ਆਵੋ ਵੀਰ ਪੰਜਾਬੀਓ –ਮਲਕੀਅਤ ਸਿੰਘ ਸੰਧੂ
Posted on:- 03-12-2013
ਆਵੋ ਵੀਰ ਪੰਜਾਬੀਓ, ਮੋਢੇ ਸੰਗ ਮੋਢਾ ਜੋੜੀਏ।
ਤਕਦੀਰ ਮੇਰੇ ਪੰਜਾਬ ਦੀ, ਹੁਣ ਚਾਨਣ ਦੇ ਵੱਲ ਮੋੜੀਏ।
ਇੱਥੇ ‘ਨਾਨਕ’ ਦੇ ਉਪਦੇਸ਼ ਨੇ, ‘ਸੱਜਣ’ ਨੂੰ ਰਾਹੇ ਪਾ ਲਿਆ।
ਉਨ੍ਹਾਂ ਹਠ ‘ਬਲ਼ੀ’ ਦਾ ਤੋੜ‘ਤਾ, ਤੇ ‘ਭਾਗੋ’ ਨੂੰ ਸਮਝਾਅ ਲਿਆ।
ਆਓ ਆਪਾਂ ਵੀ ਉਪਦੇਸ਼ ਦੀ, ਕੋਈ ਕਿਰਨ ਰਿਦੇ ਸੰਗ ਜੋੜੀਏ।
ਤਕਦੀਰ ਮੇਰੇ ਪੰਜਾਬ ਦੀ......
ਸਾਨੂੰ ‘ਗੁਰ ਅਰਜਨ’ ਜੀ ਦੱਸ ਗਏ, ਸਭ ਕਸ਼ਟ-ਤਸੀਹੇ ਝੱਲਣੇ।
‘ਗੁਰੂ ਤੇਗ਼ ਬਹਾਦਰ’ ਕਹਿ ਗਏ, ਸਿਰ ਦੇਣੇ, ਈਨ ਨਾ ਮੰਨਣੇ।
‘ਹਰਗੋਬਿੰਦ’ ਦੀ ਤਲਵਾਰ ਵਾਂਗ, ਜ਼ੁਲਮਾਂ ਦੀ ਰੱਤ ਨਿਚੋੜੀਏ।
ਤਕਦੀਰ ਮੇਰੇ ਪੰਜਾਬ ਦੀ.....
‘ਗੋਬਿੰਦ ਸਿੰਘ’ ਉਪਦੇਸ਼ ਗਏ, ਕਿ ਜ਼ਾਤ-ਪਾਤ ਸਭ ਦੰਭ ਹੈ।
ਆਪੇ ਨੂੰ ਗੁਰੂ ਕਹਾਵਣਾ, ਸਭ ਝੂਠ ਹੈ, ਪਾਖੰਡ ਹੈ।
ਏਕੇ ਦਾ ਪਿਆਲਾ ਪੀਵੀਏ, ਕੁੱਝ ਕਰਜ਼ ਗੁਰਾਂ ਦਾ ਮੋੜੀਏ।
ਤਕਦੀਰ ਮੇਰੇ ਪੰਜਾਬ ਦੀ.....
‘ਬੰਦੇ ਬਹਾਦਰ’ ਵਾਂਗਰਾਂ, ਜੁਲਮਾਂ ਦਾ ਬਦਲ਼ਾ ਲੈ ਲਈਏ।
‘ਦੀਪ ਸਿੰਘ ਸ਼ਹੀਦ’ ਨੂੰ, ਅਸੀਂ ਧੰਨ! ਧੰਨ! ਸਭ ਕਹਿ ਲਈਏ।
ਸਭ ਕੂੜ ਨੂੰ ਠੁੱਡੇ ਮਾਰੀਏ, ਤੇ ਸੱਚ ਹਿਰਦੇ ਵਿਚ ਜੋੜੀਏ।
ਤਕਦੀਰ ਮੇਰੇ ਪੰਜਾਬ ਦੀ.....
ਇਹ ਕਰਾਮਾਤ ਸਭ ਕਹਿਰ ਹੈ, ਕੁਦਰਤ ਨੂੰ ਕਾਦਰ ਮੰਨੀਏਂ।
ਖ਼ਾਲਿਕ ਵਸਦਾ ਖ਼ਲਕ ਮਹਿ, ਤੇ ਭਰਮ ਦਾ ਭਾਂਡਾ ਭੰਨੀਏਂ।
ਹੁਣ ਮਨ ਆਪਣਾ ਸੰਤੋਖੀਏ, ਇਹਨੂੰ ਸੱਚ ਦੇ ਹੋੜੇ ਹੋੜੀਏ।
ਤਕਦੀਰ ਮੇਰੇ ਪੰਜਾਬ ਦੀ.....
