ਪੁਸਤਕ: ਪੰਜਾਬੀ ਬਾਲ ਸਾਹਿਤ (ਸਥਿਤੀ, ਸੇਧਾਂ ਅਤੇ ਮੁਲਾਂਕਣ)
Posted on:- 31-05-2015
ਰੀਵਿਊਕਾਰ: ਬਲਜਿੰਦਰ ਮਾਨ
ਸੰਪਰਕ: +91 98150 18947
ਸੰਪਾਦਕ: ਪਵਨ ਹਰਚੰਦਪੁਰੀ
ਪ੍ਰਕਾਸ਼ਨ: ਚੇਤਨਾ ਪ੍ਰਕਾਸ਼ਨ ਲੁਧਿਆਣਾ, ਪੰਨੇ:200, ਮੁੱਲ:300/-
ਪਵਨ ਹਰਚੰਦਪੁਰੀ ਦਾ ਪੰਜਾਬੀ ਸਾਹਿਤ ਜਗਤ ਵਿੱਚ ਬੜਾ ਸਨਮਾਨਯੋਗ ਸਥਾਨ ਹੈ। ਉਹ ਇਕ ਚਸ਼ਮੇ ਵਾਂਗ ਨਿਰੰਤਰ ਵਗ ਰਿਹਾ ਹੈ। ਇਸੇ ਨਿਰੰਤਰਤਾ ਦੇ ਵੇਗ ਵਿੱਚੋਂ ਹੱਥਲੀ ਪੁਸਤਕ ‘ਪੰਜਾਬੀ ਬਾਲ ਸਾਹਿਤ (ਸਥਿਤੀ,ਸੇਧਾਂ ਅਤੇ ਮੁਲਾਂਕਣ)’ ਨੇ ਜਨਮ ਲਿਆ।ਅਜੋਕੇ ਸਮੇਂ ਵਿੱਚ ਅਜਿਹੀ ਪੁਸਤਕ ਦੀ ਲੋੜ ਕਾਫੀ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ।ਪਵਨ ਹਰਚੰਦਪੁਰੀ ਨੇ ਸਮੇਂ ਦੀ ਨਬਜ਼ ਨੂੰ ਪਛਾਣਦਿਆਂ ਬਾਲ ਸਾਹਿਤ ਨਾਲ ਜੁੜੇ ਸਾਹਿਤ ਦੇ ਸਿਰਜਕਾਂ ਅਤੇ ਅਲੋਚਕਾਂ ਤੋਂ ਇਸ ਵਾਸਤੇ ਬੜੇ ਕੀਮਤੀ ਅਲੋਚਨਾਤਮਿਕ ਲੇਖ ਤਿਆਰ ਕਰਵਾਏ । 23 ਸਾਹਿਤਕਾਰਾਂ ਵੱਲੋਂ ਆਪਣੇ ਹੁੰਗਾਰੇ ਨਾਲ ਇਸ ਪੁਸਤਕ ਨੂੰ ਸ਼ਿੰਗਾਰਨ ਦਾ ਜਤਨ ਕੀਤਾ ਗਿਆ ਹੈ।ਇਸ ਵੱਡ ਅਕਾਰੀ ਪੁਸਤਕ ਵਿੱਚ ਅੰਤਿਕਾ ਵਜੋਂ ਪਵਨ ਹਰਚੰਦਪੁਰੀ ਬਾਰੇ ਵੀ ਲੇਖ ਦਰਜ ਹੈ।ਉਸਨੇ ਆਪਣੀ ਸੰਪਾਦਕੀ ਵਿੱਚ ਇਸ ਪੁਸਾਕ ਦਾ ਮਨੋਰਥ ਬਾਲ ਸਾਹਿਤ ਦੀ ਸਥਿਤੀ ਨੂੰ ਸਪੱਸ਼ਟ ਕਰਨਾ ਅਤੇ ਭਵਿੱਖ ਦੀ ਯੋਜਨਾ ਤਿਆਰ ਕਰਨਾ ਮਿਥਆ ਹੈ। ਜੇਕਰ ਸਾਨੂੰ ਮੌਜੂਦਾ ਸਥਿਤੀ ਦਾ ਗਿਆਨ ਹੋਵੇਗਾ, ਤਦ ਹੀ ਅਸੀਂ ਆਉਣ ਵਾਲੇ ਕੱਲ ਦੀ ਤਿਆਰੀ ਕਰ ਸਕਦੇ ਹਾਂ।
ਪੁਸਤਕ ਵਿੱਚ ਸ਼ਾਮਿਲ ਸਭ ਲੇਖਕਾਂ ਨੇ ਆਪੋ ਆਪਣੇ ਤਜ਼ਰਬਿਆ ਰਾਹੀਂ ਬਾਲ ਸਾਹਿਤ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਉਜਾਗਰ ਕਰਨ ਦਾ ਜਤਨ ਕੀਤਾ ਹੈ।ਕੁਝ ਕੁ ਨੇ ਤਾਂ ਦੋ ਚਾਰ ਕਵਿਤਾਵਾਂ ਨੂੰ ਹੀ ਅਧਾਰ ਬਣਾ ਕੇ ਸਿੱਟਾ ਕੱਢ ਦਿੱਤਾ ਹੈ, ਜਦਕਿ ਕਿਸੇ ਸਾਹਿਤਕਾਰ ਦੀ ਆਲੋਚਨਾ ਕਰਨ ਲਈ ਉਸਦੇ ਸਮੁੱਚੇ ਸਿਰਜਣਾ ਸੰਸਾਰ ਨੂੰ ਵਿਚਾਰ ਕੇ ਹੀ ਕੋਈ ਸਿੱਟਾ ਕੱਢਿਆ ਜਾ ਸਕਦਾ ਹੈ।ਉਮਰ ਦੇ ਤਕਾਜ਼ੇ ਅਤੇ ਤਜਰਬੇ ਅਨੁਸਾਰ ਹਰ ਸਾਹਿਤਕਾਰ ਦੀ ਰਚਨਾ ਵਿੱਚ ਨਿਖਾਰ ਆਉਂਦਾ ਰਹਿੰਦਾ ਹੈ।ਇਸ ਲਈ ਇਕ ਕਵਿਤਾ ਦਾ ਵਿਸ਼ਲੇਸ਼ਣ ਕਰਕੇ ਉਸਦੀ ਸਮੁੱਚੀ ਦੇਣ ਨੂੰ ਨਹੀਂ ਦੁਰਕਾਰਿਆ ਜਾ ਸਕਦਾ।ਪਰ ਜਿਨ੍ਹਾਂ ਸਾਹਿਤਕਾਰਾਂ ਨੇ ਸਕਾਰਾਤਮਕ ਅਤੇ ਨਕਾਰਤਮਕ ਦੋਨਾਂ ਪੱਖਾ ਨੂੰ ਨਿਖਾਰਿਆ ਹੈ, ਉਹ ਇਸ ਪੁਸਤਕ ਦੇ ਹਾਸਲ ਕਹੇ ਜਾ ਸਕਦੇ ਹਨ।ਸਮੁੱਚੇ ਵਿਸ਼ਲੇਸ਼ਣ ਵਿਚੋਂ ਇਹ ਸਿੱਟੇ ਨਿਕਲਦੇ ਹਨ:
*ਬਾਲ ਸਾਹਿਤ ਸਿਰਜਣਾ ਲਈ ਪ੍ਰੋੜ ਸਾਹਿਤ ਨਾਲੋਂ ਜ਼ਿਆਦਾ ਮਿਹਨਤ ਦੀ ਲੋੜ ਹੁੰਦੀ ਹੈ।
*ਹਰ ਰਚਨਾ ਉਮਰ ਗੁੱਟ ਅਨੁਸਾਰ ਸਿਰਜੀ ਜਾਵੇ।
*ਬਾਲ ਨਾਵਲ ਦੀ ਕਮੀ ਨੂੰ ਪੂਰਾ ਕਰਨ ਲਈ ਸਾਹਿਤਕਾਰ ਅੱਗੇ ਆਉਣ।
*ਬਾਲ ਸਾਹਿਤ ਦੀਆਂ ਵੰਨਗੀਆਂ ਤੇ ਟੀ ਵੀ ਲੜੀਵਾਰ ਤਿਆਰ ਕੀਤੇ ਜਾਣ ਅਤੇ ਫਿਲਮਾਂਕਣ ਕੀਤਾ ਜਾਵੇ।
*ਪ੍ਰਕਾਸ਼ਕ ਬਾਲ ਸਾਹਿਤ ਦੇ ਸਿਰਜਕਾਂ ਨੂੰ ਸੇਵਾਫਲ ਦੇਣ।
*ਸਰਕਾਰ ਨਿੱਜੀ ਬਾਲ ਰਸਾਲਿਆ ਦੇ ਪ੍ਰਕਾਸ਼ਨ ਨੂੰ ਉਤਸ਼ਾਹਿਤ ਕਰੇ।
