ਵਿੱਦਿਆ ਤੇ ਵਿਦਿਅਕ ਪ੍ਰਬੰਧ ਪ੍ਰਤੀ ਫਿਕਰਮੰਦ ਹਰ ਸ਼ਖ਼ਸ ਦੇ ਪੜ੍ਹਣਯੋਗ ਦਸਤਾਵੇਜ਼ -ਗੁਰਮੀਤ ਸੁਖਪੁਰਾ
Posted on:- 18-08-2014
ਬੀਤੇ ਦੋ ਵਰ੍ਹਿਆਂ ਤੋਂ ਦੇਸ਼ ਦੇ ਲਗਭਗ 20 ਸੂਬਿਆਂ ਦੀਆਂ ਅਗਾਂਹਵਧੂ ਸ਼ਕਤੀਆਂ ਤੇ ਵਿਦਿਅਕ ਮਾਹਰਾਂ ਦੇ ਸਹਿਯੋਗ ਨਾਲ ਦੇਸ਼ ਪੱਧਰ ‘ਤੇ ‘ਆਲ ਇੰਡੀਆਂ ਫੋਰਮ ਫਾਰ ਰਾਇਟ ਟੂ ਐਜ਼ੂਕੇਸ਼ਨ’, ਬਰਾਬਰ, ਮੁਫ਼ੳਮਪ;ਤ, ਜਮਹੂਰੀ, ਵਿਗਿਆਨਕ ਤੇ ਮਿਆਰੀ ਸਿੱਖਿਆ ਹਾਸਲ ਕਰਨ ਦੀ ਲੜਾਈ ਲੜ੍ਹ ਰਿਹਾ ਹੈ। ਇਸ ਫੋਰਮ ਨੇ ਜੁਲਾਈ 2012 ‘ਚ ਚੇਨੱਈ ਤੋਂ ਸਿੱਖਿਆ ਖੇਤਰ ਨੂੰ ਨਵਉਦਾਰਵਾਰੀ ਤੇ ਹੋਰ ਸੌੜੇ ਹਮਲਿਆਂ ਤੋਂ ਬਚਾਉਣ ਲਈ ‘ਚੇਨੱਈ ਐਲਾਨਨਾਮਾ’ ਜਾਰੀ ਕਰਕੇ ਇਕ ਦੇਸ਼ ਵਿਆਪੀ ਸੰਘਰਸ਼ ਦਾ ਬਿਗਲ ਵਜਾਇਆ ਹੋਇਆ ਹੈ। ਫੋਰਮ ਵੱਲੋਂ ਲਗਾਤਾਰ ਸਮੁੱਚੇ ਭਾਰਤ ਦੇ ਸਿੱਖਿਆ ਸ਼ਾਸ਼ਤਰੀਆਂ, ਅਗਾਂਹਵਧੂ ਅਧਿਆਪਕਾਂ, ਸੂਝਵਾਨ ਵਿਦਿਆਰਥੀਆਂ, ਚੇਤੰਨ ਮਾਪਿਆਂ, ਲੋਕਪੱਖੀ ਲੇਖਕਾਂ ਤੇ ਹੋਰ ਅਗਾਂਹਵਧੂ ਲੋਕਾਂ ਦੀ ਵਿਸ਼ਾਲ ਲਾਮਬੰਦੀ ਕੀਤੀ ਜਾ ਰਹੀ ਹੈ।
ਇਸ ਲਾਮਬੰਦੀ ਦੌਰਾਨ ਗੁਣਾਤਮਕ ਤੇ ਬਰਾਬਰ ਵਿਦਿਅਕ ਵਿਵਸਥਾ ਦੀ ਉਸਾਰੀ ਲਈ ਵਿਦਿਅਕ ਵਰਕਸ਼ਾਪਾਂ, ਮੀਟਿੰਗਾਂ, ਰੈਲੀਆਂ, ਵਿਚਾਰ-ਗੋਸ਼ਟੀਆਂ, ਸੈਮੀਨਾਰ ਆਦਿ ਦੇ ਨਾਲ-ਨਾਲ ਸਿੱਖਿਆ ਖੇਤਰ ਸਬੰਧੀ ਮਹੱਤਵਪੂਰਨ ਲਿਖਤਾਂ ਵਾਲੇ ਪੈੱਫਲਿਟ, ਕਿਤਾਬਚੇ, ਲੀਫਲੈੱਟ ਆਦਿ ਵੀ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਫੋਰਮ ਦਾ ਟੀਚਾ ਹੈ ਕਿ ਸਮਾਨ ਤੇ ਗੁਣਾਤਮਕ ਸਿੱਖਿਆ ਵਿਵਸਥਾ ਲਈ ਸੰਘਰਸ਼ ਨੂੰ ਹੋਰ ਤੇਜ ਕਰਦਿਆਂ ਸਾਲ 2014 ਦੇ ਅਖੀਰ ਤੱਕ ਸਮੁੱਚੇ ਭਾਰਤ ਅੰਦਰ ਵਿਸ਼ਾਲ ਸਿੱਖਿਆ ਯਾਤਰਾ ਕੱਢੀ ਜਾਵੇ।
ਇਹ ਵਿਸ਼ਾਲ ਕਾਫਲਾ ਜਿਸ ਵੀ ਸੂਬੇ ਵਿੱਚੋਂ ਗੁਜਰੇਗਾ, ਉੱਥੇ ਇਸਦੇ ਕੇਂਦਰੀ ਕਮੇਟੀ ਮੈਂਬਰ ਵਿਦਿਅਕ ਵਰਕਸ਼ਾਪਾਂ ਤੇ ਸੈਮੀਨਾਰ ਅਯੋਜਿਤ ਕਰਨਗੇ। ਵਿੱਦਿਆ ਅਤੇ ਵਿਦਿਅਕ ਪ੍ਰਬੰਧ ‘ਤੇ ਚਾਣਨਾ ਪਾਉਂਦਾ ਇਕ ਨਾਟਕ ਜੋ ਪੰਜਾਬ ਦੀ ਇਕ ਨਾਮਵਰ ਨਾਟਕ ਟੀਮ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਉਸਦਾ ਵੱਖ-ਵੱਖ ਭਸ਼ਾਵਾਂ ਵਿੱਚ ਉਲੱਥਾ ਕਰਕੇ ਸਮੁੱਚੇ ਭਾਰਤ ‘ਚ ਉਸਦਾ ਮੰਚਨ ਕੀਤਾ ਜਾਵੇਗਾ।
ਇਸ ਵੱਡੇ ਜਰੂਰੀ ਕਾਜ਼ ਦੇ ਅੰਗ ਵਜੋਂ ਬੀਤੀ 13 ਜੁਲਾਈ ਨੂੰ ਮੁਲਾਂਪੁਰ ਵਿਖੇ ‘ਸਿੱਖਿਆ ਉੱਪਰ ਬਜ਼ਾਰੀਕਰਨ/ਵਪਾਰੀਕਰਨ ਦਾ ਹਮਲਾ ਤੇ ਸਮਾਨ ਸਕੂਲ ਵਿਵਸਥਾ ਦੇ ਨਿਰਮਾਣ ਦੀ ਲੜਾਈ’ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ।
ਸੈਮੀਨਾਰ ਨੂੰ ਫੋਰਮ ਦੇ ਪ੍ਰੀਜ਼ੀਡੀਅਮ ਮੈਂਬਰਾਂ ਨੇ ਸੰਬੋਧਿਤ ਕੀਤਾ। ਇਸ ਸੈਮੀਨਾਰ ਦੌਰਾਨ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਵੱਲੋਂ ਜਾਰੀ ਕੀਤਾ ਕਿਤਾਬਚਾ ‘ਸਿੱਖਿਆ ‘ਚ ਪੀ.ਪੀ.