ਪੁਸਤਕ: ਇੱਕ ਗੰਧਾਰੀ ਹੋਰ -ਨਿਰੰਜਣ ਬੋਹਾ
Posted on:- 21-09-2014
ਲੇਖਕ- ਰਮੇਸ਼ ਸੇਠੀ ਬਾਦਲ
ਪੰਨੇ-100 ਮੁੱਲ-150 ਰੁਪਏ
ਚੇਤਨਾ ਪ੍ਰਕਾਸ਼ਨ , ਲੁਧਿਆਣਾ
ਪੰਜਾਬੀ ਕਹਾਣੀ ਤੇ ਵਾਰਤਕ ਦੇ ਖੇਤਰ ਵਿਚ ਰਮੇਸ਼ ਸੇਠੀ ਬਾਦਲ ਦਾ ਬਹੁਤ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ। ‘ਇਕ ਗੰਧਾਰੀ ਹੋਰ‘ ਉਸ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ ਜਿਸ ਵਿਚ ਉਸ ਦੀਆ 27 ਕਹਾਣੀਆਂ ਸ਼ਾਮਿਲ ਹਨ। ਇਹ ਕਹਾਣੀਆ ਸਮਕਾਲੀ ਸਮਾਜਿਕ ਯਥਾਰਥ ਦੇ ਮਾਨਵੀ ਸੰਦਰਭ ਨੂੰ ਵਿਸ਼ੇਸ਼ ਤੌਰ ‘ਤੇ ਉਜਾਗਰ ਕਰਦੀਆਂ ਹਨ। ਭਾਵੇਂ ਆਜੋਕੀ ਸਮਾਜਿਕ ਤੇ ਆਰਥਿਕ ਵਿਵਸਥਾ ਮਨੁੱਖਤਾਵਾਦ ਦੇ ਵਿਰੋਧ ਵਿਚ ਭੁਗਤ ਰਹੀ ਹੈ ਫਿਰ ਵੀ ਰਮੇਸ਼ ਸੇਠੀ ਦੀਆ ਕਹਾਣੀਆਂ ਸਮਾਜਿਕ ਧਰਤਾਲ ‘ਤੇ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਤਲਾਸ਼ ਲੈਂਦੀਆਂ ਹਨ, ਜਿਹੜੀਆ ਆਜੋਕੇ ਆਪਾ ਧਾਪੀ ਦੇ ਯੁੱਗ ਵਿਚ ਵੀ ਮਨੁੱਖਤਾਵਾਦ ਦੇ ਜਿਉਂਦੇ ਹੋਣ ਦੀ ਪੁਖ਼ਤਾ ਗਵਾਹੀ ਦੇਂਦੀਆਂ ਹਨ।
ਸੰਗ੍ਰਹਿ ਦੀ ਪਹਿਲੀ ਕਹਾਣੀ ‘ ਤੇ ਧੀ ਤੋਰ ਦਿੱਤੀ‘ ਕਹਾਣੀਕਾਰ ਤੇ ਉਸਦੀ ਪਾਠਕ ਦੀਪਾ ਵਿਚਕਾਰ ਮਾਨਵੀ ਧਰਤਾਲ ਤੇ ਉਸਰੇ ਪਿਉ- ਧੀ ਦੇ ਸਬੰਧਾਂ ਨੂੰ ਰੂਪਮਾਨ ਕਰਦੀ ਹੈ ਤਾਂ ਕਹਾਣੀ ਇਕ ‘ਵਿਸ਼ਵਜੋਤੀ ਹੋਰ‘ ਔਲਾਦ ਤੇ ਮਾਂ ਬਾਪ ਵਿਚਕਾਰ ਟੁੱਟਦੇ ਜਾ ਰਹੇ ਭਾਵਨਾਤਮਕ ਰਿਸ਼ਤੇ ਵਿਚ ਮੁੜ ਤੋਂ ਮੋਹ-ਮਹੁੱਬਤ ਦੇ ਰੰਗ ਭਰਦੀ ਹੈ। ਕਹਾਣੀ ‘ਮਾਂ ਦੀਆ ਆਦਰਾਂ, ‘ਇਕ ਗੰਧਾਰੀ ਹੋਰ‘,ਤੇ ‘ਤੇਰਾ ਭਾਣਾ‘ ਵੀ ਔਲਾਦ ਦੇ ਮਾਪਿਆਂ ਦੇ ਰਿਸ਼ਤੇ ਵਿਚਲੀ ਸਦੀਵਤਾ ਤੇ ਸਜੀਵਤਾ ਨੂੰ ਹੀ ਉਭਾਰਦੀਆਂ ਹਨ । ਕਹਾਣੀ ‘ਇਨਸਾਨੀਅਤ‘ ਇਸ ਸੱਚ ਦੀ ਨਿਸ਼ਾਨਦੇਹੀ ਕਰਦੀ ਹੈ ਇਨਸਾਨੀਅਤ ਹਰ ਕਾਲ ਤੇ ਹਰ ਹਾਲ ਵਿਚ ਆਪਣੀ ਹੋਂਦ ਕਾਇਮ ਰੱਖਦੀ ਹੈ । ਕਹਾਣੀ ਅਨੁਸਾਰ ਪੰਜਾਬ ਸੰਕਟ ਦੇ ਕਾਲੇ ਦੌਰ ਵਿਚ ਵੀ ਮਨੁੱਖਤਾ ਦੇ ਅਜਿਹੇ ਉਪਾਸਕ ਮੌਜੂਦ ਰਹੇ ਹਨ ਜਿਹਨਾਂ ਆਪਣੀਆ ਜਾਨਾਂ ਦੀ ਪ੍ਰਵਾਹ ਨਾ ਕਰਕੇ ਦੂਸਰੇ ਫਿਰਕੇ ਦੇ ਲੋਕਾਂ ਦੀ ਰੱਖਿਆ ਕੀਤੀ।
