ਇਹ ਤਾਂ ਜ਼ਰੂਰੀ ਨਹੀਂ
ਹੁੰਦਾ ਕਿ ਕਿਸੇ ਕਲਾਕਾਰ ਨੁੰ ਵੱਡਾ ਕਲਾਕਾਰ ਸਾਬਿਤ ਕਰਨ ਲਈ ਹਮੇਸ਼ਾਂ ਹੀ ਵੱਡੇ
ਇਨਾਮ-ਸਨਮਾਨ ਉਸ ਦੇ ਗਵਾਹ ਬਣਕੇ ਸਾਹਮਣੇ ਆਉਣ। ਹਕੀਕੀ ਮਾਅਨਿਆਂ ’ਚ ਕਲਾ ਪਿੱਛੇ ਸਮੋਏ
ਸੱਚੇ-ਸੁੱਚੇ ਖ਼ਿਆਲਾਤ ਅਤੇ ਆਪਣੀ ਕਲਾ ਪ੍ਰਤੀ ਸਵਾਰਥਾਂ ਤੋਂ ਸੱਖਣੀ ਸ਼ਿੱਦਤ ਹੀ ਕਿਸੇ
ਕਲਾਕਾਰ ਲਈ ਉਸ ਦੇ ਵੱਡੇ ਕਲਾਕਾਰ ਹੋਣ ਦਾ ਪ੍ਰਮਾਣ ਹੁੰਦੀ ਹੈ। ਅਜਿਹੇ ਕਲਾਕਾਰ ਸਿਰਫ਼
ਆਪਣੀ ਜ਼ਿੰਦਗੀ ਨੂੰ ਹੀ ਰੁਸ਼ਨਾਉਣ ’ਚ ਕਾਮਯਾਬ ਨਹੀਂ ਹੁੰਦੇ ਸਗੋਂ ਉਹ ਦੂਜਿਆਂ ਦੇ ਰਾਹਾਂ
ਲਈ ਵੀ ਜਗਦਾ ਚਿਰਾਗ਼ ਬਣਦੇ ਹਨ। ਖ਼ਾਸ ਕਰ ਉਹ ਕਲਾਕਾਰ ਜਿਨ੍ਹਾਂ ਨੂੰ ਸਮੇਂ ਦੀਆਂ ਤੰਗੀਆਂ
ਤੁਰਸ਼ੀਆਂ ਨੇ ਰੱਜ ਕੇ ਤਰਾਸ਼ਿਆ ਹੋਵੇ ਜਾਂ ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਸਮੁੰਦਰ ’ਚੋਂ
ਗੋਤੇ ਖਾਂਦੇ ਹੋਏ ਕਿਨਾਰਿਆਂ ’ਤੇ ਅਪੜਨ ਦਾ ਅਟੁੱਟ ਜਜ਼ਬਾ ਆਪਣੇ ਦਿਲਾਂ ’ਚ ਸਾਂਭੀ ਬੈਠੇ
ਹੋਣ।
ਸੰਦੀਪ
ਦੀ ਜ਼ਿੰਦਗੀ ਨੂੰ ਉਲੀਕਣ ਲੱਗਿਆਂ ਸ਼ਾਇਦ ਕਲਮ ਦੀ ਨੋਕ ਵੀ ਇਸ ਖ਼ਿਆਲਾਤ ’ਚ ਉਲਝ ਜਾਵੇ ਕਿ
ਆਖ਼ਿਰ ਉਸ ਦੇ ਕਿਸ ਰੰਗ ਨੂੰ ਉਲੀਕੇ ਤੇ ਕਿਸ ਨੂੰ ਛੱਡੇ। ਕਦੀ ਉਸ ਦੇ ਮੂੰਹੋਂ ਕਿਰਦੇ
ਅਲਫ਼ਾਜ਼ ਉਸ ਨੂੰ ਕਵੀ ਬਣਾਉਂਦੇ ਨੇ, ਕਦੀ ਉਹਦੇ ਹੱਥਾਂ ਦੀਆਂ ਉਂਗਲਾਂ ’ਚ ਫੜੀ ਰੰਗਾਂ ’ਚ
