ਕਿਤਾਬ ਦਾ ਨਾਮ- ਸੁਪਨੇ ਸੱਚ ਹੋਣਗੇ
ਲੇਖਕ- ਜੋਰਾਵਰ ਸਿੰਘ ਬਾਂਸਲ
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ
ਇਸ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’ ਦੇ ਲੇਖ਼ਕ ਜੋਰਾਵਰ ਸਿੰਘ ਬਾਂਸਲ ਦਾ ਪਹਿਲਾ ਕਹਾਣੀ ਸੰਗ੍ਰਹਿ ‘ਤੜੇੜਾਂ’ਯਥਾਰਥਵਾਦ ਰਾਹੀਂ ਮਨੁੱਖੀ ਰਿਸ਼ਤਿਆਂ ਦੀ ਸੂਖ਼ਮ ਗੱਲ ਕਰਦਾ ਮਨੁੱਖਵਾਦੀ ਸੋਚ ਦੀ ਹਾਮੀ ਭਰਦਾ ਸੀ। ਇਸ ਕਹਾਣੀ ਸੰਗ੍ਰਹਿ ਦੀਆਂ ਕਾਹਣੀਆਂ ਵੀ ਯਥਾਰਥਵਾਦੀ, ਸਮਾਜਿਕ ਅਤੇ ਸਮਾਜ ਦਾ ਮੁੱਖ ਅੰਗ ਪਰਿਵਾਰਕ ਜਿ਼ੰਦਗੀ ਜੀਅ ਰਹੇ ਵਾਸੀ-ਪਰਵਾਸੀ ਪੰਜਾਬੀ ਸਰੋਕਾਰਾਂ ਦੀਆਂ ਕਹਾਣੀਆਂ ਹਨ ‘ਤੇ ਕੋਈ ਅਲੋਕਾਰ ਸ਼ਕਤੀਆਂ ਦੀਆਂ ਗੱਲਾਂ ਨਹੀਂ ਕਰਦੀਆਂ। ਉਹ ਪਰਿਵਾਰਕ ਜਿ਼ੰਦਗੀਆਂ ਵਿਚ ਆਉਂਦੇ ਆਰਥਿਕਤਾ, ਜਾਤੀਵਾਦ ਅਤੇ ਸਾਡੀ ਸੱਭਿਅਤਾ ਵਿਚ ਪੀੜ੍ਹੀ ਦਰ ਪੀੜ੍ਹੀ ਚੱਲਦੀਆਂ ਕੁਝ ਰੂੜ੍ਹੀਵਾਦੀ ਪਰੰਪਰਾਵਾਂ ਨੂੰ ਕਹਾਣੀਆਂ ਦੇ ਪਲਾਂਟ ਦਾ ਹਿੱਸਾ ਬਣਾਉਦਾ ਹੋਇਆ ਔਰਤ ਦੇ ਮਾਨਸਿਕ ਦਰਦ ਦੀ ਗੱਲ ਲੱਗਭਗ ਹਰ ਕਾਹਣੀ ਵਿਚ ਕਰਦਾ ਹੈ। ਕਹਾਣੀਆਂ ਦੇ ਪਾਤਰ ਪਰਿਵਾਰਕ ਜਿ਼ੰਦਗੀ ਗੁਜਾਰਦੇ ਤੇ ਪਾਰਿਵਾਰਕ ਜਿ਼ੰਦਗੀ ਦੀ ਹਰ ਮਰਿਆਦਾ ਵਿਚ ਰੰਗ ਜਾਂ ਰੰਗ ਦਿੱਤੇ ਗਏ ਪਾਤਰ ਹਨ ਜੋ ਕਿਸੇ ਫਿਲਮੀ ਹੀਰੋ ਵਾਂਗ ਬਗਾਵਤ ਨਹੀਂ ਕਰਦੇ ਬਲਕਿ ਹਰ ਤਰ੍ਹਾਂ ਦੀ ਪਰੰਪਰਾਂ ਚਾਹੇ ਉਹ ਰੂੜੀਵਾਦੀ ਹੀ ਹੋਵੇ ਉਸਦਾ ਸਿੱਧਾ ਸਾਹਮਣਾ ਨਹੀਂ ਕਰਦੇ ਬਲਿਕ ਹਰ ਕਹਾਣੀ ਵਿਚ ਉਹ ਸਮਾਜ ਦੇ ਘੇਰੇ ਵਿਚ ਰਹਿਕੇ ਆਖਰ ਮਨੁੱਖਤਾ ਲਈ ਜੀਵਨ ਜਿਊਣ ਦਾ ਉਸਾਰੂ ਰਾਹ ਲੈਕੇ ਆਉਂਦੇ ਹਨ।
ਇਸ ਤੋਂ ਇਲਾਵਾ ਜੋਰਾਵਰ ਸਿੰਘ ਬਾਂਸਲ ਨੂੰ ਪਰਵਾਸੀ ਜੀਵਨ ਦਾ ਬਹੁਤ ਲੰਮਾ ਹੀ ਨਹੀਂ ਬਲਕਿ ਉਮਰ ਦੇ ਉਸ ਮੋੜ ਤੋਂ ਅਨੁਭਵ ਹੈ ਜਦੋਂ ਮਨੁੱਖ ਬਾਲ ਮਨ ਵਿਚੋਂ ਨਿਕਲ ਕੇ ਜਵਾਨੀ ਦੇ ਪਹਿਲੇ ਸੁਪਨੇ ਲੈਣ ਤੋਂ ਬਾਅਦ ਉਹਨਾਂ ਦੀ ਸਕਾਰਤਾ ਲਈ ਪਰ ਤੋਲਣ ਲੱਗਦਾ ਹੈ। ਉਸਦੇ ਸੰਜੀਦਾ ਅਤੇ ਰਚਨਹਾਰੀ ਸੋਚ ਨੇ ਲਿਖ਼ਣ ਦੇ ਨਾਲ-ਨਾਲ ਅਜੇ ਨਾਟਕ ਸਟੇਜਾਂ ਉੱਪਰ ਅੱਜ ਦੇ ਪ੍ਰਸਿੱਧ ਕਮੇਡੀਅਨ ਗੁਰਪ੍ਰੀਤ ਘੁੱਗੀ ਨਾਲ ਪੈਰ ਰੱਖਣਾ ਸ਼ੁਰੂ ਹੀ ਕੀਤਾ ਸੀ ਕਿ ਉਹ ਸਿਰਫ ਵੀਹ ਸਾਲ ਦੀ ਉਮਰ ਵਿਚ ਵਧੀਆ ਭਵਿੱਖ ਦੇ ਸੁਪਨੇ ਲੈਕੇ ਜਰਮਨ ਆ ਗਿਆ। ਪਰਵਾਸੀ ਜੀਵਨ ਦੀ ਸਖ਼ਤ ਮਿਹਨਤ ਕਰਕੇ ਸਾਹਿਤ ਅਤੇ ਕਲਾਕਾਰੀ ਲਗਨ ਦਾ ਪਰਦਾ ਬਿਲਕੁਲ ਬੰਦ ਕਰ ਦਿੱਤਾ।