ਧਰਤੀ ਸਵਰਗ ਕਿਵੇਂ ਬਣੇ?
Posted on:- 24-02-2015
ਰੀਵਿਊਕਾਰ: ਬਲਜਿੰਦਰ ਮਾਨ
ਸੰਪਰਕ: +91 98150 18947
ਸੰਪਾਦਕ: ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਨ: ਸੰਗਮ ਪਬਲੀਕੇਸ਼ਨਜ ਪਟਿਆਲਾ, ਪੰਨੇ:136, ਮੁੱਲ:100 /-
ਬਾਲ ਸਾਹਿਤ ਦੇ ਸੰਪਾਦਨ ਤੇ ਪ੍ਰਕਾਸ਼ਨ ਦਾ ਕਾਰਜ ਕਰਨਾ ਆਪਣੇ ਆਪ ਵਿਚ ਸਮਾਜ ਦੀ ਭਲਾਈ ਦਾ ਕਾਰਜ ਹੈ।ਕਾਰਨ ਇਹ ਹੈ ਕਿ ਇਸ ਕਾਰਜ ਵਿਚ ਕੋਈ ਬਿਜਨਸ ਨਹੀਂ ਹੈ ਅਤੇ ਸਾਡੇ ਅਧਿਆਪਕ, ਮਾਪੇ ਅਤੇ ਸਰਕਾਰ ਇਸ ਪ੍ਰਤੀ ਸੁਹਿਰਦ ਭੂਮਿਕਾ ਅਦਾ ਨਹੀਂ ਕਰ ਰਹੇ।ਬਹੁਤ ਥੋੜੇ ਲੋਕ ਸਿਰ ਧੜ ਦੀ ਬਾਜੀ ਲਾ ਕੇ ਇਸ ਖੇਤਰ ਵਿਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।ਪ੍ਰੋੜ ਸਾਹਿਤਕਾਰਾਂ ਦੇ ਨਾਲ ਨਾਲ ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨਾ ਹੋਰ ਵੀ ਮਹੱਤਵਪੂਰਨ ਕਾਰਜ ਹੈ।ਬਾਲ ਰਸਾਲਿਆਂ ਵਿਚ ਬੱਚਿਆਂ ਦੀਆਂ ਕਿਰਤਾਂ ਨੂੰ ਥਾਂ ਮਿਲਦੀ ਹੈ।ਪਰ ਜਸਪ੍ਰੀਤ ਸਿੰਘ ਨੇ ਬੜੀ ਮਿਹਨਤ ਨਾਲ ਹੱਥਲੀ ਪੁਸਤਕ ‘ਧਰਤੀ ਸਵਰਗ ਕਿਵੇਂ ਬਣੇ?’ ਵਿਚ 25 ਸਾਲ ਤਕ ਦੀ ਉਮਰ ਦੇ 44 ਸਾਹਿਤਕਾਰਾਂ ਨੂੰ ਸ਼ਾਮਿਲ ਕੀਤਾ ਹੈ।ਜਿਨਾਂ ਨੇ ਕਵਿਤਾ, ਕਹਾਣੀ, ਲੇਖ ਅਤੇ ਬਾਲ ਇਕਾਂਗੀਆਂ ਦੀ ਸਿਰਜਣਾ ਕੀਤੀ ਹੈ।
2008 ਵਿਚ ਜਸਪ੍ਰੀਤ ਨੇ ‘ਤਾਰੇ ਭਲ਼ਕ ਦੇ’ ਪੁਸਤਕ ਨੂੰ ਸੰਪਾਦਿਤ ਕੀਤਾ ਸੀ।ਉਸੇ ਲੜੀ ਤਹਿਤ ਬੱਚਿਆਂ ਦੀਆਂ ਰਚਨਾਵਾਂ ਦਾ ਇਹ ਗੁਲਦਸਤਾ ਉਸਦੀ ਦੂਜੀ ਪੁਸਤਕ ਹੈ।ਇਸਤੋਂ ਇਲਾਵਾ ਵੀ ਉਸਨੇ ਦਰਜਨਾਂ ਪੁਸਤਕਾਂ ਦਾ ਸੰਪਾਦਨ ਅਤੇ ਸਿਰਜਣਾ ਕੀਤੀ ਹੈ।ਆਮ ਗਿਆਨ ਦੀਆਂ ਪੁਸਤਕਾਂ ਦੀ ਸੰਪਾਦਨਾ ਵਿਚ ਉਸਦੀ ਅਹਿਮ ਥਾਂ ਹੈ।ਉਹ ਇਕ ਖੋਜੀ ਸਾਹਿਤਕਾਰ ਹੈ ਜੋ ਸਮਾਜ ਨੂੰ ਆਪਣੀਆਂ ਕਿਰਤਾਂ ਨਾਲ ਸ਼ਿੰਗਾਰ ਰਿਹਾ ਹੈ।
ਹੱਥਲੀ ਪੁਸਤਕ ਦੇ ਪੰਨੇ ਪਰਤੀਏ ਤਾਂ ਹਰ ਪੰਨੇ ਤੋਂ ਨਵੀਂ ਨਿਵੇਕਲੀ ਸਾਹਿਤਕ ਮਹਿਕ ਆ ਰਹੀ ਹੈ।ਇਸ ਵਿਚ ਸ਼ਾਮਲ ਹਰ ਲੇਖਕ ਨੇ ਆਪਣੀ ਉਤਮ ਰਚਨਾ ਨੂੰ ਸ਼ਾਮਲ ਕਰਨ ਦਾ ਯਤਨ ਕੀਤਾ ਹੈ।ਕਵਿਤਾ ਕਹਾਣੀ ਇਕਾਂਗੀ ਅਤੇ ਲੇਖ ਦਾ ਮਿਆਰ ਪੜ੍ਹਨ ਉਪਰੰਤ ਸਮੱਸ਼ਟ ਹੋ ਜਾਂਦਾ ਹੈ।ਬਹੁਤੇ ਲੇਖਕਾਂ ਨੇ ਭਖਦਾ ਮਸਲੇ ਮਾਦਾ ਭਰੂਣ ਹੱਤਿਆ,ਨਸ਼ੇ, ਪ੍ਰਦੂਸ਼ਣ ਅਤੇ ਭ੍ਰਿਸ਼ਟਾਚਾਰੀ ਨੂੰ ਆਪਣੀ ਕਿਰਤਾਂ ਵਿਸ਼ਾ ਵਸਤੂ ਬਣਾਇਆ ਹੈ।ਇਹ ਰਚਨਾਵਾਂ ਸਾਡੇ ਸਮਾਜ ਨੂੰ ਚੰਗੇਰੇ ਭਵਿੱਖ ਲਈ ਤਿਆਰ ਕਰਦੀਆਂ ਹਹਨ।ਧਰਤੀ ਨੂੰ ਸਵਰਗ ਬਨਾਉਣ ਦਾ ਉਦੇਸ਼ ਕਿਵੇਂ ਪੂਰਾ ਹੋ ਸਕਦਾ ਹੈ।ਇਸ ਵਾਸਤੇ ਹਰ ਮਾਪੇ ਅਧਿਆਪਕ ਅਤੇ ਸਰਕਾਰਾਂ ਤੇ ਸਮਾਜ ਨੂੰ ਇਮਾਨਦਾਰੀ ਕਾਰਜ ਕਰਨਾ ਹੋਵੇਗਾ।