ਲਬਰੇਜ਼ ਕਲਮ ਉਸ ਨੂੰ ਚਿੱਤਰਕਾਰ ਵੱਜੋਂ ਰੰਗਦੀ ਹੈ ਤੇ ਕਦੀ ਅਦਾਕਾਰੀ ਕਰਦਿਆਂ ਉਸ ਦੇ
ਸਰੀਰ ਦਾ ਹਰ ਇੱਕ ਅੰਗ ਉਸ ਨੂੰ ਡਰਾਮਾ ਕਲਾਕਾਰ ਵਜੋਂ ਉਪਮਾਉਂਦਾ ਹੈ। ਉਸ ਦਾ ਹਰ ਹੁਨਰ
ਜਿੱਥੇ ਲੋਕ-ਦਿਲਾਂ ਨੂੰ ਖ਼ਰੀਦਨ ਦੀ ਉਮਦਾ ਕੀਮਤ ਰਖਦਾ ਹੈ ਉੱਥੇ ਸੰਦੀਪ ਲਈ ਇਨ੍ਹਾਂ
ਹੁਨਰਾਂ ਨੂੰ ਜ਼ਿੰਦਗੀ ਦੇ ਝੱਖੜਾਂ ਤੋਂ ਬਚਾਈ ਰੱਖਣ ਦਾ ਰਾਹ ਬੜਾ ਹੀ ਤਿਲਕਵਾਂ ਸੀ, ਅਤੇ
ਹੈ ਵੀ।
ਸੰਦੀਪ ਸਿੰਘ ਦਾ ਜਨਮ 01-04-1986 ਨੂੰ ਭਵਾਨੀਗੜ੍ਹ (ਜ਼ਿਲ੍ਹਾ ਸੰਗਰੂਰ)
ਵਿਖੇ ਮਾਤਾ ਸ੍ਰੀਮਤੀ ਗੁਰਮੇਲ ਕੌਰ ਦੀ ਕੁੱਖੋਂ, ਪਿਤਾ ਸ. ਈਸ਼ਰ ਸਿੰਘ ਦੇ ਘਰ ਹੋਇਆ।
ਛੇਵੀਂ ਜਮਾਤ ’ਚ ਪੜ੍ਹਦੇ ਅੱਲੜ੍ਹ ਉਮਰ ਦੇ ਸੰਦੀਪ ਨੂੰ ਉਸ ਵੇਲੇ ਚਿੱਤਰ ਬਣਾਉਣ ਵਾਲੀ
ਕਲਮ ਮਜਬੂਰਨ ਫੜਨੀ ਪਈ ਜਦ ਘਰ ਦੇ ਮੰਦੇ ਆਰਥਿਕ ਹਾਲਾਤ ਨੇ ਉਸ ਨੂੰ ਸਕੂਲ ਦੀ ਨਿਗੂਣੀ
ਜਿਹੀ ਫੀਸ ਵੀ ਦੇਣ ਤੋਂ ਬੇਬਸ ਕਰ ਦਿੱਤਾ। ਉਸ ਵੇਲੇ ਇਸ ਛੇਵੀਂ ਕਲਾਸ ਦੇ ਵਿਦਿਆਰਥੀ ਨੇ
ਅੱਠਵੀਂ ਅਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੀਆਂ ਪ੍ਰੈਕਟੀਕਲ ਫਾਈਲਾਂ ਨੂੰ ਪੈਂਸਿਲ ਨਾਲ
ਵਾਹ ਕੇ ਆਪਣੀ ਆਮਦਨ ਦੀਆਂ ਨੰਨ੍ਹੀਆਂ ਪੈੜਾਂ ਦੀ ਬਦੋਲਤ ਸਕੂਲ ਵੱਲ ਜਾਂਦੇ ਆਪਣੇ ਕੱਲਰੇ
ਰਾਹ ਨੂੰ ਜਰਖ਼ੇਜ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਵਾਨੀਗੜ੍ਹ
ਪੜ੍ਹਦਿਆਂ ਇਸ ਨੰਨ੍ਹੇ ਚਿੱਤਰਕਾਰ ਵਿਚਲੇ ਸਮੋਏ ਕਾਵਿਕ ਰੰਗਾਂ ਨੂੰ ਪ੍ਰਿੰਸੀਪਲ ਦਵਿੰਦਰ
ਸਿੰਘ ਸਮਰਾ ਨੇ ਅਜਿਹਾ ਉਘਾੜਿਆ ਜਿਸ ਸਦਕਾ ਇਸ ਨੇ ਕਈ ਕਾਵਿ-ਮੁਕਾਬਲਿਆਂ ’ਚ ਚੰਗੇ ਮੁਕਾਮ
ਹਾਸਿਲ ਕਰਕੇ ਫੁੱਲਾਂ ਦੀ ਮਹਿਕ ਵਾਂਗਰ ਆਪਣੇ ਸਕੂਲ ਦਾ ਨਾਮ ਚਾਰ ਚੁਫ਼ੇਰੇ ਮਹਿਕਾਇਆ।
ਭਵਾਨੀਗੜ੍ਹ
ਦੇ ਬਸ ਸਟਾਪ ’ਤੇ ਬਸ ਰੁਕਦਿਆਂ ਹੀ ਜਿਹੜੇ ਨੰਨ੍ਹੇ ਹੱਥ ਮਜਬੂਰਨ ਕੁਲਫੀਆਂ ਅਤੇ ਪਾਣੀ
ਦੀਆਂ ਬੋਤਲਾਂ ਚੁੱਕੀਂ ਬਸਾਂ ਵੱਲ ਨੂੰ ਦੌੜਦੇ, ਉਨ੍ਹਾਂ ’ਚ ਸਕੂਲ ਦੀ ਵਰਦੀ ਪਹਿਨੇ
ਸੰਦੀਪ ਦੇ ਛੱਲੀਆਂ ਵੇਚਨ ਵਾਲੇ ਹੱਥ ਵੀ ਕਦੀ ਸ਼ੁਮਾਰ ਹੋਇਆ ਕਰਦੇ ਸਨ।ਰੋਜ਼ਮਰਾ ਦੀ ਤਰ੍ਹਾਂ
ਜਦ ਸੰਦੀਪ ਬਸਾਂ ’ਚ ਛੱਲੀਆਂ ਵੇਚਨ ਦੇ ਹੌਕੇ ਲਗਾ ਰਿਹਾ ਸੀ ਤਾਂ ਇੱਕ ਵਾਰ ਬਸ ’ਚ ਬੈਠੇ
ਕਾਵਿ-ਮੁਕਾਬਲੇ ਦੇ ਜੱਜ ਉਸ ਨੂੰ ਇਸ ਅੰਦਾਜ਼ ’ਚ ਜ਼ਿੰਦਗੀ ਦੀ ਕਵਿਤਾ ਪੜ੍ਹਦਿਆਂ ਦੇਖ
ਹੈਰਾਨ ਰਹਿ ਗਏ। ਸੰਦੀਪ ਦੇ ਮੂੰਹੋਂ ਨਿਕਲੀ ‘ਮੇਰਾ ਕਰਮ ਮੇਰੀ ਇਬਾਦਤ ਹੈ’ ਦੀ ਬਾਤ
ਜਿੱਥੇ ਜੱਜਾਂ ਦੀਆਂ ਅਸੀਸਾਂ ਨੂੰ ਜਿੱਤ ਗਈ ਉੱਥੇ ਉਹਦੀ ਇਹ ਬਾਤ ਉਸ ਲਈ ਕਾਮਯਾਬੀ ਦੀਆਂ
ਡੂੰਘੀਆਂ ਸਿਖ਼ਰਾਂ ਵਾਲੇ ਦਰਵਾਜ਼ੇ ਦੀ ਚਾਬੀ ਹੋ ਨਿਬੜੀ।
ਸਰਕਾਰੀ ਮਹਿੰਦਰਾ ਕਾਲਜ
ਪਟਿਆਲਾ ਤੋਂ ਬੀ.ਏ. ਕਰਦਿਆਂ ਸੰਦੀਪ ਸਕੂਲੀ ਪ੍ਰੈਕਟੀਕਲਾਂ ਤੋਂ ਬੀ.ਐਡ. ਵਾਲਿਆਂ ਦੇ