ਸੰਗ੍ਰਹਿ ਦੀਆ ਕਹਾਣੀਆਂ ਨਾਰੀ ਮਨ ਦੀ ਵੇਦਨਾ ਤੇ ਸੰਵੇਦਨਾ ਦੀਆ ਵੱਖ ਵੱਖ ਪਰਤਾਂ ਵੀ ਉਘੇੜਦੀਆ ਹਨ ਤੇ ਉਹਨਾਂ ਦੇ ਹੱਕਾਂ ਤੇ ਹਿੱਤਾਂ ਦੀ ਅਵਾਜ਼ ਵੀ ਬਣਦੀਆਂ ਹਨ। ਕਹਾਣੀ ‘ਪੱਥਰ ਕੌਣ‘ ਤੇ ‘ਛੰਨੋ‘ ਅਨੁਸਾਰ ਮਾਪਿਆਂ ਦਾ ਦੁੱਖ ਦਰਦ ਵੰਡਾਉਣ ਦੇ ਮਾਮਲੇ ਵਿਚ ਪੁੱਤਰਾਂ ਦੇ ਮੁਕਾਬਲੇ ਧੀਆਂ ਹੀ ਅੱਗੇ ਰਹਿੰਦੀਆਂ ਹਨ । ਇਸੇ ਸੰਦਰਭ ਵਿਚ ਕਹਾਣੀ ‘ਕੰਨਿਆਦਾਨ‘ ਧੀਆਂ ਨੂੰ ਕੁੱਖ ਵਿਚ ਕਤਲ ਕਰਵਾਉਣ ਦੀ ਅਮਾਨਵੀ ਸੋਚ ਵਿਰੁੱਧ ਲੋਕ ਰਾਇ ਤਿਆਰ ਕਰਦੀ ਹੈ। ਕਹਾਣੀ ‘ਨਾ ਰਾਧਾ ਨਾ ਰੁਕਮਣੀ‘ ਔਰਤ ਅੰਦਰਲੀ ਘਰ ਪਰਿਵਾਰ ਪ੍ਰਤੀ ਸਮਰਪਿਤ ਹੋਣ ਦੀ ਭਾਵਨਾਂ ਪ੍ਰਤੀ ਸਤਿਕਾਰ ਪੇਸ਼ ਕਰਦੀ ਹੈ। ਕਹਾਣੀ ‘ਤਾਕਤ ਦੇ ਟੀਕੇ‘ ਦੀ ਬਜ਼ੁਰਗ ਪਾਤਰ ਦਾਦੀ ਦੀ ਸਿਹਤਯਾਬੀ ਲਈ ਡਾਕਟਰਾਂ ਦੀ ਦਵਾਈ ਨਾਲੋ ਪੋਤੇ ਪੋਤੀਆ ਦਾ ਪਿਆਰ ਵਧੇਰੇ ਅਸਰਦਾਇਕ ਸਾਬਤ ਹੁੰਦਾ ਹੈ।
ਬਹੁਤ ਸਾਰੀਆਂ ਕਹਾਣੀਆਂ ਵਿਚ ਲੇਖਕ ਖੁਦ ਇਕ ਪਾਤਰ ਵਜੋਂ ਵਿਚਰਦਾ ਹੈ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਹਨਾਂ ਕਹਾਣੀਆਂ ਵਿਚਲਾ ਅਨੁਭਵ ਉਸ ਦਾ ਹੱਡੀ ਹੰਡਾਇਆ ਹੈ। ਸਾਰੀਆਂ ਕਹਾਣੀਆਂ ਇਕਿਹਰੀ ਬਣਤਰ ਦੀਆਂ ਹਨ , ਇਸ ਲਈ ਆਜੋਕੀ ਬਹੁ ਪਰਤੀ ਨਵੀਂ ਕਹਾਣੀ ਨਾਲੋਂ ਕੁਝ ਵੱਖਰੀ ਪਹਿਚਾਣ ਰੱਖਦੀਆਂ ਹਨ । ਇਹ ਕਹਾਣੀਆ ਵਿਸ਼ੇ ਪੱਖੋਂ ਕਈ ਥਾਈਂ ਦੁਹਰਾ ਦਾ ਵੀ ਸ਼ਿਕਾਰ ਹਨ। ਕੁਲ ਮਿਲਾ ਕੇ ਇਹ ਸੰਗ੍ਰਹਿ ਪੰਜਾਬੀ ਕਹਾਣੀ ਦੇ ਖੇਤਰ ਵਿਚ ਲੇਖਕ ਦੇ ਚੰਗੇ ਭਵਿੱਖ ਦੀ ਸੂਚਨਾ ਦੇਂਦਾ ਹੈ । ਮਨੁੱਖ ,ਮਨੁੱਖਤਾ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਪੱਖ ਪੂਰਦੀਆ ਇਹਨਾਂ ਕਹਾਣੀਆ ਦਾ ਹਾਰਦਿਕ ਸੁਆਗਤ ਹੈ।