ਮੈਂ ਆਪਣੀ ਪਤਨੀ ਸੁਸ਼ੀਲ ਦੇ ਸਹਿਯੋਗ ਬਿਨਾਂ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਤਾਂ ਕੀ ਪੁਲਿਸ ਖੇਡਾਂ ਦੇ ਮੈਡਲ ਵੀ ਨਹੀਂ ਸੀ ਜਿੱਤ ਸਕਦਾ। ਮੇਰੀਆਂ ਵੱਡੀਆਂ ਜਿੱਤਾਂ ਸੁਸ਼ੀਲ ਨਾਲ ਵਿਆਹ ਕਰਾਉਣ ਤੋਂ ਬਾਅਦ ਦੀਆਂ ਹੀ ਹਨ। ਮੈਂ ਅਕਸਰ ਆਖਦਾ ਹਾਂ ਮੇਰੀ ਇਕ ਪਤਨੀ ਸੁਸ਼ੀਲ ਸੀ ਤੇ ਦੂਜੀ ਹਾਕੀ। ਪਰ ਸੁਸ਼ੀਲ ਨੇ ਹਾਕੀ ਨੂੰ ਸੌਂਕਣ ਸਮਝਣ ਦੀ ਥਾਂ ਭੈਣ ਸਮਝਿਆ। -ਬਲਬੀਰ ਸਿੰਘ
*** ਬਲਬੀਰ ਸਿੰਘ ਨੂੰ ਓਲੰਪਿਕ ਖੇਡਾਂ `ਚੋਂ ਤਿੰਨ ਗੋਲਡ ਮੈਡਲ ਜਿੱਤਣ ਕਰਕੇ ‘ਗੋਲਡਨ ਹੈਟ੍ਰਿਰਕ’ ਵਾਲਾ ਬਲਬੀਰ ਕਿਹਾ ਜਾਂਦੈ। ਹੈਲਸਿੰਕੀ-1952 ਦੀਆਂ ਓਲੰਪਿਕ ਖੇਡਾਂ ਵਿਚ ਸੈਮੀ ਫਾਈਨਲ ਅਤੇ ਫਾਈਨਲ ਮੈਚਾਂ `ਚ ਭਾਰਤੀ ਟੀਮ ਦੇ 9 ਗੋਲਾਂ `ਚੋਂ 8 ਗੋਲ ਉਸ ਦੀ ਸਟਿੱਕ ਨਾਲ ਹੋਏ ਸਨ। ਉਥੇ ਹਾਲੈਂਡ ਵਿਰੁੱਧ ਫਾਈਨਲ ਮੈਚ ਵਿਚ ਭਾਰਤੀ ਟੀਮ ਦੇ 6 ਗੋਲਾਂ `ਚੋਂ ਉਸ ਦੇ 5 ਗੋਲ ਸਨ ਜੋ ਓਲੰਪਿਕ ਖੇਡਾਂ ਦਾ ਰਿਕਾਰਡ ਹੈ। ਉਸ ਤੋਂ ਪਹਿਲਾਂ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਇੰਗਲੈਂਡ ਦੇ ਰੈਗੀ ਪ੍ਰਿਡਮੋਟ ਦਾ ਸੀ। ਉਸ ਨੇ ਲੰਡਨ-1908 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ 8 ਵਿੱਚੋਂ 4 ਗੋਲ ਕੀਤੇ ਸਨ। ਬਰਲਿਨ-1936 ਦੀਆਂ ਓਲੰਪਿਕ ਖੇਡਾਂ ਦੇ ਫਾਈਨਲ ਵਿਚ ਧਿਆਨ ਚੰਦ ਦੇ 8 ਵਿੱਚੋਂ 3 ਗੋਲ ਸਨ। ਬਲਬੀਰ ਸਿੰਘ ਦਾ ਰਿਕਾਰਡ ਪਤਾ ਨਹੀਂ ਕਦੋਂ ਟੁੱਟੇ? ***ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਵਿਚ ਹੋਇਆ ਸੀ। ਉਸ ਦਾ ਦਾਦਕਾ ਪਿੰਡ ਪਵਾਦੜਾ ਹੈ। ਦੋਵੇਂ ਪਿੰਡ ਤਹਿਸੀਲ ਫਿਲੌਰ ਵਿਚ ਹਨ। ਉਸ ਦਾ ਦਾਦਕਾ ਗੋਤ ਦੁਸਾਂਝ ਹੈ ਤੇ ਨਾਨਕਾ ਧਨੋਆ। ਉਹਦੇ ਸਹੁਰੇ ਲਹੌਰੀਏ ਸੰਧੂ ਹਨ ਜਿਨ੍ਹਾਂ ਦਾ ਪਿਛਲਾ ਪਿੰਡ ਭੜਾਣਾ ਸੀ। ਉਸ ਦੇ ਤਿੰਨੇ ਪੁੱਤਰ ਕੈਨੇਡੀਅਨ ਹਨ ਜਿਨ੍ਹਾਂ ਦੀਆਂ ਪਤਨੀਆਂ ਸਿੰਘਾਪੁਰ, ਚੀਨ ਤੇ ਯੂਕਰੇਨ ਤੋਂ ਹਨ। ਉਹਦੇ ਪੁਰਖਿਆਂ ਦੀ ਬੰਸਾਵਲੀ ਵਿਚ ਦਸਵਾਂ ਪੁਰਖਾ ਭਾਈ ਬਿਧੀ ਚੰਦ ਸੀ। ਇਹ ਬੰਸਾਵਲੀ ਬਲਬੀਰ ਸਿੰਘ ਤੋਂ ਉਪਰ ਤੁਰਦੀ ਦਲੀਪ ਸਿੰਘ, ਬਸੰਤ ਸਿੰਘ, ਜੈਮਲ ਸਿੰਘ, ਦਲ ਸਿੰਘ, ਚੜ੍ਹਤ ਸਿੰਘ, ਗੁਰ ਸਿੰਘ, ਜੱਸੂ, ਦਲਪਤ, ਬਿਧੀ ਚੰਦ, ਡੱਲਾ, ਰਜਾਣੀਆਣ, ਸਾਬਾ ਤੇ ਦੁਸਾਂਝ ਤੋਂ ਹੁੰਦੀ ਹੋਈ ਸਰੋਇਆ ਤਕ ਜਾਂਦੀ ਹੈ। ***ਭੂਪਿੰਦਰਾ ਖ਼ਾਲਸਾ ਸਕੂਲ ਮੋਗੇ ਦੇ ਸਾਲਾਨਾ ਸਮਾਗਮ ਉਤੇ ਪਟਿਆਲੇ ਦਾ ਮਹਾਰਾਜਾ ਭੂਪਿੰਦਰ ਸਿੰਘ ਇਨਾਮ ਵੰਡਣ ਆਇਆ। ਉਸ ਦਾ ਚੂੜੀਦਾਰ ਪਜਾਮਾ ਬਲਬੀਰ ਹੋਰਾਂ ਨੂੰ ਜਚ ਗਿਆ। ਉਹਦੇ ਦੋਸਤਾਂ ਨੇ ਹਾਤੇ ਵਿਚ ਡਰਾਮਾ ਖੇਡਣ ਦੀ ਸਕੀਮ ਬਣਾਈ ਜਿਸ ਵਿਚ ਇਕ ਜਣੇ ਨੇ ਚੂੜੀਦਾਰ ਪਜਾਮਾ ਪਾ ਕੇ ਮਹਾਰਾਜੇ ਦਾ ਰੋਲ ਕਰਨਾ ਸੀ। ਉਨ੍ਹਾਂ ਨੇ ਬਜ਼ਾਰ `ਚੋਂ ਚੂੜੀਦਾਰ ਪਜਾਮਾ ਖਰੀਦ ਲਿਆ ਤੇ ਡਰਾਮਾ ਵਿਖਾਉਣ ਦੀ ਟਿਕਟ ਦੋ ਆਨੇ ਰੱਖ ਲਈ। ਡਰਾਮੇ ਵਾਲੇ ਦਿਨ ਦਰਸ਼ਕਾਂ ਨਾਲ ਹਾਤਾ ਭਰ ਗਿਆ। ਮੱਛਰਦਾਨੀ ਦੀਆਂ ਸੋਟੀਆਂ ਖੜ੍ਹੀਆਂ ਕਰ ਕੇ ਮੱਛਰਦਾਨੀ ਦਾ ਹੀ ਪਰਦਾ ਬਣਾ ਲਿਆ। ਪਰਦਾ ਉਠਣ ਵਾਲਾ ਸੀ ਕਿ ਬਲਬੀਰ ਸਿੰਘ ਤੇ ਇਕ ਹੋਰ ਮੁੰਡਾ ਚੂੜੀਦਾਰ ਪਜਾਮਾ ਪਾਉਣ ਲਈ ਲੜ ਪਏ। ਦੋਵੇਂ ਮਹਾਰਾਜੇ ਦਾ ਰੋਲ ਕਰਨਾ ਚਾਹੁੰਦੇ ਸਨ ਪਰ ਪਜਾਮਾ ਇਕੋ ਸੀ। ਇਕ ਜਣੇ ਨੇ ਆਪਣੀ ਲੱਤ ਇਕ ਪੌਂ੍ਹਚੇ `ਚ ਫਸਾ ਲਈ ਤੇ ਦੂਜੇ ਨੇ ਦੂਜੇ ਪੌਂ੍ਹਚੇ ਵਿਚ। ਦੋਹੇਂ ਨੰਗ ਧੜੰਗੇ! ਲੱਗ ਪਏ ਪਜਾਮਾ ਆਪੋ ਆਪਣੇ ਵੱਲ ਖਿੱਚਣ। ਉਧਰੋਂ ਪਰਦਾ ਚੁੱਕਿਆ ਗਿਆ। ਜੋ ਸੀਨ ਦਰਸ਼ਕਾਂ ਨੂੰ ਦਿਸਿਆ ਉਹ ਹੱਸ ਹੱਸ ਵੱਖੀਆਂ ਤੁੜਾਉਣ ਵਾਲਾ ਸੀ। ਖਿੱਚਾਧੂਹੀ ਵਿਚ ਚੂੜੀਦਾਰ ਪਜਾਮੇ ਨਾਲ ਜੋ ਭਾਣਾ ਵਰਤਣਾ ਸੀ ਵਰਤ ਗਿਆ। ਪਜਾਮਾ ਭਾਵੇਂ ਵਿਚਕਾਰੋਂ ਪਾਟ ਗਿਆ ਤੇ ਦੋਹਾਂ ਦੇ ਹਿੱਸੇ, ਹਿੱਸੇ ਬਹਿੰਦਾ ਇਕ ਇਕ ਪੌਂਹਚਾ ਆ ਵੀ ਗਿਆ ਪਰ ਦੋਹੇਂ ‘ਮਹਾਰਾਜੇ’ ਇਕ ਇਕ ਲੱਤ ਪਜਾਮੇ `ਚ ਫਸਾਈ ਇਕ ਦੂਜੇ ਦੇ ਜੁੰਡਿਆਂ ਨੂੰ ਪੈ ਗਏ! ਆਖ਼ਰ ਮਾਪਿਆਂ ਨੇ ਉਨ੍ਹਾਂ ਨੂੰ ਛੁਡਾਇਆ। ਬਲਬੀਰ ਸਿੰਘ ਦੀ ਮਾਤਾ ਨੇ ਆਂਢਣਾਂ ਗੁਆਂਢਣਾਂ ਤੋਂ ਮਾਫ਼ੀ ਮੰਗਦਿਆਂ ਕਿਹਾ, “ਭੈਣ ਜੀ, ਸਾਡੇ ਮੁੰਡਿਆਂ ਨੇ ਥੋਡੀਆਂ ਦੁਆਨੀ ਦੁਆਨੀ ਦੀਆਂ ਟਿਕਟਾਂ ਦਾ ਮੁੱਲ ਨੀ ਮੋੜਿਆ। ਡਰਾਮਾ ਨੀ ਦਿਖਾਇਆ ਗਿਆ। ਮਾਫ਼ ਕਰ ਦਿਓ ਬੱਚਿਆਂ ਨੂੰ।” ਅੱਗੋਂ ਗੁਆਂਢਣਾਂ ਨੇ ਕਿਹਾ? “ਭੈਣ ਜੀ ਮਾਫ਼ੀ ਕਾਹਦੀ? ਬੱਚਿਆਂ ਨੇ ਤਾਂ ਦੁਆਨੀ ਦੁਆਨੀ `ਚ ਉਹ ਡਰਾਮਾ ਦਿਖਾਤਾ ਜਿਹੜਾ ਸਾਨੂੰ ਦੋ ਦੋ ਰੁਪਏ ਦੀਆਂ ਟਿਕਟਾਂ ਨਾਲ ਵੀ ਨਹੀਂ ਸੀ ਦਿਸਣਾ!” ***
ਮੁੱਕੇਬਾਜ਼ ਮੁਹੰਮਦ ਅਲੀ ਨੇ ਚਾਰ ਵਿਆਹ ਕਰਾਏ। ਤਿੰਨਾਂ ਨੂੰ ਤਲਾਕ ਦਿੱਤਾ ਚੌਥੀ ਨਾਲ ਨਿਭਿਆ। ਬਲਬੀਰ ਸਿੰਘ ਦੀਆਂ ਤਿੰਨ ਮੰਗਣੀਆਂ ਹੋਈਆਂ ਜੋ ਸਿਰੇ ਨਾ ਚੜ੍ਹੀਆਂ। ਵਿਆਹ ਚੌਥੀ ਥਾਂ ਹੋਇਆ ਜਿਥੇ ਮੰਗਣੀ ਨਹੀਂ ਸੀ ਹੋਈ। ਮੋਗਿਓਂ ਚੜ੍ਹੀ ਜੰਨ ਅਜੇ ਲਾਹੌਰ ਨਹੀਂ ਸੀ ਢੁੱਕੀ ਕਿ ਲਾੜਾ ਕੋਠੀ ਦੇ ਪਿਛਲੇ ਬੂਹੇ ਥਾਣੀ ਸਹੁਰੇ ਘਰ ਸੀ। ਏਨੇ ਕਾਹਲੇ ਨੂੰ ਫਿਰ ਸਾਲੀਆਂ ਦੇ ਮਖੌਲ ਤਾਂ ਸੁਣਨੇ ਈ ਪੈਣੇ ਸਨ! ***ਬਲਬੀਰ ਸਿੰਘ ਪੁਲਿਸ ਦੀ ਭਰਤੀ ਤੋਂ ਬਚਦਾ ਅੰਮ੍ਰਿਤਸਰੋਂ ਦਿੱਲੀ ਦੌੜ ਗਿਆ। ਝੋਰਾ ਸੀ ਤਾਂ ਇਹੋ ਕਿ ਐੱਮ. ਏ. ਕਰਨੀ ਵਿਚਾਲੇ ਰਹਿ ਗਈ। ਸੁਸ਼ੀਲ ਨਾਲ ਪ੍ਰੇਮ ਪੱਤਰ ਚੱਲ ਰਿਹਾ ਸੀ। ਉਹ ਸੁਫ਼ਨੇ ਲੈ ਰਿਹਾ ਸੀ ਕਿ ਸੁਸ਼ੀਲ ਨਾਲ ਵਿਆਹ ਕਰਾਵੇਗਾ ਤੇ ਸੁਸ਼ੀਲ ਲਾਹੌਰ ਤੋਂ ਦਿੱਲੀ ਆ ਜਾਵੇਗੀ...। ਉਹ ਭਾਰਤ ਵੱਲੋਂ ਖੇਡੇਗਾ। ਓਲੰਪਿਕ ਖੇਡਾਂ ਵਿਚ ਜਾਵੇਗਾ ਤੇ ਮੈਡਲ ਜਿੱਤੇਗਾ... ਸੁਫ਼ਨਿਆਂ ਵਿਚ ਮਸਤ ਸੀ ਕਿ ਕਿਸੇ ਨੇ ਬੂਹਾ ਠਕੋਰਿਆ। ਕੌਣ ਹੋ ਸਕਦਾ ਸੀ ਇਸ ਵੇਲੇ? ਕੀ ਪਤਾ ਸੁਸ਼ੀਲ ਹੀ ਆ ਗਈ ਹੋਵੇ? ਉਸ ਨੇ ਕੱਚੀ ਨੀਂਦੇ ਉੱਠਦਿਆਂ ਬੂਹਾ ਖੋਲ੍ਹਿਆ। ਸਾਹਮਣੇ ਬਾਵਰਦੀ ਪੁਲਿਸ ਸਾਰਜੈਂਟ ਸੀ। ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ, “ਲਾ ਲਓ ਹੱਥਕੜੀ।” ਬਲਬੀਰ ਸਿੰਘ ਹੱਕਾ ਬੱਕਾ ਰਹਿ ਗਿਆ। ਉਸ ਨੇ ਪੁੱਛਿਆ, “ਕਿਹੜੇ ਜੁਰਮ ਵਿਚ?” ਸਾਰਜੈਂਟ ਨੇ ਕਿਹਾ, “ਜਲੰਧਰ ਜਾ ਕੇ ਦੱਸਾਂਗੇ। ਅਸੀਂ ਜਲੰਧਰੋਂ ਆਏ ਆਂ। ਸਮਝ ਗਿਆ ਹੋਵੇਂਗਾ ਸਾਰੀ ਗੱਲ!”ਉਸ ਨੂੰ ਹੱਥਕੜੀ ਲਾ ਕੇ ਪੁਲਿਸ ਪਾਰਟੀ ਰਾਤ ਦੇ ਹਨ੍ਹੇਰੇ ਵਿਚ ਹੀ ਰੇਲਵੇ ਸਟੇਸ਼ਨ `ਤੇ ਪਹੁੰਚੀ ਤੇ ਅੰਮ੍ਰਿਤਸਰ ਵਾਲੀ ਗੱਡੀ ਚੜ੍ਹ ਗਈ। ‘ਗੋਲ ਕਿੰਗ’ ਬਣਨਾ ਉਸ ਦਾ ਜੁਰਮ ਬਣ ਗਿਆ! ਰਾਹ ਵਿਚ ਬਲਬੀਰ ਸਿੰਘ ਨੇ ਹੱਥਕੜੀ ਖੋਲ੍ਹਣ ਲਈ ਕਿਹਾ ਤਾਂ ਜਵਾਬ ਮਿਲਿਆ, “ਉਤੋਂ ਹੁਕਮ ਹੈ ਪਈ ਜਲੰਧਰ ਲਿਆ ਕੇ ਈ ਖੋਲ੍ਹਣੀ। ਉਹਦਾ ਪਤਾ ਨੀ ਰਾਹ `ਚ ਫੇਰ ਨਾ ਡਾਜ ਮਾਰ ਜੇ!”***1947 ਦੇ ਖੂੰਨੀ ਦਿਨ ਸਨ। ਅਚਾਨਕ ਬਲਬੀਰ ਸਿੰਘ ਨਾਲ ਵੀ ਇਕ ਦੁਰਘਟਨਾ ਵਾਪਰ ਗਈ। ਜੇਕਰ ਰਾਈਫਲ `ਚੋਂ ਨਿਕਲੀ ਗੋਲੀ ਰਤਾ ਕੁ ਨੀਵੀਂ ਹੁੰਦੀ ਤਾਂ ਨਾ ਬਲਬੀਰ ਸਿੰਘ ਬਚਦਾ ਤੇ ਨਾ ਉਹਤੋਂ ਓਲੰਪਿਕ ਖੇਡਾਂ ਦਾ ‘ਗੋਲਡਨ ਹੈਟ ਟ੍ਰਿਕ’ ਵੱਜਦਾ। ਪਰ ਬਲਬੀਰ ਸਿੰਘ ਕਿਸਮਤ ਦਾ ਬਲੀ ਨਿਕਲਿਆ ਜੋ ਲੰਮੀ ਉਮਰ ਜਿਊਣ ਲਈ ਮੌਤ ਦੇ ਹੱਥ ਆਉਣੋ ਬਚ ਗਿਆ। ਗੋਲੀ ਉਹਦੇ ਮੱਥੇ ਉਪਰ ਦੀ ਵਾਲਾਂ ਨੂੰ ਛੋਂਹਦੀ ਪੱਗ ਵਿਚ ਦੀ ਨਿਕਲ ਗਈ ਸੀ!***
ਬਲਬੀਰ ਸਿੰਘ ਦੀ ਪੁਲਿਸ ਪਾਰਟੀ ਬੱਦੋਵਾਲ ਗਈ। ਉਥੇ ਹਾਦਸਾ ਵਾਪਰਿਆ ਸੀ। ਇਕ ਔਰਤ ਆਪਣੇ ਦੋ ਬੱਚਿਆਂ ਨਾਲ ਬੱਸ ਤੋਂ ਉੱਤਰੀ ਸੀ। ਬੱਚਿਆਂ ਦਾ ਬਾਪ ਲਾਇਲਪੁਰ ਵੱਲ ਹਮਲਾਵਰਾਂ ਹੱਥੋਂ ਮਾਰਿਆ ਗਿਆ ਸੀ। ਔਰਤ ਬੱਚਿਆਂ ਨੂੰ ਬਚਾਈ ਕਿਵੇਂ ਨਾ ਕਿਵੇਂ ਆਪਣੇ ਪੇਕਿਆਂ ਕੋਲ ਪਹੁੰਚ ਗਈ ਸੀ। ਪੇਕੇ ਉਥੋਂ ਦੋ ਮੀਲ ਦੂਰ ਸਨ। ਔਰਤ ਨੇ ਭੁੱਖ ਨਾਲ ਬੇਹਾਲ ਹੋਏ ਬੱਚਿਆਂ ਨੂੰ ਰੁੱਖ ਦੀ ਛਾਵੇਂ ਬਹਾ ਕੇ ਬਚਦੀ ਰੋਟੀ ਖੁਆਈ। ਫਿਰ ਸਮਾਨ ਦੀ ਗੱਠੜੀ ਸਿਰ `ਤੇ ਰੱਖੀ ਤੇ ਬੱਚਿਆਂ ਨੂੰ ਉਂਗਲ ਲਾ ਕੇ ਸੜਕ ਪਾਰ ਕਰਨ ਲੱਗੀ ਤਾਂ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਕੁਚਲ ਦਿੱਤਾ। ਲਾਸ਼ਾਂ ਦੇ ਸਮਾਨ ਤੇ ਟਿਕਟਾਂ ਤੋਂ ਪਤਾ ਲੱਗਾ ਕਿ ਉਹ ਬਾਰ `ਚੋਂ ਉੱਜੜ ਕੇ ਆਏ ਸਨ। ਤੀਜੇ ਦਿਨ ਔਰਤ ਦੇ ਮਾਪੇ ਠਾਣੇ ਆਏ ਤੇ ਦੱਸਿਆ ਕਿ ਉਨ੍ਹਾਂ ਦੀ ਅਭਾਗੀ ਧੀ ਤੇ ਬੱਚਿਆਂ ਨੇ ਉਨ੍ਹਾਂ ਕੋਲ ਹੀ ਆਉਣਾ ਸੀ। ਉਹ ਮਾਰ ਧਾੜ `ਚੋਂ ਤਾਂ ਬਚ ਆਏ ਸਨ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਹੋਣੀ ਪੇਕਿਆਂ ਕੋਲ ਹੀ ਸ਼ਹਿ ਲਾ ਕੇ ਬੈਠੀ ਸੀ!***ਬਲਬੀਰ ਸਿੰਘ ਦੇ ਦੋਸਤ ਗੁਰਿੰਦਰ ਨੇ ਮੋਗੇ ਦੀ ਇਕ ਮਾਈ ਦੀ ਗੱਲ ਦੱਸੀ। ਉਹ ਹਾਰਾਂ ਨਾਲ ਲੱਦੇ ਬਲਬੀਰ ਸਿੰਘ ਤੇ ਸੁਸ਼ੀਲ ਨੂੰ ਵੇਖ ਰਹੀ ਸੀ। ਲੋਕ ਉਨ੍ਹਾਂ `ਤੇ ਫੁੱਲਾਂ ਦੀ ਵਰਖਾ ਕਰ ਰਹੇ ਸਨ। ਹੈਰਾਨ ਹੋਈ ਮਾਈ ਨੇ ਗੁਰਿੰਦਰ ਨੂੰ ਪੁੱਛਿਆ, “ਬੇਟਾ, ਇਹ ਕਿਹੜੇ ਸ਼ਹਿਜ਼ਾਦੇ ਦਾ ਵਿਆਹ ਹੋਇਐ?” ਗੁਰਿੰਦਰ ਨੇ ਕਿਹਾ, “ਮਾਤਾ, ਇਹ ਵਿਆਹ ਨੀ ਕਿਸੇ ਸ਼ਹਿਜ਼ਾਦੇ ਦਾ। ਇਹ ਤਾਂ ਗਿਆਨੀ ਦਲੀਪ ਸਿੰਘ ਦਾ ਲੜਕਾ ਬਲਬੀਰ ਲੰਡਨ ਦੀਆਂ ਖੇਡਾਂ `ਚੋਂ ਹਾਕੀ ਦਾ ਗੋਲਡ ਮੈਡਲ ਜਿੱਤ ਕੇ ਲਿਆਇਆ। ਲੋਕ ਉਹਦਾ ਸਵਾਗਤੀ ਜਲੂਸ ਕੱਢਦੇ ਆ।” ਮਾਈ ਨੇ ਹੈਰਾਨੀ ਪਰਗਟ ਕੀਤੀ, “ਲੈ ਇਹਦੇ ਮੂੰਹ `ਤੇ ਤਾਂ ਦਾੜ੍ਹੀ ਆਈ ਹੋਈ ਐ। ਇਹ ਅਜੇ ਵੀ ਖੇਡੀ ਜਾਂਦੈ!”***ਲਾਸ ਏਂਜਲਸ-1984 ਦੀਆਂ ਓਲੰਪਿਕ ਖੇਡਾਂ ਵਿਚ ਭਾਰਤ/ਅਮਰੀਕਾ ਦਾ ਹਾਕੀ ਮੈਚ ਹੋਣ ਲੱਗਾ ਤਾਂ ਕੁਝ ਭਾਰਤੀ ਦਰਸ਼ਕਾਂ ਨੇ ਤਿਰੰਗੇ ਚੁੱਕੇ ਹੋਏ ਸਨ। ਅਸ਼ਵਨੀ ਕੁਮਾਰ ਹੋਰੀਂ ਉਪਰਲੀਆਂ ਸੀਟਾਂ ਉਪਰ ਬੈਠੇ ਸਨ ਤੇ ਬਲਬੀਰ ਸਿੰਘ ਇਕ ਕਤਾਰ ਹੇਠਾਂ ਬੈਠਾ ਸੀ। ‘ਖ਼ਾਲਿਸਤਾਨ ਜਿ਼ੰਦਾਬਾਦ’ ਦੇ ਨਾਹਰੇ ਲਾਉਂਦੇ ਇਕ ਨੌਜੁਆਨ ਨੇ ਕਿਸੇ ਕੋਲੋਂ ਤਿਰੰਗਾ ਖੋਹਿਆ ਤੇ ਪੈਰਾਂ ਹੇਠ ਮਸਲਣ ਲੱਗਾ। ਬਲਬੀਰ ਸਿੰਘ ਨੇ ਭੱਜ ਕੇ ਝੰਡਾ ਉਸ ਦੇ ਪੈਰਾਂ ਹੇਠੋਂ ਖਿੱਚ ਲਿਆ। ਉਹ ਉਸ ਝੰਡੇ ਦੀ ਬੇਅਦਬੀ ਨਾ ਸਹਿ ਸਕਿਆ ਜੋ ਉਹ ਓਲੰਪਿਕ ਖੇਡਾਂ ਵਿਚ ਝੁਲਾਉਂਦਾ ਰਿਹਾ ਸੀ। ਖ਼ਾਲਿਸਤਾਨੀ ਨੌਜੁਆਨ ਨੇ ਕਸ਼ਮਕਸ਼ ਵਿਚ ਤਿਰੰਗਾ ਪਾੜਣਾ ਚਾਹਿਆ। ਤਦ ਤਕ ਪੁਲਿਸ ਆ ਗਈ ਜਿਸ ਨੇ ਸਥਿਤੀ ਸੰਭਾਲ ਲਈ। ਪਰ ਬਲਬੀਰ ਸਿੰਘ ਉਸ ਦੀਆਂ ਅੱਖਾਂ ਵਿਚ ਰੜਕਣ ਲੱਗਾ।ਲਾਸ ਏਂਜਲਸ ਤੋਂ ਉਹ ਆਪਣੇ ਪੁੱਤਰਾਂ ਨੂੰ ਮਿਲਣ ਵੈਨਕੂਵਰ ਗਿਆ ਤਾਂ ਕੁਝ ਸ਼ੁਭਚਿੰਤਕਾਂ ਨੇ ਕਿਹਾ ਕਿ ਉਸ ਨੇ ਤਿਰੰਗੇ ਲਈ ਐਵੇਂ ਰਿਸਕ ਲਿਆ ਹੈ। ਕੈਨੇਡਾ/ਅਮਰੀਕਾ ਵਿਚ ਖ਼ਾਲਿਸਤਾਨੀ ਹਵਾ ਹੈ। ਉਸ ਨੂੰ ਬਚ ਕੇ ਰਹਿਣਾ ਚਾਹੀਦੈ। ਉਹ ਭਾਰਤ ਪਰਤਣ ਲਈ ਹਵਾਈ ਜਹਾਜ਼ ਚੜ੍ਹਿਆ। 2 ਨਵੰਬਰ 1984 ਦਾ ਦਿਨ ਸੀ। ਟੋਕੀਓ ਦੇ ਹਵਾਈ ਅੱਡੇ `ਤੇ ਪਤਾ ਲੱਗਾ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸ ਦੇ ਬਾਡੀ ਗਾਰਡਾਂ ਨੇ ਕਤਲ ਕਰ ਦਿੱਤੈ। ਦਿੱਲੀ ਵਿਚ ਸਿੱਖਾਂ ਦੀ ਜਾਨ ਖ਼ਤਰੇ ਵਿਚ ਹੈ। ਕੁਝ ਸਿੱਖ ਮੁਸਾਫਿ਼ਰ ਟੋਕੀਓ ਰੁਕ ਗਏ ਪਰ ਬਲਬੀਰ ਸਿੰਘ ਨਾ ਰੁਕਿਆ।ਲਾਸ ਏਂਜਲਸ ਵਿਚ ਜਿਹੋ ਜਿਹਾ ਖ਼ਤਰਾ ਸਹੇੜਿਆ ਸੀ ਉਹੋ ਜਿਹਾ ਖ਼ਤਰਾ ਸਹੇੜਨ ਉਹ ਦਿੱਲੀ ਨੂੰ ਚੱਲ ਪਿਆ। ਉਸ ਨੇ ਧੀ ਸੁਸ਼ਬੀਰ ਤੇ ਜੁਆਈ ਵਿੰਗ ਕਮਾਂਡਰ ਮਲਵਿੰਦਰ ਸਿੰਘ ਭੋਮੀਆ ਪਾਸ ਦਿੱਲੀ ਆਉਣਾ ਸੀ। ਉਹ ਖ਼ੁਦ ਸਿੱਖਾਂ ਦੇ ਕਤਲੇਆਮ ਤੋਂ ਘਬਰਾਏ ਹੋਏ ਸਨ। ਮਲਵਿੰਦਰ ਸਿੰਘ ਦਾ ਛੋਟਾ ਭਰਾ ਗੁਰਿੰਦਰਜੀਤ ਸਿੰਘ ਬੀ. ਐੱਸ. ਐੱਫ. ਵਿਚ ਅਫ਼ਸਰ ਸੀ। ਉਸ ਦੀ ਡਿਊਟੀ ਲਾਈ ਗਈ ਕਿ ਉਹ ਹਵਾਈ ਅੱਡੇ `ਤੇ ਜਾਵੇ ਤੇ ਬਲਬੀਰ ਸਿੰਘ ਨੂੰ ਲਿਆਵੇ। ਕੈਸੇ ਦਿਨ ਆ ਗਏ ਸਨ! ਉਹ ਓਲੰਪਿਕ ਮੈਡਲ ਜਿੱਤ ਕੇ ਮੁੜਦਾ ਸੀ ਤਾਂ ਨਾਇਕਾਂ ਵਾਲਾ ਸਵਾਗਤ ਹੁੰਦਾ ਸੀ। ਪਰ ਅੱਜ? ਪੱਗ ਦਾੜ੍ਹੀ ਕਰਕੇ ਉਸ ਦੀ ਜਾਨ ਖ਼ਤਰੇ ਵਿਚ ਸੀ!