ਸੁੱਕੇ ਬੁੱਲ੍ਹ ਉਹਦੇ ਚਿਹਰੇ ’ਤੇ- ਮਲਕੀਤ ਸਿੰਘ ਸੰਧੂ
Posted on:- 13-11-2013
ਸੁੱਕੇ ਬੁੱਲ੍ਹ ਉਹਦੇ ਚਿਹਰੇ ‘ਤੇ ਉਦਾਸੀਆਂ,
ਉਹ ਰਾਖੀ ਬੈਠਾ ਗਿੱਲੇ ਢੇਰ ਦੀ।
ਹਉਕੇ ਭਰਦਾ ਆਕਾਸ਼ ਵੱਲ ਵੇਖ ਕੇ,
ਉਤਾਂਹ ਤੋਂ ਖ਼ੈਰ ਮੰਗੇ ਮਿਹਰ ਦੀ।
ਪੱਕੀ ਉਹਦੀ ਸੌਣੀ ਨੂੰ ਸੀ ਮੀਂਹਾਂ ਨੇ ਬਿਗਾੜ‘ਤਾ।
ਘਰ-ਬਾਰ ਉਹਦਾ ਸ਼ਾਹ ਦੇ ਸੂਦ ਨੇ ਉਜਾੜ‘ਤਾ।
ਖੜ੍ਹੇ ਨਰਮੇ ਨੂੰ ਸੁੰਡੀਆਂ ਨੇ ਖਾ ਲਿਆ,
ਨਾ ਆਸ ਰਹੀ ਪਾਈਆ-ਸੇਰ ਦੀ।
ਸੁੱਕੇ ਬੁੱਲ੍ਹ ਉਹਦੇ....
ਹੋ ਗਿਆ ਕਰੋਪ ਰੱਬ ਪੰਜ-ਸੱਤ ਸਾਲ ਦਾ।
ਖੇਤੀ ਵਾਲ਼ਾ ਧੰਦਾ ਤਾਂ ਬਹੀਆਂ ਦੇ ਢਿੱਡ ਪਾਲਦਾ।
ਅੰਨ-ਦਾਤੇ ਦੀ ਪੁਕਾਰ ਨਾ ਕੋਈ ਸੁਣਦਾ,
ਤੇ ਜਿੰਦ ਉਹਦੀ ਕੋਹਲੂ ਗੇੜਦੀ।
ਸੁੱਕੇ ਬੁੱਲ੍ਹ ਉਹਦੇ......
ਕੀਤੀ ਨਾ ਮਨਜ਼ੂਰ ਸਰਕਾਰ ਨੇ ਕਵਾਲਿਟੀ।
ਏਦੂੰ ਵੱਧ ਜੱਟ ਨਾਲ ਹੋਰ ਕੀ ਜਿ਼ਆਦਤੀ?
ਰੰਗ ਵਟ ਗਿਆ ਫ਼ਸਲਾਂ ਤੇ ਜੱਟ ਦਾ,
ਤੇ ਅੱਖੀਂ ਉਹਦੀ ਹੰਝੂ ਕੇਰਦੀ।
ਸੁੱਕੇ ਬੁੱਲ੍ਹ ਉਹਦੇ.....
ਆ ਗਈਆਂ ਤਕਾਵੀ ਦੀਆਂ ਚਿੱਠੀਆਂ ਨੇ ਡਾਕ ‘ਚੋਂ।
ਲਭਦਾ ਕਿਰਨ ਉਹ ਅੰਧੇਰੀ-ਕਾਲ਼ੀ ਰਾਤ ‘ਚੋਂ।
ਕਿਵੇਂ ਮੋੜੂ ਉਹ ਕਰਜ਼ ਸਰਕਾਰ ਦਾ?
ਇਹ ਸੋਚ ਹੈ ਘੁੰਮਣ-ਘੇਰ ਦੀ।
ਸੁੱਕੇ ਬੁੱਲ੍ਹ ਉਹਦੇ....
“ਤੰਗਲ਼ੀ ਲਿਆ ਉਇ ਸ਼ੇਰਾ”, ਪੁੱਤ ਤਾਈਂ ਬੋਲਦਾ।
ਗਲ਼ੇ-ਸੜੇ ਢੇਰਾਂ ‘ਚੋਂ ਨਸੀਬਾਂ ਨੂੰ ਫਰੋਲਦਾ।
ਨੀਰ ਬੋਹਲਾਂ ਦਿਆਂ ਨੈਣਾਂ ਵਿੱਚੋਂ ਸਿਮਿਆਂ,
‘ਉਦਾਸੀ’ ਗੱਲ ਕਹਿ ਗਿਆ ਦੇਰ ਦੀ।
ਸੁੱਕੇ ਬੁੱਲ੍ਹ ਉਹਦੇ.....
‘ਸੰਧੂ’ ਜਿਹੇ ਗ਼ਰੀਬ ਅੰਨ-ਦਾਤੇ ਨੂੰ ਬਚਾ ਲਵੋ।
ਸੌਂਦੇ ਜਾਂਦੇ ਭਾਗ ਮੇਰੇ ਦੇਸ ਦੇ ਬਚਾ ਲਵੋ।
ਜਦੋਂ ਇਹਨੇ ਹਥਿਆਰ ਹੱਥੋਂ ਸੁੱਟ‘ਤੇ,
ਤਾਂ ਡੈਣ ਆਊ ਭੁੱਖੀ ਨੇਰ੍ਹ ਦੀ।
ਸੁੱਕੇ ਬੁੱਲ੍ਹ ਉਹਦੇ.....