ਮਾਡਲ ਬਣਾਉਂਦਾ-ਬਣਾਉਂਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਫਾਈਨ ਆਰਟਸ ਵਿਭਾਗ ’ਚ
ਐੱਮ.ਏ. ਦੀ ਕਲਾਸ ’ਚ ਪਹੁੰਚ ਗਿਆ। ਵਿਭਾਗ ’ਚ ਡਾ. ਅੰਬਾਲੀਕਾ ਸੂਦ ਤੇ ਕਵਿਤਾ ਸਿੰਘ ਦੀ
ਰਹਿਨੁਮਾਈ ਹੇਠ ਆਪਣੀ ਚਿੱਤਰਕਲਾ ਨੂੰ ਨਿਖਾਰਦਿਆਂ ਇਸ ਫ਼ਨਕਾਰ ਨੇ ਹੁਣ ਤੱਕ ਕਈ
ਚਿੱਤਰ-ਪ੍ਰਦਰਸ਼ਨੀਆਂ ’ਚ ਆਪਣੇ ਦਿਲਕਸ਼ ਚਿੱਤਰਾਂ ਜ਼ਰੀਏ ਜ਼ਿੰਦਗੀ ਦੇ ਅਣਰੰਗੇ ਰੰਗਾਂ ਨੂੰ
ਰੰਗ ਕੇ ਹਜ਼ਾਰਾਂ ਲੋਕ-ਅੱਖਾਂ ਦੀਆਂ ਪਲਕਾਂ ਨੂੰ ਨਾ ਝਪਕਨ ਲਈ ਮਜਬੂਰ ਕੀਤਾ ਹੈ। ਪੰਜਾਬੀ
ਯੂਨੀਵਰਸਿਟੀ ਦੇ ਲੋਕ-ਮੇਲਿਆਂ ’ਚ ਚਾਹੇ ਲੋਕ-ਕਲਾਵਾਂ ਬਣਾਉਣ ਦੇ ਮੁਕਾਬਲੇ ਹੋਣ ਜਾਂ
ਖੇਤਰੀ ਯੁਵਕ ਮੇਲਿਆਂ ’ਚ ਡਰਾਮਾ ਪੇਸ਼ਕਾਰੀ ਹੋਵੇ, ਸੰਦੀਪ ਦਾ ਹੁਨਰ ਹਮੇਸ਼ਾਂ ਹੀ ਸੋਨ
ਤਗਮਿਆਂ ਦੀ ਚਮਕ ਨਾਲ ਨਵਾਜਿਆ ਜਾਂਦਾ ਰਿਹਾ ਹੈ। ਜ਼ਿੰਦਗੀ ਦੀਆਂ ਸਖ਼ਤ ਰਾਹਾਂ ਦਾ ਇਹ
ਪਾਂਧੀ ਬੇਸ਼ੱਕ ਪਹਿਲੀ ਮਰਤਬਾ ਆਪਣੇ ਸਮੁੱਚੇ ਪਰਿਵਾਰ ’ਚੋਂ ਕਿਸੇ ਯੂਨੀਵਰਸਿਟੀ ਦੀ ਉੱਚੀ
ਮੀਨਾਰ ਨੂੰ ਸਰ ਕਰਕੇ ਅਜਿਹੇ ਲਾਮਿਸਾਲ ਮੁਕਾਮ ’ਤੇ ਪਹੁੰਚਿਆਂ ਹੈ, ਪਰ ਆਪਣੇ ਦਿਲ ’ਚ
ਸਮੋਏ ਅਧਿਆਪਕ ਬਣਨ ਦੇ ਖ਼ੁਆਬ ਨੂੰ ਹਕੀਕਤ ਦਿਆਂ ਰੰਗਾਂ ’ਚ ਰੰਗਣ ਲਈ ਤੇ ਆਪਣੀ ਪੜ੍ਹਾਈ
ਨੂੰ ਜਾਰੀ ਰੱਖਣ ਲਈ ਇਹ ਅੱਜ ਵੀ ਜਿੱਥੇ ਛੁੱਟੀਆਂ ਦਰਮਿਆਂ ਖੇਤਾਂ ’ਚ ਦਿਹਾੜੀ ਕਰਦਾ ਹੈ,
ਉੱਥੇ ਰਾਤਾਂ ਨੂੰ ਜਾਗ ਕੇ ਡੱਬੇ ਬਣਾਉਣ ਵਾਲੀ ਫੈਕਟਰੀ ’ਚ ਡੱਬੇ ਵੀ ਬਣਾ ਰਿਹਾ ਹੈ।
ਸੰਦੀਪ
ਜਦ ਆਪਣੀ ਜ਼ਿੰਦਗੀ ਦੀ ਕਿਤਾਬ ਦੇ ਵਰਕੇ ਫਰੋਲਣ ਬੈਠਦਾ ਹੈ ਤਾਂ ਉਸ ’ਚੋਂ ਜਿਵੇਂ ਸੰਸਾਰ
ਪ੍ਰਸਿੱਧ ਅਭਿਨੇਤਾ ਚਾਰਲੀ ਚੈਪਲਿਨ ਦੀਆਂ ਗੱਲਾਂ ਦੀ ਮਹਿਕ ਆਉਣ ਲਗਦੀ ਹੈ, ਜੋ ਅਕਸਰ
ਆਖਦਾ ਹੁੰਦਾ ਸੀ ਕਿ ਉਸ ਨੇ ਆਪਣੀ ਜ਼ਿੰਦਗੀ ’ਚ ਕਈ ਕੰਮ ਕੀਤੇ। ਅਖ਼ਬਾਰ ਵੇਚੇ, ਡਾਕਟਰ ਕੋਲ
ਕੰਮ ਕੀਤਾ, ਖਿਡੌਣੇ ਬਣਾਉਣ ਤੇ ਗਲਾਸ ਬਲੈਅਰ ਦਾ ਕੰਮ ਵੀ ਕੀਤਾ ਪਰ ਆਪਣੇ ਇਸ ਟੀਚੇ ਤੋਂ
ਕਦੀ ਨਜ਼ਰ ਨਹੀਂ ਹਟਾਈ ਕਿ ਉਸ ਨੇ ਇੱਕ ਅਭਿਨੇਤਾ ਬਣਨਾ ਹੈ। ਸ਼ਾਇਦ ਸੰਦੀਪ ਦੇ ਦਿਲ ’ਚ
ਸਮੋਏ ਹੁਨਰ ਵਾਲੇ ਦੀਪ ਨੂੰ ਚੈਪਲਿਨ ਦੀ ਇਸ ਗੱਲ ਨੇ ਅਜਿਹਾ ਤੇਲ ਦਿੱਤਾ ਹੈ ਜੋ ਜ਼ਿੰਦਗੀ
ਦਿਆਂ ਝੱਖੜਾਂ ’ਚ ਵੀ ਜਗਦਾ ਰਿਹਾ।ਜਿਨ੍ਹਾਂ ਦੀ ਜ਼ਿੰਦਗੀ ਕਿਰਤ ਨੂੰ ਇਬਾਦਤ ਜਾਣਨ ਦੀ ਲੋਅ
ਨਾਲ ਬਲਦੀ ਹੋਵੇ ਉਨਹਾਂ ਦੀਆਂ ਮੰਜ਼ਲਾਂ ਦੇ ਰਾਹ ਕਦੇ ਵੀ ਨਹੀਂ ਬੁਝਦੇ।
- ਵਿਕਰਮ ਸਿੰਘ ਸੰਗਰੂਰ
ਸੰਦੀਪ ਸਿੰਘ ਨਾਲ ਰਾਬਤਾ ਕਰਨ ਲਈ ਸੰਪਰਕ ਨੰਬਰ:
+91 99884 26106
ਅਦਾਰਾ ‘ਸੂਹੀ ਸਵੇਰ’ ਇਸ ਹਿੰਮਤ ਦੇ ਦੀਪ ਦਿਆਂ ਰੰਗਾਂ ਨੂੰ ਆਪਣੇ ਪਿਆਰੇ ਪਾਠਕਾਂ ਨਾਲ ਸਾਂਝਾ ਕਰਦੇ ਹੋਏ ਫ਼ਖ਼ਰ ਮਹਿਸੂਸ ਕਰਦਾ ਹੈ। ਆਓ ਸੰਦੀਪ ਦੇ ਕੁਝ ਰੰਗਾਂ ਨੂੰ ਮਾਣੀਏ . . .
sandy
Gud g