ਮੇਰੀ ਵਾਈਟ ਹਾਊਸ ਫੇਰੀ: ਵਾਈਟ ਹਾਊਸ ਤੇ ਅਮਰੀਕਾ ਦੀ ਥਾਹ ਪਾਉਣ ਦਾ ਯਤਨ
Posted on:- 17-01-2015
ਰਵਿਊਕਾਰ -ਹਰਜੀਤ ਅਟਵਾਲ ਯੂ. ਕੇ.
ਚਰਨਜੀਤ ਪੰਨੂ ਇਕ ਹੰਢਿਆ ਹੋਇਆ ਪ੍ਰੋੜ ਲੇਖਕ ਹੈ। ਉਸ ਨੇ ਪੰਜਾਬੀ ਸਾਹਿਤ ਦੀ ਲਗਭਗ ਹਰ ਵਿਧਾ ਵਿਚ ਕਲਮ ਅਜ਼ਮਾਈ ਕੀਤੀ ਹੈ। ਕਵਿਤਾ, ਗ਼ਜ਼ਲ, ਗੀਤ, ਕਹਾਣੀ, ਲੇਖ, ਨਾਵਲ ਤੇ ਸਫ਼ਰਨਾਮਾ ਆਦਿ ਸਭ ਲਿਖੇ ਹਨ। ਸਫ਼ਰਨਾਮਿਆਂ ਨੂੰ ਪਾਠਕ ਬਹੁਤ ਦਿਲਚਸਪੀ ਨਾਲ ਪੜਿਆ ਕਰਦੇ ਹਨ ਕਿਉਂਕਿ ਇਹਨਾਂ ਵਿਚ ਤੁਹਾਨੂੰ ਅਣਦੇਖੀਆਂ ਜਗ੍ਹਾਵਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਜਿਨ੍ਹਾਂ ਨੇ ਉਹ ਜਗ੍ਹਾਵਾਂ ਦੇਖੀਆਂ ਵੀ ਹੋਣ ਉਨ੍ਹਾਂ ਦੀ ਜਾਣਕਾਰੀ ਵਿਚ ਹੋਰ ਵੀ ਵਾਧਾ ਹੁੰਦਾ ਹੈ। ਚਲਾਵੀਂਆਂ ਗੱਲਾਂ ਵਾਲੇ ਸਫ਼ਰਨਾਮੇ ਨੂੰ ਵਧੀਆ ਨਹੀਂ ਕਿਹਾ ਜਾ ਸਕਦਾ। ਸਫ਼ਰਨਾਮਾ ਉਹ ਹੀ ਹੁੰਦਾ ਹੈ ਜਿਹੜਾ ਪਾਠਕ ਦੀ ਜਾਣਕਾਰੀ ਵਿਚ ਵਾਧਾ ਕਰੇ। ਚਰਨਜੀਤ ਪੰਨੂ ਦੀ ਇਹ ਕਿਤਾਬ ਭਰਪੂਰ ਜਾਣਕਾਰੀ ਨਾਲ ਭਰੀ ਪਈ ਹੈ।
ਇਹ ਕਿਤਾਬ ਸਾਨੂੰ ਸਿਰਫ਼ ਵਾਈਟ ਹਾਊਸ ਦੇ ਦਰਸ਼ਨ ਹੀ ਨਹੀਂ ਕਰਾਉਂਦੀ ਸਗੋਂ ਸਮੁੱਚੇ ਅਮਰੀਕਾ ਦੇ ਇਤਿਹਾਸ ਦੀ ਜਾਣਕਾਰੀ ਵੀ ਦਿੰਦੀ ਹੈ। ਕਿਵੇਂ 1492 ਈ: ਵਿਚ ਕੋਲੰਬਸ ਇੰਡੀਆ ਲੱਭਦਾ ਲੱਭਦਾ ਅਮਰੀਕਾ ਜਾ ਪੁੱਜਾ ਤੇ ਉਨ੍ਹਾਂ ਲੋਕਾਂ ਨੂੰ ਉਸ ਨੇ ਇੰਡੀਅਨ ਨਾਂ ਦੇ ਦਿਤਾ। ਫਿਰ ਹੌਲੀ ਹੌਲੀ ਹੋਰ ਯੂਰਪੀਅਨ ਮੁਲਕ ਵੀ ਜਾਣ ਲੱਗ ਪਏ। ਇੰਗਲੈਂਡ ਨੇ ਤਾਂ ਜਾ ਕੇ ਪੈਰ ਹੀ ਜਮਾ ਲਏ। ਸੰਨ 1700 ਈ: ਤੱਕ ਅਮਰੀਕਾ ਵਿਚ ਬਾਹਰੋਂ ਜਾ ਕੇ ਵੱਸਣ ਵਾਲਿਆਂ ਦੀਆਂ ਤੇਰਾਂ ਬਸਤੀਆਂ ਵੱਸ ਚੁੱਕੀਆਂ ਸਨ ਜਿਹੜੀਆਂ ਕਿ ਬਾਅਦ ਵਿਚ ਜਾ ਕੇ ਸਟੇਟਾਂ ਬਣੀਆਂ। ਫਿਰ ਹੋਰ ਸਟੇਟਾਂ ਨਾਲ ਜੁੜਦੀਆਂ ਗਈਆਂ ਤੇ ਯੂ. ਐੱਸ. ਏ. ਬਣਦਾ ਗਿਆ।
ਅਮਰੀਕੀ ਸਰਕਾਰ ਦੀ ਨੀਤੀ ਰਹੀ ਹੈ ਕਿ ਦੇਸ਼ ਦੀਆਂ ਸਰਹੱਦਾਂ ਨੂੰ ਵੱਧ ਤੋਂ ਵੱਧ ਫੈਲਾਇਆ ਜਾਵੇ। ਇਸੇ ਕਰ ਕੇ ਹੀ ਅਮਰੀਕੀ ਕਦੇ ਅਲਾਸਕਾ ਖ਼ਰੀਦ ਲੈਂਦੇ, ਕਦੇ ਟੈਕਸਸ ਤੇ ਕਦੇ ਮੈਕਸੀਕੋ ਦੇ ਨਾਲ ਲਗਦਾ ਇਲਾਕਾ। ਪੰਨੂ ਸਾਹਿਬ ਨੇ ਆਪਣਾ ਸਫ਼ਰਨਾਮਾ ਇਤਿਹਾਸ ਦੇ ਨਾਲ ਨਾਲ ਉਸ ਵੇਲੇ ਦੀ ਸਮਾਜਕ ਬਣਤਰ ਤਕ ਵੀ ਫੈਲਾ ਦਿਤਾ ਹੋਇਆ ਹੈ ਕਿ ਕਿਵੇਂ ਕਾਲੇ ਲੋਕਾਂ ਨੂੰ ਅਫ਼ਰੀਕਾ ਤੋਂ ਗ਼ੁਲਾਮ ਬਣਾ ਕੇ ਲਿਆਇਆ ਜਾਂਦਾ ਸੀ, ਕਿਵੇਂ ਸਿਵਲ-ਵਾਰ ਸ਼ੁਰੂ ਹੋਈ। ਅਬਰਾਹਮ ਲਿੰਕਨ ਨੇ ਕਿਵੇਂ ਗੁਲਾਮੀ ਤੋਂ ਨਿਜਾਤ ਦਵਾਈ ਜਿਸ ਦੇ ਬਦਲੇ ਉਸ ਨੂੰ ਕਤਲ ਕਰ ਦਿਤਾ ਗਿਆ ਸੀ। ਅਫ਼ਰੀਕਣ ਲੋਕਾਂ ਨੂੰ ਗ਼ੁਲਾਮ ਬਣਾਉਣ ਵਾਲੀ ਗੱਲ ਨੂੰ ਲੇਖਕ ਸਿੱਖਾਂ ਨਾਲ ਜੋੜਦਾ ਹੈ ਜੋ ਕਿ ਸ਼ਾਇਦ ਕੁੱਝ ਲੋਕਾਂ ਨੂੰ ਪਸੰਦ ਨਾ ਆਵੇ। ਲੇਖਕ ਪਹਿਲਾਂ ਪੂਰੇ ਅਮਰੀਕਾ ਦੀ ਗੱਲ ਕਰਦਾ ਹੈ ਤੇ ਫਿਰ ਵਾਸਿ਼ੰਗਟਨ ਡੀ. ਸੀ. ਵੱਲ ਆ ਜਾਂਦਾ ਹੈ। ਵਾਸਿ਼ੰਗਟਨ ਡੀ. ਸੀ. ਦੀਆਂ ਖ਼ਾਸੀਅਤਾਂ, ਮਸ਼ਹੂਰ ਸ਼ਖ਼ਸੀਅਤਾਂ, ਉੱਥੋਂ ਦੇ ਕੌਮੀ ਸਮਾਰਕ, ਸੈਰਗਾਹਾਂ, ਉੱਥੋਂ ਦਾ ਸਮਾਜਕ ਮਾਹੌਲ, ਸ਼ਹਿਰ ਦਾ ਮੈਟਰੋਪੋਲੀਟਨ ਪ੍ਰਸ਼ਾਸਨ, ਰਾਜਨੀਤਕ ਪਾਰਟੀਆਂ, ਸਾਹਿਤ ਤੇ ਕਲਾ ਨਾਲ ਜੁੜੀਆਂ ਸਰਗਰਮੀਆਂ, ਮੈਟਰੋ, ਟਰੈਫਿਕ-ਨਿਯਮਾਂ, ਉੱਥੋਂ ਦਾ ਮੌਸਮ, ਭੂਗੋਲਿਕ ਸਥਿਤੀ, ਜਨ-ਗਣਨਾ ਤੇ ਹੋਰ ਇਤਿਹਾਸਕ ਘਟਨਾਵਾਂ ਦਾ ਜਿ਼ਕਰ ਅੰਕੜੇ ਦੇ ਕੇ ਕੀਤਾ ਹੋਇਆ ਹੈ। ਵਾਸਿ਼ੰਗਟਨ ਦੇ ਝੰਡੇ ਤੇ ਅਮਰੀਕਾ ਦੇ ਕੌਮੀ ਝੰਡੇ ਬਾਰੇ ਵੀ ਲੇਖਕ ਨੇ ਵਿਸਥਾਰ ਵਿਚ ਲਿਖਿਆ ਹੈ।
ਇਸ ਕਿਤਾਬ ਵਿਚ ਅਮਰੀਕਾ ਭਰ ਦੇ ਮਸ਼ਹੂਰ ਸਮਾਰਕਾਂ ਬਾਰੇ ਵੀ ਭਰਪੂਰ ਜਾਣਕਾਰੀ ਉਪਲਬਧ ਹੈ। ਪੂਰੇ ਅਮਰੀਕਾ ਵਿਚ ਤੇ ਖ਼ਾਸ ਤੌਰ 'ਤੇ ਵਾਸਿ਼ੰਗਟਨ ਡੀ. ਸੀ. ਵਿਚ ਲੇਖਕ ਨੇ ਸਿੱਖਾਂ ਦੀ ਹਾਜ਼ਰੀ ਦਾ ਭਰਪੂਰ ਜਿ਼ਕਰ ਕੀਤਾ ਹੈ। ਸਿੱਖਾਂ ਦੀ ਆਰਥਿਕ ਖ਼ੁਸ਼ਹਾਲੀ ਤੇ ਰਾਜਨੀਤੀ ਵਿਚ ਯੋਗਦਾਨ ਦਾ ਵੀ ਜਿ਼ਕਰ ਹੈ। ਅਬਰਾਹਮ ਲਿੰਕਨ ਦੀ ਸੰਖੇਪ ਜਿਹੀ ਜੀਵਨੀ ਵੀ ਦਿਤੀ ਹੋਈ ਹੈ। ਅਬਰਾਹਮ ਲਿੰਕਨ ਦੇ ਜਿ਼ਕਰ ਬਿਨਾਂ ਤਾਂ ਅਮਰੀਕਾ ਦਾ ਇਤਿਹਾਸ ਬਹੁਤ ਅਧੂਰਾ ਹੋਵੇਗਾ। ਇਵੇਂ ਹੀ ਲੇਖਕ ਨੇ ਡਾ. ਮਾਰਟਨ ਲੂਥਰ ਕਿੰਗ ਬਾਰੇ ਵੀ ਲਿਖਿਆ ਹੈ। ਅਸਲ ਵਿਚ ਕਾਲਿਆਂ ਨੂੰ ਬਰਾਬਰ ਦੇ ਅਧਿਕਾਰ ਦਿਵਾਉਣ ਵਿਚ ਡਾ. ਮਾਰਟਨ ਲੂਥਰ ਕਿੰਗ ਦੀ ਸ਼ਹੀਦੀ ਦਾ ਵੀ ਅਹਿਮ ਰੋਲ ਹੈ। ਡਾ. ਮਾਰਟਨ ਲੂਥਰ ਕਿੰਗ ਦੇ ਕਤਲ ਤੋਂ ਬਾਅਦ ਦੀ ਸਥਿਤੀ ਬਾਰੇ ਵੀ ਲੇਖਕ ਨੇ ਖੂਬ ਜਾਣੂ ਕਰਾਇਆ ਹੈ। ਹੋਰ ਵੀ ਕਈ ਉੱਘੇ ਵਿਅਕਤੀਆਂ ਦਾ ਜਿ਼ਕਰ ਮਿਲਦਾ ਹੈ।
ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦੀ ਰਿਹਾਇਸ਼ਗਾਹ ਤੇ ਦਫ਼ਤਰ ਹੈ। ਲੇਖਕ ਨੇ ਇਸ ਦੇ ਬਣਨ ਤੋਂ ਲੈ ਕੇ ਇਸ ਦੇ ਧੁਰ ਅੰਦਰ ਦੇ ਕਮਰਿਆਂ ਤੱਕ ਦਾ ਭਰਪੂਰ ਵੇਰਵਾ ਦਿਤਾ ਹੈ। ਇਸ ਭਵਨ ਦੇ ਨਿਰਮਾਣ ਬਾਰੇ ਤੇ ਨਿਰਮਾਣ ਦੇ ਰਾਹ ਵਿਚ ਆਉਂਦੀਆਂ ਰੁਕਾਵਟਾਂ ਬਾਰੇ ਵੀ ਲੇਖਕ ਨੇ ਵੇਰਵੇ ਦਿਤੇ ਹਨ। ਇਸ ਵਿਚ ਵਰਤੇ ਹੋਏ ਮੈਟੀਰੀਅਲ ਬਾਰੇ ਗੱਲ ਕਰਦਾ ਲੇਖਕ ਇਸ ਦਾ ਮੁਕਾਬਲਾ ਤਾਜ ਮਹੱਲ ਦੀ ਉਸਾਰੀ ਨਾਲ ਕਰਦਾ ਲਿਖਦਾ ਹੈ ਕਿ ਤਾਜ ਮਹੱਲ ਵਿਚ ਮੁਫ਼ਤ ਦੇ ਮਜ਼ਦੂਰ ਵਰਤੇ ਗਏ ਸਨ। ਇਸ ਭਵਨ ਦੇ ਅੰਦਰਲੇ ਭਾਗਾਂ, ਕੰਧਾਂ ਉੱਪਰ ਲੱਗੇ ਚਿੱਤਰਾਂ, ਇਸ ਅੰਦਰਲੇ ਅਜਾਇਬ ਘਰਾਂ ਬਾਰੇ ਵੀ ਲੇਖਕ ਨੇ ਲਿਖਿਆ ਹੈ। ਇਸ ਦਾ ਨਾਂ ਵਾਈਟ ਹਾਊਸ ਕਿਵੇਂ ਪਿਆ, ਵਰਗੀਆਂ ਜਾਣਕਾਰੀਆਂ ਵੀ ਸ਼ਾਮਲ ਹਨ। ਅਮਰੀਕਾ ਦੇ ਹੋਏ ਸਾਰੇ ਹੀ ਰਾਸ਼ਟਰਪਤੀਆਂ ਬਾਰੇ ਵੀ ਤਫ਼ਸੀਲ ਮਿਲਦੀ ਹੈ। ਅਮਰੀਕਾ ਦੇ ਸੰਵਿਧਾਨ ਬਾਰੇ ਤੇ ਸਰਕਾਰ ਚਲਾਉਣ ਦੇ ਢਾਂਚੇ ਬਾਰੇ ਵੀ ਲੇਖਕ ਨੇ ਕਾਫੀ ਵਿਸਥਾਰ ਵਿਚ ਜਾ ਕੇ ਲਿਖਿਆ ਹੈ। ਇੱਥੋਂ ਦੀ ਜਨਗਣਨਾ ਵਿਚ ਸਿੱਖਾਂ ਦੀ ਅਨੁਪਾਤ ਦਾ ਜਿ਼ਕਰ ਵੀ ਕੀਤਾ ਹੈ। ਗੱਲ ਕੀ ਕਿ ਲੇਖਕ ਨੇ ਵਾਈਟ ਹਾਊਸ ਦਾ, ਵਾਸਿ਼ੰਗਟਨ ਡੀ. ਸੀ. ਦਾ ਤੇ ਅਮਰੀਕਾ ਦਾ ਸ਼ਾਇਦ ਹੀ ਕੋਈ ਪਹਿਲੂ ਛੱਡਿਆ ਹੋਵੇ ਜਿਸ ਦਾ ਜਿ਼ਕਰ ਨਾ ਕੀਤਾ ਹੋਵੇ। ਇਕ ਥਾਂ ‘ਤੇ ਲੇਖਕ ਲਿਖਦਾ ਹੈ,
“ਇਨ੍ਹਾਂ ਦਾ ਰਾਜ ਪ੍ਰਬੰਧ ਵੀ ਬੜਾ ਪਿਆਰਾ ਪਿਆਰਾ ਮਿੱਠਾ ਜ਼ਹਿਰ ਹੈ। ਗੋਲੀ ਮਾਰਨ ਲੱਗੇ ਵੀ ਦੱਸਦੇ ਹਨ ਕਿ ਜਰਾ ਜਿੰਨੀ ਵੀ ਪੀੜ ਨਹੀਂ ਹੋਵੇਗੀ ਤੇ ਮਾਰਨ ਤੋਂ ਬਾਦ ਵੀ ਸੌਰੀ ਆਖਦੇ ਮੁਆਫ਼ੀ ਮੰਗਦੇ ਹਨ ਕਿ ਇਹ ਸਾਡੀ ਜ਼ਿੰਮੇਵਾਰੀ ਸੀ।”
ਇਸ ਕਿਤਾਬ ਵਿਚ ਭਾਰਤੀਆਂ ਦੀ ਖ਼ਾਸ ਤੌਰ ‘ਤੇ ਪੰਜਾਬੀਆਂ ਦੀ ਅਮਰੀਕਾ ਵਿਚ ਆਵੰਦ ਬਾਰੇ ਇਕ ਪੂਰਾ ਚੈਪਟਰ ਹੈ। ਇਹ ਚੈਪਟਰ ਪੰਜਾਬੀਆਂ ਦੇ ਅਮਰੀਕਾ ਵਿਚ ਵੱਸਣ ਦਾ ਇਤਿਹਾਸਕ-ਦਸਤਾਵੇਜ਼ ਹੈ। ਇਹ ਅੱਜ ਦੇ ਪੰਜਾਬੀਆਂ ਦੇ ਜੀਵਨ ਦੇ ਦਰਸ਼ਨ ਵੀ ਕਰਾਉਂਦਾ ਹੈ। ਇਹ ਚੈਪਟਰ ਪੰਜਾਬੀਆਂ ਦੇ ਰਹਿਣ-ਸਹਿਣ ਤੋਂ ਲੈ ਕੇ ਸਰਕਾਰ ਤੋਂ ਨਜਾਇਜ਼ ਫ਼ਾਇਦੇ ਉਠਾਉਣ ਤਕ ਫੈਲਿਆ ਹੋਇਆ ਹੈ। ਜਿਵੇਂ ਲੇਖਕ ਨੇ ਅਮਰੀਕਾ ਦੇ ਹਰ ਪਹਿਲੂ ਨੂੰ ਛੋਹਿਆ ਹੈ ਇਵੇਂ ਪੰਜਾਬੀ ਜਨ-ਜੀਵਨ ਦਾ ਸ਼ਾਇਦ ਹੀ ਕੋਈ ਅਜਿਹਾ ਪਹਿਲੂ ਹੋਵੇ ਜਿਸ ਦਾ ਲੇਖਕ ਨੇ ਆਪਣੀ ਕਿਤਾਬ ਵਿਚ ਜਿ਼ਕਰ ਨਾ ਕੀਤਾ ਹੋਵੇ। ਅਮਰੀਕਾ ਦੇ ਪੰਜਾਬੀਆਂ ਬਾਰੇ ਗੱਲ ਹੋ ਰਹੀ ਹੋਵੇ ਤਾਂ ਗ਼ਦਰੀ ਬਾਬਿਆਂ ਬਾਰੇ ਤਾਂ ਹੋਣੀ ਹੀ ਹੋਈ। ਲੇਖਕ ਨੇ ਗ਼ਦਰੀ ਬਾਬਿਆਂ ਦਾ ਜਿ਼ਕਰ ਜ਼ਰਾ ਭਾਵੁਕ ਹੋ ਕੇ ਕੀਤਾ ਹੈ। ਅਮਰੀਕਾ ਦੇ ਪਹਿਲੇ ਸੈਟਲਰਾਂ ਬਾਰੇ ਵੀ ਵਿਸਥਾਰ ਦਿਤਾ ਹੋਇਆ ਹੈ।
ਇਹ ਸਫ਼ਰਨਾਮਾ ਲੇਖਕ ਦੇ ਵਾਈਟ ਹਾਊਸ ਜਾਣ ਦੇ ਕਾਰਨ ਜਾਂ ਸਬੱਬ, ਤਿਆਰੀਆਂ ਤੋਂ ਸ਼ੁਰੂ ਹੋ ਕੇ ਹਵਾਈ ਸਫ਼ਰ, ਵਾਸਿ਼ੰਗਟਨ ਵਿਚ ਵੱਸਦੇ ਦੋਸਤ-ਰਿਸ਼ਤੇਦਾਰਾਂ ਨਾਲ ਮਿਲਣੀ ਦੇ ਨਿੱਕੇ ਨਿੱਕੇ ਰੋਚਿਕ ਵੇਰਵਿਆਂ ਦੀ ਗੱਲ ਕਰਦਾ ਵਾਪਸੀ ਨਾਲ ਖ਼ਤਮ ਹੁੰਦਾ ਹੈ। ਲੇਖਕ ਹਵਾਈ ਸਫ਼ਰ ਵਿਚ ਆਈਆਂ ਤਬਦੀਲੀਆਂ ਬਾਰੇ ਝਾਤ ਵੀ ਪੁਆਉਂਦਾ ਹੈ। ਲੇਖਕ ਵਾਸਿ਼ੰਗਟਨ ਪੁੱਜ ਕੇ ਉਸ ਸ਼ਹਿਰ ਤੇ ਵਾਈਟ ਹਾਊਸ ਦੇ ਆਲੇ ਦੁਆਲੇ ਦੀ ਖੂਬ ਸੈਰ ਕਰਾਉਂਦਾ ਹੈ। ਇਸ ਵਿਚ ਸਫ਼ਰਨਾਮੇ ਦੀ ਗਵਾਹੀ ਲਈ ਕਾਫੀ ਸਾਰੀਆਂ ਤਸਵੀਰਾਂ ਵੀ ਹਨ ਜੋ ਕਿ ਪੜ੍ਹਤ ਨੂੰ ਹੋਰ ਵੀ ਦਿਲਚਸਪ ਬਣਾਉਂਦੀਆਂ ਹਨ। ਲੇਖਕ ਨੇ ਪਾਠਕ ਦੀ ਦਿਲਚਸਪੀ ਬਣਾਈ ਰੱਖਣ ਲਈ ਕੁੱਝ ਬਾਹਰਲੀਆਂ ਕਹਾਣੀਆਂ ਵੀ ਪਾਈਆਂ ਹਨ। ਗੱਲ ਕਰਦਾ ਕਰਦਾ ਲੇਖਕ ਕੁੱਝ ਚੇਤੇ ਕਰਦਾ ਹੋਇਆ ਆਪਣੇ ਭੂਤਕਾਲ ਵਲ ਵੀ ਸਫ਼ਰ ਕਰਨ ਲੱਗਦਾ ਹੈ। ਉਸ ਨੂੰ ਕਦੇ ਪੁਰਾਣੇ ਜ਼ਮਾਨੇ ਦੀ ਰੇਲ ਗੱਡੀ ਯਾਦ ਆਉਂਦੀ ਹੈ ਤੇ ਕਦੇ ਲੜ ਬੰਨ੍ਹੀਆਂ ਚਨੁਕਰੀਆਂ ਪਰੌਂਠੀਆਂ ਦੀ।
ਚਰਨਜੀਤ ਪੰਨੂ ਦੀ ਇਹ ਕਿਤਾਬ ਪੜ੍ਹਨ-ਯੋਗ ਹੀ ਨਹੀਂ ਸਗੋਂ ਸਾਂਭਣ-ਯੋਗ ਵੀ ਹੈ। ਏਨੀ ਜਾਣਕਾਰੀ ਹੋਰ ਕਿਸੇ ਕਿਤਾਬ ਵਿਚ ਆਮ ਨਹੀਂ ਮਿਲਦੀ। ਘੱਟੋ-ਘੱਟ ਪੰਜਾਬੀ ਵਿਚ ਅਜਿਹੀ ਕਿਤਾਬ ਮੇਰੀ ਨਜ਼ਰ ਵਿਚ ਦੀ ਨਹੀਂ ਲੰਘੀ। ਇਸ ਕਿਤਾਬ ਦੀ ਇਕ ਗੱਲ ਸ਼ਾਇਦ ਕੁੱਝ ਪਾਠਕਾਂ ਨੂੰ ਪਸੰਦ ਨਾ ਆਵੇ। ਉਹ ਇਹ ਕਿ ਸਫ਼ਰਨਾਮੇ ਵਿਚ ਕਈ ਥਾਂਈਂ ਲੇਖਕ ਓਨਾ ਹਾਜ਼ਰ ਨਹੀਂ ਰਹਿੰਦਾ ਜਿੰਨਾ ਰਹਿਣਾ ਚਾਹੀਦਾ ਹੈ। ਸਫ਼ਰਨਾਮੇ ਵਿਚ ਲੇਖਕ ਆਮ ਤੌਰ ‘ਤੇ ਸਾਹਮਣੇ ‘ਦਿਸ ਰਹੇ’ ਦਾ ਜਿ਼ਕਰ ਕਰ ਰਿਹਾ ਹੁੰਦਾ ਹੈ ਜਿਸ ਦਾ ਉਹ ਚਸ਼ਮਦੀਦ ਗਵਾਹ ਬਣ ਰਿਹਾ ਹੁੰਦਾ ਹੈ। ਇੱਥੇ ਲੇਖਕ ਨੇ ਹੋਰਨਾਂ ਸਫਰਨਾਮਾਕਾਰਾਂ ਤੋਂ ਜ਼ਰਾ ਕੁ ਅਲੱਗ ਵਿਧੀ ਵਰਤੀ ਹੈ। ਉਹ ਆਪਣੀ ਹਾਜ਼ਰੀ ਲਵਾ ਕੇ ਉੱਥੋਂ ਦੇ ਤੱਥਾਂ ਤੇ ਅੰਕੜਿਆਂ ਬਾਰੇ ਗੱਲ ਕਰਨ ਲੱਗਦਾ ਹੈ। ਅਜਿਹੀ ਥਾਂਈਂ ਕਈ ਵੇਰਾਂ ਪਾਠਕ ਨੂੰ ਕਹਾਣੀ-ਰਸ ਦੀ ਘਾਟ ਰੜਕਣ ਲੱਗ ਸਕਦੀ ਹੈ ਪਰ ਕਿਤਾਬ ਦੇ ਉਹੀ ਭਾਗ ਬਹੁਤੇ ਅਹਿਮ ਹਨ।
ਸਮੁੱਚੇ ਤੌਰ ਤੇ ਪੰਨੂ ਸਾਹਿਬ ਦਾ ਇਹ ਬਹੁਤ ਵਧੀਆ ਸ਼ਲਾਘਾਯੋਗ ਉਦਮ ਹੈ। ਇਹ ਕਿਤਾਬ ਪੰਜਾਬੀ ਸਾਹਿੱਤ ਵਾਸਤੇ ਇੱਕ ਪ੍ਰਾਪਤੀ ਤੇ ਪਾਠਕਾਂ ਦੇ ਗਿਆਨ ਹਿਤ ਲਾਹੇਵੰਦ ਸਾਬਤ ਹੋਵੇਗੀ, ਮੇਰਾ ਇਹ ਵਿਸ਼ਵਾਸ ਹੈ।
{ਸੰਗਮ ਪਬਲੀਕੇਸ਼ਨ ਪਟਿਆਲਾ ਵੱਲੋਂ ਛਾਪੀ ਇਸ ਸੁੰਦਰ ਕਿਤਾਬ ਦੀ ਕੀਮਤ ਸੋਲਾਂ ਡਾਲਰ ਰੱਖੀ ਗਈ ਹੈ ਤੇ ਇਹ ਲੇਖਕ ਜਾਂ ਛਾਪਕ ਕੋਲੋਂ ਹਾਸਲ ਕੀਤੀ ਜਾ ਸਕਦੀ ਹੈ}