ਪੁਸਤਕ: ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ
ਲੇਖਿਕਾ: ਡਾ. ਰਵਿੰਦਰ ਕੌਰ ‘ਰਵੀ’
ਮੁੱਲ: 500 ਰੁਪਏ, ਪੰਨੇ 288
ਪ੍ਰਕਾਸ਼ਕ: ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
‘ਸੰਗੀਤਾਚਾਰੀਆ: ਭਾਈ ਕਾਨ੍ਹ ਸਿੰਘ ਨਾਭਾ’, ਡਾ. ਰਵਿੰਦਰ ਕੌਰ ਰਵੀ ਦੀ ਇੱਕ ਬਹੁਤ ਹੀ ਮਹੱਤਵਪੂਰਨ ਖੋਜ-ਪੁਸਤਕ ਹੈ ਜਿਸ ਦਾ ਪ੍ਰਕਾਸ਼ਨ ਇਸ ਵਰੇ੍ਹ (2014) ਦੌਰਾਨ ਹੋਇਆ। ਪੁਸਤਕ ਦੀ ਸਮੁੱਚੀ ਰੂਪ ਰੇਖਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਹ ਪੁਸਤਕ, ਡਾ. ਰਵਿੰਦਰ ਕੌਰ ਦੀ ਪੀ-ਐੱਚ.ਡੀ ਦੀ ਡਿਗਰੀ ਨਾਲ ਸੰਬੰਧਿਤ ਖੋਜ-ਪ੍ਰਬੰਧ ਉੱਪਰ ਆਧਾਰਿਤ ਹੈ। ਡਾ. ਰਵਿੰਦਰ ਕੌਰ ਨੇ ਇਸ ਅਣਗੌਲੇ, ਪਰ ਬਹੁਤ ਹੀ ਮਹੱਤਵਪੂਰਨ ਵਿਸ਼ੇ ਉੱਪਰ ਖੋਜ-ਕਾਰਜ ਕਰਕੇ, ਸਿਰਫ਼ ਭਾਈ ਸਾਹਿਬ ਦੇ ਗੌਰਵ ਨੂੰ ਹੀ ਨਹੀਂ ਉਭਾਰਿਆ, ਸਗੋਂ ਇੱਕ ਬਹੁਤ ਹੀ ਸਾਰਥਕ ਵਿਸ਼ੇ ਵਲ ਸਾਡਾ ਧਿਆਨ ਆਕਰਸ਼ਿਤ ਕੀਤਾ ਹੈ। ਸਹੀ ਅਰਥਾਂ ਵਿੱਚ ਇਹ ਪੁਸਤਕ, ਇੱਕ ਸਾਂਭਣਯੋਗ ਇਤਿਹਾਸਕ ਮਹੱਤਵ ਵਾਲਾ ਦਸਤਾਵੇਜ ਹੈ।