ਇਸੇ ਕਰਕੇ ਅਜ ਉਸਦਾ ਨਾਂ ਪੰਜਾਬੀ ਦੀਆਂ ਪਹਿਲੀ ਕਤਾਰ ਦੀਆਂ ਇਸਤ੍ਰੀ ਕਵਿਤ੍ਰੀਆਂ ਵਿਚ ਬੜੇ ਮਾਣ ਨਾਲ ਲਿਆ ਜਾਣ ਲਗ ਪਿਆ ਹੈ।‘ਟੁਟੱਦੇ ਤਾਰੇ ਦੀ ਬਗਾਵਤ’ ਨਾਮੀ ਪੁਸਤਕ 2013 ਵਿਚ ਵਿਚ ਛਪੀ ਸੀ।ਜਿਸ ਨਾਲ ਸਾਹਿਤਕ ਖੇਤਰ ਵਿਚ ਕਾਫੀ ਹਲਚਲ ਹੋਈ ਸੀ।ਹੱਥਲੀ ਪੁਸਤਕ ਨਾਲ ਉਹ ਸ਼ਾਇਰੀ ਦੇ ਖੇਤਰ ਵਿਚ ਹੋਰ ਉਚੀ ਉਡਾਰੀ ਮਾਰਨ ਵਿਚ ਸਫਲ ਹੋਈ ਹੈ।ਜਿਸ ਬਾਰੇ ਸੁਰਜੀਤ ਪਾਤਰ ਦਾ ਕਹਿਣਾ ਹੈ ‘ਅਮਰਜੀਤ ਬਹੁਤ ਸਾਦੇ, ਸੱਚੇ, ਅਤੇ ਆਪ ਮੁਹਾਰੇ ਬੋਲ ਕਹਿੰਦੀ ਹੈ।ਉਸਦੀ ਸ਼ਾਇਰੀ ਵਿਚ ਹਵਾ ਜਿਹਾ ਸਬਕਪੰਨ ਅਤੇ ਵਗਦੇ ਨੀਰ ਜਿਹੀ ਰਵਾਨੀ ਹੈ’।ਹੱਥਲੀ ਪੁਸਤਕ ‘ਗੁਸਤਾਖ ਹਵਾ’ ਦੇ ਪੰਨੇ ਫਰੋਲੀਏ ਤਾਂ ਹਰ ਪੰਨੇ ਤੋਂ ਸਾਡੇ ਜਨ ਜੀਵਨ ਦੇ ਪੇਚ ਖੁਲ਼ਦੇ ਹੋਏ ਪ੍ਰਤੀਤ ਹੁੰਦੇ ਹਨ।ਕਦੀ ਸਮਾਜਕ ਤਾਣੇ ਬਾਣੇ ਦੀ ਗੱਲ ,ਕਦੀ ਰਾਜਨੀਤਿਕ ਨਿਘਾਰ ਦੀ ਗੱਲ ਤੇ ਕਦੀ ਗਰਜਾਂ ਵਿਚ ਬੱਝੇ ਪਿਆਰ ਦੀ ਗੱਲ ਨੂੰ ਇਕ ਮਾਹਿਰ ਕਾਰੀਗਰ ਵਾਂਗ ਪ੍ਰੋਇਆ ਗਿਆ ਹੈ।ਇਨ੍ਹਾਂ 87 ਗਜ਼ਲਾਂ ਰਾਹੀਂ ਅਮਰ ਨੇ ਆਪਣੇ ਅਮਰ ਸ਼ਬਦ ਭੰਡਾਰ ਰਾਹੀਂ ਪਾਠਕਾਂ ਦੀ ਸਾਂਝ ਰਾਜਨੀਤੀ, ਘਪਲੇਬਾਜੀ, ਦੇਸ਼ ਪਿਆਰ, ਮਹਿੰਗਾਈ, ਅਰਾਜਕਤਾ ,ਔਰਤ ਦੀ ਦਸ਼ਾ, ਨਸ਼ੇ, ਸਿਸਟਮ ਦੀ ਨਾਕਾਮੀ ਆਦਿ ਨਾਲ ਪੁਆਈ ਹੈ।