾਠ "ਨੋਟਸ ਆਨ ਸਟੋਰੀ ਟੈਲਿੰਗ" ਵਿਚ ਜਾਣੂ ਕਰਵਾਉਂਦੀ ਹੈ ਪਰ ਨਾਵਲ ਨੂੰ ਸਿੱਧੇ-ਸਪਾਟ ਖਾਕੇ 'ਚ ਨਹੀਂ ਬੰਨ੍ਹਦੀ ਇਸੇ ਲਈ ਉਹ ਵਾਰ-ਵਾਰ ਨਾਵਲ ਦਾ ਪਹਿਲੇ ਵਾਕ ਵਿਚ ਸ਼ਾਬਦਿਕ ਤਬਦੀਲੀਆਂ ਕਰਦੀ ਹੈ:

"ਇਕ ਵਾਰ, ਇਕ ਛੋਟੇ ਜਿਹੇ ਪਿੰਡ ਵਿਚ, ਇਕ ਬੁੱਢੀ ਔਰਤ ਰਹਿੰਦੀ ਸੀ।" (13)
"ਇਕ ਵਾਰ ਕਿਸੇ ਸਮੇਂ 'ਚ, ਕੁਝ ਆਕਾਰ ਦੇ ਕਿਸੇ ਪਿੰਡ ਵਿਚ, ਇਕ ਬੁੱਢੀ ਔਰਤ ਰਹਿੰਦੀ ਸੀ।" (14)

  ਨਾਗਾਪੱਟੀਨਮ ਦੇ ਇਤਿਹਾਸ ਵਿਚ ਯੂਨਾਨੀ, ਡੱਚ, ਪੁਰਤਗਾਲੀ ਅਤੇ ਬ੍ਰਿਟਿਸ਼ ਬਸਤੀਆਂ ਦੇ ਪ੍ਰਭਾਵ ਨੂੰ ਤਲਾਸ਼ਦੇ ਹੋਏ ਅਤੇ ਤਮਿਲ ਵਾਰਤਕ ਦੇ ਉਦਭਵ ਦਾ ਖਾਕਾ ਖਿੱਚਦੇ ਹੋਏ ਉਹ ਆਪਣੀ ਭੂਮਿਕਾ ਨੂੰ ਵੀ ਕਿਸੇ ਪਰੰਪਰਾਗਤ ਸ਼ੈਲੀ ਤੱਕ ਸੀਮਿਤ ਨਹੀਂ ਕਰਦੀ । ਇਸੇ ਲਈ ਉਹ ਇਕੋ ਸਮੇਂ ਬਿਰਤਾਂਤ-ਕਾਰ ਵੀ ਹੈ ਅਤੇ ਪਾਤਰ ਵੀ, ਇਕੋ ਸਮੇਂ ਆਲੋਚਕ ਵੀ ਹੈ ਅਤੇ ਭਾਰਤੀ ਨਾਵਲ ਦੇ ਇਤਿਹਾਸ ਦੀ ਵਕਤਾ ਵੀ।ਨਾਵਲ ਦੇ ਆਰੰਭ 'ਚ ਹੀ ਉਹ ਲੇਖਣੀ ਦੇ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਦਿੰਦੀ ਹੈ:

"....ਕੀ ਹੋਇਆ ਨਾਵਲ ਸ਼ੈਲੀ ਦੇ ਅਸੂਲਾਂ ਦਾ? ਦੇਖੋ ! ਉਹ ਉਧਰ ਮੇਰੀ 'ਕਲਾਥਲਾਈਨ' ਤੇ ਲਟਕ ਰਹੇ ਨੇ" (128)