ਪੀ. ਪਬਲਿਕ ਪ੍ਰਾਇਵੇਟ ਹਿੱਸੇਦਾਰੀ ਜਾਂ ਨਵਉਦਾਰਵਾਦੀ ਲੁੱਟ ਅਤੇ ਚੇਨੱਈ ਐਲਾਨਨਾਮਾ’ ਰਿਲੀਜ਼ ਕੀਤਾ ਗਿਆ। ਇਸ ਕਿਤਾਬਚੇ ‘ਚ ਫੋਰਮ ਦੇ ਕੌਮੀ ਪ੍ਰਧਾਨ ਤੇ ਪ੍ਰਸਿੱਧ ਚਿੰਤਕ, ਸਿੱਖਿਆ ਸ਼ਾਸਤਰੀ ਡਾ. ਅਨਿਲ ਸਦਗੋਪਾਲ ਨਾਲ ਸ਼੍ਰੀ ਦੀਪੇਂਦਰ ਬਘੇਲ ਅਤੇ ਸੁਸ਼੍ਰੀ ਸ਼ਸ਼ੀ ਮੋਰੀਆ ਵੱਲੋਂ ਕੀਤੀ ਗਈ ਇੰਟਰਵਿਊ ਅਤੇ ਫੋਰਮ ਵੱਲੋਂ ਜਾਰੀ ‘ਚੇਨੱਈ ਐਲਾਨਨਾਮਾ’ ਦਾ ਕੰਵਲਜੀਤ ਖੰਨਾ ਤੇ ਹਰਕੇਸ਼ ਚੌਧਰੀ ਵੱਲੋਂ ਕੀਤਾ ਪੰਜਾਬੀ ਅਨੁਵਾਦ ਦਿੱਤਾ ਗਿਆ ਹੈ। ਕਿਤਾਬਚੇ ਦੇ ਪ੍ਰਕਾਸ਼ਕ ਫੋਰਮ ਦੇ ਪ੍ਰੀਜ਼ੀਡੀਅਮ ਮੈਂਬਰ ਕੰਵਲਜੀਤ ਖੰਨਾ ਤੇ ‘ਇਨਕਲਾਬੀ ਨੌਜਵਾਨ’ ਦੇ ਸੰਪਾਦਕ ਮਨਦੀਪ ਹਨ। ਕਿਤਾਬਚੇ ਦੀ ਸ਼ੁਰੂਆਤੀ ਪ੍ਰਸਤਾਵਨਾ ‘ਚ ਅਦਾਰਾ ‘ਇਨਕਲਾਬੀ ਨੌਜਵਾਨ’ ਵੱਲੋਂ ਸਿੱਖਿਆ ਖੇਤਰ ‘ਤੇ ਹੋ ਰਹੇ ਨਵਉਦਾਰਵਾਦੀ ਹਮਲਿਆਂ ਖਿਲਾਫ ਇਕਜੁੱਟ ਹੋਣ ਦੀ ਲੋੜ ਅਤੇ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ। ਕਿਤਾਬਚੇ ਦੇ ਪਹਿਲੇ ਭਾਗ ‘ਚ ਸ਼ਾਮਲ ਡਾ. ਅਨਿਲ ਸਦਗੋਪਾਲ ਨਾਲ ਇੰਟਰਵਿਊ (ਜੋ ਕਿ 78 ਸਫਿਆਂ ਦੇ ਅੱਠ ਖੰਡਾਂ ‘ਚ ਦਰਜ ਹੈ) ਹਰ ਇਨਸਾਨ ਦੀਆਂ ਅੱਖਾਂ ਖੋਲ੍ਹ ਦੇਣ ਵਾਲੇ ਗਿਆਨ ਨਾਲ ਭਰੀ ਹੋਈ ਹੈ। ਲੱਗਭੱਗ 20 ਪੁਸਤਕਾਂ ਦੇ ਦੀਰਘ ਅਧਿਐਨ ਤੇ ਹਵਾਲਿਆਂ ਨਾਲ ਸਵਾਲਾਂ ਦੇ ਦਿੱਤੇ ਜਵਾਬ ਥੋੜੇ ਲਫਜਾਂ ‘ਚ ਬਹੁਤ ਕੁਝ ਕਹਿ ਰਹੇ ਹਨ।
