ਲੇਖਕ: ਬਾਜ ਸਿੰਘ ਮਹਿਲੀਆ
ਪ੍ਰਕਾਸ਼ਨ: ਭਾਸ਼ਾ ਵਿਭਾਗ ਪੰਜਾਬ, ਪੰਨੇ:29, ਮੁੱਲ:76/-
ਭਾਸ਼ਾ ਵਿਭਾਗ ਪੰਜਾਬ ਵਲੋਂ ਬਾਲ ਸਾਹਿਤ ਦੀ ਪ੍ਰਕਾਸ਼ਿਤ ਪੁਸਤਕ ਦਹਾਕਿਆਂ ਬਾਅਦ ਦੇਖਣ ਨੂੰ ਨਸੀਬ ਹੋਈ ਹੈ।ਧੰਨ ਭਾਗ ਆਖਣਾ ਬਣਦਾ ਹੈ।ਜਿਸ ਵਿਭਾਗ ਨੇ ਸਾਨੂੰ ਭਾਸ਼ਾ ਨਾਲ ਵਿਸ਼ੇਸ਼ ਕਰਕੇ ਬਾਲਾਂ ਨੂੰ ਆਪਣੀ ਮਾਤ ਭਾਸ਼ਾ ਨਾਲ ਜੋੜਨਾ ਹੈ ਉਸ ਵਲੋਂ ਉਪਰਾਲੇ ਮੁੜ ਅਰੰਭੇ ਗਏ ਹਨ।ਜਦ ਕਿ ਪ੍ਰਕਾਸ਼ਨ ਦਾ ਕਾਰਜ ਸਾਲ ਦਰ ਸਾਲ ਹੁੰਦਾ ਰਹਿਣਾ ਚਾਹੀਦਾ ਹੈ।ਇਸ ਵਿਚ ਕਦੀ ਵੀ ਖੜੋਤ ਨਹੀਂ ਆਉਣੀ ਚਾਹੀਦੀ।ਹੱਥਲੀ ਪੁਸਤਕ ‘ਮਿਹਨਤ ਦਾ ਰੰਗ’ ਦੇ ਆਖਰੀ ਕਵਰ ਪੇਜ ਤੇ ਬਾਲ ਕਹਾਣੀ ਸੀਰੀਜ ਦੀਆਂ ਛੇ ਹੋਰ ਕਿਤਾਬਾਂ ਦਾ ਵੀ ਜ਼ਿਕਰ ਹੈ।ਬਾਜ ਸਿੰਘ ਮਹਿਲੀਆ ਬਾਲ ਕਹਾਣੀ ਦੀ ਸਿਰਜਣਾ ਵਿਚ ਨਿਵੇਕਲਾ ਸਥਾਨ ਰੱਖਦਾ ਹੈ।
ਉਹ ਭਾਵੇਂ ਬਹੁਤ ਜਿਆਦਾ ਕਹਾਣੀਆਂ ਨਹੀਂ ਲਿਖਦਾ ਪਰ ਜਿਹੜੀ ਵੀ ਕਹਾਣੀ ਲਿਖਦਾ ਹੈ ਉਹ ਰੌਚਕ ਅਤੇ ਬਾਲ ਮਨਾਂ ਦੇ ਹਾਣ ਦੀ ਹੁੰਦੀ ਹੈ।ਉਸਦੀਆਂ ਬਾਲ ਕਹਾਣੀਆਂ ਦੀ ਪਾਠਕਾ ਵਲੋਂ ਉਡੀਕ ਕੀਤੀ ਜਾਂਦੀ ਹੈ।ਇਹ ਉਸਦੀ ਸਿਰਜਣਾ ਦਾ ਇਕ ਹਾਸਿਲ ਹੈ।ਮੇਰੀ ਜਾਣਕਾਰੀ ਮੁਤਾਬਿਕ ਮਹਿਲੀਆ ਦੀ ਇਹ ਪਹਿਲੀ ਪੁਸਤਕ ਹੀ ਹੈ।ਜਿਸ ਵਿਚ ਚੌਦਾ ਕਹਾਣੀਆਂ ਸ਼ਾਮਿਲ ਕੀਤੀਆਂ ਗਈਆ ਹਨ।ਵਧੀਆ ਪੇਪਰ ਤੇ ਰੰਗਦਾਰ ਚਿੱਤਰਾਂ ਨਾਲ ਛਪੀ ਇਸ ਪੁਸਤਕ ਵਿਚ ਕਹਾਣੀਆਂ ਨਾਲ ਸਿਰਫ ਪੰਜ ਚਿੱਤਰ ਹੀ ਲਾਏ ਗਏ ਹਨ ਜਿਸ ਨਾਲ ਪੁਸਤਕ ਦੀ ਰੋਚੀਕਤਾ ਨੂੰ ਢਾਹ ਲੱਗੀ ਹੈ।ਹਰ ਕਹਾਣੀ ਨਾਲ ਚਿੱਤਰ ਛਪ ਜਾਂਦਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਬਣ ਜਾਂਣੀ ਸੀ।