ਇੱਕ ਗ਼ਦਰ ਦੀ ਹੋਰ ਲੋੜ ਹੈ - ਵਿੰਦਰ ਠੀਕਰੀਵਾਲਾ
Posted on:- 07-11-2013
ਗਏ ਸੀ ਵਿਦੇਸ਼ਾਂ ’ਚ ਕਿਰਤ ਕਰਕੇ, ਛਿੱਲੜ ਕਮਾਉਣ ਨੂੰ।
ਝੱਲੀ ਨਾ ਨਮੋਸ਼ੀ ਵਤਨਾਂ ਨੂੰ ਮੁੜ ਪਏ, ਗ਼ਦਰ ਮਚਾਉਣ ਨੂੰ।
ਨਿੱਤ ਸਾਡੇ ਉੱਤੇ ਨੇ ਜ਼ੁਲਮ ਕਰਦੇ, ਬਿੱਲੇ ਜੋ ਵਲਾਇਤ ਦੇ।
ਕਹਿਣਗੇ ਗਦਾਰ ਸਾਨੂੰ ਲੋਕ ਹਿੰਦ ਦੇ, ਜੇ ਨੀਵੀਂ ਪਾਵੇ ਬੈਠਗੇ।
ਲੋਕਾਂ ਉੱਤੇ ਟੈਕਸਾਂ ਦਾ ਬੋਝ ਲੱਦਿਆ, ਨਹੀਂ ਤਰਸ ਖਾਂਵਦੇ।
ਦੜ-ਵੱਟ ਜਿਉਣ ਮਜ਼ਬੂਰ ਭਾਰਤੀ, ਗੋਰੇ ਇਹੋ ਚਾਂਹਵਦੇ।
ਨੀਵੀਂ ਪਾਕੇ ਲੰਘੋ ਸਾਡੀ ਲੱਤ ਹੇਠ ਦੀ, ਉੱਚੀ ਚੁੱਕੋ ਧੌਣ ਨਾ।
ਕੰਧਾਂ ਉੱਤੇ ਲਿਖਿਆ ਕੁੱਤੇ ਤੇ ਭਾਰਤੀ, ਹੋਟਲਾਂ ’ਚ ਆਉਣ ਨਾ।
ਈਰਖਾ ਦੀ ਕੰਧ ਦਿੱਤੀ ਕੱਢ ਜਾਬਰਾਂ, ਵਿਚ ਹਮਸ਼ੀਰਾਂ ਦੇ।
ਮਾਰਦੇ ਸੀ ਕੋੜੇ ਚੌਕਾਂ ਵਿਚ ਖੜ੍ਹਕੇ, ਤੁਰੇ ਰਾਹਗੀਰਾਂ ਦੇ।
‘‘ਅੱਗ ਲੈਣ ਆਈ ਘਰ ਵਾਲੀ’’ ਬਣ ਗਈ, ਗਿੱਦੜਾਂ ਦੀ ਡਾਰ ਬਈ।
ਜਾਗੀ ਨਾ ਅਣਖ ਬਹਿ ਗਏ ਸਿਰ ਸੁੱਟਕੇ, ਕਾਹਦੇ ਸਿਰਦਾਰ ਬਈ।
ਬੜਾ ਸੀ ਸਿਆਣਾ ਸੋਹਣ ਸਿੰਘ ਭਕਨਾ, ਜੋ ਪਹਿਲਾ ਪ੍ਰਧਾਨ ਸੀ।
ਉਮਰ ਨਿਆਣੀ ਦਾ ਸਰਾਭਾ ਗੱਭਰੂ ਵੀ, ਪਾਰਟੀ ਦੀ ਸ਼ਾਨ ਸੀ।
ਘੱਲੇ ਸੀ ਪੈਗ਼ਾਮ ਦੇਸ਼ ਤੇ ਵਿਦੇਸ਼ ’ਚ, ਕਰਕੇ ਵਿਚਾਰ ਨੇ।
ਲੁੱਟੀਏ ਖਜ਼ਾਨਾ ਜੋ ਵਲਾਇਤ ਭੇਜਦੇ, ਲੈਣੇ ਹਥਿਆਰ ਨੇ।