ਇੰਟਰਵਿਊ ਦੇ ਪਹਿਲੇ ਖੰਡ ‘ਚ ‘ਪੀਪੀਪੀ ਦੇ ਰਾਜਨੀਤਿਕ ਅਰਥਸ਼ਾਸ਼ਤਰ’ ਨੂੰ ਸਾਮਰਾਜਵਾਦੀ ਵਿੱਤੀ ਪੂੰਜੀ ਤੇ ਉਸਦੇ ਏਕਾਧਿਕਾਰ ਸੰਗਠਨਾਂ ਦੀ ਮੁਕਾਬਲੇਬਾਜ਼ੀ ਤੇ ਲੋਟੂ ਹਿੱਤਾਂ ਤਹਿਤ ਸਿੱਖਿਆ ਖੇਤਰ ਦੇ ਹੁੰਦੇ ਉਜਾੜੇ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ ਹੈ। ਦੂਜੇ ਭਾਗ ‘ਚ ‘ਪੀਪੀਪੀ ਤੇ ਸਿੱਖਿਆ ਦੇ ਬਦਲਦੇ ਰਿਸ਼ਤੇ-ਇਤਿਹਾਸ ਦੇ ਆਇਨੇ ‘ਚ’ 1835 ਤੋਂ ਮੈਕਾਲੇ ਵੱਲੋਂ ਲਿਆਂਦੀ ਵਿਦਿਅਕ ਨੀਤੀ ਤੋਂ ਲੈ ਕੇ ਹੁਣ ਤੱਕ ਦੀਆਂ ਸਿੱਖਿਆ ਨੀਤੀਆਂ ‘ਤੇ ਝਾਤ ਪੁਆਈ ਗਈ ਹੈ। ਖੰਡ ਤਿੰਨ ‘ਸਿੱਖਿਆ ‘ਚ ਧਨ ਦੀ ਕਮੀ : ਦੀ ਨਵਉਦਾਰਵਾਦੀ ਮਿੱਥ’ ਦੇ ਝੂਠ ਤੋਂ ਪਰਦਾ ਲਾਹੁਣ ਵਾਲੇ ਤੱਥਾਂ ਤੋਂ ਜਾਣੂ ਕਰਵਾਉਂਦਾ ਹੈ। ਇਸੇ ਤਰ੍ਹਾਂ ਇੰਟਰਵਿਊ ਦੇ ਚੌਥੇ ਹਿੱਸੇ ‘ਚ ‘ਵਿੱਦਿਆ ਦੇ ਉਦੇਸ਼ਾਂ, ਕਦਰਾਂ-ਕੀਮਤਾਂ ਤੇ ਪੜ੍ਹਾਈ ਉੱਤੇ ਬਾਜ਼ਾਰ ਦੇ ਹਮਲੇ’ ਸਬੰਧੀ ਜਾਣਕਾਰੀ ਸ਼ਾਮਲ ਕਰਦੇ ਹੋਏ ਸਿੱਖਿਆ ਦੇ ਲਗਾਤਾਰ ਡਿੱਗ ਰਹੇ ਮਿਆਰ, ਘੱਟ ਰਹੀ ਗੁਣਵੱਤਾ, ਵਿੱਦਿਆ ਦੇ ਬਾਜ਼ਾਰੀਕਰਨ ਆਦਿ ਬਾਰੇ ਵਧੀਆ ਉਲੇਖ ਕੀਤਾ ਹੋਇਆ ਹੈ।
ਪੰਜਵਾਂ ਖੰਡ ‘ਵਾਊਚਰ ਸਕੂਲ; ਸੰਵਿਧਾਨਕ ਜਵਾਬਦੇਹੀ ਦਾ ਬਾਜ਼ਾਰੀਕਰਨ’ ਸਿਰਲੇਖ ਹੇਠ ਵਾਊਚਰ ਸਕੂਲ ਦੀ ਕੌਮਾਂਤਰੀ ਪ੍ਰਣਾਲੀ ਨੂੰ ਨਕਲਚੀ ਢੰਗ ਨਾਲ ਭਾਰਤ ‘ਚ ਲਾਗੂ ਕਰਨ ਦੇ ਘਾਤਕ ਸਿੱਟਿਆਂ ਨੂੰ ਉਦਾਹਰਣਾਂ ਸਾਹਿਤ ਪੇਸ਼ ਕਰਦਾ ਹੈ। ਕਾਰਪੋਰੇਟ ਪੂੰਜੀ ਕਿਵੇਂ ਪਬਲਿਕ ਪ੍ਰਾਇਵੇਟ ਸਾਂਝੇਦਾਰੀ ਦੇ ਨਾਂ ਹੇਠ ਸਿੱਖਿਆ ਖੇਤਰ ਉੱਤੇ ਕੁੰਡਲੀ ਮਾਰੀ ਬੈਠੀ ਹੈ ਤੇ ਇਸਦੇ ਕੀ ਖਤਰੇ ਸਾਹਮਣੇ ਆ ਰਹੇ ਹਨ, ਇਸਦਾ ਵਰਣਨ ਛੇਵੇਂ ਭਾਗ ਵਿੱਚ ਕੀਤਾ ਗਿਆ ਹੈ। ਇੰਟਰਵਿਊ ਦੇ ਸੱਤਵੇਂ ਖੰਡ ‘ਚ ਨਵਉਦਾਰਵਾਦੀ ਨੀਤੀਆਂ ਸਬੰਧੀ ਫੈਲਾਏ ਜਾਂਦੇ ਭਰਮ ਤੇ ਉਸ ਵਿੱਚ ਉਲਝੇ ਬੁੱਧੀਜੀਵੀਆਂ ਦੁਆਰਾ ਇਸਦੇ ਪੱਖ ‘ਚ ਦਿੱਤੇ ਜਾਂਦੇ ਤਰਕਾਂ ਦਾ ਚੰਗਾ ਤੇ ਬਾਦਲੀਲ ਪਰਦਾਫਾਸ਼ ਕੀਤਾ ਹੋਇਆ ਹੈ। ਇਸਦੇ ਆਖਰੀ ਅੱਠਵੇਂ ਖੰਡ ‘ਚ ਸਿੱਖਿਆ ਦੇ ਬੁਨਿਆਦੀ ਹੱਕ ਦੀ ਲੜਾਈ ਨੂੰ ਜਲ-ਜੰਗਲ-ਜਮੀਨ ਤੇ ਰੁਜਗਾਰ ਦੀ ਲੜਾਈ ਨਾਲ ਸੁਮੇਲਕੇ ਸੰਘਰਸ਼ ਕਰਨ ਦੀ ਲੋੜ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਉਭਾਰਿਆ ਗਿਆ ਹੈ। ਕੁਲ ਮਿਲਾਕੇ ਇੰਟਰਵਿਊ ਦੇ ਸਾਰੇ ਭਾਗ ਵੱਖ-ਵੱਖ ਵਿਸ਼ਿਆਂ ਬਾਰੇ ਚੰਗੀ ਜਾਣਕਾਰੀ ਤੇ ਸੇਧ ਦੇਣ ਵਾਲੇ ਹਨ।
ਇਸ ਕਿਤਾਬਚੇ ਦੇ ਦੂਜੇ ਭਾਗ ਅੰਦਰ ਸਿੱਖਿਆ ਦਾ ਬਾਜ਼ਾਰੀਕਰਨ ਖਤਮ ਕਰਨ ਅਤੇ ਇਕਸਾਰ ਸਕੂਲ ਵਿਵਸਥਾ ਦਾ ਨਿਰਮਾਣ ਕਰਨ ਲਈ ਚੇਨੱਈ ਵਿਚ 30 ਜੂਨ ਤੋਂ 1 ਜੁਲਾਈ 2012 ਨੂੰ ‘ਸਰਬ ਭਾਰਤੀ ਸਿੱਖਿਆ ਅਧਿਕਾਰ ਮੰਚ’ ਵੱਲੋਂ ਸੰਮੇਲਨ ਕਰਕੇ ਪਾਸ ਕੀਤੇ ‘ਚੇਨੱਈ ਐਲਾਨਨਾਮਾ’ ਦਾ ਪ੍ਰਿਤਪਾਲ ਵੱਲੋਂ ਕੀਤਾ ਪੰਜਾਬੀ ਰੁਪਾਂਤਰਣ ਸ਼ਾਮਲ ਹੈ। ਇਹ ਐਲਾਨਨਾਮਾ ਸਿੱਖਿਆ ਖੇਤਰ ਉਪਰ ਹੋ ਰਹੇ ਵੱਖ-ਵੱਖ ਭਾਂਤ ਦੇ ਹਮਲਿਆਂ ਅਤੇ ਇਸਦੇ ਖਿਲਾਫ ਚਲਾਾਈ ਜਾਣ ਵਾਲੀ ਜੱਦੋਜਹਿਦ ਦੀ ਸਮਝ ਦੇਣ ਦਾ ਸੰਖੇਪ, ਗੁੰਦਵਾਂ ਤੇ ਗਿਆਨ ਭਰਪੂਰ ਸਾਰ-ਤੱਤ ਹੈ। ਮੌਜੂਦਾ ਸਮਾਜਿਕ, ਆਰਥਿਕ ਤੇ ਸਿਆਸੀ ਪ੍ਰਬੰਧ ਨਾਲ ਜੋੜਕੇ ਸਿੱਖਿਆ ਖੇਤਰ ਦਾ ਇਤਿਹਾਸ, ਵਰਤਮਾਨ ਤੇ ਭਵਿੱਖ ਨਕਸ਼ਾ ਬਾਖੂਬੀ ਪੇਸ਼ ਕੀਤਾ ਗਿਆ ਹੈ। ਇਸ ਕਿਤਾਬਚੇ ‘ਚ ਸਿੱਖਿਆ ਖੇਤਰ ਉਪਰ ਹੋ ਰਹੇ ਹੱਲਿਆਂ ਦੀ ਸਿਰਫ ਵਿਆਖਿਆ ਹੀ ਨਹੀਂ ਬਲਕਿ ਇਸ ਖਿਲਾਫ ਸੰਘਰਸ਼ ਕਰਨ ਦੀ ਠੋਸ ਕਾਰਜਯੋਜਨਾ ਦਾ ਖਾਕਾ ਵੀ ਦਿੱਤਾ ਗਿਆ ਹੈ। ਕਿਤਾਬਚੇ ਅੰਦਰ ਬਰਾਬਰ, ਮੁਫਤ, ਵਿਗਿਆਨਕ ਤੇ ਮਿਆਰੀ ਸਿੱਖਿਆ ਦੇ ਉਦੇਸ਼ਾਂ ਨੂੰ ਹਾਸਲ ਕਰਨ ਲਈ ਸੰਘਰਸ਼ ਕਰਨ ਦਾ ਬੇਖੌਫ਼ੳਮਪ; ਐਲਾਨ ਕੀਤਾ ਗਿਆ ਹੈ।
ਐਲਾਨਨਾਮੇ ਦੇ ਅਖੀਰ ‘ਤੇ ਨਿਡਰਤਾ ਅਤੇ ਵਿਸ਼ਵਾਸ਼ ਭਰਿਆ ਐਲਾਨ ਹੈ ਕਿ :- “ਬਿਨਾ ਕਿਸੇ ਸ਼ੱਕ ਤੋਂ, ਵਿੱਤੀ ਪੂੰਜੀ ਅਤੇ ਗਲੋਬਲ ਬਾਜ਼ਾਰ ਦੀਆਂ ਨਵ-ਉਦਾਰਵਾਦੀ ਸ਼ਕਤੀਆਂ ਦੇ ਵਿਰੁੱਧ ਅਸੀਂ ਲਾਮਬੰਦ ਹਾਂ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਕੋਈ ਤਾਨਾਸ਼ਾਹੀ ਸ਼ਕਤੀ, ਚਾਹੇ ਉਹ ਕਿੰਨੀ ਵੀ ਤਾਕਤਵਰ ਕਿਓਂ ਨਾ ਹੋਵੇ, ਲੋਕਾਂ ਦੀ ਇੱਛਾ ਨੂੰ ਅੱਖੋਂ ਓਹਲੇ ਕਰਕੇ ਜ਼ਿਆਦਾ ਦੇਰ ਤੀਕ ਕਾਇਮ ਨਹੀਂ ਰਹਿ ਸਕਦੀ। ਅੱਜ, ਲੋਕ ਸਰਕਾਰ ਦੁਆਰਾ ਦੋ ਦਹਾਕਿਆਂ ਤੋਂ ਕੀਤੇ ਜਾ ਰਹੇ ਕੂੜ ਪ੍ਰਚਾਰ, ਜਿਸ ਵਿੱਚ ‘ਸਭ ਲਈ ਸਿੱਖਿਆ’, ਸਿੱਖਿਆ ਗਾਰੰਟੀ’, ‘ਸਰਵ ਸਿੱਖਿਆ ਅਭਿਆਨ’ ਅਤੇ ਹੁਣ ‘ਸਿੱਖਿਆ ਅਧਿਕਾਰ ਕਾਨੂੰਨ’, ਸੂਚਨਾ ਅਧਿਕਾਰ ਕਾਨੂੰਨ’, ਭੋਜਨ ਦਾ ਅਧਿਕਾਰ’ ਜਾਂ ‘ਸੰਮਿਲਤ ਵਿਕਾਸ’ ਆਦਿ ਤੋਂ ਅੱਕ ਅਤੇ ਥੱਕ ਚੁੱਕੇ ਹਨ। ਉਹ ਛੇਤੀ ਹੀ ਇਸ ਗੱਲ ਨੂੰ ਮਹਿਸੂਸ ਕਰਨਗੇ ਕਿ ਇਹ ਅਨੇਕਤਾ ਨੂੰ ਸ਼ਾਮਿਲ ਕਰਨ ਲਈ ਨਾ ਤਾਂ ਅਧਿਕਾਰ ਹੀ ਹਨ ਅਤੇ ਨਾ ਹੀ ਗਾਰੰਟੀਆਂ, ਸਗੋਂ ਅਸਲ ਵਿੱਚ ਇਹਨਾਂ ਦਾ ਅਰਥ ਜੋ ਕੁੱਝ ਥੋੜੇ ਜਿਹੇ ਅਧਿਕਾਰ ਪਹਿਲਾਂ ਹੀ ਲੋਕਾਂ ਨੂੰ ਮਿਲੇ ਹੋਏ ਹਨ ਉਹਨਾਂ ਨੂੰ ਖੋਹਣਾ ਨਹੀਂ ਤਾਂ ਉਹਨਾਂ ਨੂੰ ਵੀ ਨਾ ਦੇਣਾ ਹੈ। ਇੱਕ ਯੁੱਧਨੀਤੀ ਦੇ ਤੌਰ ਤੇ ਅਸੀਂ ਲੋਕਾਂ ਤੀਕ ਪਹੁੰਚ ਬਣਾਉਣੀ ਜਾਰੀ ਰੱਖਾਂਗੇ, ਉਨ੍ਹਾਂ ਤੋਂ ਸਿੱਖਾਂਗੇ ਅਤੇ ਬਦਲੇ ਵਿੱਚ ਉਨ੍ਹਾਂ ਨੂੰ ਸਿੱਖਿਅਤ ਕਰਾਂਗੇ ਅਤੇ ਉਨ੍ਹਾਂ ਨੂੰ ਬਹੁਤ ਸਾਰੇ ਘੋਲਾਂ ਵਿੱਚ ਸ਼ਾਮਿਲ ਕਰਾਂਗੇ ਜੋ ਨਵ-ਉਦਾਰਵਾਦੀ ਕਾਨੂੰਨਾਂ ਅਤੇ ਪ੍ਰੋਗਰਾਮਾਂ ਨੂੰ ਠੱਲ੍ਹ ਪਾਉਣ ਵਿੱਚ ਜ਼ਰੂਰ ਹੀ ਕਾਮਯਾਬ ਹੋਣਗੇ। ਫਿਰ ਵੀ, ਅਸੀਂ ਆਪਣੀ ਕ੍ਰਾਂਤੀਕਾਰੀ ਸਮਰੱਥਾ ਨੂੰ ਭਾਂਪਦੇ ਹੋਏ, ਅਸੀਂ ਸਮਾਨਤਾ ਤੇ ਅਧਾਰਿਤ ਅਸਲ ਸਿੱਖਿਆ ਅਧਿਕਾਰ ਅਤੇ ਇੱਕ ਲੋਕਤੰਤਰਿਕ ਸਿੱਖਿਆ ਪ੍ਰਣਾਲੀ ਨੂੰ ਪ੍ਰਾਪਤ ਕਰਨ ਤੀਕ ਆਪਣਾ ਸੰਘਰਸ਼ ਜਾਰੀ ਰੱਖਾਂਗੇ, ਜਿਸਦਾ ਖ਼ੁਦ-ਬ-ਖ਼ੁਦ ਅਰਥ ਨਵ-ਉਦਾਰਵਾਦੀ ਪ੍ਰਣਾਲੀ ਦੀ ਹਾਰ ਹੋਵੇਗਾ। ਲੜਨ ਵਾਲੇ ਲੋਕਾਂ ਦੀ ਜਿੱਤ ਲਾਜ਼ਮੀ ਹੈ!”