ਸਿਰੋਂ ਮੋਨੇ ਗੁਰਿੰਦਰਜੀਤ ਨੇ ਬਲਬੀਰ ਸਿੰਘ ਨੂੰ ਗੱਡੀ ਵਿਚ ਬਿਠਾ ਕੇ ਪਰਦਾ ਤਾਣਨਾ ਤੇ ਪੱਗ ਢਕਣੀ ਚਾਹੀ ਤਾਂ ਬਲਬੀਰ ਸਿੰਘ ਨੇ ਰੋਕਿਆ ਕਿ ਇਥੇ ਮੈਨੂੰ ਕਾਹਦਾ ਖ਼ਤਰਾ ਹੈ? ਤਿਰੰਗੇ ਦੀ ਇੱਜ਼ਤ ਤੇ ਸਨਮਾਨ ਲਈ ਖ਼ਤਰੇ ਸਹੇੜਨ ਵਾਲੇ ਜਿ਼ੰਦਾਦਿਲ ਖਿਡਾਰੀ ਨੂੰ ਨਹੀਂ ਸੀ ਪਤਾ ਕਿ ਲਾਸ ਏਜ਼ਲਸ ਤੇ ਵੈਨਕੂਵਰ ਵਿਚਲੇ ਖ਼ਤਰਿਆਂ ਤੋਂ ਤਾਂ ਉਹ ਬਚ ਆਇਆ ਸੀ ਪਰ ਦਿੱਲੀ ਵਿਚਲਾ ਖ਼ਤਰਾ ਉਸ ਨੂੰ ਬਰੂਹਾਂ ਉਤੇ ਉਡੀਕ ਰਿਹਾ ਸੀ! ਇਹ ਤਾਂ ਗੁਰਿੰਦਰਜੀਤ ਦੀ ਹਿੰਮਤ ਸੀ ਕਿ ਉਹ ਬਲਬੀਰ ਸਿੰਘ ਨੂੰ ਸੁਰੱਖਿਅਤ ਲੈ ਆਇਆ। ਫਿਰ ਉਸ ਨੂੰ ਕਰਾਚੀ ਸੱਦਿਆ ਗਿਆ। ਲਾਸ ਏਂਜਲਸ ਤੋਂ ਪਾਕਿਸਤਾਨ ਦੀ ਹਾਕੀ ਟੀਮ ਨੇ ਗੋਲਡ ਮੈਡਲ ਜਿੱਤਿਆ ਸੀ। ਕਰਾਚੀ ਵਿਚ ਓਲੰਪਿਕ ਜੇਤੂ ਟੀਮ ਦਾ ਰੈੱਸਟ ਆਫ਼ ਵਰਲਡ ਦੀ ਹਾਕੀ ਟੀਮ ਨਾਲ ਮੈਚ ਕਰਾਉਣਾ ਸੀ। ਬਲਬੀਰ ਸਿੰਘ ਨੂੰ ਰੈੱਸਟ ਆਫ਼ ਵਰਲਡ ਟੀਮ ਦਾ ਮੈਨੇਜਰ ਬਣਾਇਆ ਗਿਆ ਜਿਸ ਵਿਚ ਪੰਜ ਮੁਲਕਾਂ ਦੇ ਖਿਡਾਰੀ ਸ਼ਾਮਲ ਕੀਤੇ ਗਏ। ਉਨ੍ਹੀਂ ਦਿਨੀਂ ਭਾਰਤ-ਪਾਕਿ ਸੰਬੰਧ ਸੁਖਾਵੇਂ ਨਹੀਂ ਸਨ। ਮੈਚ ਸਮੇਂ ਪਾਕਿਸਤਾਨ ਦਾ ਪ੍ਰੈਜ਼ੀਡੈਂਟ ਜਨਰਲ ਜਿ਼ਆ ਉੱਲ ਹੱਕ ਸਟੇਡੀਅਮ ਵਿਚ ਮੌਜੂਦ ਸੀ। ਉਸ ਨੇ ਬਲਬੀਰ ਸਿੰਘ ਨੂੰ ਆਪਣੇ ਪਾਸ ਸੱਦਦਿਆਂ ਕਿਹਾ, “ਬਲਬੀਰ ਸਿੰਘ ਮੇਰੇ ਕੋਲ ਆਓ, ਆਪਾਂ ਇਕੋ ਪਿੰਡ ਦੇ ਹਾਂ। ਤੁਸੀਂ ਵੀ ਜਿ਼ਲ੍ਹਾ ਜਲੰਧਰ ਦੇ ਓ ਤੇ ਮੈਂ ਵੀ ਜਲੰਧਰ ਦੀ ਬਸਤੀ ਦਾ ਹਾਂ।”ਅਪਣੱਤ ਭਰੇ ਸੱਦੇ ਨਾਲ ਬਲਬੀਰ ਸਿੰਘ ਜਨਰਲ ਕੋਲ ਜਾ ਬੈਠਾ। ਜਿ਼ਆ ਉੱਲ ਹੱਕ ਨੇ ਅਮਲੇ ਨੂੰ ਹੁਕਮ ਕੀਤਾ ਕਿ ਬਲਬੀਰ ਸਿੰਘ ਨੂੰ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਦੇ ਦਰਸ਼ਨ ਕਰਵਾਉਣੇ ਨੇ। ਹਾਫ਼ ਟਾਈਮ ਵੇਲੇ ਬਲਬੀਰ ਸਿੰਘ ਮੈਦਾਨ `ਚ ਗਿਆ ਤਾਂ ਸਟੈਂਡਾਂ ਤੋਂ ‘ਬਲਬੀਰ ਸਿੰਘ ਜਿ਼ੰਦਾਬਾਦ’ ਦੇ ਨਾਹਰੇ ਲੱਗਣ ਲੱਗੇ। ਉਸ ਨੇ ਹੱਥ ਹਿਲਾ ਕੇ ਸ਼ੁਕਰੀਆ ਅਦਾ ਕੀਤਾ। ਉਹ ਬਾਹਰ ਆਉਣ ਲੱਗਾ ਤਾਂ ਹਜੂਮ ਨੇ ‘ਇੰਡੀਆ ਮੁਰਦਾਬਾਦ’ ਦਾ ਨਾਹਰਾ ਲਾ ਦਿੱਤਾ ਜਿਸ ਲਈ ਬਲਬੀਰ ਸਿੰਘ ਨੇ ਸਿਰ ਫੇਰ ਕੇ ਉਨ੍ਹਾਂ ਨੂੰ ਅਜਿਹਾ ਕਰਨੋ ਰੋਕਿਆ। ਉਨ੍ਹਾਂ ਨੇ ਕਿਹਾ, “ਸਰਦਾਰ ਜੀ, ਅਸੀਂ ਤਾਂ ਤੁਹਾਨੂੰ ਖ਼ਾਲਿਸਤਾਨ ਦੇ ਰਹੇ ਹਾਂ, ਤੁਸੀ ਪਸੰਦ ਨਹੀਂ ਕਰ ਰਹੇ।” ਬਲਬੀਰ ਸਿੰਘ ਦਾ ਜਵਾਬ ਸੀ, “ਤੁਸੀ ਖ਼ਾਲਿਸਤਾਨ ਦੇ ਸਕਦੇ ਹੁੰਦੇ ਤਾਂ ਆਪਣਾ ਬੰਗਲਾ ਦੇਸ਼ ਨਾ ਖੁਹਾਉਂਦੇ!”***ਲੰਡਨ ਓਲੰਪਿਕ-2012 ਵਿਚ ਓਲੰਪਿਕ ਸਫ਼ਰ `ਚੋਂ ਜਿਹੜੇ 16 ‘ਆਈਕੋਨਿਕ ਓਲੰਪੀਅਨ’ ਚੁਣੇ ਗਏ ਉਨ੍ਹਾਂ ਵਿਚ ਬਲਬੀਰ ਸਿੰਘ ਵੀ ਹੈ। ਸਾਰੀ ਦੁਨੀਆ `ਚੋਂ ਹਾਕੀ ਦਾ ਸਿਰਫ਼ ਇਕੋ ਖਿਡਾਰੀ ਹੈ ਜਿਸ ਨੂੰ ਇਹ ਮਾਣ ਮਿਲਿਆ। ਓਲੰਪਿਕ ਖੇਡਾਂ ਦੇ 16 ਰਤਨਾਂ ਵਿਚ ਭਾਰਤੀ ਉਪ ਮਹਾਂਦੀਪ ਦਾ `ਕੱਲਾ ਬਲਬੀਰ ਸਿੰਘ ਹੀ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ ਤਾਂ ਉਸ ਨੂੰ ਓਲੰਪਿਕ ਰਤਨ ਬਣਾ ਹੀ ਦਿੱਤਾ ਹੈ ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ? ਬਲਬੀਰ ਸਿੰਘ ਕਹਿੰਦਾ ਹੈ, “ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ ‘ਗੋਲਡਨ ਗੋਲ’ ਹੋ ਗਿਆ ਤਾਂ ਖੇਡ ਖ਼ਤਮ।”ਕੀ ਸਰਕਾਰਾਂ ਬਲਬੀਰ ਸਿੰਘ ਦੇ ‘ਗੋਲਡਨ ਗੋਲ’ ਦੀ ਉਡੀਕ ਵਿਚ ਹਨ? ਕੀ ਭਾਰਤ ਵਿਚ ਮੜ੍ਹੀਆਂ ਦੀ ਪੂਜਾ ਹੀ ਹੁੰਦੀ ਰਹਿਣੀ ਹੈ ਜਾਂ ਜਿਊਂਦਿਆਂ ਦੀ ਕਦਰ ਵੀ ਪੈਣੀ ਹੈ?(ਪੁਸਤਕ ਸੰਗਮ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸਿ਼ਤ ਕੀਤੀ ਹੈ ਜਿਨ੍ਹਾਂ ਦਾ ਫੋਨ 0175-2305347, 99151-03490 ਤੇ 98152-43017 ਹੈ।)
Bindu singh
Wah ... Kya baat hai... Ehnu kehday ... Jang v te jeet v... Wah Balbir Sio'n... Wah