 ਪਰ ਦੋਸਤੋਵਸਕੀ, ਕਾਨਰਡ, ਸਟੀਨਬੈਕ, ਕੁਰਟ ਵੁਨੈਗਟ, ਕੁੰਦੇਰਾ, ਦੈਰਿਦਾ ਦੇ ਨਾਲ-ਨਾਲ ਨਿੱਕੀ ਮਿਨਾਜ਼ ਅਤੇ ਮੈਡੋਨਾ ਸਹਿਜੇ ਹੀ ਪ੍ਰਵੇਸ਼ ਕਰਦੇ ਹੋਏ ਨਾਵਲ ਦੇ ਕੈਨਵਸ ਨੂੰ ਹੋਰ ਵਿਸ਼ਾਲ ਕਰਦੇ ਹਨ।ਉੱਤਰ-ਆਧੁਨਿਕਤਾਵਾਦੀ ਸ਼ੈਲੀ ਦੀ ਵਰਤੋਂ ਕਰਕੇ ਮੀਨਾ ਬੀਤੇ ਸਮੇਂ ਨਾਲ ਸੰਵਾਦ ਰਚਾਉਂਦੀ ਹੈ ਅਤੇ ਇਸੇ ਸੰਵਾਦ 'ਚੋਂ ਅਸਲ ਘਟਨਾਵਾਂ ਨੂੰ ਗਲਪ 'ਚ ਗੁੰਦ ਕੇ ਸਮਾਜਿਕ ਦਰਜਾਬੰਦੀ ਵਿਚ ਨਿਗੂਣੇ ਕੀਤੇ ਦਲਿਤਾਂ ਦੇ ਹੱਕਾਂ ਦੀ ਤਰਜ਼ਮਾਨੀ ਕਰਦੀ ਹੈ। ਅਜਿਹਾ ਕਰਦੇ ਹੋਏ ਉਹ ਤਮਿਲਨਾਡੂ ਵਿਚ ਖੱਬੇ-ਪੱਖੀਆਂ ਦੇ ਉਥਾਨ ਅਤੇ ਉਹਨਾਂ ਦੀ ਭੂਮਿਕਾ, ਵਰਗ ਸੰਘਰਸ਼, ਜਾਤੀ ਪ੍ਰਬੰਧ ਅਤੇ ਸਿਆਸੀ-ਸਮਾਜਿਕ ਨਿਜ਼ਾਮ ਨੂੰ ਸਵਾਲਾਂ ਦੇ ਘੇਰੇ ਹੇਠ ਲਿਆਉਂਦੀ ਹੈ। ਇਸੇ ਨਿਜ਼ਾਮ ਦਾ ਇਕ ਨੁਮਾਇੰਦਾ ਗੋਪਾਲਕ੍ਰਿਸ਼ਨ ਨਾਇਡੂ ਹੈ ਜਿਸ ਦੇ ਨਾਲ ਮਿਲ ਕੇ ਹੋਰ ਉੱਚ-ਜਾਤੀ ਜ਼ਿੰਮੀਦਾਰ ਆਪਣੇ ਦਾਬੇ ਨੂੰ ਕਾਇਮ ਰੱਖਣ, ਖੇਤ-ਮਜ਼ਦੂਰਾਂ ਨੂੰ ਨੀਵੇਂ ਦਰਜੇ ਤੱਕ ਮਹਿਦੂਦ ਰੱਖਣ ਅਤੇ ਉਹਨਾਂ ਨੂੰ ਖਤਮ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣਦੇ ਹਨ। ਕਾਮਰੇਡ ਸਿੱਕਲੀ ਪਕੀਰੀਸੰਮੀ ਦੇ ਕਤਲ, ਖੇਤ-ਮਜ਼ਦੂਰਾਂ ਦੀ ਹੜਤਾਲ ਅਤੇ ਸੰਘਰਸ਼ ਵਿਚੋਂ ਹੀ ਬਗਾਵਤ ਅਤੇ ਨਾਬਰੀ ਦੇ ਸੁਰ ਉਬਰਦੇ ਹਨ। ਕੰਦਾਸਾਮੀ ਜਿੱਥੇ ਨਾਇਡੂ ਦੀ ਪ੍ਰਤੀਨਿਧ ਬਣ ਕੇ ਇਕ ਪਾਤਰ ਵਜੋਂ ਚਿੱਠੀ ਲਿਖਦੀ ਹੈ, ਉਥੇ ਹੀ ਉਹ ਮੌਜੂਦਾ ਨਿਜ਼ਾਮ ਦੇ ਡਰ, ਅਸੁਰੱਖਿਆ ਅਤੇ ਸਹਿਮ ਨੂੰ ਵੀ ਬੇਪਰਦ ਕਰਦੀ ਹੈ। ਇਸ ਦੇ ਨਾਲ ਹੀ ਉਹ ਆਪਣੀ ਭੂਮਿਕਾ ਦੀ ਵੀ ਪੜਚੋਲ ਕਰਦੀ ਹੈ।
         