ਕਿਤਾਬਚੇ ‘ਚ ਕੁਝ ਤਰੁੱਟੀਆਂ ਵੀ ਰੜਕਦੀਆਂ ਹਨ। ਪਹਿਲੀ, ਇਸਦੀ ਤਰਤੀਬ ਦਰੁਸਤ ਨਹੀਂ। ‘ਚੇਨੱਈ ਐਲਾਨਨਾਮਾ’ ਫੋਰਮ ਦਾ ਮੁੱਖ ਪ੍ਰੋਗਰਾਮ ਹੋਣ ਕਰਕੇ ਉਸਦੀ ਮਹੱਤਤਾ ਇਹ ਬਣਦੀ ਹੈ ਕਿ ਉਸਨੂੰ ਸ਼ੁਰੂ ‘ਚ ਦਿੱਤਾ ਜਾਣਾ ਚਾਹੀਦਾ ਸੀ। ਦੂਸਰਾ, ਮਹੱਤਵਪੂਰਨ ਕਿਰਤ ਹੋਣ ਕਰਕੇ ਇਹ ਵੱਡੇ ਹਿੱਸੇ ਦੇ ਹੱਥਾਂ ਤੱਕ ਪਹੁੰਚਣੀ ਚਾਹੀਦੀ ਹੈ। ਪਰ ਇਸਦੀ ਕੀਮਤ ਜਿਆਦਾ ਹੋਣ ਕਰਕੇ ਵਿਦਿਆਰਥੀ ਵਰਗ ਵੱਲੋਂ ਇਸਨੂੰ ਹਾਸਲ ਕਰਨ ‘ਚ ਮੁਸ਼ਕਲ ਵੀ ਪੈਦਾ ਹੋ ਸਕਦੀ ਹੈ। ਤੀਸਰਾ, ਅਨੁਵਾਦ ਸਮੇਂ ਹਿੰਦੀ ਅਤੇ ਅੰਗਰੇਜ਼ੀ ਦੇ ਬਹੁਤੇ ਸ਼ਬਦ ਕਾਹਲ ਜਾਂ ਬੇਧਿਆਨੀ ‘ਚੋਂ ਜਿਉਂ ਦੇ ਤਿਉਂ ਦੇ ਦਿੱਤੇ ਗਏ, ਜਿਸਦੇ ਸੌਖੇ, ਢੁਕਵੇਂ ਤੇ ਲੈਅਬੱਧ ਸ਼ਬਦਾਰਥ ਦਿੱਤੇ ਜਾ ਸਕਦੇ ਸਨ।
ਕੁਲ ਮਿਲਾਕੇ ਅੱਜ ਜਦੋਂ ਆਰ.ਐਸ.ਐਸ. ਦੇ ਪਰਖੇ-ਪ੍ਰਤਿਆਏ ਨੁਮਾਇੰਦੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੁਆਰਾ ਸਿੱਖਿਆ ਦੇ ਭਗਵੇਂਕਰਨ ਤੇ ਉਸਦੇ ਵਪਾਰੀਕਰਨ ਦੇ ਫੈਸਲੇ ਲਏ ਜਾ ਰਹੇ ਹਨ ਤਾਂ ਇਹ ਕਿਤਾਬਚਾ ਆਪ ਪੜ੍ਹਨਯੋਗ ਤੇ ਹੋਰਨਾਂ ਨੂੰ (ਖਾਸਕਰ ਅਧਿਆਪਕ ਵਰਗ ਨੂੰ) ਪੜਾਉਣਾ ਹੋਰ ਵੱਧ ਜਰੂਰੀ ਹੈ।
ਸੰਪਰਕ: +91 98784 22089