ਬੜੇ ਖਤਰਨਾਕ ਨਤੀਜਿਆਂ ਨੂੰ ਇਹ ਪੁਸਤਕ ਸਾਡੇ ਰੂ-ਬਰੂ ਕਰਦੀ ਹੈ।ਜਿਸ ਦੇ ਪਾਠ ਨਾਲ ਸਾਨੂੰ ਚੇਤਨ ਹੋ ਕੇ ਕਾਰਜ ਕਰਨ ਦੀ ਪ੍ਰੇਰਨਾ ਮਿਲਦੀ ਹੈ।ਇਸ ਪ੍ਰੇਰਨਾਦਾਇਕ ਪੁਸਤਕ ਵਿਚ ਅਠਾਰਾਂ ਕਵਿਤਾਵਾਂ, ਦਸ ਕਹਾਣੀਆਂ, ਤਿੰਨ ਇਕਾਂਗੀ ਅਤੇ ਤੀਹ ਲੇਖ ਦਰਜ ਹਨ।ਇਹਨਾਂ ਕੁੱਲ 61 ਸਾਹਿਤਕ ਵੰਨਗੀਆਂ ਦੇ ਕੁੱਲ 44 ਸਿਰਜਕ ਹਨ।ਇਹਨਾਂ ਸਾਹਿਤ ਦੇ ਸਿਰਜਕਾਂ ਦੀਆਂ ਕਿਰਤਾਂ ਤੋਂ ਭਰਪੂਰ ਆਸ ਬੱਝਦੀ ਹੈ ਕਿ ਸਾਡੀ ਸਾਹਿਤਕ ਵਿਰਾਸਤ ਨੂੰ ਇਹ ਨਵੀਆਂ ਲੀਹਾਂ ਪ੍ਰਦਾਨ ਕਰਨਗੇ।ਕੁੱਝ ਕੁ ਤਾਂ ਅਖਬਾਰਾਂ ਰਸਾਲਿਆਂ ਵਿਚ ਨਿਰੰਤਰ ਛਪਣ ਬਾਲੇ ਲੇਖਕ ਹਨ।ਜਸਪ੍ਰੀਤ ਨੂੰ ਇਸ ਗਲ ਦਾ ਦੁੱਖ ਹੈ ਕਿ ਇਸ ਪੁਸਤਕ ਵਿਚ ਸਿਰਫ 44 ਬਾਲ ਤੇ ਨੌਜਵਾਨ ਲੇਖਕ ਸ਼ਾਮਿਲ ਹੋਏ ਜਦ ਕਿ 2008 ਵਿਚ 130 ਲੇਖਕਾਂ ਦੀ ਗਿਣਤੀ ਸੀ।ਇਸਦੇ ਕਾਰਨ ਵੀ ਲੱਭਣ ਦੀ ਲੋੜ ਹੈ।
ਨਸ਼ਿਆਂ ਵਿਚ ਡੁੱਬੇ ਪੰਜਾਬ ਦਾ ਦੁੱਖ ਦਰਦ ਇਹਨਾਂ ਰਚਨਾਵਾਂ ਵਿਚ ਸਭ ਤੋਂ ਵੱਧ ਉਭਰਿਆ ਹੈ।ਇਸ ਲਈ ਜੇਕਰ ਅਸੀਂ ਧਰਤੀ ਨੂੰ ਸਵਰਗ ਬਨਾਉਣਾ ਚਾਹੁੰਦੇ ਹਨ ਤਾਂ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਪੂਰੀ ਤੰਨ ਦੇਹੀ ਨਾਲ ਨਿਭਾਉਣਾ ਹੋਵੇਗਾ।ਜਸਪ੍ਰੀਤ ਸਿੰਘ ਜਗਰਾੳਂ ਦੀ ਇਹ ਮਿਹਨਤ ਨੂੰ ਤਦ ਹੀ ਸਾਰਥਕ ਹੋ ਸਕੇਗੀ ਜੇਕਰ ਅਸੀਂ ਪੁਸਤਕ ਨੂੰ ਬਾਲ ਪਾਠਕਾਂ ਦੇ ਹੱਥਾਂ ਤਕ ਪੁੱਜਦੀ ਕਰੀਏ।