*ਹਰ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਵਿੱਚ ਪੰਜਾਬੀ ਦੇ ਬਾਲ ਰਸਾਲੇ ਪੁੱਜਣੇ ਲਾਜ਼ਮੀ ਕੀਤੇ ਜਾਣ।
ਇਸ ਤਰ੍ਹਾਂ ਹੱਥਲੀ ਪੁਸਤਕ ਵਿੱਚੋਂ ਬਾਲ ਸਾਹਿਤ ਦੀ ਸਿਰਜਣਾ ਨਾਲ ਸਬੰਧਤ ਲਗਭਗ ਹਰ ਪਹਿਲੂ ਨੂੰ ਵਿਚਾਰਿਆ ਗਿਆ ਹੈ।ਇਸ ਲਈ ਖੋਜਾਰਥੀਆਂ ਲਈ ਇਹ ਇਕ ਹਵਾਲਾ ਪੁਸਤਕ ਹੈ।ਬਾਲ ਸਾਹਿਤ ਦੀ ਸਿਰਜਣਾ ਵਿੱਚ ਜੁਟੇ ਸਾਹਿਤਕਾਰਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ।
ਵੰਨ ਸੁਵੰਨੇ ਵਿਸ਼ਿਆਂ ਤੇ ਖੋਜ ਭਰਪੂਰ ਕਾਰਜ ਕਰਨ ਵਾਲੇ ਸਾਹਿਤਕਾਰਾਂ ਵਿੱਚ ਸੰਪਾਦਕ ਪਵਨ ਹਰਚੰਦਪੁਰੀ ਤੋਂ ਇਲਾਵਾ ਡਾ ਦਰਸ਼ਨ ਸਿੰਘ ਆਸ਼ਟ ,ਮਨਮਹਨ ਸਿੰਘ ਦਾਊਂ ,ਡਾ ਤੇਜਵੰਤ ਮਾਨ, ਬਲਦੇਵ ਸਿੰਘ, ਡਾ ਸ਼ਿਆਮ ਸੁੰਦਰ ਦੀਪਤੀ, ਗੁਰਪ੍ਰੀਤ ਕੌਰ, ਡਾ ਰਮਾ ਰਤਨ, ਗੁਰਬਚਨ ਸਿੰਘ ਭੱਲਰ, ਡਾ ਸੁਰਜੀਤ ਪਾਤਰ, ਗੁਰਦੀਪ ਸਿੰਘ ਦੀਪ, ਕਮਲਜੀਤ ਨੀਲੋਂ ,ਡਾ ਸੁਰਜੀਤ ਬਰਾੜ ,ਰਾਮ ਨਾਥ ਸ਼ੁਕਲਾ, ਬਲਜਿੰਦਰ ਮਾਨ, ਡਾ ਫਕੀਰ ਚੰਦ ਸ਼ੁਕਲਾ, ਜਨਮੇਜਾ ਸਿੰਘ ਜੌਹਲ, ਸੁਰਿੰਦਰਜੀਤ ਕੌਰ, ਪ੍ਰੋ ਸੁਲੱਖਣ ਮੀਤ ,ਡਾ ਬਲਦੇਵ ਸਿੰਘ ਬੱਦਨ, ਡਾ. ਅਮਰ ਕੋਮਲ, ਜੋਗਿੰਦਰ ਸਿੰਘ ਨਿਰਾਲਾ, ਤਰਸੇਮ ਅਤੇ ਡਾ. ਪ੍ਰਿਥਵੀ ਰਾਜ ਥਾਪਰ ਸ਼ਾਮਿਲ ਹਨ।ਇੰਜ ਪੁਸਤਕ ਵਿੱਚੋਂ ਬਾਲ ਸਾਹਿਤ ਦੀ ਹਰ ਵੰਨਗੀ ਦਾ ਆਲੋਚਨਾਤਮਿਕ ਮੁਹਾਂਦਰਾ ਵੇਕਿਆ ਜਾ ਸਕਦਾ ਹੈ।ਸੰਪਾਦਕ ਨੇ ਇਸ ਜਤਨ ਨਾਲ ਪੰਜਾਬੀ ਬਾਲ ਸਾਹਿਤ ਦੀ ਮੌਜੂਦਾ ਸਥਿਤੀ ਨੂੰ ਉਜਾਗਰ ਕਰਕੇ ਭਵਿਖ ਲਈ ਵੀ ਤਿਆਰ ਕਰ ਦਿੱਤਾ ਹੈ। ਜਿਸ ਕਰਕੇ ਪਵਨ ਹਰਚੰਦਪੁਰੀ ਵਧਾਈ ਦੇ ਪਾਤਰ ਹਨ।