ਸਮਾਜ ਵਿਚ ਵਰਤ ਰਹੇ ਵਰਤਾਰੇ ਦਾ ਇਹ ਪਿਛੋਕੜ ਸਦੀਆਂ ਪੁਰਾਣਾ ਹੈ।ਗੁਰੂ ਸੱਚ ਤੇ ਇਨਸਾਫ ਦਾ ਪਾਠ ਪੜ੍ਹਾਉਂਦਾ ਹੈ ਪਰ ਇਸ ਮਹਾਂਭਾਰਤ ਦਾ ਗੁਰੂ ਦਰੋਣਾਚਾਰੀਆ ਨੀਤੀ ਦਾ ਆਸਰਾ ਲੈ ਕੇ ਸਿਰਫ ਕਸ਼ੱਤਰੀ ਸਮਾਜ ਦਾ ਸੇਵਕ ਬਣਿਆ ਰਹਿੰਦਾ ਹੈ।ਉਹ ਖੁਦ ਮੰਨਦਾ ਹੈ ਕਿ ਏਕਲਵਿਆ ਸਿੱਖਿਆ ਹਾਸਲ ਕਰਨ ਵਾਲਾ ਸੱਚਾ ਸੁੱਚਾ ਸਿਖਿਆਰਥੀ ਹੈ ਪਰ ਉਸਨੂੰ ਅਰਜਨ ਵਰਗੇ ਪਾਂਡਵਾਂ ਦੀ ਸਿਖਿਆ ਦੀ ਚਿੰਤਾ ਹੋ ਜਾਂਦੀ ਹੈ।
ਨਡਾਲੋਂ ਨੇ ਹਰ ਪਾਤਰ ਨਾਲ ਨਿਆਂ ਕੀਤਾ ਹੈ।ਸਮਾਜਿਕ ਤਾਣੇ ਬਾਣੇ ਨੂੰ ਵੀ ਭਲੀ ਭਾਂਤ ਪੇਸ਼ ਕੀਤਾ ਹੈ।ਆਪਣੇ ਆਪ ਨੂੰ ਸਮੱਰਪਿਤ ਕੀਤੇ ਬਗੈਰ ਕੁਝ ਵੀ ਹਾਸਲ ਨਹੀਂ ਕਤਾ ਜਾ ਸਕਦਾ।ਏਕਲਵਿਆ ਦੀ ਇਹ ਇਕ ਮਿਸਾਲ ਹੈ ਜਿਸ ਵਿਚ ਉਹ ਕਹਿੰਦਾ ਹੈ:
ਲੈਣ ਲਈ
ਮਿੱਟੀ ਦੀ ਅਗਵਾਈ
ਆਪ ਹੀ ਮਿੱਟੀ ਹੋਣਾ ਪੈਂਦਾ ਹੈ
ਆਪਣਾ ਆਪ ਮਿਟਾਉਣਾ ਪੈਂਦਾ ਹੈ
ਆਪਾ ਮਿੱਟੀ ਬਨਾਉਣਾ ਪੈਂਦਾ ਹੈ।
ਇਸ ਤਰ੍ਹਾਂ ਏਕਲੱਵਿਆ ਆਪਣੇ ਦੀਨ ਧਰਮ ਤੋਂ ਕਦੀ ਨਹੀਂ ਡੋਲਦਾ।ਉਹ ਹਮੇਸ਼ਾਂ ਸੱਚ ਤੇ ਪਹਿਰਾ ਦਿੰਦਾ ਹੈ।ਅਖੀਰ ਗੁਰੂ ਨੂੰ ਆਪਾ ਅਰਪਿਤ ਕਰਨ ਵੇਲੇ ਵੀ ਗੁਰੂ ਆਦਰ ਨੂੰ ਆਂਚ ਨਹੀਂ ਆਉਣ ਦਿੰਦਾ।ਇਸ ਕੁਰਬਾਨੀ ਕਰਕੇ ਹੀ ਅਜ ਵੀ ਉਸਨੂੰ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਹੈ।ਏਕਲਵਿਆ ਦਾ ਪਰਛਾਵਾਂ ਉਸਨੂੰ ਹਕੀਕਤ ਦੇ ਰੂਬਰੂ ਕਰਦਾ ਹੋਇਆ ਆਖਦਾ ਹੈ:
ਗੁਰੂ ਤਾਂ
ਜੀਵਨ ਦਾਨ ਹੈ ਦਿੰਦਾ
ਨਾ ਕਿ ਕਰਦਾ ਸੌਦੇਬਾਜ਼ੀ।
ਸੁਖਦੇਵ ਨਡਾਲੋਂ ਦਾ ਇਹ ਕਾਵਿ ਨਾਟਕ ਅਜੋਕੇ ਸੰਦਰਭ ਵਿਚ ਵੀ ਵਿਚਾਰਨ ਵਾਲਾ ਹੈ।ਸਦੀਆਂ ਤੋਂ ਨੀਵੀਂ ਜਾਤੀ ਨਾਲ ਹੋ ਰਿਹਾ ਦੁਰਵਿਵਹਾਰ ਅਜ ਵੀ ਕਿਸੇ ਨਾ ਕਿਸੇ ਰੂਪ ਵਿਚ ਜਾਰੀ ਹੈ।ਰਾਜਨੀਤੀ ਦੀਆਂ ਚਾਲਾਂ ਵਿਚ ਫਸਿਆ ਆਮ ਆਦਮੀ ਬਸ ਕੋਹਲੂ ਦੇ ਬੈਲ ਵਾਲੀ ਜ਼ਿੰਦਗੀ ਜਿਉ ਰਿਹਾ ਹੈ।ਆਮ ਆਦਮੀ ਧਰਮੀ ਏਕਲਵਿਆ ਦੇ ਪੂਰਨਿਆਂ ਤੇ ਚੱਲਦਾ ਹੈ ਪਰ ਸੱਚਾ ਸੁੱਚਾ ਰਹਿਬਰ ਨਹੀਂ ਲੱਭਦਾ।ਏਕਲਵਿਆ ਦਾ ਅੰਗੂਠਾ ਅਜੋਕੀ ਪੀੜ੍ਹੀ ਨੂੰ ਹਿੰਮਤ ਤੇ ਲਗਨ ਨਾਲ ਆਪਣੀ ਅੰਤਰ ਸ਼ਕਤੀ ਨੂੰ ਪੈਦਾ ਕਰਨ ਦਾ ਸ਼ੰਦੇਸ਼ ਦਿੰਦਾ ਹੈ।ਨਡਾਲੋਂ ਦੀ ਇਸ ਰਚਨਾ ਦੀ ਸ਼ਲਾਘਾ ਕਰਨੀ ਬਣਦੀ ਹੈ ਜਿਸ ਨੇ ਭੁੱਲੇ ਵਿਸਰੇ ਮਹਾਨ ਪਾਤਰ ਦੀ ਮਹਾਨਤਾ ਨੂੰ ਉਜਾਗਰ ਕੀਤਾ ਹੈ।
ਸੰਪਰਕ: +91 98150 18947