ਵਿਹਲੇ ਬਹਿ ਖਾਣਾ ਛੱਡੀਏ, ਤੇ ਕਿਰਤ ਹੱਥਾਂ ਦੀ ਕਰ ਲਈਏ।
ਇਹ ਗੋਦ ਮੇਰੇ ਪੰਜਾਬ ਦੀ, ਆਓ ਚਾਨਣ ਦੇ ਸੰਗ ਭਰ ਲਈਏ।
ਰਿਸ਼ਵਤਾਂ ਤੇ ਚੁਗ਼ਲੀਆਂ, ਦੇ ਵੱਲੋਂ ਮਨ ਨੂੰ ਮੋੜੀਏ।
ਤਕਦੀਰ ਮੇਰੇ ਪੰਜਾਬ ਦੀ....
ਹਮਦਰਦੀ ਦਾ ਗੁੜ ਮਿੱਠੜਾ, ਸਭ ਨੂੰ ਬਰਾਬਰ ਵੰਡੀਏ।
ਚੰਗੇ ਨੂੰ ਚੰਗਾ ਆਖੀਏ, ਮਾੜੇ ਨੂੰ ਰੱਜ ਕੇ ਭੰਡੀਏ।
ਨਾ ਡਰੀਏ ਖੱਬੀ-ਖ਼ਾਨ ਤੋਂ, ਨਾ ਮਾੜੇ ਨੂੰ ਝੰਜੋੜੀਏ।
ਤਕਦੀਰ ਮੇਰੇ ਪੰਜਾਬ ਦੀ.....
ਕੁੱਝ ਪੜ੍ਹ ਕੇ ਮਨ ਸਮਝਾਅ ਲਈਏ, ਕੁੱਝ ਲੋੜਵੰਦਾਂ ਵਿਚ ਵੰਡੀਏ।
ਨਾ ਗਿਆਨ ਨੂੰ ਢਿੱਡ ‘ਚ ਰੱਖੀਏ, ਨਾ ਵੰਡਣ ਵੱਲੋਂ ਸੰਗੀਏ।
ਜਿਤਨਾ ਕੁ ਸਾਨੂੰ ਗਿਆਨ ਹੈ, ਸਭਨਾਂ ਵਿਚ ਵੰਡਣਾ ਲੋੜੀਏ।
ਤਕਦੀਰ ਮੇਰੇ ਪੰਜਾਬ ਦੀ....
ਕੀ ਹਾਲ ਸੀ ਕੱਲ੍ਹ ਪੰਜਾਬ ਦਾ, ਇਹਨੂੰ ਹਰ ਕੋਈ ਕਢਦਾ ਗਾਲ੍ਹ ਸੀ!
ਸਭਨਾਂ ਦਾ ਖ਼ੂਨ ਸਫ਼ੈਦ ਸੀ, ਨਾ ਰੰਗ ਕਿਸੇ ਦਾ ਲਾਲ ਸੀ।
ਮਿਲ ਘਰ ਦੇ ਭੇਤੀ ਲੱਭੀਏ, ਤੇ ਵਿੱਚੋਂ ਸੱਚ ਨਿਚੋੜੀਏ।
ਤਕਦੀਰ ਮੇਰੇ ਪੰਜਾਬ ਦੀ.....
ਰਹਿਬਰ ‘ਗੁਰਾਂ’ ਨੂੰ ਮੰਨੀਏਂ ਤੇ, ਲੱਭੀਏ ਰਸਤਾ ਜੀਣ ਦਾ।
ਏਕਤਾ ਸੰਗ ਰਹਿਣ ਦਾ, ਪਾਟੇ ਦਿਲਾਂ ਨੂੰ ਸੀਣ ਦਾ।
‘ਸੰਧੂ’ ਤਾਂ ਸਭ ਦਾ ਦਾਸ ਹੈ, ਐਵੇਂ ਨਾ ਨੱਕ ਮਰੋੜੀਏ।
ਤਕਦੀਰ ਮੇਰੇ ਪੰਜਾਬ ਦੀ.....