ਅਸੀਂ ਹਾਂ ਗੁਲਾਮ ਛਾਉਣੀਆਂ ’ਚ ਜਾਕੇ ਤੇ, ਫੌਜ਼ੀਆਂ ਨੂੰ ਦੱਸਣਾ।
ਲੈ ਕੇ ਹਥਿਆਰ ਹੀ ਫਿਰੰਗੀ ਫੌਜ਼ ਦੇ, ਬੈਰਕਾਂ ’ਚੋਂ ਨੱਸਣਾ।
ਸਿਰਾਂ ਉੱਤੇ ਬੰਨ੍ਹ ਕੇ ਕੱਫਨ ਤੁਰ ਪਓ, ਪਊ ਗ਼ਦਰ ਕਰਨਾ।
ਫਾਂਸੀ ਵਾਲੇ ਰੱਸੇ ਗਲ ਪਾਉਣੇ ਪੈਣਗੇ, ਜੇਲ੍ਹੀਂ ਪਊ ਸੜਨਾ।
ਸਿਰ ਲੱਥ ਸੂਰਮੇ ਸਿਪਾਹੀ ਦੇਸ਼ ਦੇ, ਝੱਟ ਹੋਏ ਭਰਤੀ।
ਦੇਸ਼ ਨੂੰ ਬਚਾਉਣੈ ਤਾਂ ਬਗਾਵਤ ਕਰੋ, ਇਹ ਤਿਆਰੀ ਕਰਤੀ।
21 ਸੀ ਤਾਰੀਖ਼ ਤੇ ਮਹੀਨਾ ਦੂਜਾ ਸੀ, ਉਨੀ ਸੌ ਤੇ ਪੰਦਰਾਂ।
ਫਿਰਦੇ ਨੇ ਬਾਗੀ ਗੋਰਿਆਂ ਨੂੰ ਦੱਸਿਆ, ਟੋਡੀਆਂ ਤੇ ਲੰਬੜਾਂ।
ਬਦਲੀ ਤਾਰੀਖ਼ ਦੀ ਭਿਣਕ ਲੱਗ ਗਈ, ਰਹੀਆਂ ਕਮਜ਼ੋਰੀਆਂ।
ਝੱਟ ਅੰਗਰੇਜ਼ ਸਾਵਧਾਨ ਹੋ ਗਏ, ਫੌਜ਼ੀ ਧਾੜਾਂ ਤੋਰੀਆਂ।
ਫੌਜ਼ਾਂ ਨੂੰ ਫਿਰੰਗੀ ਨੇ ਹੁਕਮ ਚਾੜ੍ਹਤੇ, ਜੇਲ੍ਹਾਂ ਵਿਚ ਤੁੰਨ ਦਿਓ।
ਵਾਸੀ ਜੋ ਵੀ ਹਿੰਦ ਦਾ ਬਗਾਵਤ ਕਰੇ, ਗੋਲੀਆਂ ਨਾ ਭੁੰਨ ਦਿਓ।
ਸੁੰਘਦੇ ਫਿਰਨ ਕੁੱਤੇ ਗਲੀ-ਗਲੀ ਵਿਚ, ਅਣਖੀਲੇ ਸ਼ੇਰਾਂ ਨੂੰ।
ਮੌਤ ਵਾਲੀ ਕੋਈ ਪਰਵਾਰ ਨਹੀਂ ਸੀ, ਸੂਰਮੇ ਦਲੇਰਾਂ ਨੂੰ।
ਜਲ੍ਹਾਵਤਨੀ ਤੇ ਕੋਈ ਜੇਲ੍ਹੀ ਸੜਿਆ, ਸਿਦਕੋਂ ਨਾ ਹਾਰਿਆ।
ਕਈ ਯੋਧੇ ਕਾਲੇ-ਪਾਣੀਆਂ ’ਚ ਘੱਲ ਤੇ, ਕੋਈ ਫਾਂਸੀ ਚਾੜ੍ਹਿਆ।
ਕੀਤੀਆਂ ਜਮੀਨਾਂ ਸੀ ਕੁਰਕ ਗੋਰਿਆਂ, ਦਿੱਤੇ ਘਰ ਫੂਕ ਸੀ।