ਇਹ ਨਾਵਲ ਸਿਰਫ ਨਾਵਲਿਸਟ ਦੇ ਕਰਾਫਟ ਅਤੇ ਨਵੇਂ ਪ੍ਰਯੋਗਾਂ ਤੱਕ ਹੀ ਸੀਮਿਤ ਨਹੀਂ। ਇਸ ਦੀ ਸਾਰਥਿਕਤਾ ਹੋਰ ਵੀ ਵਧ ਜਾਂਦੀ ਹੈ ਕਿਉਂਕਿ ਇਹ ਮੌਜੂਦਾ ਦੌਰ ਦੀਆਂ ਕਈ ਬਹਿਸਾਂ ਅਤੇ ਪ੍ਰਸ਼ਨਾਂ ਨੂੰ ਮੁਖਾਤਿਬ ਹੁੰਦਾ ਹੈ। ਕੀ ਬੇ-ਜ਼ਮੀਨੇ ਦਲਿਤ ਅਤੇ ਖੇਤ ਮਜ਼ਦੂਰ ਭੌਂ ਮਾਲਕੀ ਦੇ ਹੱਕਦਾਰ ਨਹੀਂ? ਕੀ ਮੌਜੂਦਾ ਨਿਜ਼ਾਮ ਵਿਚ "ਉਹ" ਅਤੇ "ਅਸੀਂ" ਦੇ ਮਾਅਣੇ ਤਲਾਸ਼ਣੇ ਜ਼ਰੂਰੀ ਨਹੀਂ? ਵਰਗ ਸੰਘਰਸ਼ ਵਿਚ ਜਾਤ ਅਤੇ ਜਾਤ ਵਿਚ ਵਰਗ ਸੰਘਰਸ਼ ਦੇ ਕੀ ਅਰਥ ਹਨ? ਇਕ ਜਗ੍ਹਾ ਨਾਵਲਿਸਟ ਕਹਿੰਦੀ ਹੈ: "ਉਹ (ਪਾਠਕ) ਜਾਣੇਗੀ ਕਿ ਇਨ੍ਹਾਂ ਖਿੱਤਿਆਂ 'ਚ  ਜ਼ਿੰਦਗੀ ਨਾ ਸਿਰਫ ਉਤਪਾਦਨ ਪ੍ਰਬੰਧਾਂ ਰਾਹੀ ਰਾਜ ਕਰਦੇ ਢਾਂਚਾਗਤ ਜਗੀਰੂ ਸਬੰਧਾਂ ਦੁਆਰਾ ਸੰਚਾਲਿਤ ਹੁੰਦੀ ਹੈ, ਸਗੋਂ ਜਾਤ ਪ੍ਰਬੰਧ ਦਾ ਖਾਸਾ ਵੀ ਵੱਡਾ ਰੋਲ ਅਦਾ ਕਰਦਾ ਹੈ।" (70) ਜਾਤ ਅਤੇ ਵਰਗ ਦੀ ਨਾ-ਬਰਾਬਰੀ ਦੀ ਨਿੰਦਾ ਕਰਦਾ ਇਹ ਨਾਵਲ ਇਸ ਗੱਲ ਦਾ ਗਵਾਹ ਬਣਦਾ ਹੈ ਕਿ ਮੌਜੂਦਾ ਦੌਰ ਵਿਚ ਜਦੋਂ ਕਾਰਪੋਰੇਟ ਸੈਕਟਰ ਦਾ ਫੈਲਾਅ ਹੋ ਰਿਹਾ ਹੈ ਤਾਂ ਜਾਤੀ ਵਿਤਕਰੇ, ਜ਼ੁਲਮ ਅਤੇ ਹਿੰਸਾ ਦੀਆਂ ਘਟਨਾਵਾਂ ਕਿਤੇ ਅਲੋਪ ਨਹੀਂ ਹੋਈਆਂ ਸਗੋਂ ਸਮਾਜ ਵਿਚ ਇਨਾਂ ਦਾ ਪਸਾਰ ਵੱਧ ਅਤੇ ਹੋਰ ਵੀ ਗੁੰਝਲਦਾਰ ਹੋ ਗਿਆ ਹੈ।1968 ਤੋਂ ਹੁਣ ਤੱਕ ਕੁਝ ਨਹੀਂ ਬਦਲਿਆ ਸਗੋਂ ਕਿਲਵੇਨਮਣੀ ਦੇ ਕਤਲੇਆਮ ਦੀਆਂ ਤੰਦਾਂ ਸਹਿਜੇ ਹੀ ਹਾਸ਼ਿਮਪੁਰਾ, ਮਿਰਚਪੁਰ, ਖੈਰਲਾਂਜੀ, ਸ਼ੰਕਰਬੀਘਾ ਨਾਲ ਜੁੜ ਜਾਂਦੀਆਂ ਹਨ। ਇਹ ਇਸ ਗੱਲ ਦਾ ਵੀ ਗਵਾਹ ਬਣਦਾ ਹੈ ਕਿ "ਤਕੜਿਆਂ" ਦੇ ਸਾਫ-ਸਾਫ ਬਚ ਨਿਕਲਣ ਦੀ ਪਿਰਤ ਖਤਮ ਹੋਣ ਦੀ ਥਾਂ ਹੋਰ ਪੱਕੀ ਹੋ ਗਈ ਹੈ ਅਤੇ ਜ਼ੁਲਮ ਖਿਲਾਫ ਬੋਲਣ ਵਾਲਿਆਂ ਲਈ ਸੰਘਰਸ਼ ਦਾ ਰਸਤਾ ਬਹੁਤ ਲੰਬਾ ਹੈ।

ਰਿਸਰਚ ਸਕਾਲਰ, ਅੰਗਰੇਜ਼ੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਸੰਪਰਕ: +91 94783 34242

Comments

jagdeep Dhamot

thanks .for knowledgeable study of book .....this is true that dalit always targeted by so called upper society

Security Code (required)



Can't read the image? click here to refresh.

Name (required)

Leave a comment... (required)





ਕਿਤਾਬਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