ਪੁਸਤਕ ਬੜੀ ਮਿਹਨਤ ਨਾਲ ਤਿਆਰ ਕੀਤੇ ਜਾਣ ਦੇ ਬਾਵਜਦੂ ਚਿੱਤਰ ਨਹੀਂ ਛਾਪੇ ਗਏ।ਜਦਕਿ ਬਾਲ ਸਾਹਿਤ ਦੀ ਰੂਹ ਚਿੱਤਰਾਂ ਵਿਚ ਹੀ ਹੁੰਦੀ ਹੈ।ਕਿੰਨਾ ਚੰਗਾ ਹੁੰਦਾ ਜੇਕਰ ਇਸ ਪੁਸਤਾਕ ਨੂੰ ਬੱਚਿਆਂ ਤਕ ਹੀ ਸੀਮਤ ਕੀਤਾ ਜਾਂਦਾ।18 ਸਾਲ ਤੋਂ ਬਾਅਦ 25 ਤਕ ਦੇ ਸਾਹਿਤ ਸਿਰਜਕਾਂ ਦੀ ਸੋਚ ਦਾ ਅੰਤਰ ਨਹੀਂ ਲੱਭ ਰਿਹਾ।ਇਸ ਪੁਸਤਕ ਨੂੰ ਦੋ ਭਾਗਾਂ ਵਿਚ ਛਾਪਿਆਂ ਜਾਂਦਾ ਤਾਂ ਇਸਦੇ ਮੁੱਲ ਵਿਚ ਹੋਰ ਵਾਧਾ ਹੋ ਜਾਣਾ ਸੀ।ਲੇਖਕਾਂ ਦਾ ਪੂਰਾ ਪਤਾ ਫੋਨ ਸਮੇਤ ਛਾਪ ਕੇ ਉਹਨਾਂ ਨਾਲ ਸੰਪਰਕ ਕਰਨਾ ਸਖਾਲਾ ਬਣਾ ਦਿੱਤਾ ਹੈ।ਤਾਰੇ ਭਲ਼ਕ ਦੇ ਭਾਗ ਪਹਿਲਾ ਪੁਸਤਕ ਸਬੰਧੀ ਅਲੋਚਕਾਂ ਦ ਛਾਪੇ ਗਏੇ ਵਿਚਾਰ ਬਾਲ ਸਾਹਿਤ ਦੀ ਸੀਥਤੀ ਅਤੇ ਸੰਭਾਵਨਾਵਾਂ ਨੂੰ ਵੀ ਉਜਾਗਰ ਕਰਦੇ ਹਨ।ਜਸਪ੍ਰੀਤ ਦੁਆਰਾ ਰਚਿਆ ਤੇ ਪੁਸਤਕ ਦੇ ਸੁਰੂ ਵਿਚ ਦਰਜ ਬਾਲ ਗੀਤ ਇਸ ਪੁਸਤਕ ਦਾ ਸਾਰੰਸ਼ ਪੇਸ਼ ਕਰ ਦਿੰਦਾ ਹੈ।ਲੇਖਕਾਂ ਵਲੋਂ ਸਾਨੂੰ ਦਿੱਤੇ ਸਾਂਝੀਵਾਲਤਾ, ਹਿੰਮਤ ,ਲਗਨ, ਇਮਾਨਾਰੀ, ਦੇਸ਼ ਪਿਆਰ, ਸ਼ੁੱਧਤਾ, ਭਾਈਚਾਰਕ ਸਾਂਝ ਦੇ ਸੁਨੇਹੇ ਸੱਚਮੁੱਚ ਹੀ ਧਰਤੀ ਨੂੰ ਸਵਰਗ ਬਣਾ ਸਕਦੇ ਹਨ।ਸੰਪਾਦਕ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਨੀ ਬਣਦੀ ਹੈ।
jyot
good