ਫਿਰਦੀ ਮਨੁੱਖਤਾ ਵਿਲਕਦੀ ਕਿਸੇ ਨਾ, ਉਹਦੀ ਸੁਣੀ ਕੂਕ ਸੀ।
ਜੇਲ੍ਹਾਂ ਵਿੱਚ ਅੰਨ੍ਹਾ ਸੀ ਜੁਲਮ ਝੱਲਿਆ, ਰਹੇ ਖੂਨ ਖੌਲਦੇ।
ਫਾਂਸੀ ਵਾਲੇ ਰੱਸੇ ਪਾਏ ਗਲਾਂ ’ਚ ਜਦੋਂ, ਜਿੰਦਾਬਾਦ ਬੋਲਦੇ।
ਜੱਲ੍ਹਿਆਂ ਦਾ ਬਾਗ ਖੂਨ ਨਾਲ ਰੰਗਿਆ ਸੀ, ਜਦੋਂ ਉਡਵਾਇਰ ਨੇ।
21 ਸਾਲਾਂ ਬਾਅਦ ਭਾਜੀ ਮੋੜ ਦਿੱਤੀ ਸੀ, ਊਧਮ ਦੇ ਫਾਇਰ ਨੇ।
ਅੱਜ ਵੀ ਮਨੁੱਖਤਾ ਦਾ ਲਹੂ ਡੁੱਲ੍ਹਦਾ, ਅੱਖਾਂ ਨਾਲ ਤੱਕ ਲਓ।
ਸੂਰਵੀਰ ਗ਼ਦਰੀ ਜੋ ਜਿੰਦ ਵਾਰ ਗਏ, ਚੇਤਿਆਂ ’ਚ ਰੱਖ ਲਓ।
ਜਲ ਅਤੇ ਜੰਗਲ, ਜਮੀਨ ਵੇਚਦੇ, ਹਾਕਮ ਜੋ ਦੇਸ਼ ਦੇ।
ਕਾਲਾ ਧਨ ਆਪਣਾ ਉਹ ਜਮ੍ਹਾਂ ਕਰਦੇ ਬੈਂਕਾਂ ’ਚ ਵਿਦੇਸ਼ ਦੇ।
ਧਰਮ ਤੇ ਫਿਰਕੇ ਲੜਾਈ ਜਾਂਵਦੇ, ਆਪੋ ਵਿੱਚ ਲੋਕਾਂ ਨੂੰ।
ਵੋਟਾਂ ਪਾਕੇ ਭੋਲੇ ਲੋਕ ਨੇ ਬਿਠਾਂਵਦੇ, ਗੱਦੀਆਂ ’ਤੇ ਜੋਕਾਂ ਨੂੰ।
ਵੋਟਾਂ ਵਾਲਾ ਰਾਹ ਲੋਕੋ ਪੈਣਾ ਛੱਡਣਾ, ਹੋਵੇ ਜੱਥੇਬੰਦ ਬਈ।
ਦੇਸ਼ੀ ਤੇ ਵਿਦੇਸ਼ੀ ਰਲਕੇ ਲੁਟੇਰਿਆਂ, ਡਾਹਢਾ ਪਾਇਆ ਗੰਦ ਬਈ।
ਤੁਰ ਪਓ ਮਸ਼ਾਲ ਚੇਤਨਾ ਦੀ ਫੜਕੇ, ਸਾਡਾ ਦੇਸ਼ ਗਹਿਣੇ ਆ।
ਲੈਣੀ ਜੇ ਆਜ਼ਾਦੀ ਭਗਤ ਸਰਾਭੇ ਦੀ, ਸਿਰ ਦੇਣੇ ਪੈਣੇ ਆਂ।
ਐਵੇਂ ਨਹੀਂ ਸ਼ਹੀਦ ਲੋਕੀ ਕਹਿੰਦੇ ਕਿਸੇ ਨੂੰ, ਪੈਂਦਾ ਸੂਲੀ ਚੜ੍ਹਨਾ।
ਲੁੱਟ ਤੋਂ ਜੇ ਰਹਿਤ ਸਮਾਜ ਲੋੜਦੇ, ਪਊ ਗ਼ਦਰ ਕਰਨਾ।
ਸੰਪਰਕ : +91 99140 33773