ਇਸ ਦੇ ਨਾਲ ਨਾਲ ਉਹ ਮਨੁੱਖੀ ਮਾਨਸਿਕਤਾ ਨੂੰ ਤਕਨੀਕ ਨਾਲ ਪੀੜ ਹੁੰਦਾ ਪੇਸ਼ ਕਰਦੀ ਹੈ।ਕਿਤੇ ਕੋਈ ਕਾਇਦਾ ਨਹੀਂ ਤੇ ਕਿਤੇ ਇਨਸਾਫ ਨਾ ਮਿਲਣ ਕਰਕੇ ਰੁਲ਼ ਰਹੀਆਂ ਧੀਆਂ ਦਾ ਦੁਖੜਾ ਵੀ ਰੋਇਆ ਹੈ।ਉਸਨੇ ਆਪਣੀ ਕਲਾ ਸ਼ਕਤੀ ਨਾਲ ਕਈ ਕਠਿਨ ਮਸਲਿਆਂ ਨੂੰ ਆਪਣੀਆਂ ਗਜ਼ਲਾਂ ਵਿਚ ਪ੍ਰੋਇਆ ਹੈ।ਜਿਵੇਂ:-ਪਾਠ,ਪੂਜਾ, ਹਵਨ, ਯਗ ਮੁੜ ਮੁੜ ਕਰਾ ਕੇ ਵੇਖ ਲਉ
ਪਿਆਰ ਬਿਨਾ ਰਸਤਾ ਕੋਈ ਜਾਂਦਾ ਕਦੇ ਰਬ ਤਕ ਨਹੀਂ।
ਪਿਆਰ ਮੁਹੱਬਤ ਜੀਵਨ ਦੀ ਤੋਰ ਨੂੰ ਲਿਸ਼ਕਾਉਣ ਅਤੇ ਚਮਕਾਉਣ ਵਾਲੇ ਪਹਿਲੂ ਹਨ।ਬਸ਼ਰਤੇ ਕਿ ਇਹਨਾਂ ਦੀ ਪਵਿਤਰਤਾ ਕਾਇਮ ਹੋਵੇ।ਉਹ ਹਰ ਗੱਲ ਦਾ ਇਕ ਪੱਧਰ ਤੇ ਕਾਇਮ ਕਰਦੀ ਹੈ ਤਾਂ ਕਿ ਇਸ ਸਮਾਜ ਨੂੰ ਸਹੀ ਰਾਹ ਦਿਖਾਇਆ ਜਾ ਸਕੇ।ਪਿਆਰ ਵਿਚ ਖੀਵੀ ਹੋਈ ਇੰਜ ਲਿਖਦੀ ਹੈ:- ਜਦੋਂ ਕੁਝ ਕਹਿਣ ਨੂੰ ਕਰਦਾ ਹੈ ਦਿਲ, ਤੂੰ ਕੋਲ ਨਹੀਂ ਹੁੰਦਾ
ਤੂੰ ਹੋਵੇ ਜਦ ਨਜ਼ਰ ਸਾਹਵੇਂ ਤਾਂ ਕੁਝ ਵੀ ਬੋਲ ਨਹੀਂ ਹੁੰਦਾ।
ਲੇਖਿਕ ਕੋਲ ਹਰ ਵਿਸ਼ੇ ਨੂੰ ਨਿਖਾਰਨ ਤੇ ਵਿਚਾਰਨ ਲਈ ਖੁਲ੍ਹਾ ਸ਼ਬਦ ਭੰਡਾਰ ਹੈ।ਜਿਸ ਕਰਕੇ ਹਰ ਗਜ਼ਲ ਵਿਚੋਂ ਮਹਿਕਦੇ ਗੁਲਾਬਾਂ ਵਰਗੀ ਮਹਿਕ ਅਤੇ ਵੰਨ ਸੁਵੰਨਤਾ ਦੀ ਟਹਿਕ ਦੇ ਦੀਦਾਰ ਹੁੰਦੇ ਹਨ।ਵਿਸ਼ਿਆ ਦੀ ਵੀ ਭਿੰਨਤਾ ਦਾ ਮੁਲਾਂਕਣ ਇਹਨਾਂ ਸ਼ਿਅਰਾਂ ਤੋਂ ਕੀਤਾ ਜਾ ਸਕਦਾ ਹੈ:-• ਮੈਂ ਕਲੀ ਨਾਜ਼ਕ ਹਾਂ ਬੇਸ਼ੱਕ ਪਰ ਤਿੱਖੀ ਤਲਵਾਰ ਵੀ ਹਾਂ
ਜ਼ੁਲਮ ਨੂੰ ਰੋਕਣ ਦੀ ਖਾਤਰ ਲੋਹੇ ਦੀ ਦੀਵਾਰ ਵੀ ਹਾਂ।
• ਓਨੇ ਹੀ ਪਾਸਰੇ ਪੈਰ ਜਿਨੀ ਕੁ ਸੀ ਚਾਦਰ
ਮਹਿੰਗਾਈ ਲੈ ਗਈ ਹੈ ਪਰ ਇਹ ਚਾਦਰ ਹੀ ਉਡਾਕੇ।
• ਬਾਲ ਹੱਸਣਗੇ ਤਾਂ ਫੇਰ ਸਾਡੇ ਹੱਸਣਗੇ ਨਸੀਬ
ਰੋਂਦੇ ਹਰ ਇਕ ਬਾਲ ਨੂੰ ਆਪਾਂ ਹਸਾਵਾਂਗੇ ਹਜ਼ੂਰ।
ਅਮਰਜੀਤ ਕੌਰ ਅਮਰ ਦੇ ਰਚਨਾ ਸੰਸਾਰ ਵਿਚ ਖਿੜਦੇ ਰੰਗ ਬਰੰਗੇ ਫੁੱਲ ਉਸਦੀ ਬਹੁਪਸਾਰੀ ਸ਼ਾਇਰੀ ਦਾ ਅਭਾਸ ਕਰਾਉਂਦੇ ਹਨ।ਇਸੇ ਕਰਕੇ ਉਸਦੇ ਸ਼ਿਅਰਾਂ ਵਿਚ ਚਸ਼ਮੇ ਦੇ ਪਾਣੀ ਵਰਗੀ ਚਮਕ ਅਤੇ ਪਵਿਤਰਤਾ ਹੈ।ਇਸ ਨਿਰਛੱਲਤਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਹ ਆਪਣੀਆਂ ਗਜਲਾਂ ਨੂੰ ਮਾਧਿਅਮ ਬਣਾ ਰਹੀ ਹੈ।ਉਸਦੀ ਰਚਨਾ ਦੀ ਇਕ ਖਾਸ ਗਲ ਇਹ ਹੈ ਕਿ ਉਹ ਵਿਛੋੜੇ ਅਤੇ ਵਸਲ ਨੂੰ ਬਰਾਬਰੀ ਨਾਲ ਪੇਸ਼ ਕਰਦੀ ਹੈ।ਕਿਸੇ ਦੁੱਖ ਦਰਦ ਵਿਚ ਵੀ ਹੌਸਲਾ ਨਹੀਂ ਹਾਰਦੀ।ਬੜੀ ਦਲੇਰੀ ਨਾਲ ਹਲਾਤਾਂ ਨਾਲ ਟੱਕਰ ਲੈਂਦੀ ਹੋਈ ਸਫਲਤਾ ਦੀ ਪੌੜੀ ਚੜ੍ਹਦੀ ਹੈ।ਉਸਦੀ ਉਸਾਰੂ ਸੋਚ ਅਤੇ ਮਾਨਵਤਾ ਦੇ ਸੰਦੇਸ਼ ਨੂੰ ਇਸ ਸ਼ੇਅਰ ਚੋਂ ਮਾਣਿਆ ਜਾ ਸਕਦਾ ਹੈ:-ਰੱਖ ਨਾ ਛੋਟੀ ਸੋਚ ਤੂੰ ਹਿਮੰਤ ਨੂੰ ਰੱਖ ਨਾਲ,ੳੱਚੇ ਅੰਬਰ ਛੂਹਣ ਲਈ ਬਣ ਜਾਂ ਅਮਰ ਉਕਾਬ।